ਫਿਟਨੈਸ ਹੀ ਨਹੀਂ, ਦਿਮਾਗੀ ਸਮਰੱਥਾ ਵੀ ਵਧਾਉਂਦੀ ਹੈ ਸਾਈਕਲਿੰਗ, ਪੜ੍ਹੋ ਕੀ ਕਹਿੰਦੀ ਹੈ ਨਵੀਂ ਸਟੱਡੀ
ਵਿਸ਼ਲੇਸ਼ਣ ਨੇ ਸਾਈਕਲਿੰਗ ਨੂੰ ਪ੍ਰਤੀਕਿਰਿਆ ਸਮਾਂ, ਧਿਆਨ ਕੇਂਦਰਤ ਕਰਨ ਤੇ ਨੋਟਿਸ ਕਰਨਯੋਗ ਪ੍ਰਦਰਸ਼ਨ ਨਾਲ ਸਬੰਧਤ ਦਿਮਾਗ਼ੀ ਕੰਮ ਦੇ ਸੰਕੇਤਕਾਂ ’ਚ ਸੁਧਾਰ ਨਾਲ ਵੀ ਜੋੜਿਆ।
Publish Date: Tue, 26 May 2026 12:54 PM (IST)
Updated Date: Tue, 26 May 2026 12:57 PM (IST)
ਪੀਟੀਆਈ, ਨਵੀਂ ਦਿੱਲੀ : ਸਾਈਕਲ ਚਲਾਉਣ ਨੂੰ ਇਕ ਚੰਗੀ ਕਸਰਤ ਮੰਨਿਆ ਜਾਂਦਾ ਹੈ। ਇਕ ਅੰਤਰਰਾਸ਼ਟਰੀ ਅਧਿਐਨ ’ਚ ਪਾਇਆ ਗਿਆ ਹੈ ਕਿ ਸਾਈਕਲਿੰਗ ਦਿਮਾਗ਼ ਦੀ ਸਿਹਤ, ਮਾਨਸਿਕ ਹਾਲਤ ਤੇ ਸਮਾਜਿਕ ਸਬੰਧਾਂ ਨੂੰ ਬਿਹਤਰ ਬਣਾਉਣ ਸਮੇਤ ਸੰਪੂਰਨ ਤੰਦਰੁਸਤੀ ’ਚ ਸੁਧਾਰ ਲਈ ਸੌਖਾ ਯੰਤਰ ਹੋ ਸਕਦਾ ਹੈ।
ਅਮਰੀਕਾ ਸਥਿਤ ਗ਼ੈਰ-ਲਾਭਕਾਰੀ ਸੰਗਠਨ ਆਊਟਰਾਈਡ, ਓਕਲਾਹੋਮਾ ਯੂਨੀਵਰਸਿਟੀ ਤੇ ਲੋਮਾ ਲਿੰਡਾ ਯੂਨੀਵਰਸਿਟੀ ਦੇ ਖੋਜੀਆਂ ਨੇ ਕਿਹਾ ਕਿ ਮਾਨਸਿਕ ਸਿਹਤ ਦੀਆਂ ਚੁਣੌਤੀਆਂ ਤੇ ਘੱਟ ਸਰੀਰਕ ਸਰਗਰਮੀ ਦੇ ਪੱਧਰ ਨੂੰ ਵਧਾਉਣ ਲਈ ਘੱਟ ਲਾਗਤ ਵਾਲੇ ਪ੍ਰਭਾਵਸ਼ਾਲੀ ਤਰੀਕਿਆਂ ਦੀ ਪਛਾਣ ਕਰਨਾ ਅਹਿਮ ਹੈ। ਇਸਦੇ ਲਈ ਖੋਜੀਆਂ ਨੇ ਅਮਰੀਕਾ, ਕੈਨੇਡਾ ਤੇ ਕਈ ਯੂਰਪੀ ਦੇਸ਼ਾਂ ਸਮੇਤ 19 ਦੇਸ਼ਾਂ ’ਚ ਕੀਤੇ ਗਏ ਲਗਪਗ 90 ਅਧਿਐਨਾਂ ਦੀ ਸਮੀਖਿਆ ਕੀਤੀ। ਖੋਜ ਦਾ ਨਤੀਜਾ ਫਰੰਟੀਅਰਜ਼ ਇਨ ਸਪੋਰਟਸ ਐਂਡ ਐਕਟਿਵ ਲਿਵਿੰਗ ਮੈਗਜ਼ੀਨ ’ਚ ਪ੍ਰਕਾਸ਼ਿਤ ਹੋਇਆ ਹੈ। ਵਿਸ਼ਲੇਸ਼ਣ ਨੇ ਸਾਈਕਲਿੰਗ ਨੂੰ ਪ੍ਰਤੀਕਿਰਿਆ ਸਮਾਂ, ਧਿਆਨ ਕੇਂਦਰਤ ਕਰਨ ਤੇ ਨੋਟਿਸ ਕਰਨਯੋਗ ਪ੍ਰਦਰਸ਼ਨ ਨਾਲ ਸਬੰਧਤ ਦਿਮਾਗ਼ੀ ਕੰਮ ਦੇ ਸੰਕੇਤਕਾਂ ’ਚ ਸੁਧਾਰ ਨਾਲ ਵੀ ਜੋੜਿਆ।
ਨਤੀਜੇ ਦੱਸਦੇ ਹਨ ਕਿ ਸਾਈਕਲਿੰਗ ਦਾ ਸਕਾਰਾਤਮਕ ਪ੍ਰਭਾਵ ਪੈਂਦਾ ਹੈ, ਜਿਸ ਵਿਚ ਬਿਹਤਰ ਮੂਡ, ਤਣਾਅ ਦੇ ਲੱਛਣਾਂ ’ਚ ਕਮੀ, ਸਮਾਜਿਕ ਸਬੰਧਾਂ ’ਚ ਵਾਧਾ ਆਦਿ ਸ਼ਾਮਲ ਹੈ। ਵਿਹਾਰ ’ਚ ਸਾਈਕਲਿੰਗ ਕਈ ਰੂਪਾਂ ’ਚ ਹੋ ਸਕਦੀ ਹੈ, ਜਿਵੇਂ ਕਿ ਸਕੂਲ-ਆਧਾਰਿਤ ਰਾਈਡਿੰਗ ਪ੍ਰੋਗਰਾਮ, ਭਾਈਚਾਰਕ ਸਮੂਹ ਦੀ ਸਵਾਰੀ, ਜਿਮ ’ਚ ਸਥਿਰ ਬਾਈਕਿੰਗ ਤੇ ਸਰਗਰਮ ਯਾਤਰਾ। ਇਸਦੇ ਨਾਲ ਹੀ ਖੋਜੀਆਂ ਨੇ ਕਿਹਾ ਕਿ ਨੌਜਵਾਨਾਂ, ਬਜ਼ੁਰਗਾਂ ਤੇ ਪਹੁੰਚ ਤੋਂ ਦੂਰ ਫਿਰਕਿਆਂ ਵਿਚਾਲੇ ਹੋਰ ਜ਼ਿਆਦਾ ਖੋਜ ਦੀ ਲੋੜ ਹੈ।