ਦੀਵਾਲੀ ਦੇ ਜਸ਼ਨਾਂ ਨਾਲ ਜੁੜਿਆ ਸਭ ਤੋਂ ਵੱਡਾ ਖ਼ਤਰਾ ਵਾਤਾਵਰਨ ਪ੍ਰਦੂਸ਼ਣ ਹੈ, ਖ਼ਾਸ ਕਰਕੇ ਪਟਾਕਿਆਂ ਕਾਰਨ ਹੋਣ ਵਾਲਾ ਹਵਾ ਪ੍ਰਦੂਸ਼ਣ। ਪਟਾਕਿਆਂ ਵਿੱਚੋਂ ਨਿਕਲਣ ਵਾਲਾ ਜ਼ਹਿਰੀਲਾ ਧੂੰਆਂ ਅਤੇ ਗੈਸਾਂ (ਜਿਵੇਂ ਸਲਫਰ ਡਾਈਆਕਸਾਈਡ, ਨਾਈਟ੍ਰੋਜਨ ਆਕਸਾਈਡ ਅਤੇ ਹੋਰ ਬਾਰੀਕ ਰਸਾਇਣਕ ਕਣ) ਸਾਹ ਪ੍ਰਣਾਲੀ ਈ ਅਤਿਅੰਤ ਹਾਨੀਕਾਰਕ ਹੁੰਦੇ ਹਨ।
ਦੀਵਾਲੀ ਨੂੰ ਦੀਵਿਆਂ ਤੇ ਰੋਸ਼ਨੀਆਂ ਦਾ ਤਿਉਹਾਰ ਮੰਨਿਆ ਜਾਂਦਾ ਹੈ ਪਰ ਅਜੋਕੇ ਬਾਜ਼ਾਰਵਾਦ ਨੇ ਇਸ ਨੂੰ ਧਮਾਕਿਆਂ, ਪ੍ਰਦੂਸ਼ਣ ਤੇ ਮਿਲਾਵਟੀ ਖਾਣ-ਪੀਣ ਦੀਆਂ ਵਸਤਾਂ ਦਾ ਤਿਉਹਾਰ ਬਣਾ ਦਿੱਤਾ ਹੈ। ਪਿਛਲੇ ਕੁਝ ਸਾਲਾਂ ਤੋਂ ਦੀਵਾਲੀ ਨੂੰ ਪਟਾਕਿਆਂ ਤੇ ਸ਼ੋਰ-ਸ਼ਰਾਬੇ ਦਾ ਤਿਉਹਾਰ ਸਮਝ ਲਿਆ ਗਿਆ ਹੈ। ਲੋਕ ਇਨ੍ਹਾਂ ਦਿਨਾਂ ’ਚ ਆਉਂਦੇ ਤਿਉਹਾਰਾਂ ’ਤੇ ਖ਼ੁਸ਼ੀ ਦੀ ਮਸਤੀ ’ਚ ਡੁੱਬ ਜਾਂਦੇ ਹਨ ਪਰ ਇਸ ਦੌਰਾਨ ਕਈ ਵਾਰ ਆਪਣੀ ਸਿਹਤ ਨੂੰ ਨਜ਼ਰ-ਅੰਦਾਜ਼ ਕਰ ਦਿੰਦੇ ਹਨ। ਖ਼ਾਸ ਕਰਕੇ ਬਜ਼ੁਰਗ, ਜੋ ਗੰਭੀਰ ਬਿਮਾਰੀਆਂ ਤੋਂ ਪੀੜਤ ਹਨ, ਨੂੰ ਖ਼ਾਸ ਖ਼ਿਆਲ ਰੱਖਣ ਦੀ ਜ਼ਰੂਰਤ ਹੁੰਦੀ ਹੈ। ਘਰ ’ਚ ਬੱਚਿਆਂ ਨੂੰ ਵੀ ਪਟਾਕੇ ਚਲਾਉਂਦੇ ਸਮੇਂ ਸਾਵਧਾਨੀ ਵਰਤਣ ਦੀ ਜ਼ਰੂਰਤ ਹੁੰਦੀ ਹੈ, ਤਾਂ ਜੋ ਹਾਦਸਿਆਂ ਤੋਂ ਬਚਿਆ ਜਾ ਸਕੇ। ਫਿਰ ਹੀ ਸਹੀ ਮਾਅਨਿਆਂ ’ਚ ਤਿਉਹਾਰ ਦਾ ਮਜ਼ਾ ਲਿਆ ਸਕਦਾ ਹੈ। ਇਹ ਗੱਲ ਹਮੇਸ਼ਾ ਯਾਦ ਰੱਖੋ ਕਿ ਦੀਵਾਲੀ ਧੂੰਏਂ ਨਹੀਂ, ਰੋਸ਼ਨੀਆਂ ਦਾ ਤਿਉਹਾਰ ਹੈ। ਇਸ ਦੇ ਜਸ਼ਨਾਂ ਦੌਰਾਨ ਸਿਹਤ ਸੰਭਾਲ ਦੀ ਅਹਿਮੀਅਤ ਨੂੰ ਸਮਝਣਾ ਸਮੇਂ ਦੀ ਮੁੱਖ ਲੋੜ ਹੈ।
ਵਾਤਾਵਰਨ ਪ੍ਰਦੂਸ਼ਣ
ਦੀਵਾਲੀ ਦੇ ਜਸ਼ਨਾਂ ਨਾਲ ਜੁੜਿਆ ਸਭ ਤੋਂ ਵੱਡਾ ਖ਼ਤਰਾ ਵਾਤਾਵਰਨ ਪ੍ਰਦੂਸ਼ਣ ਹੈ, ਖ਼ਾਸ ਕਰਕੇ ਪਟਾਕਿਆਂ ਕਾਰਨ ਹੋਣ ਵਾਲਾ ਹਵਾ ਪ੍ਰਦੂਸ਼ਣ। ਪਟਾਕਿਆਂ ਵਿੱਚੋਂ ਨਿਕਲਣ ਵਾਲਾ ਜ਼ਹਿਰੀਲਾ ਧੂੰਆਂ ਅਤੇ ਗੈਸਾਂ (ਜਿਵੇਂ ਸਲਫਰ ਡਾਈਆਕਸਾਈਡ, ਨਾਈਟ੍ਰੋਜਨ ਆਕਸਾਈਡ ਅਤੇ ਹੋਰ ਬਾਰੀਕ ਰਸਾਇਣਕ ਕਣ) ਸਾਹ ਪ੍ਰਣਾਲੀ ਈ ਅਤਿਅੰਤ ਹਾਨੀਕਾਰਕ ਹੁੰਦੇ ਹਨ।
ਸਿਹਤ ਪ੍ਰਭਾਵ
ਦਮਾ ਤੇ ਐਲਰਜੀ : ਇਹ ਪ੍ਰਦੂਸ਼ਣ ਦਮੇ ਦੇ ਮਰੀਜ਼ਾਂ ਲਈ ਗੰਭੀਰ ਸਮੱਸਿਆਵਾਂ ਪੈਦਾ ਕਰਦਾ ਹੈ ਅਤੇ ਆਮ ਲੋਕਾਂ ਵਿੱਚ ਵੀ ਖੰਘ, ਗਲੇ ਵਿਚ ਖਰਾਸ਼ ਅਤੇ ਸਾਹ ਲੈਣ ’ਚ ਮੁਸ਼ਕਲ ਪੈਦਾ ਕਰਦਾ ਹੈ।
ਦਿਲ ਦੇ ਰੋਗ : ਲੰਬੇ ਸਮੇਂ ਤਕ ਪ੍ਰਦੂਸ਼ਣ ਦੇ ਸੰਪਰਕ ’ਚ ਰਹਿਣਾ ਦਿਲ ਦੇ ਰੋਗਾਂ ਦੇ ਖ਼ਤਰੇ ਨੂੰ ਵੀ ਵਧਾਉਂਦਾ ਹੈ।
ਸੰਭਾਲ ਦੇ ਤਰੀਕੇ
ਪ੍ਰਦੂਸ਼ਣ-ਮੁਕਤ ਦੀਵਾਲੀ: ਸਭ ਤੋਂ ਵਧੀਆ ਹੱਲ ਹੈ ਕਿ ਪਟਾਕਿਆਂ ਦੀ ਵਰਤੋਂ ਤੋਂ ਪਰਹੇਜ਼ ਕਰਨਾ ਅਤੇ ਹਰੀ ਦੀਵਾਲੀ ਮਨਾਉਣਾ।
