ਇਹ ਰੁੱਖ ਬਹੁਤੀਆਂ ਥਾਵਾਂ 'ਤੇ ਸੌ-ਸੌ ਸਾਲ ਪੁਰਾਣੇ ਖੜ੍ਹੇ ਧਰਤੀ ਦੀ ਸ਼ਾਨ ਵਧਾ ਰਹੇ ਹਨ। ਇਹ ਰੁੱਖ ਬਹੁਤ ਦੂਰ ਤਕ ਫੈਲਦਾ ਹੈ। ਇਸ ਦੇ ਪੱਤੇ ਲਗਪਗ ਗੋਲ ਹੁੰਦੇ ਹਨ।

ਵੈਦ ਬੀ.ਕੇ. ਸਿੰਘ - ਬੋਹੜ ਦੇ ਰੁੱਖ ਤੋਂ ਅਸੀਂ ਸਾਰੇ ਭਲੀਭਾਂਤ ਜਾਣੂ ਹਾਂ। ਪੰਜਾਬੀ ਵਿਚ ਇਸ ਨੂੰ 'ਬੋਹੜ', 'ਬਰੋਟਾ' ਤੇ ਹਿੰਦੀ ਵਿਚ 'ਬਰਗਦ' ਆਖਦੇ ਹਨ। ਸ਼ਾਇਦ ਅਸੀਂ ਸਾਰੇ ਇਸ ਦੇ ਗੁਣਾਂ ਤੋਂ ਅਨਜਾਣ ਹਾਂ। ਬਹੁਤੇ ਲੋਕ ਇਸ ਦੀ ਛਾਂ ਹੇਠਾਂ ਬੈਠ ਕੇ ਸਮਾਂ ਬਿਤਾਉਂਦੇ ਹਨ ਪਰ ਇਸ ਗੁਣਕਾਰੀ ਰੁੱਖ ਵੱਲ ਜ਼ਿਆਦਾ ਧਿਆਨ ਨਹੀਂ ਦਿੰਦੇ। ਇਹ ਰੁੱਖ ਬਹੁਤੀਆਂ ਥਾਵਾਂ 'ਤੇ ਸੌ-ਸੌ ਸਾਲ ਪੁਰਾਣੇ ਖੜ੍ਹੇ ਧਰਤੀ ਦੀ ਸ਼ਾਨ ਵਧਾ ਰਹੇ ਹਨ। ਇਹ ਰੁੱਖ ਬਹੁਤ ਦੂਰ ਤਕ ਫੈਲਦਾ ਹੈ। ਇਸ ਦੇ ਪੱਤੇ ਲਗਪਗ ਗੋਲ ਹੁੰਦੇ ਹਨ। ਫਲ ਲਾਲ ਰੰਗ ਦੇ ਹੁੰਦੇ ਹਨ। ਇਸ ਦਾ ਤਣਾ ਬਹੁਤ ਮੋਟਾ ਹੁੰਦਾ ਹੈ। ਇਸ ਰੁੱਖ ਤੋਂ ਜਟਾਂ ਵਰਗੀਆਂ ਲੰਮੀਆਂ-ਲੰਮੀਆਂ ਰੱਸੀਆਂ ਜਿਹੀਆਂ ਲਟਕਦੀਆਂ ਹਨ, ਜੋ ਪਹਿਲਾਂ ਲਾਲ ਤੇ ਬਾਅਦ 'ਚ ਸਖ਼ਤ ਹੋ ਜਾਂਦੀਆਂ ਹਨ। ਇਸ ਨੂੰ ਹਰ ਸਾਲ ਫਲ਼ ਲਗਦੇ ਹਨ। ਇਸ ਦੀਆਂ ਜੜ੍ਹਾਂ ਬਹੁਤ ਦੂਰ ਤਕ ਫੈਲ ਜਾਂਦੀਆਂ ਹਨ। ਸਦੀਆਂ ਪੁਰਾਣਾ ਇਹ ਰੁੱਖ ਆਪਣੇ ਅੰਦਰ ਕਈ ਅਣਮੁੱਲੇ ਗੁਣ ਸਾਂਭੀ ਬੈਠਾ ਹੈ। ਅੱਜ ਤਾਂ ਬਿਮਾਰੀਆਂ ਨੇ ਹੱਦ ਪਾਰ ਕਰ ਦਿੱਤੀ ਹੈ, ਇਸ ਲਈ ਰੋਗਾਂ 'ਚ ਲਾਹੇਵੰਦ ਰੁੱਖਾਂ, ਪੌਦਿਆਂ, ਬੂਟੀਆਂ ਜੋ ਇਲਜ ਕਰਨ 'ਚ ਸਹਾਈ ਹੁੰਦੀਆਂ ਹਨ, ਉਨ੍ਹਾਂ ਬਾਰੇ ਜਾਣਕਾਰੀ ਇਕੱਠੀ ਕਰ ਕੇ ਹਰ ਬਿਮਾਰੀ 'ਤੇ ਅਜ਼ਮਾ ਕੇ ਫ਼ਾਇਦਾ ਲਵੋ।
