ਠੰਢ 'ਚ ਮੂੰਹ ਢੱਕ ਕੇ ਸੌਣ ਵਾਲੇ ਹੋ ਜਾਣ ਸਾਵਧਾਨ! ਅਜਿਹਾ ਕਰਨਾ ਦੇ ਸਕਦੈ ਮੌਤ ਨੂੰ ਸੱਦਾ, ਕਿਤੇ ਤੁਸੀਂ ਤਾਂ ਨਹੀਂ ਕਰਦੇ ਇੰਝ?
ਸਰਦੀ ਦੇ ਮੌਸਮ ’ਚ ਠੰਢੀਆਂ ਹਵਾਵਾਂ ਤੇ ਠੰਢ ਤੋਂ ਬਚਣ ਲਈ ਅਕਸਰ ਲੋਕ ਘਰ ਦੇ ਸਾਰੇ ਦਰਵਾਜ਼ੇ ਤੇ ਖਿੜਕੀਆਂ ਬੰਦ ਰੱਖਦੇ ਹਨ। ਇਸ ਨਾਲ ਕਮਰੇ ਦੀ ਹਵਾ ਦੀ ਆਵਾਜਾਈ (ਵੈਂਟੀਲੇਸ਼ਨ) ਰੁਕ ਜਾਂਦੀ ਹੈ ਤੇ ਆਕਸੀਜਨ ਦੀ ਘਾਟ ਪੈਦਾ ਹੋ ਜਾਂਦੀ ਹੈ, ਜੋ ਸਿਹਤ ਲਈ ਨੁਕਸਾਨਦਾਇਕ ਸਾਬਤ ਹੋ ਸਕਦੀ ਹੈ। ਇਸਦੇ ਨਾਲ ਹੀ ਚਿਹਰਾ ਢੱਕ ਕੇ ਸੌਣਾ ਹੋਰ ਵੀ ਜ਼ਿਆਦਾ ਖ਼ਤਰਨਾਕ ਹੁੰਦਾ ਹੈ। ਚਿਹਰਾ ਢੱਕ ਕੇ ਸੋਣ ਨਾਲ ਆਕਸੀਜਨ ਦਾ ਪੱਧਰ 15 ਤੋਂ 20 ਫੀਸਦੀ ਤੱਕ ਘਟ ਜਾਂਦਾ ਹੈ ਤੇ ਫੇਫੜਿਆਂ ਨੂੰ ਆਕਸੀਜਨ ਲੈਣ ਲਈ ਵੱਧ ਦਬਾਅ ਸਹਿਣਾ ਪੈਂਦਾ ਹੈ।
Publish Date: Thu, 18 Dec 2025 11:56 AM (IST)
Updated Date: Thu, 18 Dec 2025 11:59 AM (IST)

ਡਿਪਟੀ ਚੀਫ ਰਿਪੋਰਟਰ, ਪੰਜਾਬੀ ਜਾਗਰਣ, ਜਲੰਧਰ : ਸਰਦੀ ਦੇ ਮੌਸਮ ’ਚ ਠੰਢੀਆਂ ਹਵਾਵਾਂ ਤੇ ਠੰਢ ਤੋਂ ਬਚਣ ਲਈ ਅਕਸਰ ਲੋਕ ਘਰ ਦੇ ਸਾਰੇ ਦਰਵਾਜ਼ੇ ਤੇ ਖਿੜਕੀਆਂ ਬੰਦ ਰੱਖਦੇ ਹਨ। ਇਸ ਨਾਲ ਕਮਰੇ ਦੀ ਹਵਾ ਦੀ ਆਵਾਜਾਈ (ਵੈਂਟੀਲੇਸ਼ਨ) ਰੁਕ ਜਾਂਦੀ ਹੈ ਤੇ ਆਕਸੀਜਨ ਦੀ ਘਾਟ ਪੈਦਾ ਹੋ ਜਾਂਦੀ ਹੈ, ਜੋ ਸਿਹਤ ਲਈ ਨੁਕਸਾਨਦਾਇਕ ਸਾਬਤ ਹੋ ਸਕਦੀ ਹੈ। ਇਸਦੇ ਨਾਲ ਹੀ ਚਿਹਰਾ ਢੱਕ ਕੇ ਸੌਣਾ ਹੋਰ ਵੀ ਜ਼ਿਆਦਾ ਖ਼ਤਰਨਾਕ ਹੁੰਦਾ ਹੈ। ਚਿਹਰਾ ਢੱਕ ਕੇ ਸੋਣ ਨਾਲ ਆਕਸੀਜਨ ਦਾ ਪੱਧਰ 15 ਤੋਂ 20 ਫੀਸਦੀ ਤੱਕ ਘਟ ਜਾਂਦਾ ਹੈ ਤੇ ਫੇਫੜਿਆਂ ਨੂੰ ਆਕਸੀਜਨ ਲੈਣ ਲਈ ਵੱਧ ਦਬਾਅ ਸਹਿਣਾ ਪੈਂਦਾ ਹੈ। ਇਸ ਦੌਰਾਨ ਮਰੀਜ਼ਾਂ ਨੂੰ ਲੱਛਣ ਮਹਿਸੂਸ ਹੁੰਦੇ ਹਨ ਪਰ ਅਕਸਰ ਉਨ੍ਹਾਂ ਦਾ ਅਸਲ ਕਾਰਨ ਸਮਝ ਨਹੀਂ ਆਉਂਦਾ। ਡਾਕਟਰ ਵੀ ਸਰਦੀ ਦੇ ਮੌਸਮ ’ਚ ਆਕਸੀਜਨ ਦੀ ਘਾਟ ਨੂੰ ਖ਼ਤਰਨਾਕ ਮੰਨਦੇ ਹਨ।
ਜ਼ਿਲ੍ਹਾ ਪਰਿਵਾਰ ਭਲਾਈ ਅਧਿਕਾਰੀ ਡਾ. ਰਮਨ ਗੁਪਤਾ ਨੇ ਦੱਸਿਆ ਕਿ ਸਾਈਂਟੀਫਿਕ ਸਟੱਡੀ ਦੱਸਦੀ ਹੈ ਕਿ ਚਿਹਰਾ ਢੱਕ ਕੇ ਸੌਣਾ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਵਧਾ ਸਕਦਾ ਹੈ। ਜੇ ਇਹ ਆਦਤ ਲੰਮੇ ਸਮੇਂ ਤੱਕ ਜਾਰੀ ਰਹੇ ਤਾਂ ਸਾਹ ਲੈਣ ਦੀ ਸਮਰੱਥਾ, ਨੀਂਦ ਦੀ ਕੁਆਲਿਟੀ ਤੇ ਸਮੁੱਚੀ ਸਿਹਤ ’ਤੇ ਨਕਾਰਾਤਮਕ ਅਸਰ ਪੈਂਦਾ ਹੈ। ਜਦੋਂ ਚਿਹਰਾ ਤੇ ਮੂੰਹ ਪੂਰੀ ਤਰ੍ਹਾਂ ਕੰਬਲ ਨਾਲ ਢੱਕਿਆ ਹੁੰਦਾ ਹੈ ਤਾਂ ਤਾਜ਼ੀ ਹਵਾ ਦਾ ਪ੍ਰਵਾਹ ਘੱਟ ਜਾਂਦਾ ਹੈ। ਕੰਬਲ ਦੇ ਅੰਦਰ ਆਕਸੀਜਨ ਦਾ ਪੱਧਰ ਘਟਦਾ ਹੈ ਤੇ ਕਾਰਬਨ ਡਾਈਆਕਸਾਈਡ ਵੱਧਣ ਲੱਗਦੀ ਹੈ। ਇਸ ਕਾਰਨ ਦਮ ਘੁੱਟਣ ਵਰਗਾ ਅਹਿਸਾਸ, ਨੀਂਦ ਟੁੱਟਣਾ ਤੇ ਸਵੇਰੇ ਉੱਠ ਕੇ ਥਕਾਵਟ ਮਹਿਸੂਸ ਹੋਣੀ ਵਰਗੀਆਂ ਸਮੱਸਿਆਵਾਂ ਪੈਦਾ ਹੁੰਦੀਆਂ ਹਨ। ਅਜਿਹੇ ਲੱਛਣਾਂ ਨਾਲ ਆਉਣ ਵਾਲੇ ਮਰੀਜ਼ਾਂ ਨੂੰ ਪੂਰੀ ਜਾਣਕਾਰੀ ਲੈ ਕੇ ਸੌਣ ਦੀ ਆਦਤ ਬਦਲਣ ਦੀ ਸਲਾਹ ਦਿੱਤੀ ਜਾਂਦੀ ਹੈ।
ਛਾਤੀ ਰੋਗਾਂ ਦੇ ਮਾਹਿਰ ਡਾ. ਐੱਮਬੀ ਬਾਲੀ ਨੇ ਕਿਹਾ ਕਿ ਘੱਟ ਆਕਸੀਜਨ, ਵੱਧ ਕਾਰਬਨ ਡਾਈਆਕਸਾਈਡ ਤੇ ਵਧਦੀ ਗਰਮੀ ਨੀਂਦ ਦੀ ਗੁਣਵੱਤਾ ’ਤੇ ਬੁਰਾ ਅਸਰ ਪਾਉਂਦੀਆਂ ਹਨ ਤੇ ਗੂੜ੍ਹੀ ਨੀਂਦ ’ਚ ਵੱਡੀ ਰੁਕਾਵਟ ਬਣਦੀਆਂ ਹਨ। ਕੰਬਲ ਦੇ ਅੰਦਰ ਚਿਹਰਾ ਢੱਕ ਕੇ ਸੌਣ ਨਾਲ ਤਾਪਮਾਨ ਵੱਧ ਜਾਂਦਾ ਹੈ, ਜਿਸ ਨਾਲ ਸਰੀਰ ਦਾ ਤਾਪਮਾਨ ਵਧਣ ਦੇ ਨਾਲ ਬੇਚੈਨੀ ਵੀ ਵਧਦੀ ਹੈ। ਸਟੱਡੀ ਮੁਤਾਬਕ ਸਰੀਰ ਨੂੰ ਡੂੰਘੀ ਨੀਂਦ ਲਈ ਹਲਕਾ ਠੰਢਾ ਮਾਹੌਲ ਚਾਹੀਦਾ ਹੈ। ਗਰਮੀ ਵਧਣ ਨਾਲ ਪਸੀਨਾ, ਬੇਚੈਨੀ ਤੇ ਵਾਰ-ਵਾਰ ਪਾਸੇ ਬਦਲਣ ਦੀ ਆਦਤ ਬਣ ਜਾਂਦੀ ਹੈ, ਜਿਸ ਨਾਲ ਨੀਂਦ ਖਰਾਬ ਹੋ ਜਾਂਦੀ ਹੈ। ਨੀਂਦ ਖਰਾਬ ਹੋਣ ਕਾਰਨ ਚਿੜਚਿੜਾਪਣ, ਊਰਜਾ ਦੀ ਕਮੀ, ਚਿਹਰੇ ’ਤੇ ਹਵਾ ਨਾ ਲੱਗਣ ਨਾਲ ਰੈਸ਼ਜ਼, ਜਲਨ ਤੇ ਇਕਜ਼ੀਮਾ ਵਰਗੀਆਂ ਸਮੱਸਿਆਵਾਂ ਵੀ ਪੈਦਾ ਹੋ ਸਕਦੀਆਂ ਹਨ। ਉਨ੍ਹਾਂ ਦੱਸਿਆ ਕਿ ਪਿਛਲੇ ਮਹੀਨੇ ਉਨ੍ਹਾਂ ਕੋਲ ਕਰੀਬ 42 ਸਾਲ ਦਾ ਇਕ ਮਰੀਜ਼ ਆਇਆ ਸੀ, ਜਿਸਨੂੰ ਸਿਰਦਰਦ, ਚਿੜਚਿੜਾਪਣ ਤੇ ਸਾਹ ਲੈਣ ’ਚ ਦਿੱਕਤ ਸੀ। ਜਾਂਚ ’ਚ ਕੁਝ ਨਹੀਂ ਨਿਕਲਿਆ ਤਾਂ ਜਦੋਂ ਉਸ ਤੋਂ ਰਹਿਣ-ਸੌਣ ਦੀਆਂ ਆਦਤਾਂ ਬਾਰੇ ਪੁੱਛਿਆ ਗਿਆ ਤਾਂ ਅਸਲ ਕਾਰਨ ਸਾਹਮਣੇ ਆਇਆ।
ਮੈਡੀਕਲ ਸਪੈਸ਼ਲਿਸਟ ਡਾ. ਤਰਸੇਮ ਲਾਲ ਨੇ ਕਿਹਾ ਕਿ ਸਿਵਲ ਹਸਪਤਾਲ ’ਚ ਵੀ ਇਨ੍ਹਾਂ ਹੀ ਲੱਛਣਾਂ ਨਾਲ ਮਰੀਜ਼ ਆਉਂਦੇ ਹਨ, ਜਿਨ੍ਹਾਂ ਨੂੰ ਸੌਣ ਦੀਆਂ ਆਦਤਾਂ ਸੁਧਾਰਨ ਦੀ ਸਲਾਹ ਦਿੱਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਚਿਹਰਾ ਢੱਕ ਕੇ ਸੌਣਾ ਦਮਾ, ਸਲੀਪ ਐਪਨੀਆ ਤੇ ਲਗਾਤਾਰ ਨੱਕ ਬੰਦ ਰਹਿਣ ਵਾਲੇ ਮਰੀਜ਼ਾਂ ਲਈ ਖ਼ਤਰਨਾਕ ਹੈ। ਚਿਹਰਾ ਢੱਕ ਕੇ ਸੌਣ ਨਾਲ ਕੰਬਲ ਦੇ ਅੰਦਰ ਤਾਜ਼ੀ ਹਵਾ ਦਾ ਪ੍ਰਵਾਹ ਕਾਫ਼ੀ ਘੱਟ ਜਾਂਦਾ ਹੈ ਤੇ ਮਨੁੱਖ ਆਪਣੀ ਹੀ ਛੱਡੀ ਹੋਈ ਹਵਾ ਮੁੜ ਅੰਦਰ ਲੈਂਦਾ ਹੈ। ਇਸ ਕਾਰਨ ਸਵੇਰੇ ਸਵੇਰੇ ਸਿਰ ਭਾਰਾ ਲੱਗਦਾ ਹੈ, ਸਰੀਰ ਥਕਿਆ ਹੋਇਆ ਮਹਿਸੂਸ ਹੁੰਦਾ ਹੈ ਤੇ ਨੀਂਦ ਤਾਜ਼ਗੀ ਭਰੀ ਨਹੀਂ ਲੱਗਦੀ।