ਰਾਤ ਦਾ ਸਮਾਂ ਇਕ ਅਜਿਹਾ ਮਨੋਵਿਗਿਆਨਕ ਮਾਹੌਲ ਤਿਆਰ ਕਰਦਾ ਹੈ ਜਿੱਥੇ ਦੱਬੀਆਂ ਹੋਈਆਂ ਭਾਵਨਾਵਾਂ ਕੁਦਰਤੀ ਤੌਰ 'ਤੇ ਬਾਹਰ ਆ ਜਾਂਦੀਆਂ ਹਨ। ਆਓ ਸਮਝੀਏ ਅਜਿਹਾ ਕਿਉਂ ਹੁੰਦਾ ਹੈ। ਇਸ ਬਾਰੇ ਡਾਕਟਰ ਮੀਨਾਕਸ਼ੀ ਜੈਨ (ਸੀਨੀਅਰ ਕੰਸਲਟੈਂਟ, ਸਾਈਕਿਆਟ੍ਰੀ, ਅੰਮ੍ਰਿਤਾ ਹਸਪਤਾਲ, ਫਰੀਦਾਬਾਦ) ਦੱਸਦੇ ਹਨ ਕਿ ਇਸਦੇ ਪਿੱਛੇ ਸਿਰਫ਼ ਭਾਵਨਾਵਾਂ ਨਹੀਂ, ਬਲਕਿ ਰਾਤ ਦੇ ਸਮੇਂ ਇਨਸਾਨੀ ਦਿਮਾਗ ਦਾ ਬਦਲਿਆ ਹੋਇਆ ਵਿਵਹਾਰ ਤੇ ਕੰਮ ਕਰਨ ਦਾ ਤਰੀਕਾ ਜ਼ਿੰਮੇਵਾਰ ਹੈ।

ਲਾਈਫਸਟਾਈਲ ਡੈਸਕ, ਨਵੀਂ ਦਿੱਲੀ : ਕੀ ਤੁਹਾਡੇ ਨਾਲ ਵੀ ਅਜਿਹਾ ਹੁੰਦਾ ਹੈ ਕਿ ਰਾਤ ਦੇ ਸਮੇਂ ਤੁਸੀਂ ਜ਼ਿਆਦਾ ਭਾਵੁਕ ਹੋ ਜਾਂਦੇ ਹੋ? ਅਕਸਰ ਲੋਕਾਂ ਅੰਦਰ ਪੁਰਾਣੀਆਂ ਯਾਦਾਂ, ਚਿੰਤਾ ਜਾਂ ਉਦਾਸੀ ਦਾ ਅਹਿਸਾਸ ਰਾਤ ਦੇ ਸੰਨਾਟੇ 'ਚ ਵਧ ਜਾਂਦਾ ਹੈ, ਪਰ ਅਜਿਹਾ ਕਿਉਂ ਹੁੰਦਾ ਹੈ? ਰਾਤ ਦੇ ਸਮੇਂ ਅਜਿਹਾ ਕੀ ਹੁੰਦਾ ਹੈ ਕਿ ਦਿਲ ਟੁੱਟਣ ਦਾ ਅਹਿਸਾਸ ਜਾਂ ਇਕੱਲਾਪਣ ਇੰਨਾ ਭਾਰੀ ਲੱਗਣ ਲੱਗਦਾ ਹੈ?