ਫ਼ਾਇਦੇ
- ਇਸ ਦੇ ਤਾਜ਼ੇ ਲਾਲ ਫਲ਼ ਲੈ ਕੇ ਵਿਚਾਲਿਓਂ ਕੱਟ ਲਵੋ ਤੇ ਧੁੱਪ 'ਚ ਸੁਕਾ ਕੇ ਇਸ ਦਾ ਪਾਊਡਰ ਬਣਾਓ। ਜੇ ਛਾਂ 'ਚ ਸੁਕਾਏ ਜਾਣ ਤਾਂ ਜ਼ਿਆਦਾ ਫ਼ਾਇਦੇਮੰਦ ਹੁੰਦੇ ਹਨ। ਸਰਦੀਆਂ 'ਚ ਇਹ ਘੱਟ ਮਿਲਦੇ ਹਨ। ਇਸ ਦੇ ਪਾਊਡਰ 'ਚ ਓਨੀ ਹੀ ਮਿਸਰੀ ਮਿਲਾ ਕੇ ਰੱਖ ਲਓ। ਰੋਜ਼ ਸਵੇਰੇ ਸ਼ਾਮ 1-1 ਚਮਚ ਦੁੱਧ ਨਾਲ ਖਾਓ, ਸਪਨਦੋਸ਼, ਧਾਂਤ ਪੈਣਾ, ਕਮਜ਼ੋਰੀ ਆਦਿ ਠੀਕ ਹੁੰਦੀ ਹੈ। ਚਿਹਰੇ 'ਤੇ ਲਾਲੀ ਆਉਂਦੀ ਹੈ।
- ਬੋਹੜ ਦੇ ਪੱਤੇ 25 ਗ੍ਰਾਮ ਅੱਗ 'ਤੇ ਰੱਖ ਕੇ ਰਾਖ ਕਰ ਲਵੋ। 100 ਗ੍ਰਾਮ ਅਲਸੀ ਦਾ ਤੇਲ ਲੈ ਕੇ ਦੋਵਾਂ ਨੂੰ ਚੰਗੀ ਤਰ੍ਹਾਂ ਮਿਲਾ ਲਓ। ਇਸ ਦੀ ਹਲਕੀ-ਹਲਕੀ ਸਿਰ 'ਤੇ ਮਾਲਿਸ਼ ਕਰੋ। ਗੰਜੇਪਨ ਲਈ ਫ਼ਾਇਦੇਮੰਦ ਹੈ ਤੇ ਵਾਲ ਉੱਗਣੇ ਸ਼ੁਰੂ ਹੋ ਜਾਂਦੇ ਹਨ।
- ਇਸ ਦੀ ਨਰਮ ਟਾਹਣੀ ਦੀ ਦਾਤਣ ਕਰਨ ਨਾਲ ਦੰਦ ਹਿੱਲਦੇ ਹੋਣ ਤਾਂ ਠੀਕ ਹੁੰਦੇ ਹਨ।
- ਨਕਸੀਰ ਚੱਲਦੀ ਹੋਵੇ ਤਾਂ ਇਸ ਦੀਆਂ ਜਟਾਂ ਦਾ ਚੂਰਨ 3 ਗ੍ਰਾਮ ਦੁੱਧ ਜਾਂ ਲੱਸੀ ਨਾਲ ਲਵੋ, ਫ਼ਾਇਦਾ ਮਿਲੇਗਾ।