ਮਾਸਕ ਦੀ ਵਰਤੋਂ : ਜੇ ਤੁਸੀਂ ਪ੍ਰਦੂਸ਼ਿਤ ਖੇਤਰ ਵਿਚ ਹੋ, ਤਾਂ ਉੱਚ ਗੁਣਵੱਤਾ ਵਾਲੇ ਮਾਸਕ ਦੀ ਵਰਤੋਂ ਕਰੋ।
ਘਰ ਅੰਦਰ ਰਹੋ : ਬਜ਼ੁਰਗਾਂ, ਬੱਚਿਆਂ ਤੇ ਸਾਹ ਦੀਆਂ ਬਿਮਾਰੀਆਂ ਵਾਲੇ ਲੋਕਾਂ ਨੂੰ ਪ੍ਰਦੂਸ਼ਣ ਦੇ ਉੱਚ ਪੱਧਰ ਹੋਣ ’ਤੇ ਘਰ ਦੇ ਅੰਦਰ ਹੀ ਰਹਿਣਾ ਚਾਹੀਦਾ ਹੈ।
ਹਵਾ ਸ਼ੁੱਧ ਕਰਨ ਵਾਲੇ ਪੌਦੇ : ਘਰ ’ਚ ਹਵਾ ਨੂੰ ਸ਼ੁੱਧ ਕਰਨ ਵਾਲੇ ਪੌਦੇ (ਜਿਵੇਂ ਸਨੇਕ ਪਲਾਂਟ, ਮਨੀ ਪਲਾਂਟ) ਲਗਾਉਣਾ ਲਾਭਦਾਇਕ ਹੈ।
ਤਿਉਹਾਰਾਂ ਦਾ ਪੂਰਾ ਆਨੰਦ ਲਵੋ ਪਰ ਕੈਲੋਰੀ ਦੀ ਮਾਤਰਾ ’ਤੇ ਨਜ਼ਰ ਰੱਖੋ। ਇਸ ਮਾਹੌਲ ’ਚ ਅਕਸਰ ਲੋਕ ਆਪਣੀ ਖ਼ੁਰਾਕ ਸੰਤੁਲਨ ਨੂੰ ਭੁੱਲ ਜਾਂਦੇ ਹਨ, ਜਿਸ ਨਾਲ ਪੇਟ ਦੀਆਂ ਸਮੱਸਿਆਵਾਂ, ਐਸੀਡਿਟੀ ਤੇ ਭਾਰ ਵਧਣ ਦੀ ਸਮੱਸਿਆ ਹੋ ਸਕਦੀ ਹੈ।
ਬਾਜ਼ਾਰੀ ਮਠਿਆਈਆਂ ਤੋਂ ਪਰਹੇਜ਼ : ਬਾਜ਼ਾਰ ’ਚ ਮਿਲਣ ਵਾਲੀਆਂ ਜ਼ਿਆਦਾਤਰ ਮਠਿਆਈਆਂ ’ਚ ਮਿਲਾਵਟ (ਜਿਵੇਂ ਸਿੰਥੈਟਿਕ ਮਾਵਾ, ਘਟੀਆ ਰੰਗ) ਅਤੇ ਜ਼ਿਆਦਾ ਚੀਨੀ ਹੁੰਦੀ ਹੈ, ਜੋ ਸਿਹਤ ਲਈ ਹਾਨੀਕਾਰਕ ਹੈ। ਇਸ ਦੀ ਬਜਾਏ ਘਰ ’ਚ ਬਣੀ ਸਿਹਤਮੰਦ ਮਠਿਆਈ (ਜਿਵੇਂ ਖਜੂਰ ਜਾਂ ਗੁੜ ਦੀ ਵਰਤੋਂ ਕਰ ਕੇ) ਖਾਓ ਜਾਂ ਮੇਵਿਆਂ ਵਾਲੇ ਸਨੈਕਸ ਨੂੰ ਤਰਜੀਹ ਦਿਓ।