ਇਸ ਬਾਰੇ ਡਾਕਟਰ ਮੀਨਾਕਸ਼ੀ ਜੈਨ (ਸੀਨੀਅਰ ਕੰਸਲਟੈਂਟ, ਸਾਈਕਿਆਟ੍ਰੀ, ਅੰਮ੍ਰਿਤਾ ਹਸਪਤਾਲ, ਫਰੀਦਾਬਾਦ) ਦੱਸਦੇ ਹਨ ਕਿ ਇਸਦੇ ਪਿੱਛੇ ਸਿਰਫ਼ ਭਾਵਨਾਵਾਂ ਨਹੀਂ, ਬਲਕਿ ਰਾਤ ਦੇ ਸਮੇਂ ਇਨਸਾਨੀ ਦਿਮਾਗ ਦਾ ਬਦਲਿਆ ਹੋਇਆ ਵਿਵਹਾਰ ਤੇ ਕੰਮ ਕਰਨ ਦਾ ਤਰੀਕਾ ਜ਼ਿੰਮੇਵਾਰ ਹੈ। ਰਾਤ ਦਾ ਸਮਾਂ ਇਕ ਅਜਿਹਾ ਮਨੋਵਿਗਿਆਨਕ ਮਾਹੌਲ ਤਿਆਰ ਕਰਦਾ ਹੈ ਜਿੱਥੇ ਦੱਬੀਆਂ ਹੋਈਆਂ ਭਾਵਨਾਵਾਂ ਕੁਦਰਤੀ ਤੌਰ 'ਤੇ ਬਾਹਰ ਆ ਜਾਂਦੀਆਂ ਹਨ। ਆਓ ਸਮਝੀਏ ਅਜਿਹਾ ਕਿਉਂ ਹੁੰਦਾ ਹੈ।
ਦਿਨ ਦੇ ਸਮੇਂ ਸਾਡਾ ਦਿਮਾਗ ਕੰਮ, ਟ੍ਰੈਫਿਕ, ਜ਼ਿੰਮੇਵਾਰੀਆਂ, ਫੋਨ ਕਾਲਸ, ਲੋਕਾਂ ਨਾਲ ਮਿਲਣ-ਜੁਲਣ ਤੇ ਸਰਵਾਈਵਲ ਮੋਡ (Survival Mode) 'ਚ ਬਿਜ਼ੀ ਰਹਿੰਦਾ ਹੈ। ਇਸ ਸਭ ਦੇ ਕਾਰਨ ਸਾਨੂੰ ਆਪਣੀਆਂ ਭਾਵਨਾਵਾਂ 'ਤੇ ਧਿਆਨ ਦੇਣ ਦਾ ਮੌਕਾ ਨਹੀਂ ਮਿਲਦਾ, ਪਰ ਜਿਵੇਂ ਹੀ ਰਾਤ ਹੁੰਦੀ ਹੈ, ਬਾਹਰੀ ਦੁਨੀਆ ਦਾ ਸ਼ੋਰ ਤੇ ਭਟਕਾਅ ਖ਼ਤਮ ਹੋ ਜਾਂਦੇ ਹਨ।
ਅਜਿਹੇ 'ਚ ਸ਼ਾਂਤ ਪਏ ਦਿਮਾਗ ਨੂੰ ਉਨ੍ਹਾਂ ਅਣਸੁਲਝੀਆਂ ਭਾਵਨਾਵਾਂ ਨੂੰ ਪ੍ਰੋਸੈਸ (ਪੜਚੋਲ) ਕਰਨ ਦੀ ਜਗ੍ਹਾ ਮਿਲ ਜਾਂਦੀ ਹੈ, ਜਿਨ੍ਹਾਂ ਨੂੰ ਅਸੀਂ ਦਿਨ ਭਰ ਨਜ਼ਰਅੰਦਾਜ਼ ਕਰਦੇ ਰਹੇ ਸੀ। ਇਹੋ ਕਾਰਨ ਹੈ ਕਿ ਰਾਤ ਨੂੰ ਉਦਾਸੀ, ਇਕੱਲਾਪਣ ਤੇ ਓਵਰਥਿੰਕਿੰਗ (ਲੋੜ ਤੋਂ ਵੱਧ ਸੋਚਣਾ) ਅਚਾਨਕ ਵਧ ਜਾਂਦੇ ਹਨ।
