ਆਧੁਨਿਕ ਯੁੱਗ ’ਚ ਮਨੁੱਖੀ ਜੀਵਨ ਮਸ਼ੀਨ ਵਾਂਗ ਹੋ ਗਿਆ ਹੈ। ਛੋਟੀਆਂ-ਛੋਟੀਆਂ ਲੋੜਾਂ ਨੂੰ ਪੂਰੀਆਂ ਕਰਨ ਲਈ ਵੀ ਮਨੁੱਖ ਨੂੰ ਮਸ਼ੀਨਾਂ ਆਦਿ ਦਾ ਸਹਾਰਾ ਲੈਣਾ ਪੈ ਰਿਹਾ ਹੈ। ਜਵਾਨੀ ਆਉਂਦੀ ਪਿੱਛੋਂ ਹੈ, ਰੋਗ ਪਹਿਲਾਂ ਖੜ੍ਹੇ ਹੋ ਜਾਂਦੇ ਹਨ। ਦਸ ਕਦਮ ਵੀ ਚੱਲਣਾ ਹੋਵੇ ਤਾਂ ਕੋਈ ਸਵਾਰੀ ਚਾਹੀਦੀ ਹੈ। ਪੈਦਲ ਚੱਲਣ ਲਈ ਅੱਜ ਕੋਈ ਰਾਜ਼ੀ ਨਹੀਂ ਹੈ।
ਆਧੁਨਿਕ ਯੁੱਗ ’ਚ ਮਨੁੱਖੀ ਜੀਵਨ ਮਸ਼ੀਨ ਵਾਂਗ ਹੋ ਗਿਆ ਹੈ। ਛੋਟੀਆਂ-ਛੋਟੀਆਂ ਲੋੜਾਂ ਨੂੰ ਪੂਰੀਆਂ ਕਰਨ ਲਈ ਵੀ ਮਨੁੱਖ ਨੂੰ ਮਸ਼ੀਨਾਂ ਆਦਿ ਦਾ ਸਹਾਰਾ ਲੈਣਾ ਪੈ ਰਿਹਾ ਹੈ। ਜਵਾਨੀ ਆਉਂਦੀ ਪਿੱਛੋਂ ਹੈ, ਰੋਗ ਪਹਿਲਾਂ ਖੜ੍ਹੇ ਹੋ ਜਾਂਦੇ ਹਨ। ਦਸ ਕਦਮ ਵੀ ਚੱਲਣਾ ਹੋਵੇ ਤਾਂ ਕੋਈ ਸਵਾਰੀ ਚਾਹੀਦੀ ਹੈ। ਪੈਦਲ ਚੱਲਣ ਲਈ ਅੱਜ ਕੋਈ ਰਾਜ਼ੀ ਨਹੀਂ ਹੈ। ਕਹਿਣ ਦਾ ਭਾਵ ਇਹ ਹੈ ਕਿ ਇਸ ਤਰ੍ਹਾਂ ਸੁੱਖ-ਸਹੂਲਤਾਂ ਨਾਲ ਭਰੇ ਜੀਵਨ ਨਾਲ ਅਸੀਂ ਸਰੀਰ ਦੀ ਕੁਦਰਤੀ/ਸੁਭਾਵਿਕ ਸ਼ਕਤੀ ਗੁਆ ਬੈਠੇ ਹਾਂ। ਸਰੀਰ ਦੀ ਲੋੜ ਅਨੁਸਾਰ ਅਸੀਂ ਸਰੀਰਕ ਮਿਹਨਤ ਕਰਨ ਤੋਂ ਦੂਰ ਜਾ ਚੁੱਕੇ ਹਾਂ। ਸਰੀਰ ਦੀ ਮੰਗ ਮੁਤਾਬਿਕ ਇਸ ਦੇ ਅਨੁਕੂਲ ਭੋਜਨ, ਕਸਰਤ, ਦਿਨ ਦਾ ਵਿਵਹਾਰ ਆਦਿ ਪੂਰਾ ਨਹੀਂ ਹੋ ਰਿਹਾ। ਇਸ ਦਾ ਨਤੀਜਾ ਇਹ ਹੋਇਆ ਕਿ ਸਰੀਰ ਦੀ ਸੁਭਾਵਿਕ ਸ਼ਕਤੀ, ਸਮਰੱਥਾ, ਚੁਸਤੀ-ਫੁਰਤੀ, ਰੋਗਾਂ ਨੂੰ ਰੋਕਣ ਦੀ ਸ਼ਕਤੀ ਤੇ ਸੁੰਦਰਤਾ ਦੀ ਘਾਟ ਹੋਣ ਲੱਗੀ ਹੈ। ਸਰੀਰ ਨੂੰ ਕੁਦਰਤੀ ਤੌਰ ‘ਤੇ ਤੰਦਰੁਸਤ ਅਤੇ ਰੋਗ ਰਹਿਤ ਰੱਖਣ ਲਈ ਜੇ ਹੇਠ ਲਿਖੇ ਕੁਝ ਸਾਧਨਾਂ ਅਤੇ ਨਿਯਮਾਂ ਦਾ ਪਾਲਣ ਕੀਤਾ ਜਾਵੇ ਤਾਂ ਇਸ ਨਾਲ ਸਰੀਰ ਤਾਂ ਤੰਦਰੁਸਤ ਰਹੇਗਾ ਹੀ, ਜੀਵਨ ਦੇ ਪੰਧ ਨੂੰ ਲੰਮੇਰਾ ਵੀ ਕੀਤਾ ਜਾ ਸਕੇਗਾ।
- ਸਵੇਰੇ ਸੂਰਜ ਨਿਕਲਣ ਤੋਂ ਪਹਿਲਾਂ ਬਿਸਤਰਾ ਛੱਡ ਦੇਣਾ ਚਾਹੀਦਾ ਹੈ , ਇਹ ਚੰਗੀ ਆਦਤ ਹੈ। ਇਸ ਨਾਲ ਸਰੀਰ ’ਚ ਤਾਜ਼ਗੀ ਤੇ ਚੁਸਤੀ ਆਉਂਦੀ ਹੈ ਅਤੇ ਆਲਸ ਨੇੜੇ ਨਹੀਂ ਢੁੱਕਦੀ। ਇਸ ਬਾਰੇ ਇਕ ਅਖਾਉਤ ਹੈ ਕਿ ਛੇਤੀ ਸੌਣਾ ਤੇ ਛੇਤੀ ਉੱਠਣਾ ਮਨੁੱਖ ਨੂੰ ਤੰਦਰੁਸਤ ਤੇ ਬੁੱਧੀਮਾਨ ਬਣਾਉਂਦਾ ਹੈ।
- ਸਵੇਰੇ ਉੱਠਦੇ ਸਾਰ ਜਦੋਂ ਤਕ ਦਾਤਣ/ਬੁਰਸ਼ ਜਾਂ ਦੰਦ ਸਾਫ ਨਾ ਕਰ ਲਏ ਜਾਣ, ਉਦੋਂ ਤਕ ਚਾਹ ਜਾਂ ਕੋਈ ਹੋਰ ਪੇਅ ਨਹੀਂ ਲੈਣਾ ਚਾਹੀਦਾ। ਬੈੱਡ-ਟੀ ਦੀ ਆਦਤ ਸਿਹਤ ਨੂੰ ਰੋਗੀ ਬਣਾਉਂਦੀ ਹੈ। ਇਸ ਤਰ੍ਹਾਂ ਮੂੰਹ ਦੀ ਗੰਦਗੀ ਸਰੀਰ ਵਿਚ ਪਹੁੰਚ ਕੇ ਪੇਟ ਦੇ ਅਨੇਕਾਂ ਰੋਗਾਂ ਦਾ ਕਾਰਨ ਬਣਦੀ ਹੈ।
- ਮੂੰਹ ਸਾਫ਼ ਕਰ ਕੇ ਸਭ ਤੋਂ ਪਹਿਲਾਂ ਦੋ ਗਲਾਸ ਕੋਸੇ ਪਾਣੀ ਦੇ ਪੀਣੇ ਗੁਣਕਾਰੀ ਹਨ। ਇਹ ਪਾਣੀ ਰਾਤ ਦੇ ਸਮੇਂ ਸਰੀਰ ਵਿਚ ਪਈ ਖ਼ੁਸ਼ਕੀ/ਤੇਜ਼ਾਬੀਪਣ ਆਦਿ ਨੂੰ ਸ਼ਾਂਤ ਕਰ ਕੇ ਪੇਟ ਨੂੰ ਸਾਫ਼ ਕਰਨ ’ਚ ਸਹਾਇਤਾ ਕਰਦਾ ਹੈ।
