ਡਾਇਰੀਆ ਕੰਟਰੋਲ ਮਹੀਨਾ ਅਜਿਹੀ ਪਹਿਲਕਦਮੀ ਹੈ, ਜੋ ਜਨਤਕ ਸਿਹਤ ਲਈ ਬੇਹੱਦ ਮਹੱਤਵਪੂਰਨ ਹੈ। ਇਹ ਮਹੀਨਾ ਸਾਨੂੰ ਡਾਇਰੀਆ ਵਰਗੀਆਂ ਆਮ ਪਰ ਗੰਭੀਰ ਬਿਮਾਰੀਆਂ ਪ੍ਰਤੀ ਜਾਗਰੂਕ ਕਰਨ, ਬਚਾਅ ਦੇ ਤਰੀਕੇ ਸਿਖਾਉਣ ਤੇ ਸਿਹਤਮੰਦ ਆਦਤਾਂ ਅਪਣਾਉਣ ਲਈ ਪ੍ਰੇਰਿਤ ਕਰਨ ਦਾ ਸੁਨਹਿਰੀ ਮੌਕਾ ਪ੍ਰਦਾਨ ਕਰਦਾ ਹੈ। ਖ਼ਾਸ ਕਰਕੇ ਬੱਚਿਆਂ ’ਚ ਡਾਇਰੀਆ ਅਕਸਰ ਜਾਨਲੇਵਾ ਬਿਮਾਰੀ ਸਾਬਤ ਹੁੰਦੀ ਹੈ।

ਡਾਇਰੀਆ ਕੰਟਰੋਲ ਮਹੀਨਾ ਅਜਿਹੀ ਪਹਿਲਕਦਮੀ ਹੈ, ਜੋ ਜਨਤਕ ਸਿਹਤ ਲਈ ਬੇਹੱਦ ਮਹੱਤਵਪੂਰਨ ਹੈ। ਇਹ ਮਹੀਨਾ ਸਾਨੂੰ ਡਾਇਰੀਆ ਵਰਗੀਆਂ ਆਮ ਪਰ ਗੰਭੀਰ ਬਿਮਾਰੀਆਂ ਪ੍ਰਤੀ ਜਾਗਰੂਕ ਕਰਨ, ਬਚਾਅ ਦੇ ਤਰੀਕੇ ਸਿਖਾਉਣ ਤੇ ਸਿਹਤਮੰਦ ਆਦਤਾਂ ਅਪਣਾਉਣ ਲਈ ਪ੍ਰੇਰਿਤ ਕਰਨ ਦਾ ਸੁਨਹਿਰੀ ਮੌਕਾ ਪ੍ਰਦਾਨ ਕਰਦਾ ਹੈ। ਖ਼ਾਸ ਕਰਕੇ ਬੱਚਿਆਂ ’ਚ ਡਾਇਰੀਆ ਅਕਸਰ ਜਾਨਲੇਵਾ ਬਿਮਾਰੀ ਸਾਬਤ ਹੁੰਦੀ ਹੈ। ਇਸ ਲਈ ਰੋਕਥਾਮ ਤੇ ਪ੍ਰਬੰਧਨ ਬਾਰੇ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ।
ਇਸ ਸਾਲ ਦਾ ਥੀਮ
ਡਾਇਰੀਆ ਦੀ ਰੋਕਥਾਮ, ਸਫ਼ਾਈ ਤੇ ਓਆਰਐੱਸ ਨਾਲ ਰੱਖੋ ਆਪਣਾ ਧਿਆਨ। ਇਹ ਥੀਮ ਸਾਨੂੰ ਸਪੱਸ਼ਟ ਸੰਦੇਸ਼ ਦਿੰਦਾ ਹੈ ਕਿ ਡਾਇਰੀਆ ਵਰਗੀਆਂ ਆਮ ਪਰ ਗੰਭੀਰ ਬਿਮਾਰੀਆਂ ਤੋਂ ਬਚਣ ਲਈ ਸਫ਼ਾਈ, ਰੋਕਥਾਮ ਦੇ ਉਪਾਅ ਤੇ ਸਹੀ ਸਮੇਂ ’ਤੇ ਓਆਰਐੱਸ (ORS) ਦੀ ਵਰਤੋਂ ਕਿੰਨੀ ਜ਼ਰੂਰੀ ਹੈ। ਵਿਸ਼ਵ ਸਿਹਤ ਸੰਸਥਾ ਅਨੁਸਾਰ ਦਸਤ ਦੀ ਬਿਮਾਰੀ 1-59 ਮਹੀਨੇ ਦੀ ਉਮਰ ਦੇ ਬੱਚਿਆਂ ’ਚ ਮੌਤ ਦਾ ਤੀਜਾ ਪ੍ਰਮੁੱਖ ਕਾਰਨ ਹੈ। ਇਹ ਰੋਕਥਾਮਯੋਗ ਤੇ ਇਲਾਜਯੋਗ ਹੈ। ਹਰ ਸਾਲ 5 ਸਾਲ ਤੋਂ ਘੱਟ ਉਮਰ ਦੇ ਲਗਪਗ 4 ਲੱਖ 43 ਹਜ਼ਾਰ 832 ਬੱਚਿਆਂ ਤੇ 5 ਤੋਂ 9 ਸਾਲ ਦੀ ਉਮਰ ਦੇ 50 ਹਜ਼ਾਰ 851 ਬੱਚਿਆਂ ਦੀ ਦਸਤ ਕਾਰਨ ਮੌਤ ਹੋ ਜਾਂਦੀ ਹੈ। ਵਿਸ਼ਵ ਪੱਧਰ ’ਤੇ ਹਰ ਸਾਲ ਬਚਪਨ ਵਿਚ ਦਸਤ ਦੀ ਬਿਮਾਰੀ ਦੇ ਲਗਪਗ 1.7 ਬਿਲੀਅਨ ਮਾਮਲੇ ਸਾਹਮਣੇ ਆਉਂਦੇ ਹਨ। ਦਸਤ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵਿਚ ਕੁਪੋਸ਼ਣ ਦਾ ਪ੍ਰਮੁੱਖ ਕਾਰਨ ਹੈ।
ਖ਼ਤਰੇ
ਡਾਇਰੀਆ ਅਜਿਹੀ ਸਥਿਤੀ ਹੈ, ਜਿੱਥੇ ਵਿਅਕਤੀ ਨੂੰ ਬਹੁਤ ਵਾਰ ਪਤਲੇ ਦਸਤ ਆਉਂਦੇ ਹਨ। ਇਹ ਆਮ ਤੌਰ ’ਤੇ ਵਾਇਰਸਾਂ, ਬੈਕਟੀਰੀਆ ਜਾਂ ਪ੍ਰਜੀਵੀਆਂ ਕਾਰਨ ਹੁੰਦਾ ਹੈ, ਜੋ ਦੂਸ਼ਿਤ ਭੋਜਨ ਜਾਂ ਪਾਣੀ ਰਾਹੀਂ ਸਰੀਰ ਵਿਚ ਦਾਖ਼ਲ ਹੁੰਦੇ ਹਨ। ਇਸ ਦੇ ਮੁੱਖ ਲੱਛਣਾਂ ਵਿੱਚ ਪਤਲੇ ਦਸਤ, ਪੇਟ ਦਰਦ, ਬੁਖ਼ਾਰ ਤੇ ਉਲਟੀਆਂ ਸ਼ਾਮਿਲ ਹਨ। ਸਭ ਤੋਂ ਵੱਡਾ ਖ਼ਤਰਾ ਸਰੀਰ ਵਿੱਚੋਂ ਪਾਣੀ ਅਤੇ ਲੂਣ (ਇਲੈਕਟ੍ਰੋਲਾਈਟਸ) ਦੀ ਕਮੀ ਹੈ, ਜਿਸ ਨੂੰ ਡੀਹਾਈਡ੍ਰੇਸ਼ਨ ਕਿਹਾ ਜਾਂਦਾ ਹੈ। ਬੱਚਿਆਂ ਵਿਚ ਖ਼ਾਸ ਕਰਕੇ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵਿਚ ਡੀਹਾਈਡ੍ਰੇਸ਼ਨ ਬਹੁਤ ਤੇਜ਼ੀ ਨਾਲ ਹੋ ਸਕਦੀ ਹੈ ਤੇ ਜੇ ਸਮੇਂ ਸਿਰ ਇਲਾਜ ਨਾ ਕੀਤਾ ਜਾਵੇ ਤਾਂ ਇਹ ਜਾਨਲੇਵਾ ਹੋ ਸਕਦੀ ਹੈ।
