Deadlifting : ਇਹ ਇਕ ਐਸੀ ਅੱਖਾਂ ਦੀ ਸਮੱਸਿਆ ਹੈ ਜਿਸ ਵਿਚ ਅਚਾਨਕ ਦਬਾਅ ਵਧਣ ਕਾਰਨ ਰੇਟੀਨਾ 'ਚ ਮੌਜੂਦ ਨਾਜ਼ੂਕ ਨਾੜਾਂ ਫਟ ਜਾਂਦੀਆਂ ਹਨ। ਅਜਿਹਾ ਉਸ ਸਮੇਂ ਹੁੰਦਾ ਹੈ ਜਦੋਂ ਕੋਈ ਵਿਅਕਤੀ ਭਾਰੀ ਵਜ਼ਨ ਉਠਾਉਂਦੇ ਸਮੇਂ ਜਾਂ ਬਹੁਤ ਜ਼ੋਰ ਲਗਾਉਂਦੇ ਸਮੇਂ ਸਾਹ ਰੋਕ ਲੈਂਦਾ ਹੈ। ਨਤੀਜੇ ਵਜੋਂ ਅੱਖ ਵਿਚ ਖ਼ੂਨ ਜੰਮ ਜਾਂਦਾ ਹੈ ਤੇ ਦੇਖਣ ਵਿਚ ਮੁਸ਼ਕਲ ਆਉਂਦੀ ਹੈ।
ਲਾਈਫਸਟਾਈਲ ਡੈਸਕ, ਨਵੀਂ ਦਿੱਲੀ : ਜਿਮ 'ਚ ਵਰਕਆਉਟ ਕਰਨਾ ਸਰੀਰ ਲਈ ਲਾਭਦਾਇਕ ਹੈ ਪਰ ਕਈ ਵਾਰੀ ਇਕ ਛੋਟੀ ਜਿਹੀ ਗਲਤੀ ਵੱਡੀ ਸਮੱਸਿਆ ਦਾ ਕਾਰਨ ਬਣ ਸਕਦੀ ਹੈ। ਹਾਲ ਹੀ 'ਚ 27 ਸਾਲਾ ਇਕ ਨੌਜਵਾਨ ਦੇ ਨਾਲ ਕੁਝ ਅਜਿਹਾ ਹੋਇਆ ਜਿਸਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਭਾਰੀ ਵਜ਼ਨ ਉਠਾਉਣ (Deadlifting) ਦੌਰਾਨ ਉਸ ਦੀ ਇਕ ਅੱਖ ਦੀ ਰੋਸ਼ਨੀ ਅਚਾਨਕ ਚਲੀ ਗਈ। ਇਹ ਮਾਮਲਾ ਡਾਕਟਰਾਂ ਲਈ ਵੀ ਹੈਰਾਨੀਜਨਕ ਸੀ।
ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ 'ਤੇ ਇਕ ਰੀਲ ਰਾਹੀਂ ਡਾ. ਆਸ਼ੀਸ਼ ਮਾਰਕਨ ਦੱਸਦੇ ਹਨ ਕਿ ਨੌਜਵਾਨ ਜਿਮ ਵਿਚ ਡੈਡਲਿਫਟ ਕਰ ਰਿਹਾ ਸੀ। ਵਜ਼ਨ ਬਹੁਤ ਜ਼ਿਆਦਾ ਸੀ, ਇਸ ਲਈ ਉਸਨੇ ਪੂਰੀ ਤਾਕਤ ਲਗਾਈ ਤੇ ਸਾਹ ਰੋਕ ਕੇ ਸਟ੍ਰੇਨ ਕੀਤਾ। ਕੁਝ ਹੀ ਸਕਿੰਟਾਂ 'ਚ ਉਸਨੂੰ ਮਹਿਸੂਸ ਹੋਇਆ ਕਿ ਉਸ ਨੂੰ ਇਕ ਅੱਖ ਤੋਂ ਦਿਖਾਈ ਦੇਣਾ ਬੰਦ ਹੋ ਗਿਆ ਹੈ। ਜਾਂਚ ਤੋਂ ਬਾਅਦ ਪਤਾ ਚੱਲਿਆ ਕਿ ਉਸਨੂੰ ਵਲਸਾਲਵਾ ਰੇਟੀਨੋਪੈਥੀ (Valsalva Retinopathy) ਨਾਮਕ ਇਕ ਦੁਰਲਭ ਬਿਮਾਰੀ ਹੋ ਗਈ ਹੈ।
ਇਹ ਇਕ ਐਸੀ ਅੱਖਾਂ ਦੀ ਸਮੱਸਿਆ ਹੈ ਜਿਸ ਵਿਚ ਅਚਾਨਕ ਦਬਾਅ ਵਧਣ ਕਾਰਨ ਰੇਟੀਨਾ 'ਚ ਮੌਜੂਦ ਨਾਜ਼ੂਕ ਨਾੜਾਂ ਫਟ ਜਾਂਦੀਆਂ ਹਨ। ਅਜਿਹਾ ਉਸ ਸਮੇਂ ਹੁੰਦਾ ਹੈ ਜਦੋਂ ਕੋਈ ਵਿਅਕਤੀ ਭਾਰੀ ਵਜ਼ਨ ਉਠਾਉਂਦੇ ਸਮੇਂ ਜਾਂ ਬਹੁਤ ਜ਼ੋਰ ਲਗਾਉਂਦੇ ਸਮੇਂ ਸਾਹ ਰੋਕ ਲੈਂਦਾ ਹੈ। ਨਤੀਜੇ ਵਜੋਂ ਅੱਖ ਵਿਚ ਖ਼ੂਨ ਜੰਮ ਜਾਂਦਾ ਹੈ ਤੇ ਦੇਖਣ ਵਿਚ ਮੁਸ਼ਕਲ ਆਉਂਦੀ ਹੈ। ਹਾਲਾਂਕਿ, ਇਹ ਸਮੱਸਿਆ ਜ਼ਿਆਦਾਤਰ ਮਾਮਲਿਆਂ 'ਚ ਕੁਝ ਹਫ਼ਤਿਆਂ ਵਿਚ ਆਪ ਹੀ ਠੀਕ ਹੋ ਜਾਂਦੀ ਹੈ, ਪਰ ਧਿਆਨ ਨਾ ਦੇਣ 'ਤੇ ਇਹ ਗੰਭੀਰ ਰੂਪ ਧਾਰ ਸਕਦੀ ਹੈ।
ਜਦੋਂ ਅਸੀਂ ਡੈਡਲਿਫਟ, ਸਕਵਾਟ ਜਾਂ ਹੋਰ ਭਾਰੀ ਐਕਸਰਸਾਈਜ਼ ਕਰਦੇ ਹਾਂ ਤਾਂ ਸਰੀਰ ਦੇ ਅੰਦਰ ਦਬਾਅ ਅਚਾਨਕ ਵਧ ਜਾਂਦਾ ਹੈ। ਇਹ ਦਬਾਅ ਸਿੱਧਾ ਅੱਖਾਂ ਦੀਆਂ ਨਾਜ਼ੁਕ ਨਸਾਂ ਤਕ ਪਹੁੰਚ ਸਕਦਾ ਹੈ। ਜੇ ਕੋਈ ਵਿਅਕਤੀ ਲਗਾਤਾਰ ਸਾਹ ਰੋਕ ਕੇ ਜਾਂ ਗਲਤ ਤਰੀਕੇ ਨਾਲ ਸਟ੍ਰੇਨ ਕਰਦਾ ਹੈ ਤਾਂ ਅੱਖਾਂ 'ਚ ਖੂਨ ਆ ਸਕਦਾ ਹੈ। ਇਸੇ ਕਰਕੇ ਜਿਮ ਕਰਨ ਵਾਲੇ ਲੋਕ ਵੀ ਇਸ ਖਤਰੇ ਤੋਂ ਪੂਰੀ ਤਰ੍ਹਾਂ ਸੁਰੱਖਿਅਤ ਨਹੀਂ ਹਨ।