- ਸਵੇਰੇ ਖ਼ਾਲੀ ਪੇਟ ਘੱਟੋ-ਘੱਟ 15-20 ਮਿੰਟ ਤਕ ਇਸ ਤਰ੍ਹਾਂ ਦੀ ਕੋਈ ਹਲਕੀ-ਫੁਲਕੀ ਕਸਰਤ ਕਰੋ ਕਿ ਸਰੀਰ ਥਕਾਵਟ ਮਹਿਸੂਸ ਨਾ ਕਰੇ। ਹਰ ਅੰਗ ਦੀ ਥੋੜ੍ਹੀ - ਬਹੁਤ ਕਸਰਤ ਜ਼ਰੂਰ ਹੋ ਜਾਵੇ। ਇਸ ਵਾਸਤੇ ਇਕ ਹੀ ਥਾਂ ’ਤੇ ਦੌੜਨਾ, ਕਮਰ ਨੂੰ ਸੱਜੇ -ਖੱਬੇ ਕਰਨਾ, ਰੱਸੀ ਟੱਪਣਾ, ਹੱਥਾਂ-ਪੈਰਾਂ ਨੂੰ ਸੱਜੇ-ਖੱਬੇ, ਹੇਠਾਂ-ਉੱਪਰ ਅਤੇ ਅੱਗੇ-ਪਿੱਛੇ ਹਿਲਾਉਣਾ ਆਦਿ ਕਸਰਤਾਂ ਹੋ ਸਕਦੀਆਂ ਹਨ। ਇਸ ਨਾਲ ਸਰੀਰ ਦੇ ਪੱਠੇ ਸ਼ਕਤੀਸ਼ਾਲੀ ਤੇ ਲਚਕਦਾਰ ਹੁੰਦੇ ਹਨ। ਫੇਫੜੇ ਤੇ ਦਿਲ ਸਹੀ ਰੂਪ ਵਿਚ ਕੰਮ ਕਰਦੇ ਹਨ। ਖ਼ੂਨ ਦਾ ਦੌਰਾ ਵੀ ਠੀਕ ਬਣਿਆ ਰਹਿੰਦਾ ਹੈ ਤੇ ਸਰੀਰ ਵਿਚ ਦਿਨ ਭਰ ਦੀ ਚੁਸਤੀ ਬਣੀ ਰਹਿੰਦੀ ਹੈ।
- ਰੋਜ਼ਾਨਾ ਦੇ ਭੋਜਨ ’ਚ ਹਰੀਆਂ ਤੇ ਤਾਜ਼ੀਆਂ ਸਬਜ਼ੀਆਂ, ਦਾਲ, ਚੌਲ, ਦੁੱਧ, ਮੱਖਣ, ਦਹੀਂ, ਤਾਜ਼ੇ ਤੇ ਮੌਸਮੀ ਫਲ, ਸ਼ੱਕਰ ਆਦਿ ਪਦਾਰਥ ਸਹੀ ਮਾਤਰਾ ਵਿਚ ਹੋਣੇ ਚਾਹੀਦੇ ਹਨ। ਇਸ ਦੇ ਉਲਟ ਤਲਿਆ-ਭੁੰਨਿਆ ਅਤੇ ਜ਼ਿਆਦਾ ਮਿਰਚ-ਮਸਾਲੇ ਵਾਲਾ ਭੋਜਨ ਸਿਹਤ ਲਈ ਨੁਕਸਾਨਦੇਹ ਹੁੰਦਾ ਹੈ। ਕਾਰਨ ਇਹ ਹੈ ਕਿ ਇਕ ਤਾਂ ਇਹ ਦੇਰ ਨਾਲ ਪਚਦਾ ਹੈ, ਦੂਜਾ ਇਸ ਨਾਲ ਅੰਤੜੀਆਂ ’ਤੇ ਬੋਝ ਪੈਂਦਾ ਹੈ, ਜਿਸ ਨਾਲ ਇਹ ਕਮਜ਼ੋਰ ਹੋ ਜਾਂਦੀਆਂ ਹਨ ਤੇ ਕਬਜ਼ ਬਣੀ ਰਹਿੰਦੀ ਹੈ। ਇਸ ਲਈ ਭੋਜਨ ਹਲਕਾ ਖਾਣਾ ਚਾਹੀਦਾ ਹੈ। ਦਿਨ ਵਿਚ ਦੋ ਵਾਰ ਭੋਜਨ ਕਰਨ ਦੀ ਆਦਤ ਨਾਲ ਸਿਹਤ ਠੀਕ ਰਹਿੰਦੀ ਹੈ। ਜਦੋਂ ਭੋਜਨ ਕਰੋ, ਮਨ ਸ਼ਾਂਤਚਿੱਤ ਹੋਣਾ ਚਾਹੀਦਾ ਹੈ।
- ਭੋਜਨ ਨੂੰ ਇੰਨਾ ਪਕਾ ਕੇ ਨਾ ਖਾਓ ਕਿ ਇਸ ਦੇ ਵਿਟਾਮਿਨਜ਼ ਤੇ ਦੂਜੇ ਤੱਤ ਨਸ਼ਟ ਹੋ ਜਾਣ। ਹਰੀਆਂ ਸਬਜ਼ੀਆਂ ਥੋੜ੍ਹੀਆਂ ਕੱਚੀਆਂ ਰੱਖ ਕੇ ਖਾਓ। ਅੱਜ-ਕੱਲ੍ਹ ਪ੍ਰੈਸ਼ਰ ਕੁੱਕਰ ਨੇ ਭੋਜਨ ਪਕਾਉਣ ਦੀ ਸਹੀ ਵਿਧੀ ਦੱਸ ਕੇ ਭੋਜਨ ਦਾ ਕੁਦਰਤੀ ਰੂਪ ਨਸ਼ਟ ਹੋਣ ਤੋਂ ਬਚਾਅ ਲਿਆ ਹੈ।
- ਦਿਨ ’ਚ ਥੋੜ੍ਹਾ ਸਮਾਂ ਮਨੋਰੰਜਨ ਲਈ ਵੀ ਕੱਢੋ। ਇਸ ਨਾਲ ਦਿਨ ਭਰ ਦਾ ਥਕੇਵਾਂ, ਤਣਾਅ, ਚਿੰਤਾ, ਸੁਸਤੀ ਅਤੇ ਭਾਰਾਪਨ ਦੂਰ ਹੋ ਜਾਂਦੇ ਹਨ। ਮਨ ਹਲਕਾ ਅਤੇ ਪ੍ਰਸੰਨ ਰਹਿੰਦਾ ਹੈ।
-ਬਹੁਤ ਜ਼ਿਆਦਾ ਡਰ, ਚਿੰਤਾ, ਗੁੱਸਾ ਤੇ ਦੁੱਖ ਸਰੀਰ ਨੂੰ ਨੁਕਸਾਨ ਪਹੁੰਚਾਉਂਦੇ ਹਨ। ਈਰਖਾ, ਜਲਣ, ਚੁਗਲੀ ਆਦਿ ਜਿਹੀਆਂ ਆਦਤਾਂ ਸਰੀਰ ਦੀ ਕੁਦਰਤੀ ਚਮਕ ਨੂੰ ਨਸ਼ਟ ਕਰ ਦਿੰਦੀਆਂ ਹਨ। ਇਸ ਹਾਲਤ ਵਿਚ ਸਦਾ ਹੱਸਦੇ-ਮੁਸਕਰਾਉੰਦੇ ਰਹੋ। ਚੰਗੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕਰੋ।
- ਚੰਗਾ ਤੇ ਅਗਾਂਹਵਧੂ ਸਾਹਿਤ ਵੀ ਸਿਹਤ ਨੂੰ ਤੰਦਰੁਸਤ ਰੱਖਦਾ ਹੈ। ਇਸ ਲਈ ਚੰਗੇ ਸਾਹਿਤ ਦਾ ਅਧਿਐਨ ਕਰੋ।
ਜੇ ਇਨ੍ਹਾਂ ਥੋੜ੍ਹੇ ਜਿਹੇ ਨਿਯਮਾਂ ਦਾ ਪਾਲਣ ਕੀਤਾ ਜਾਵੇ ਤਾਂ ਲੰਮੀ ਉਮਰ ਸਿਹਤਮੰਦ ਰਹਿ ਕੇ ਗੁਜ਼ਾਰੀ ਜਾ ਸਕਦੀ ਹੈ। ਇਹ ਗੱਲਾਂ ਕੋਈ ਔਖੀਆਂ ਨਹੀਂ ਹਨ ਕਿ ਇਨ੍ਹਾਂ ਨੂੰ ਰੋਜ਼ਾਨਾ ਦੇ ਜੀਵਨ ਵਿਚ ਅਪਣਾਇਆ ਨਾ ਜਾ ਸਕੇ।
- ਸੁਖਮੰਦਰ ਸਿੰਘ ਤੂਰ