ਹਾਈਡ੍ਰੇਟਿਡ ਰਹੋ: ਤਲੇ ਹੋਏ ਅਤੇ ਮਿੱਠੇ ਭੋਜਨ ਨੂੰ ਹਜ਼ਮ ਕਰਨ ਲਈ ਸਰੀਰ ਨੂੰ ਜ਼ਿਆਦਾ ਪਾਣੀ ਦੀ ਲੋੜ ਹੁੰਦੀ ਹੈ। ਦਿਨ ਭਰ ਜ਼ਿਆਦਾ ਪਾਣੀ ਪੀਓ ਅਤੇ ਕੋਲਡ ਡਰਿੰਕਸ ਤੋਂ ਪਰਹੇਜ਼ ਕਰੋ।
ਥੋੜ੍ਹਾ-ਥੋੜ੍ਹਾ ਖਾਓ: ਇੱਕੋ ਵਾਰ ’ਚ ਜ਼ਿਆਦਾ ਖਾਣ ਦੀ ਬਜਾਏ ਥੋੜ੍ਹਾ-ਥੋੜ੍ਹਾ ਕਰਕੇ ਕਈ ਵਾਰ ਖਾਓ। ਭੋਜਨ ਤੋਂ ਪਹਿਲਾਂ ਸਲਾਦ ਜਾਂ ਫਲ ਖਾਣ ਨਾਲ ਜ਼ਿਆਦਾ ਖਾਣ ਤੋਂ ਬਚਿਆ ਜਾ ਸਕਦਾ ਹੈ।
ਸ਼ਰਾਬ ਤੇ ਕੈਫੀਨ: ਇਨ੍ਹਾਂ ਦੀ ਵਰਤੋਂ ਸੀਮਤ ਕਰੋ ਕਿਉਂਕਿ ਇਹ ਪਾਚਨ ਪ੍ਰਣਾਲੀ ’ਤੇ ਬੋਝ ਪਾਉਂਦੇ ਹਨ ਅਤੇ ਸਰੀਰ ਨੂੰ ਡੀਹਾਈਡ੍ਰੇਟ ਕਰਦੇ ਹਨ।
ਮਸਾਲੇਦਾਰ ਭੋਜਨ ਤੋਂ ਕਰੋ ਪਰਹੇਜ਼
ਸਾਡੇ ਦੇਸ਼ ’ਚ ਤਿਉਹਾਰਾਂ ’ਤੇ ਸੁਆਦੀ ਪਕਵਾਨ ਖਾਣ ਦੀ ਰਵਾਇਤ ਰਹੀ ਹੈ, ਜਿਨ੍ਹਾਂ ਨੂੰ ਕਾਫ਼ੀ ਮਾਤਰਾ ’ਚ ਤੇਲ-ਮਸਾਲੇ ਪਾ ਕੇ ਤਿਆਰ ਕੀਤਾ ਜਾਂਦਾ ਹੈ। ਮੂੰਹ ’ਚ ਪਾਣੀ ਲਿਆਉਣ ਵਾਲੇ ਇਹ ਪਕਵਾਨ ਸਾਡੇ ਪਾਚਨ-ਤੰਤਰ ਨੂੰ ਨੁਕਸਾਨ ਪਹੁੰਚਾਉਂਦੇ ਹਨ।
ਸੁਰੱਖਿਆ ਤੇ ਸੱਟਾਂ ਤੋਂ ਬਚਾਅ
ਦੀਵਾਲੀ ਦੇ ਮੌਕੇ ’ਤੇ ਪਟਾਕੇ ਚਲਾਉਣ ਨਾਲ ਹੋਣ ਵਾਲੇ ਹਾਦਸੇ ਅਤੇ ਸੱਟਾਂ ਆਮ ਪਰ ਗੰਭੀਰ ਸਮੱਸਿਆ ਹਨ। ਅੱਖ ਦੀ ਸੱਟ ਤੇ ਸੜਨ ਦੀਆਂ ਘਟਨਾਵਾਂ ਮੁੱਖ ਤੌਰ ’ਤੇ ਵਾਪਰਦੀਆਂ ਹਨ।
ਸੁਰੱਖਿਆ ਉਪਾਅ
