ਹਰ ਇਨਸਾਨ ਲਈ ਸਭ ਤੋਂ ਜ਼ਰੂਰੀ ਉਸ ਦੀ ਸਿਹਤ ਹੁੰਦੀ ਹੈ। ਸਿਹਤ ਹੈ ਤਾਂ ਸਭ ਕੁਝ ਹੈ ਤੇ ਜੇ ਸਿਹਤ ਖ਼ਰਾਬ ਹੋ ਜਾਵੇ ਤਾਂ ਸਾਰੇ ਪਰਿਵਾਰ ਦਾ ਸਿਸਟਮ ਹਿੱਲ ਜਾਂਦਾ ਹੈ। ਸਾਡੀ ਸਿਹਤ ਦਾ ਹੀ ਮਹੱਤਵਪੂਰਨ ਹਿੱਸਾ ਹਨ ਅੱਖਾਂ। ਅਸੀਂ ਸੋਚ ਵੀ ਨਹੀਂ ਸਕਦੇ ਕਿ ਜੇ ਸਾਡੀ ਨਜ਼ਰ ਚਲੀ ਜਾਵੇ ਤਾਂ ਜ਼ਿੰਦਗੀ ਕਿੰਨੀ ਔਖੀ ਹੋ ਜਾਵੇਗੀ।

ਹਰ ਇਨਸਾਨ ਲਈ ਸਭ ਤੋਂ ਜ਼ਰੂਰੀ ਉਸ ਦੀ ਸਿਹਤ ਹੁੰਦੀ ਹੈ। ਸਿਹਤ ਹੈ ਤਾਂ ਸਭ ਕੁਝ ਹੈ ਤੇ ਜੇ ਸਿਹਤ ਖ਼ਰਾਬ ਹੋ ਜਾਵੇ ਤਾਂ ਸਾਰੇ ਪਰਿਵਾਰ ਦਾ ਸਿਸਟਮ ਹਿੱਲ ਜਾਂਦਾ ਹੈ। ਸਾਡੀ ਸਿਹਤ ਦਾ ਹੀ ਮਹੱਤਵਪੂਰਨ ਹਿੱਸਾ ਹਨ ਅੱਖਾਂ। ਅਸੀਂ ਸੋਚ ਵੀ ਨਹੀਂ ਸਕਦੇ ਕਿ ਜੇ ਸਾਡੀ ਨਜ਼ਰ ਚਲੀ ਜਾਵੇ ਤਾਂ ਜ਼ਿੰਦਗੀ ਕਿੰਨੀ ਔਖੀ ਹੋ ਜਾਵੇਗੀ। ਇਹ ਸਿਰਫ਼ ਉਹੀ ਇਨਸਾਨ ਬਿਆਨ ਸਕਦਾ, ਜੋ ਆਪਣੀ ਨਜ਼ਰ ਗੁਆ ਚੁੱਕਿਆ ਹੋਵੇ। ਕਾਲਾ ਮੋਤੀਆ ਅਜਿਹੀ ਭਿਆਨਕ ਅੱਖਾਂ ਦੀ ਬਿਮਾਰੀ ਹੈ, ਜਿਸ ’ਚ ਹੌਲੀ-ਹੌਲੀ ਨਜ਼ਰ ਘਟਦੀ-ਘਟਦੀ ਪੂਰੀ ਤਰ੍ਹਾਂ ਖ਼ਤਮ ਹੋ ਜਾਂਦੀ ਹੈ। ਇਸ ਬਿਮਾਰੀ ਨਾਲ ਗਈ ਨਿਗ੍ਹਾ/ਨਜ਼ਰ ਕਦੇ ਵੀ ਵਾਪਸ ਨਹੀਂ ਲਿਆਂਦੀ ਜਾ ਸਕਦੀ।
ਕੀ ਹੈ ਕਾਲਾ ਮੋਤੀਆ
ਕਾਲੇ ਮੋਤੀਏ ਦੀ ਬਿਮਾਰੀ ਕਾਰਨ ਅੱਖ ਦਾ ਅੰਦਰਲਾ ਪ੍ਰੈਸ਼ਰ ਵਧਣ ਲੱਗ ਜਾਂਦਾ ਹੈ। ਇਹ ਪ੍ਰੈਸ਼ਰ ਵਧਣ ਨਾਲ ਅੱਖ ਦੀ ਨਸ (ਨਾੜ) ਹੌਲੀ-ਹੌਲੀ ਸੁੱਕ ਜਾਂਦੀ ਹੈ ।
ਮਰੀਜ਼ ਨੂੰ ਪਰੇਸ਼ਾਨੀ