- ਇਸ ਦਾ ਦੁੱਧ ਪਹਿਲੇ ਦਿਨ 1 ਬੂੰਦ ਪਤਾਸੇ 'ਤੇ ਪਾ ਕੇ ਖਾਓ। ਦੂਜੇ ਦਿਨ ਦੋ ਬੂੰਦਾਂ ਤੇ ਰੋਜ਼-ਰੋਜ਼ ਇਕ-ਇਕ ਬੂੰਦ ਵਧਾਉਂਦੇ ਜਾਓ। ਪਤਾਸੇ ਵੀ ਲੋੜ ਅਨੁਸਾਰ 21 ਦਿਨ ਤਕ ਵਧਾਉਂਦੇ-ਘਟਾਉਂਦੇ ਰਹੋ। ਕੁੱਲ ਮਿਲਾ ਕੇ 42 ਦਿਨ ਦਾ ਕੋਰਸ ਹੈ। ਜੋ ਪੈਸੇ ਦੀ ਘਾਟ ਕਰ ਕੇ ਇਲਾਜ ਨਹੀਂ ਕਰਵਾ ਸਕਦੇ, ਉਨ੍ਹਾਂ ਲਈ ਮੁਫ਼ਤ ਦੀ ਦਵਾਈ ਹੈ। ਬਾਜ਼ਾਰ ਵਿੱਚੋਂ ਇਹ ਦੁੱਧ ਨਕਲੀ ਵੀ ਮਿਲਦਾ ਹੈ, ਉਸ ਦੀ ਵਰਤੋਂ ਨਾ ਕਰੋ।
- ਜ਼ਿਆਦਾ ਪਿਸ਼ਾਬ ਆਉਂਦਾ ਹੋਵੇ ਤਾਂ ਇਸ ਦੇ ਫਲ਼ਾਂ ਦੇ ਬੀਜ ਪੀਸ ਕੇ 1 ਤੋਂ 2 ਗ੍ਰਾਮ ਗਾਂ ਦੇ ਦੁੱਧ ਨਾਲ ਖਾਓ।
- 20 ਗ੍ਰਾਮ ਬੋਹੜ ਦਾ ਛਿਲਕਾ, 20 ਗ੍ਰਾਮ ਜਟਾਂ ਨੂੰ ਸੁਕਾ ਕੇ ਚੂਰਨ ਬਣਾ ਲਓ ਤੇ ਅੱਧਾ ਕਿਲੋ ਪਾਣੀ 'ਚ ਉਬਾਲੋ। ਜਦੋਂ ਪਾਣੀ ਅੱਧਾ ਰਹਿ ਜਾਵੇ ਤਾਂ ਇਸ ਨੂੰ ਠੰਢਾ ਕਰ ਲਵੋ ਅਤੇ ਛਾਣ ਕੇ ਪੀ ਲਵੋ। ਇਕ ਮਹੀਨਾ ਇਸੇ ਤਰ੍ਹਾਂ ਕਰੋ, ਸ਼ੂਗਰ ਰੋਗ 'ਚ ਬਹੁਤ ਫ਼ਾਇਦਮੰਦ ਹੋਵੇਗਾ।
- ਬੋਹੜ ਦੇ 10 ਗ੍ਰਾਮ ਨਰਮ ਪੱਤੇ ਚੰਗੀ ਤਰ੍ਹਾਂ ਪੀਸ ਕੇ 150 ਗ੍ਰਾਮ ਪਾਣੀ 'ਚ ਮਿਸਰੀ ਮਿਲਾ ਕੇ ਛਾਣ ਕੇ 15 ਦਿਨਾਂ ਤਕ ਸਵੇਰੇ-ਸ਼ਾਮ ਪੀਓ। ਦਿਲ ਦੀ ਧੜਕਣ ਵਧਣ 'ਚ ਬਹੁਤ ਫ਼ਾਇਦਾ ਕਰਦਾ ਹੈ।
- ਦੰਦਾਂ ਦਾ ਦਰਦ ਹੋਵੇ ਤਾਂ ਇਸ ਦੇ ਦੁੱਧ 'ਚ ਰੂੰ ਭਿਉਂ ਕੇ ਦੰਦ ਦੀ ਖੋੜ 'ਚ ਭਰ ਦਿਓ, ਦਰਦ ਤੋਂ ਰਾਹਤ ਮਿਲੇਗੀ।
- ਜੇ ਕਿਸੇ ਅੰਗ 'ਤੇ ਸੋਜ਼ ਹੋਵੇ ਤਾਂ ਇਸ ਦੇ ਪੱਤਿਆਂ 'ਤੇ ਘਿਓ ਲਾ ਕੇ ਬੰਨ੍ਹਣ ਨਾਲ ਸੋਜ਼ ਉਤਰ ਜਾਵੇਗੀ।