ਸਾਡੇ ਸਰੀਰ ਦੀ ਇੰਟਰਨਲ ਕਲਾਕ (Internal Clock) ਵੀ ਇਸ ਵਿਚ ਵੱਡੀ ਭੂਮਿਕਾ ਨਿਭਾਉਂਦੀ ਹੈ। ਰਾਤ ਦੇ ਸਮੇਂ ਸਰੀਰ 'ਚ ਕੋਰਟੀਸੋਲ (Cortisol) ਦਾ ਪੱਧਰ ਡਿੱਗਣ ਲੱਗਦਾ ਹੈ। ਇਹ ਉਹੀ ਹਾਰਮੋਨ ਹੈ ਜੋ ਸਾਨੂੰ ਦਿਨ ਭਰ ਚੌਕਸ ਰੱਖਣ ਤੇ ਭਾਵਨਾਵਾਂ ਨੂੰ ਕੰਟਰੋਲ ਕਰਨ ਵਿਚ ਮਦਦ ਕਰਦਾ ਹੈ।
ਇਸਦੇ ਨਾਲ ਹੀ, ਦਿਨ ਭਰ ਦੀ ਭੱਜਦੌੜ ਤੋਂ ਬਾਅਦ ਦਿਮਾਗ ਕਾਫ਼ੀ ਥੱਕ ਜਾਂਦਾ ਹੈ। ਇਕ ਥੱਕਿਆ ਹੋਇਆ ਦਿਮਾਗ ਆਪਣੇ ਇਮੋਸ਼ਨਲ ਰਿਐਕਸ਼ਨ (ਭਾਵਨਾਤਮਕ ਪ੍ਰਤੀਕਿਰਿਆ) 'ਤੇ ਕੰਟਰੋਲ ਨਹੀਂ ਰੱਖ ਪਾਉਂਦਾ, ਜਿਸ ਕਾਰਨ ਛੋਟੀ ਜਿਹੀ ਚਿੰਤਾ ਵੀ ਰਾਤ ਨੂੰ ਬਹੁਤ ਵੱਡੀ ਦਿਖਾਈ ਦੇਣ ਲੱਗਦੀ ਹੈ।
ਲਾਈਫਸਟਾਈਲ ਦੇ ਬਦਲਦੇ ਪੈਟਰਨ ਇਸ ਸਮੱਸਿਆ ਨੂੰ ਹੋਰ ਗੰਭੀਰ ਬਣਾ ਰਹੇ ਹਨ। ਕੰਮ ਦੇ ਲੰਬੇ ਘੰਟੇ, ਦੇਰ ਰਾਤ ਤਕ ਸਕ੍ਰੀਨ ਸਕ੍ਰੋਲ ਕਰਨਾ, ਆਰਥਿਕ ਦਬਾਅ ਤੇ ਸ਼ਹਿਰੀ ਜੀਵਨ ਦਾ ਇਕੱਲਾਪਣ ਮਾਨਸਿਕ ਸਿਹਤ ਨੂੰ ਡੂੰਘਾਈ ਨਾਲ ਪ੍ਰਭਾਵਿਤ ਕਰ ਰਿਹਾ ਹੈ। ਲੋਕ ਆਪਣੀਆਂ ਰਾਤਾਂ ਸਕ੍ਰੀਨ ਦੇ ਨਾਲ ਇਕੱਲਿਆਂ ਬਿਤਾਉਂਦੇ ਹਨ, ਜਿੱਥੇ ਸੋਸ਼ਲ ਮੀਡੀਆ ਲਗਾਤਾਰ ਤੁਲਨਾ, ਇਮੋਸ਼ਨਲ ਡਿਪੈਂਡੈਂਸੀ ਤੇ ਇਕੱਲੇਪਣ ਦੀ ਭਾਵਨਾ ਪੈਦਾ ਕਰਦਾ ਹੈ।