ਕਾਲਾ ਮੋਤੀਆ ਜਦੋਂ ਸ਼ੁਰੂ ਹੁੰਦਾ ਹੈ ਤਾਂ ਇਨਸਾਨ ਨੂੰ ਕੋਈ ਤਕਲੀਫ਼ ਨਹੀਂ ਹੁੰਦੀ। ਜਦੋਂ ਤਕ ਇਨਸਾਨ ਨੂੰ ਪਤਾ ਲਗਦਾ ਹੈ ਕਿ ਉਸ ਦੀ ਨਜ਼ਰ ਘਟ ਗਈ ਹੈ, ਉਦੋਂ ਤਕ ਕਾਲੇ ਮੋਤੀਏ ਕਾਰਨ ਅੱਖਾਂ ਦਾ ਬਹੁਤ ਨੁਕਸਾਨ ਹੋ ਚੁੱਕਿਆ ਹੁੰਦਾ ਹੈ।
ਇਸ ਲਈ 40 ਸਾਲ ਦੀ ਉਮਰ ਤੋਂ ਬਾਅਦ ਹਰ ਇਨਸਾਨ ਨੂੰ ਆਪਣੀਆਂ ਅੱਖਾਂ ਦੀ ਜਾਂਚ ਸਾਲ ’ਚ ਇਕ ਵਾਰ ਜ਼ਰੂਰ ਕਰਵਾਉਣੀ ਚਾਹੀਦੀ ਹੈ, ਭਾਵੇਂ ਉਨ੍ਹਾਂ ਨੂੰ ਅੱਖਾਂ ਦੀ ਕੋਈ ਤਕਲੀਫ਼ ਨਾ ਵੀ ਹੋਵੇ।
ਟੈਸਟ ਜ਼ਰੂਰ ਕਰਵਾਓ
ਜਿਸ ਇਨਸਾਨ ’ਚ ਕਾਲੇ ਮੋਤੀਆ ਹੋਣ ਦਾ ਡਾਕਟਰ ਵੱਲੋਂ ਸ਼ੱਕ ਪਾਇਆ ਜਾਵੇ, ਉਸ ਇਨਸਾਨ ਲਈ ਕਾਲੇ ਮੋਤੀਏ ਦੀ ਪੁਸ਼ਟੀ ਕਰਨ ਲਈ ਡਾਕਟਰ ਵੱਲੋਂ ਕੁਝ ਟੈਸਟ ਮੁਹੱਈਆ ਕੀਤੇ ਜਾਂਦੇ ਹਨ, ਜਿਹੜੇ ਬਹੁਤ ਜ਼ਰੂਰੀ ਹਨ ।
ਇਲਾਜ
ਕਾਲੇ ਮੋਤੀਏ ’ਚ ਸ਼ੁਰੂ ਵਿਚ ਅੱਖਾਂ ਵਿਚ ਪਾਉਣ ਲਈ ਦਵਾਈਆਂ ਦਿੱਤੀਆਂ ਜਾਂਦੀਆਂ ਹਨ। ਜਿਨ੍ਹਾਂ ਲੋਕਾਂ ਨੂੰ ਕਾਲਾ ਮੋਤੀਆ ਦਵਾਈਆਂ ਪਾ ਕੇ ਕੰਟਰੋਲ ਨਾ ਹੋ ਸਕੇ, ਉਨ੍ਹਾਂ ਨੂੰ ਫਿਰ ਕਾਲੇ ਮੋਤੀਏ ਦਾ ਆਪ੍ਰੇਸ਼ਨ ਵੀ ਕਰਵਾਉਣਾ ਪੈ ਸਕਦਾ ਹੈ।
ਬੱਚਿਆਂ ਨੂੰ ਕਾਲਾ ਮੋਤੀਆ ਹੋਣ ਦਾ ਖ਼ਤਰਾ
ਕਾਲਾ ਮੋਤੀਆ ਪੀੜ੍ਹੀ ਦਰ ਪੀੜ੍ਹੀ ਚੱਲਣ ਵਾਲੀ ਬਿਮਾਰੀ ਮੰਨੀ ਜਾਂਦੀ ਹੈ। ਜਿਸ ਦੇ ਮਾਤਾ-ਪਿਤਾ ’ਚੋਂ ਕਿਸੇ ਨੂੰ ਇਕ ਨੂੰ ਵੀ ਕਾਲਾ ਮੋਤੀਆ ਹੋਵੇ, ਉਨ੍ਹਾਂ ਦੇ ਬੱਚਿਆਂ ਨੂੰ ਸਾਰੀ ਜ਼ਿੰਦਗੀ ਅੱਖਾਂ ਦੀ ਜਾਂਚ ਕਾਲੇ ਮੋਤੀਏ ਲਈ ਜ਼ਰੂਰ ਕਰਵਾਉਂਦੇ ਰਹਿਣਾ ਚਾਹੀਦਾ ਹੈ ਕਿਉਂਕਿ ਜਿਸ ਦੇ ਮਾਤਾ-ਪਿਤਾ ਨੂੰ ਕਾਲਾ ਮੋਤੀਆ ਹੋਵੇ, ਉਸ ਦੇ ਬੱਚਿਆਂ ’ਚ ਕਾਲਾ ਮੋਤੀਆ ਹੋਣ ਦਾ ਖ਼ਤਰਾ ਬਣਿਆ ਰਹਿੰਦਾ ਹੈ।