ਵਰਕਆਉਟ ਦੌਰਾਨ ਕਈ ਲੋਕ ਆਪਣੀ ਰੀੜ੍ਹ ਨੂੰ ਸਥਿਰ ਰੱਖਣ ਤੇ ਤਾਕਤ ਵਧਾਉਣ ਲਈ ਸਾਹ ਰੋਕ ਕੇ ਵਜ਼ਨ ਉਠਾਉਂਦੇ ਹਨ। ਇਸਨੂੰ ਵਲਸਾਲਵਾ ਮੈਨੂਵਰ (Valsalva Maneuver) ਕਿਹਾ ਜਾਂਦਾ ਹੈ। ਹਾਲਾਂਕਿ ਇਹ ਤਕਨੀਕ ਪਰਫਾਰਮੈਂਸ ਨੂੰ ਬਿਹਤਰ ਕਰ ਸਕਦੀ ਹੈ, ਪਰ ਇਸ ਨਾਲ ਸਰੀਰ 'ਚ ਦਬਾਅ ਬਹੁਤ ਤੇਜ਼ੀ ਨਾਲ ਵਧਦਾ ਹੈ ਜੋ ਅੱਖਾਂ ਲਈ ਹਾਨੀਕਾਰਕ ਸਾਬਿਤ ਹੋ ਸਕਦਾ ਹੈ।
ਜੇ ਕਿਸੇ ਵਿਅਕਤੀ ਨੂੰ ਅਚਾਨਕ ਬਿਨਾਂ ਦਰਦ ਦੇ ਧੁੰਦਲਾਪਨ ਮਹਿਸੂਸ ਹੋਵੇ, ਅੱਖਾਂ ਸਾਹਮਣੇ ਪਰਛਾਈ ਜਾਂ 'ਕਾਲਾ ਪਰਦਾ' ਦਿਖਾਈ ਦੇਵੇ ਤਾਂ ਤੁਰੰਤ ਆਈ ਸਪੈਸ਼ਲਿਸਟ ਨਾਲ ਸੰਪਰਕ ਕਰਨਾ ਚਾਹੀਦਾ ਹੈ। ਅਜਿਹੇ ਲੱਛਣ ਰੇਟੀਨਾ 'ਚ ਖੂਨ ਜਾਂ ਦਬਾਅ ਵਧਣ ਦਾ ਸੰਕੇਤ ਹੋ ਸਕਦੇ ਹਨ। ਸਮੇਂ ਸਿਰ ਇਲਾਜ ਕਰਵਾਉਣ ਨਾਲ ਸਥਾਈ ਨੁਕਸਾਨ ਤੋਂ ਬਚਿਆ ਜਾ ਸਕਦਾ ਹੈ।
- ਬਹੁਤ ਭਾਰੀ ਵਜ਼ਨ ਉਠਾਉਣ ਤੋਂ ਪਹਿਲਾਂ ਟ੍ਰੇਨਰ ਤੋਂ ਸਹੀ ਤਕਨੀਕ ਸਿੱਖੋ।
- ਵਜ਼ਨ ਉਠਾਉਂਦੇ ਸਮੇਂ ਸਾਹ ਰੋਕਣ ਦੀ ਬਜਾਏ ਹੌਲੀ-ਹੌਲੀ ਛੱਡੋ।
- ਜੇ ਸਿਰ ਚਕਰਾਏ ਜਾਂ ਅੱਖਾਂ 'ਚ ਧੁੰਦਲਾਪਨ ਮਹਿਸੂਸ ਹੋਵੇ ਤਾਂ ਤੁਰੰਤ ਐਕਸਰਸਾਈਜ਼ ਰੋਕ ਦਿਓ।
- ਆਪਣੀ ਲਿਮਟ ਨੂੰ ਸਮਝੋ ਅਤੇ ਸਰੀਰ 'ਤੇ ਬੇਕਾਰ ਦਾ ਦਬਾਅ ਨਾ ਪਾਓ।
ਇਹ ਘਟਨਾ ਸਾਰੇ ਜਿਮ ਜਾਣ ਵਾਲਿਆਂ ਲਈ ਇਕ ਚਿਤਾਵਨੀ ਹੈ। ਫਿਟਨੈੱਸ ਜ਼ਰੂਰੀ ਹੈ, ਪਰ ਸਹੀ ਤਕਨੀਕ ਅਤੇ ਸਰੀਰ ਦੀਆਂ ਸੀਮਾਵਾਂ ਦਾ ਧਿਆਨ ਰੱਖਣਾ ਇਸ ਤੋਂ ਵੀ ਜ਼ਿਆਦਾ ਜ਼ਰੂਰੀ ਹੈ।