ਸਾਡੇ ਸਮਾਜ ਵਿਚ ਅੱਜ ਵੀ ਕਈ ਘਰਾਂ 'ਚ ਖੁੱਲ੍ਹ ਕੇ ਆਪਣੀਆਂ ਭਾਵਨਾਵਾਂ ਨੂੰ ਜ਼ਾਹਰ ਕਰਨ ਦੀ ਮਨਾਹੀ ਹੁੰਦੀ ਹੈ। ਲੋਕਾਂ ਨੂੰ ਮਜ਼ਬੂਤ ਬਣੇ ਰਹਿਣ, ਸ਼ਿਕਾਇਤ ਨਾ ਕਰਨ ਤੇ ਬੱਸ ਕੰਮ ਕਰਦੇ ਰਹਿਣ ਦੀ ਸਿੱਖਿਆ ਦਿੱਤੀ ਜਾਂਦੀ ਹੈ। ਇਸ ਵਜ੍ਹਾ ਕਰਕੇ ਦਿਨ ਭਰ ਜੋ ਭਾਵਨਾਵਾਂ ਅੰਦਰ ਹੀ ਅੰਦਰ ਦੱਬੀਆਂ ਰਹਿੰਦੀਆਂ ਹਨ, ਉਹ ਰਾਤ ਦੇ ਸੰਨਾਟੇ 'ਚ ਚੁੱਪ-ਚਪੀਤੇ ਬਾਹਰ ਨਿਕਲ ਆਉਂਦੀਆਂ ਹਨ।
ਖ਼ਰਾਬ ਜਾਂ ਅਧੂਰੀ ਨੀਂਦ ਸਾਡੀ ਭਾਵਨਾਤਮਕ ਸੰਵੇਦਨਸ਼ੀਲਤਾ ਨੂੰ ਵਧਾ ਦਿੰਦੀ ਹੈ ਅਤੇ ਤਣਾਅ ਨਾਲ ਨਜਿੱਠਣ ਦੀ ਦਿਮਾਗ ਦੀ ਸਮਰੱਥਾ ਨੂੰ ਘੱਟ ਕਰ ਦਿੰਦੀ ਹੈ। ਸਿਰਫ਼ ਇਕ ਰਾਤ ਦੀ ਅਧੂਰੀ ਨੀਂਦ ਵੀ ਇਨਸਾਨ ਦੇ ਅੰਦਰ ਚਿੜਚਿੜੇਪਣ, ਉਦਾਸੀ ਤੇ ਜ਼ਿਆਦਾ ਇਮੋਸ਼ਨਲ ਰਿਐਕਸ਼ਨ ਨੂੰ ਵਧਾ ਸਕਦੀ ਹੈ।
ਜੇਕਰ ਤੁਹਾਨੂੰ ਹਰ ਰਾਤ ਲਗਾਤਾਰ ਉਦਾਸੀ, ਘਬਰਾਹਟ, ਨਿਰਾਸ਼ਾ, ਰੋਣ ਦੇ ਦੌਰੇ ਜਾਂ ਲਗਾਤਾਰ ਤੇਜ਼ੀ ਨਾਲ ਬਦਲਦੇ ਵਿਚਾਰਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਇਹ ਐਂਗਜ਼ਾਇਟੀ, ਡਿਪ੍ਰੈਸ਼ਨ, ਬਰਨਆਊਟ ਜਾਂ ਕਿਸੇ ਸਦਮੇ ਦਾ ਸੰਕੇਤ ਹੋ ਸਕਦਾ ਹੈ।
ਅਜਿਹੀ ਸਥਿਤੀ 'ਚ ਡਾਕਟਰ ਤੋਂ ਸੁਝਾਅ ਲਓ ਤੇ ਇਕ ਬਿਹਤਰ ਨਾਈਟ ਰੂਟੀਨ (ਰਾਤ ਦਾ ਨਿਯਮ) ਬਣਾਓ। ਸੌਣ ਤੋਂ ਪਹਿਲਾਂ ਸਕ੍ਰੀਨ ਦੀ ਵਰਤੋਂ ਘੱਟ ਕਰੋ, ਭਾਵੁਕ ਕਰਨ ਵਾਲੇ ਕੰਟੈਂਟ ਤੋਂ ਦੂਰ ਰਹੋ, ਸੌਣ ਦਾ ਸਮਾਂ ਫਿਕਸ ਕਰੋ ਤੇ ਆਪਣੀਆਂ ਭਾਵਨਾਵਾਂ ਬਾਰੇ ਖੁੱਲ੍ਹ ਕੇ ਗੱਲ ਕਰਨਾ ਸ਼ੁਰੂ ਕਰੋ।