ਮਰੀਜ਼ਾਂ ਲਈ ਸੰਦੇਸ਼
ਆਪਣੀ ਸਿਹਤ ਲਈ ਹਰ ਇਨਸਾਨ ਨੂੰ ਕੁਝ ਪੂੰਜੀ ਜ਼ਰੂਰ ਸੰਭਾਲ ਕੇ ਰੱਖਣੀ ਚਾਹੀਦੀ ਹੈ ਕਿਉਂਕਿ ਜੇ ਸਿਹਤ ਰਹੇਗੀ ਤਾਂ ਹੀ ਆਪਾਂ ਕੋਈ ਕੰਮ ਕਰ ਸਕਾਂਗੇ ਅਤੇ ਫਿਰ ਹੀ ਆਪਣੀ ਜ਼ਿੰਦਗੀ ਚੱਲਦੀ ਰਹੇਗੀ। ਸਿਹਤ ਤੋਂ ਬਿਨਾਂ ਸਭ ਕੁਝ ਖ਼ਤਮ ਹੋ ਜਾਂਦਾ ਹੈ।
ਅੱਖਾਂ ਦੀ ਸੰਭਾਲ
ਕਿਸੇ ਨੇ ਸੱਚ ਲਿਖਿਆ ਹੈ, ‘ਅੱਖਾਂ ਗਈਆਂ ਤਾਂ ਜਹਾਨ ਗਿਆ।’ ਆਪਣੀਆਂ ਅੱਖਾਂ ਦੀ ਸਮੇਂ-ਸਮੇਂ ਸਿਰ ਜਾਂਚ ਕਰਵਾਉਂਦੇ ਰਹੋ ਅਤੇ ਕਿਸੇ ਵੀ ਬਿਮਾਰੀ ’ਚ ਲਾਪਰਵਾਹੀ ਅਤੇ ਦੇਰੀ ਨਾ ਵਰਤੋ। ਡਾਕਟਰ ਦੀ ਸਲਾਹ ਤੋਂ ਬਿਨਾਂ ਨਾ ਤਾਂ ਦਵਾਈ ਸ਼ੁਰੂ ਕਰੋ ਅਤੇ ਨਾ ਹੀ ਬੰਦ ਕਰੋ। ਅੱਖਾਂ ਸਰੀਰ ਦਾ ਅਹਿਮ ਹਿੱਸਾ ਹਨ, ਇਨ੍ਹਾਂ ਦੀ ਸੰਭਾਲ ਰੱਖੋ ਕਿਉਂਕਿ ਨਜ਼ਰ ਤੋਂ ਬਿਨਾਂ ਜ਼ਿੰਦਗੀ ਬੋਝ ਬਣ ਕੇ ਰਹਿ ਜਾਂਦੀ ਹੈ।
ਕਿੰਨਾ ਸਮਾਂ ਪਾਉਣੀਆਂ ਪੈਂਦੀਆਂ ਦਵਾਈਆਂ
ਕਾਲੇ ਮੋਤੀਏ ਦੀਆਂ ਦਵਾਈਆਂ ਮਰੀਜ਼ਾਂ ਨੂੰ ਉਮਰ ਭਰ ਪਾਉਣੀਆਂ ਚਾਹੀਦੀਆਂ ਹਨ ਅਤੇ ਕਦੇ ਵੀ ਕਿਸੇ ਮਰੀਜ਼ ਨੂੰ ਡਾਕਟਰ ਦੀ ਸਲਾਹ ਤੋਂ ਬਿਨਾਂ ਦਵਾਈਆਂ ਬੰਦ ਨਹੀਂ ਕਰਨੀਆਂ ਚਾਹੀਦੀਆਂ ਕਿਉਂਕਿ ਬਿਨਾਂ ਡਾਕਟਰ ਦੀ ਸਲਾਹ ਤੋਂ ਦਵਾਈ ਬੰਦ ਕਰਨ ’ਤੇ ਨਜ਼ਰ ਖਤਮ ਹੋਣ ਦਾ ਖ਼ਤਰਾ ਫਿਰ ਸ਼ੁਰੂ ਹੋ ਜਾਂਦਾ ਹੈ।
- ਡਾ. ਰੁਮਿੰਦਰ ਕੌਰ