ਬਚਾਅ ਦੇ ਪ੍ਰਭਾਵਸ਼ਾਲੀ ਯਤਨ
ਡਾਇਰੀਆ ਤੋਂ ਬਚਣਾ ਸੰਭਵ ਹੈ, ਜੇ ਅਸੀਂ ਕੁਝ ਬੁਨਿਆਦੀ ਸਫ਼ਾਈ ਤੇ ਸਿਹਤ ਆਦਤਾਂ ਨੂੰ ਅਪਣਾਈਏ:
ਹੱਥਾਂ ਦੀ ਸਫ਼ਾਈ : ਸਭ ਤੋਂ ਮਹੱਤਵਪੂਰਨ ਕਦਮ ਹੈ ਹੱਥਾਂ ਨੂੰ ਚੰਗੀ ਤਰ੍ਹਾਂ ਧੋਣਾ। ਖਾਣਾ ਬਣਾਉਣ ਤੋਂ ਪਹਿਲਾਂ, ਖਾਣਾ ਖਾਣ ਤੋਂ ਪਹਿਲਾਂ, ਬਾਥਰੂਮ ਦੀ ਵਰਤੋਂ ਕਰਨ ਤੋਂ ਬਾਅਦ ਅਤੇ ਬੱਚੇ ਦੇ ਡਾਇਪਰ ਬਦਲਣ ਤੋਂ ਬਾਅਦ ਸਾਬਣ ਅਤੇ ਪਾਣੀ ਨਾਲ ਘੱਟੋ-ਘੱਟ 20 ਸਕਿੰਟਾਂ ਲਈ ਹੱਥ ਧੋਣੇ ਚਾਹੀਦੇ ਹਨ। ਜੇ ਸਾਬਣ ਤੇ ਪਾਣੀ ਮੁਹੱਈਆ ਨਹੀਂ ਹੈ ਤਾਂ ਅਲਕੋਹਲ-ਆਧਾਰਿਤ ਹੈਂਡ ਸੈਨੇਟਾਈਜ਼ਰ ਦੀ ਵਰਤੋਂ ਕੀਤੀ ਜਾ ਸਕਦੀ ਹੈ।
ਸੁਰੱਖਿਅਤ ਪੀਣ ਵਾਲਾ ਪਾਣੀ : ਹਮੇਸ਼ਾ ਸਾਫ਼ ਤੇ ਸੁਰੱਖਿਅਤ ਪੀਣ ਵਾਲੇ ਪਾਣੀ ਦੀ ਵਰਤੋਂ ਕਰੋ। ਜੇ ਪਾਣੀ ਦੀ ਸ਼ੁੱਧਤਾ ਬਾਰੇ ਸ਼ੱਕ ਹੈ, ਤਾਂ ਇਸ ਨੂੰ ਉਬਾਲ ਕੇ ਜਾਂ ਫਿਲਟਰ ਕਰ ਕੇ ਪੀਣਾ ਚਾਹੀਦਾ ਹੈ। ਪਾਣੀ ਦੇ ਭੰਡਾਰਨ ਵਾਲੇ ਬਰਤਨਾਂ ਨੂੰ ਸਾਫ਼ ਰੱਖੋ ਤੇ ਢਕ ਕੇ ਰੱਖੋ।
ਸੁਰੱਖਿਅਤ ਭੋਜਨ ਤਿਆਰੀ : ਭੋਜਨ ਨੂੰ ਸਾਫ਼-ਸੁਥਰੇ ਤਰੀਕੇ ਨਾਲ ਤਿਆਰ ਕਰੋ ਤੇ ਸਟੋਰ ਕਰੋ। ਕੱਚੇ ਅਤੇ ਪੱਕੇ ਹੋਏ ਭੋਜਨ ਨੂੰ ਵੱਖ-ਵੱਖ ਰੱਖੋ ਤਾਂ ਜੋ ਕਰੌਸ-ਕੰਟੈਮੀਨੇਸ਼ਨ ਤੋਂ ਬਚਿਆ ਜਾ ਸਕੇ। ਭੋਜਨ ਨੂੰ ਸਹੀ ਤਾਪਮਾਨ ’ਤੇ ਪਕਾਓ ਅਤੇ ਬਾਹਰ ਦਾ ਖੁੱਲ੍ਹਾ ਭੋਜਨ ਖਾਣ ਤੋਂ ਪਰਹੇਜ਼ ਕਰੋ।