ਪਟਾਕਿਆਂ ਤੋਂ ਦੂਰੀ : ਜੇ ਪਟਾਕੇ ਚਲਾਉਣੇ ਜ਼ਰੂਰੀ ਹਨ, ਤਾਂ ਉਨ੍ਹਾਂ ਨੂੰ ਖੁੱਲ੍ਹੀ ਥਾਂ ’ਤੇ ਅਤੇ ਬਾਲਗਾਂ ਦੀ ਨਿਗਰਾਨੀ ਹੇਠ ਚਲਾਓ।
ਮੁੱਢਲੀ ਸਹਾਇਤਾ : ਆਪਣੇ ਕੋਲ ਮੁੱਢਲੀ ਸਹਾਇਤਾ ਕਿੱਟ (ਜਿਸ ਵਿਚ ਐਂਟੀਸੈਪਟਿਕ ਕਰੀਮ ਅਤੇ ਸਾੜਨ ਵਾਲੀਆਂ ਸੱਟਾਂ ਲਈ ਮੱਲ੍ਹਮ ਸ਼ਾਮਿਲ ਹੋਵੇ) ਤਿਆਰ ਰੱਖੋ।
ਅੱਖਾਂ ਦੀ ਸੁਰੱਖਿਆ : ਪਟਾਕੇ ਚਲਾਉਂਦੇ ਸਮੇਂ ਸੁਰੱਖਿਆ ਵਾਲੇ ਚਸ਼ਮੇ ਲਾਉਣਾ ਚੰਗਾ ਹੈ। ਜੇ ਅੱਖ ’ਚ ਕੋਈ ਚੀਜ਼ ਪੈ ਜਾਵੇ ਤਾਂ ਮਲੋ ਨਾ, ਸਿਰਫ਼ ਸਾਫ਼ ਪਾਣੀ ਨਾਲ ਧੋਵੋ ਤੇ ਤੁਰੰਤ ਡਾਕਟਰ ਨਾਲ ਸੰਪਰਕ ਕਰੋ।
ਸੂਤੀ ਕੱਪੜੇ ਪਹਿਨੋ : ਪਟਾਕੇ ਚਲਾਉਂਦੇ ਸਮੇਂ ਢਿੱਲੇ ਅਤੇ ਸਿੰਥੈਟਿਕ ਕੱਪੜਿਆਂ ਤੋਂ ਪਰਹੇਜ਼ ਕਰੋ। ਸੂਤੀ ਤੇ ਪੂਰੀ ਤਰ੍ਹਾਂ ਨਾਲ ਢਕੇ ਹੋਏ ਕੱਪੜੇ ਪਾਓ।
ਮਾਨਸਿਕ ਸਿਹਤ ਤੇ ਆਰਾਮ
ਦੀਵਾਲੀ ਦੇ ਆਸ-ਪਾਸ ਦੀ ਭੀੜ, ਸ਼ੋਰ ਅਤੇ ਘਰਾਂ ਦੀ ਸਫ਼ਾਈ ਅਤੇ ਮਹਿਮਾਨਾਂ ਦੀ ਆਮਦ ਕਾਰਨ ਤਣਾਅ ਵੱਧ ਸਕਦਾ ਹੈ। ਤਿਉਹਾਰਾਂ ਦਾ ਉਦੇਸ਼ ਖ਼ੁਸ਼ੀ ਦੇਣਾ ਹੈ, ਨਾ ਕਿ ਮਾਨਸਿਕ ਬੋਝ।
ਸੰਤੁਲਨ ਬਣਾਓ : ਸਾਰੇ ਕੰਮਾਂ ਨੂੰ ਖ਼ੁਦ ਕਰਨ ਦੀ ਬਜਾਏ ਪਰਿਵਾਰਕ ਮੈਂਬਰਾਂ ’ਚ ਵੰਡੋ।