ਸਹੀ ਸਫ਼ਾਈ ਤੇ ਕੂੜਾ ਪ੍ਰਬੰਧਨ: ਘਰ ਅਤੇ ਆਲੇ-ਦੁਆਲੇ ਦੀ ਸਫ਼ਾਈ ਦਾ ਧਿਆਨ ਰੱਖੋ। ਕੂੜੇ ਦਾ ਸਹੀ ਢੰਗ ਨਾਲ ਨਿਪਟਾਰਾ ਕਰੋ ਤਾਂ ਜੋ ਮੱਖੀਆਂ ਤੇ ਹੋਰ ਕੀਟਾਣੂ ਨਾ ਫੈਲ ਸਕਣ।
ਮਾਂ ਦਾ ਦੁੱਧ : ਛੇ ਮਹੀਨਿਆਂ ਤੱਕ ਦੇ ਬੱਚਿਆਂ ਲਈ ਸਿਰਫ਼ ਮਾਂ ਦਾ ਦੁੱਧ ਹੀ ਸਭ ਤੋਂ ਵਧੀਆ ਹੈ। ਇਹ ਬੱਚੇ ਨੂੰ ਕਈ ਬਿਮਾਰੀਆਂ ਤੋਂ ਬਚਾਉਂਦਾ ਹੈ, ਜਿਸ ਵਿਚ ਡਾਇਰੀਆ ਵੀ ਸ਼ਾਮਿਲ ਹੈ। ਛੇ ਮਹੀਨਿਆਂ ਬਾਅਦ ਪੂਰਕ ਭੋਜਨ ਦੇ ਨਾਲ-ਨਾਲ ਮਾਂ ਦਾ ਦੁੱਧ ਜਾਰੀ ਰੱਖਣਾ ਚਾਹੀਦਾ ਹੈ।
ਟੀਕਾਕਰਨ : ਰੋਟਾਵਾਇਰਸ ਵੈਕਸੀਨ ਬੱਚਿਆਂ ਨੂੰ ਰੋਟਾਵਾਇਰਸ ਕਾਰਨ ਹੋਣ ਵਾਲੇ ਗੰਭੀਰ ਡਾਇਰੀਆ ਤੋਂ ਬਚਾਉਣ ’ਚ ਬਹੁਤ ਪ੍ਰਭਾਵਸ਼ਾਲੀ ਹੈ। ਸਾਰੇ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਸਮੇਂ ਸਿਰ ਇਹ ਵੈਕਸੀਨ ਦੇਣੀ ਚਾਹੀਦੀ ਹੈ।
ਡਾਇਰੀਆ ਹੋਣ ’ਤੇ ਕੀ ਕਰਨਾ ਚਾਹੀਦਾ?
ਜੇ ਕਿਸੇ ਨੂੰ ਡਾਇਰੀਆ ਹੋ ਜਾਂਦਾ ਹੈ, ਖ਼ਾਸ ਕਰਕੇ ਬੱਚਿਆਂ ਨੂੰ ਤਾਂ ਤੁਰੰਤ ਕਾਰਵਾਈ ਕਰਨੀ ਬਹੁਤ ਜ਼ਰੂਰੀ ਹੈ।
ਓਆਰਐੱਸ ਦਾ ਘੋਲ: ਇਹ ਡੀਹਾਈਡ੍ਰੇਸ਼ਨ ਨੂੰ ਰੋਕਣ ਦਾ ਸਭ ਤੋਂ ਪ੍ਰਭਾਵਸ਼ਾਲੀ ਤਰੀਕਾ ਹੈ। ਓਆਰਐੱਸ ਦੇ ਪੈਕੇਟ ਨੂੰ ਉਬਲੇ ਹੋਏ ਤੇ ਠੰਢੇ ਕੀਤੇ ਪਾਣੀ ਵਿਚ ਮਿਲਾ ਕੇ ਬੱਚੇ ਨੂੰ ਥੋੜ੍ਹੇ-ਥੋੜ੍ਹੇ ਫ਼ਰਕ ’ਤੇ ਦਿੰਦੇ ਰਹੋ। ਘਰ ਵਿਚ ਬਣਿਆ ਨਮਕ ਅਤੇ ਚੀਨੀ ਦਾ ਘੋਲ ਵੀ ਵਰਤਿਆ ਜਾ ਸਕਦਾ ਹੈ।
ਜ਼ਿੰਕ ਸਪਲੀਮੈਂਟ: ਡਾਇਰੀਆ ਦੇ ਇਲਾਜ ਵਿਚ ਜ਼ਿੰਕ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਇਹ ਡਾਇਰੀਆ ਦੀ ਮਿਆਦ ਤੇ ਗੰਭੀਰਤਾ ਨੂੰ ਘਟਾਉਂਦਾ ਹੈ ਅਤੇ ਭਵਿੱਖ ’ਚ ਡਾਇਰੀਆ ਹੋਣ ਦੇ ਜੋਖ਼ਮ ਨੂੰ ਵੀ ਘਟਾਉਂਦਾ ਹੈ। ਡਾਕਟਰ ਦੀ ਸਲਾਹ ਨਾਲ ਜ਼ਿੰਕ ਦੀਆਂ ਗੋਲੀਆਂ ਜਾਂ ਸਿਰਪ ਦਿੱਤਾ ਜਾਣਾ ਚਾਹੀਦਾ ਹੈ।
ਭੋਜਨ ਰੱਖੋ ਜਾਰੀ: ਬੱਚੇ ਨੂੰ ਖਾਣਾ ਪਿਲਾਉਣਾ ਜਾਰੀ ਰੱਖੋ, ਭਾਵੇਂ ਉਸ ਨੂੰ ਡਾਇਰੀਆ ਹੋਵੇ। ਛੋਟੀ ਮਾਤਰਾ ਵਿਚ ਪੌਸ਼ਟਿਕ ਤੇ ਆਸਾਨੀ ਨਾਲ ਪਚਣ ਵਾਲਾ ਭੋਜਨ ਦਿਓ। ਮਾਂ ਦਾ ਦੁੱਧ ਪੀਣ ਵਾਲੇ ਬੱਚਿਆਂ ਨੂੰ ਦੁੱਧ ਪਿਲਾਉਣਾ ਬੰਦ ਨਾ ਕਰੋ।
ਡਾਕਟਰੀ ਸਹਾਇਤਾ: ਜੇ ਡਾਇਰੀਆ ਗੰਭੀਰ ਹੋ ਜਾਵੇ, ਬੁਖ਼ਾਰ ਬਹੁਤ ਜ਼ਿਆਦਾ ਹੋਵੇ, ਖ਼ੂਨ ਵਾਲੇ ਦਸਤ ਆਉਣ ਜਾਂ ਡੀਹਾਈਡ੍ਰੇਸ਼ਨ ਦੇ ਲੱਛਣ, ਜਿਵੇਂ ਸੁਸਤੀ, ਅੱਖਾਂ ਅੰਦਰ ਧਸ ਜਾਣ ਜਾਂ ਪਿਸ਼ਾਬ ਘੱਟ ਆਉਣਾ ਵਰਗੇ ਲੱਛਣ ਦਿਖਾਈ ਦੇਣ, ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕਰੋ।
ਸਰਕਾਰ ਤੇ ਸਿਹਤ ਵਿਭਾਗ ਦੇ ਯਤਨ
ਡਾਇਰੀਆ ਕੰਟਰੋਲ ਮਹੀਨੇ ਦੌਰਾਨ ਸਰਕਾਰ ਅਤੇ ਸਿਹਤ ਵਿਭਾਗ ਵੱਖ-ਵੱਖ ਪੱਧਰਾਂ ’ਤੇ ਕਈ ਪਹਿਲਕਦਮੀਆਂ ਕਰਦੇ ਹਨ। ਇਨ੍ਹਾਂ ਵਿਚ ਜਾਗਰੂਕਤਾ ਕੈਂਪ, ਸਿਹਤ ਕਰਮਚਾਰੀਆਂ ਦੀ ਸਿਖਲਾਈ, ਓਆਰਐੱਸ ਤੇ ਜ਼ਿੰਕ ਦੀ ਮੁਫ਼ਤ ਵੰਡ ਅਤੇ ਟੀਕਾਕਰਨ ਮੁਹਿੰਮਾਂ ਸ਼ਾਮਿਲ ਹਨ। ਸਿਹਤ ਵਿਭਾਗ ਦੇ ਡਾਕਟਰਾਂ ਤੋਂ ਇਲਾਵਾ ਮਾਸ ਮੀਡੀਆ ਵਿੰਗ, ਆਰਬੀਐੱਸਕੇ ਸਟਾਫ, ਪੈਰਾਮੈਡੀਕਲ ਸਟਾਫ, ਆਸ਼ਾ ਵਰਕਰਾਂ ਆਦਿ ਦੀ ਭੂਮਿਕਾ ਇਸ ’ਚ ਬਹੁਤ ਮਹੱਤਵਪੂਰਨ ਹੁੰਦੀ ਹੈ ਕਿਉਂਕਿ ਉਹ ਜ਼ਮੀਨੀ ਪੱਧਰ 'ਤੇ ਲੋਕਾਂ ਤੱਕ ਸਿਹਤ ਸੰਦੇਸ਼ ਪਹੁੰਚਾਉਂਦੇ ਹਨ।
ਕੰਟਰੋਲ ਮਹੀਨੇ ਦਾ ਉਦੇਸ਼
ਡਾਇਰੀਆ ਕੰਟਰੋਲ ਮਹੀਨੇ ਦਾ ਮੁੱਖ ਉਦੇਸ਼ ਹੇਠ ਲਿਖੇ ਪੰਜ ਨੁਕਤਿਆਂ ’ਤੇ ਜ਼ੋਰ ਦੇਣਾ ਹੈ:
ਜਾਗਰੂਕਤਾ ਵਧਾਉਣਾ: ਲੋਕਾਂ ਨੂੰ ਡਾਇਰੀਆ ਦੇ ਕਾਰਨਾਂ, ਲੱਛਣਾਂ ਤੇ ਇਸ ਦੇ ਖ਼ਤਰਿਆਂ ਬਾਰੇ ਜਾਣੂ ਕਰਵਾਉਣਾ।
ਰੋਕਥਾਮ ਦੇ ਉਪਾਅ ਸਿਖਾਉਣਾ: ਸਾਫ਼-ਸਫ਼ਾਈ, ਸੁਰੱਖਿਅਤ ਪੀਣ ਵਾਲਾ ਪਾਣੀ ਤੇ ਸਹੀ ਭੋਜਨ ਤਿਆਰ ਕਰਨ ਦੇ ਤਰੀਕਿਆਂ ਬਾਰੇ ਜਾਣਕਾਰੀ ਦੇਣਾ।
ਜਲਦੀ ਇਲਾਜ ਲਈ ਪ੍ਰੇਰਿਤ ਕਰਨਾ: ਡਾਇਰੀਆ ਹੋਣ 'ਤੇ ਤੁਰੰਤ ਡਾਕਟਰੀ ਸਲਾਹ ਲੈਣ ਤੇ ਘਰੇਲੂ ਉਪਚਾਰਾਂ, ਜਿਵੇਂ ਓਆਰਐੱਸ (ਓਰਲ ਰੀਹਾਈਡ੍ਰੇਸ਼ਨ ਸਾਲਟ) ਦੀ ਵਰਤੋਂ ਬਾਰੇ ਦੱਸਣਾ।
ਟੀਕਾਕਰਨ ਦੀ ਮਹੱਤਤਾ: ਰੋਟਾਵਾਇਰਸ ਟੀਕਾਕਰਨ ਕਰਵਾਉਣ ਲਈ ਉਤਸ਼ਾਹਿਤ ਕਰਨਾ, ਜੋ ਬੱਚਿਆਂ ਵਿਚ ਡਾਇਰੀਆ ਦਾ ਮੁੱਖ ਕਾਰਨ ਹੈ।
ਸਮੁਦਾਇਕ ਸਹਿਯੋਗ: ਸਮਾਜ ਦੇ ਹਰ ਵਰਗ ਨੂੰ ਇਸ ਪਹਿਲਕਦਮੀ ਵਿਚ ਸ਼ਾਮਲ ਕਰਨਾ ਤਾਂ ਜੋ ਸਿਹਤਮੰਦ ਸਮਾਜ ਦੀ ਸਿਰਜਣਾ ਹੋ ਸਕੇ।
- ਨਰਿੰਦਰ ਪਾਲ ਸਿੰਘ