ਆਰਾਮ : ਕੁਝ ਦਿਨਾਂ ਦੀ ਲਾਪਰਵਾਹੀ ਨਾਲ ਕੀ ਫ਼ਰਕ ਪੈਂਦਾ ਹੈ ਵਾਲਾ ਰਵੱਈਆ ਨਾ ਅਪਣਾਓ ਤੇ ਪਹਿਲਾਂ ਤੋਂ ਪਲਾਨਿੰਗ ਕਰ ਲਵੋ, ਤਾਂ ਜੋ ਬਿਨਾਂ ਕਿਸੇ ਪਰੇਸ਼ਾਨੀ ਦੇ ਤਿਉਹਾਰਾਂ ਦਾ ਆਨੰਦ ਲੈ ਸਕੋ। ਤਿਉਹਾਰਾਂ ਦੇ ਦਿਨਾਂ ’ਚ ਵੀ ਕਸਰਤ ਕਰਨੀ ਨਾ ਛੱਡੋ। ਆਪਣੀ ਦਵਾਈ ਨਿਯਮਿਤ ਸਮੇਂ ’ਤੇ ਲਵੋ ਤੇ 6 ਤੋਂ 8 ਘੰਟੇ ਜ਼ਰੂਰ ਸੌਂਵੋ।
ਅਸਲ ਜਸ਼ਨ : ਜਸ਼ਨਾਂ ਨੂੰ ਸ਼ਾਂਤਮਈ ਤੇ ਅਰਥਪੂਰਨ ਬਣਾਓ।
ਸ਼ੋਰ ਪ੍ਰਦੂਸ਼ਣ ਤੇ ਸੁਣਨ ਸ਼ਕਤੀ
ਪਟਾਕਿਆਂ ਕਾਰਨ ਪੈਦਾ ਹੋਣ ਵਾਲਾ ਉੱਚਾ ਸ਼ੋਰ ਪ੍ਰਦੂਸ਼ਣ ਵੀ ਸਿਹਤ ਨੂੰ ਨੁਕਸਾਨ ਪਹੁੰਚਾਉਂਦਾ ਹੈ। 120 ਡੈਸੀਬਲ ਤੋਂ ਵੱਧ ਦਾ ਸ਼ੋਰ ਸੁਣਨ ਸ਼ਕਤੀ ਨੂੰ ਤੁਰੰਤ ਨੁਕਸਾਨ ਪਹੁੰਚਾ ਸਕਦਾ ਹੈ ਤੇ ਤਣਾਅ ਵਧਾ ਸਕਦਾ ਹੈ।
ਸੁਝਾਅ
- ਉੱਚੇ ਸ਼ੋਰ ਵਾਲੇ ਪਟਾਕਿਆਂ ਤੋਂ ਦੂਰ ਰਹੋ। ਜੇ ਤੁਹਾਡੇ ਆਸ-ਪਾਸ ਹੋ ਰਹੀ ਆਤਿਸ਼ਬਾਜ਼ੀ ਜਾਂ ਪਟਾਕਿਆਂ ਨਾਲ ਚਮੜੀ ਸੜ ਜਾਵੇ ਤਾਂ ਉਸ ’ਤੇ ਤੁਰੰਤ ਬਰਫ਼ ਰਗੜੋ। ਫਿਰ ਤੁਰੰਤ ਡਾਕਟਰੀ ਇਲਾਜ ਕਰਵਾਓ। ਜਲੀ ਹੋਈ ਥਾਂ ’ਤੇ ਕੱਚੇ ਆਲੂ ਨੂੰ ਪੀਸ ਕੇ ਲਗਾਉਣ ਨਾਲ ਵੀ ਸਾੜ ਘੱਟ ਹੁੰਦਾ ਹੈ।
- ਛੋਟੇ ਬੱਚਿਆਂ ਨੂੰ ਉੱਚੇ ਸ਼ੋਰ ਵਾਲੇ ਖੇਤਰਾਂ ਤੋਂ ਦੂਰ ਰੱਖੋ।
ਸਿਹਤ ਨਾਲ ਸੁਰੱਖਿਆ ਵੀ ਜ਼ਰੂਰੀ
ਜ਼ਿਆਦਾਤਰ ਲੋਕਾਂ ਨੂੰ ਲੱਗਦਾ ਹੈ ਕਿ ਆਤਿਸ਼ਬਾਜ਼ੀ ਤੋਂ ਬਿਨਾਂ ਦੀਵਾਲੀ ਸੁੰਨ੍ਹੀ ਲੱਗਦੀ ਹੈ। ਅਜਿਹੇ ’ਚ ਲੋਕਾਂ ਨੂੰ ਬੰਬ-ਪਟਾਕੇ ਚਲਾਉਣ ਤੋਂ ਰੋਕਿਆ ਨਹੀਂ ਜਾ ਸਕਦਾ ਪਰ ਇਨ੍ਹਾਂ ਨੂੰ ਚਲਾਉਂਦੇ ਸਮੇਂ ਪੂਰੀ ਸਾਵਧਾਨੀ ਰੱਖਣੀ ਚਾਹੀਦੀ ਹੈ। ਹਰ ਸਾਲ ਬਹੁਤ ਸਾਰੇ ਲੋਕ ਪਟਾਕੇ ਚਲਾਉਂਦੇ ਸਮੇਂ ਹਾਦਸਿਆਂ ਦਾ ਸ਼ਿਕਾਰ ਹੁੰਦੇ ਹਨ। ਥੋੜ੍ਹੀ ਜਿਹੀ ਸਾਵਧਾਨੀ ਤੇ ਸਮਝਦਾਰੀ ਅਪਣਾ ਕੇ ਤੁਸੀਂ ਹਾਦਸਿਆਂ ਤੋਂ ਬਚ ਸਕਦੇ ਹੋ। ਕੋਸ਼ਿਸ਼ ਕਰੋ ਕਿ ਹਰੇ ਪਟਾਕੇ ਹੀ ਵਰਤੋਂ ਤੇ ਛੋਟੇ ਬੱਚਿਆਂ ਨੂੰ ਪਟਾਕੇ ਨਾ ਚਲਾਉਣ ਦਿਉ।
ਇਸ ਤਰ੍ਹਾਂ ਦੀਵਾਲੀ ਸਾਨੂੰ ਰੋਸ਼ਨੀ ਅਤੇ ਉਮੀਦ ਦੀ ਯਾਦ ਦਿਵਾਉਂਦੀ ਹੈ। ਜਿਸ ਤਰ੍ਹਾਂ ਅਸੀਂ ਦੀਵੇ ਬਾਲ ਕੇ ਘਰ ਦੇ ਹਨੇਰੇ ਨੂੰ ਦੂਰ ਕਰਦੇ ਹਾਂ, ਉਸੇ ਤਰ੍ਹਾਂ ਸਿਹਤ ਸੰਭਾਲ ਦੇ ਸੁਚੇਤ ਯਤਨਾਂ ਨਾਲ ਅਸੀਂ ਆਪਣੀ ਜ਼ਿੰਦਗੀ ਦੇ ਸਾਰੇ ਹਨੇਰਿਆਂ (ਰੋਗਾਂ ਅਤੇ ਸਮੱਸਿਆਵਾਂ) ਨੂੰ ਦੂਰ ਕਰ ਸਕਦੇ ਹਾਂ। ਦੀਵਾਲੀ ਦੇ ਅਸਲ ਅਰਥਾਂ ਨੂੰ ਅਪਣਾਓ। ਸਿਹਤਮੰਦ ਪਕਵਾਨ ਖਾਓ, ਪ੍ਰਦੂਸ਼ਣ ਤੋਂ ਮੁਕਤ ਜਸ਼ਨ ਮਨਾਓ, ਸੁਰੱਖਿਅਤ ਰਹੋ। ਯਾਦ ਰੱਖੋ, ਸਿਹਤ ਤੋਂ ਵੱਡਾ ਕੋਈ ਤੋਹਫ਼ਾ ਨਹੀਂ ਹੈ। ਇਸ ਲਈ ਆਓ ਇਸ ਦੀਵਾਲੀ ’ਤੇ ਆਪਣੀ ਸਿਹਤ ਨੂੰ ਪਹਿਲ ਦੇ ਕੇ ਖ਼ੁਸ਼ਹਾਲ ਅਤੇ ਸੁਰੱਖਿਅਤ ਭਵਿੱਖ ਦੀ ਨੀਂਹ ਰੱਖੀਏ। ਸਿਹਤਮੰਦ ਸਰੀਰ ਹੀ ਸਾਰੇ ਜਸ਼ਨਾਂ ਦਾ ਅਸਲ ਆਨੰਦ ਮਾਣ ਸਕਦਾ ਹੈ।
- ਨਰਿੰਦਰਪਾਲ ਸਿੰਘ