ਜਥੇਦਾਰ ਫੂਲਾ ਸਿੰਘ 18ਵੀਂ ਸਦੀ ਦੇ ਮਹਾਨ ਸੂਰਬੀਰ ਸਿੱਖ ਜਰਨੈਲ, ਜਿਨ੍ਹਾਂ ਆਪਣਾ ਸਾਰਾ ਜੀਵਨ ਸਿੱਖ ਕੌਮ ਨੂੰ ਸਮਰਪਿਤ ਕੀਤਾ। ਜ਼ੁਲਮ ਵਿਰੁੱਧ ਸੰਘਰਸ਼ ਕਰਦਿਆਂ ਅਨੇਕਾਂ ਯੁੱਧ ਲੜੇ ਤੇ ਫਤਹਿ ਹਾਸਲ ਕੀਤੀ। ਅਕਾਲੀ ਬਾਬਾ ਫੂਲਾ ਸਿੰਘ ਸੂਰਬੀਰ ਯੋਧੇ, ਸੁੱਘੜ ਨੀਤੀਵਾਨ, ਕੁਸ਼ਲ ਪ੍ਰਬੰਧਕ ਤੇ ਪਰਉਪਕਾਰੀ ਸਨ। ਸਿੱਖ ਕੌਮ ਦੇ ਸੰਘਰਸ਼ਮਈ ਸਮੇਂ ਆਪ ਨੇ ਸੁਯੋਗ ਅਗਵਾਈ ਕੀਤੀ।

ਜਥੇਦਾਰ ਫੂਲਾ ਸਿੰਘ 18ਵੀਂ ਸਦੀ ਦੇ ਮਹਾਨ ਸੂਰਬੀਰ ਸਿੱਖ ਜਰਨੈਲ, ਜਿਨ੍ਹਾਂ ਆਪਣਾ ਸਾਰਾ ਜੀਵਨ ਸਿੱਖ ਕੌਮ ਨੂੰ ਸਮਰਪਿਤ ਕੀਤਾ। ਜ਼ੁਲਮ ਵਿਰੁੱਧ ਸੰਘਰਸ਼ ਕਰਦਿਆਂ ਅਨੇਕਾਂ ਯੁੱਧ ਲੜੇ ਤੇ ਫਤਹਿ ਹਾਸਲ ਕੀਤੀ। ਅਕਾਲੀ ਬਾਬਾ ਫੂਲਾ ਸਿੰਘ ਸੂਰਬੀਰ ਯੋਧੇ, ਸੁੱਘੜ ਨੀਤੀਵਾਨ, ਕੁਸ਼ਲ ਪ੍ਰਬੰਧਕ ਤੇ ਪਰਉਪਕਾਰੀ ਸਨ। ਸਿੱਖ ਕੌਮ ਦੇ ਸੰਘਰਸ਼ਮਈ ਸਮੇਂ ਆਪ ਨੇ ਸੁਯੋਗ ਅਗਵਾਈ ਕੀਤੀ ਤੇ ਪੰਥ ਦੀ ਮਹਾਨ ਸੇਵਾ ਕੀਤੀ। ਅਕਾਲੀ ਜੀ ਦੇ ਸਿੱਖ ਪੰਥ ਦੀ ਚੜ੍ਹਦੀ ਕਲਾ ਲਈ ਕੀਤੇ ਸੰਘਰਸ਼ ਤੇ ਯੋਗ ਅਗਵਾਈ ਨੂੰ ਸਨਮੁੱਖ ਰੱਖਦਿਆਂ ਮਹਾਰਾਜਾ ਰਣਜੀਤ ਸਿੰਘ ਹਮੇਸ਼ਾ ਸਤਿਕਾਰ ਦੇਂਦੇ ਸਨ। ਆਪ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਅਤੇ ਬੁੱਢਾ ਦਲ ਦੇ ਛੇਵੇਂ ਮੁਖੀ ਵਜੋਂ ਕੌਮ ਦੀ ਅਗਵਾਈ ਕਰਦੇ ਰਹੇ। ਅਕਾਲੀ ਜੀ ਦੀ ਬਰਸੀ ਸਮਾਗਮ ਸਮੇਂ 2019 ਨੂੰ ਖਾਲਸਾ ਪੰਥ ਬੁੱਢਾ ਦਲ ਵੱਲੋਂ ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਦੀ ਦੂਸਰੀ ਸ਼ਹੀਦੀ ਸ਼ਤਾਬਦੀ ਮਨਾਉਣ ਦਾ ਗੁਰਮਤਾ ਕੀਤਾ ਸੀ। ਸ਼ਹੀਦ, ਧਰਮ, ਕੌਮ, ਦੇਸ਼ ਤੇ ਇਨਸਾਫ਼ ਦੀ ਖਾਤਰ ਨਿਰਸੁਆਰਥ ਹੋ ਕੇ ਜਾਨ ਤਲੀ ’ਤੇ ਧਰ ਕੇ ਮੈਦਾਨ ’ਚ ਆਉਂਦਾ ਹੈ। ਸ਼ਹੀਦ ਸਿੰਘ ਸਾਹਿਬ ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ, ਮਹਾਰਾਜਾ ਰਣਜੀਤ ਸਿੰਘ ਸਮੇਂ ਦੇ ਸਿੱਖ ਰਾਜ ਦੇ ਸ਼ੁਭਚਿੰਤਕਾਂ ਤੇ ਆਪਾ ਵਾਰੂ ਸੇਵਕਾਂ ’ਚੋਂ ਸਭ ਤੋਂ ਅੱਗੇ ਸਨ। ਭੱਖਰ, ਬਹਾਵਲਪੁਰ, ਕਸ਼ਮੀਰ, ਮੁਲਤਾਨ, ਪਿਸ਼ਾਵਰ, ਨੌਸ਼ਹਿਰੇ ਦੀ ਜੰਗ ਅਕਾਲੀ ਬਾਬਾ ਫੂਲਾ ਸਿੰਘ ਦੀ ਅਗਵਾਈ, ਬਹਾਦਰੀ, ਸੂਰਮਗਤੀ ਕਾਰਨ ਜਿੱਤਾਂ ਹੋਈਆਂ। ਉਹ ਇਖ਼ਲਾਕ, ਨਿਡਰਤਾ ਤੇ ਧਰਮ-ਕਰਮ ਦੇ ਕੰਮਾਂ ’ਚ ਬੇਜੋੜ ਸਨ। ਗੁਰ-ਮਰਯਾਦਾ ਨੂੰ ਉਨ੍ਹਾਂ ਆਖ਼ਰੀ ਸੁਆਸਾਂ ਸੰਗ ਨਿਭਾਇਆ। ਸ਼ੇਰੇ-ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਵੀ ਧਾਰਮਿਕ ਮਰਯਾਦਾ ਦੇ ਉਲੰਘਣ ਵਿਚ ਤਾੜਨਾ ਕਰਨ ਤੋਂ ਉਹ ਕਦੇ ਪਿਛੇ ਨਹੀਂ ਹੱਟਦੇ ਸਨ। ਉਹ ਬੁੱਢਾ ਦਲ ਦੇ ਛੇਵੇਂ ਮੁਖੀ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਤਤਕਾਲੀ ਜਥੇਦਾਰ ਸਨ। ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਸਥਾਨ ਤੋਂ ਬਾਅਦ ਖਾਲਸਾ ਪੰਥ ਬੁੱਢਾ ਦਲ ਦੇ ਮੁਖੀ ਹੀ ਸਰਬੱਤ ਖਾਲਸੇ ਰਾਹੀਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਹੋਇਆ ਕਰਦੇ ਸਨ। ਜੇ ਮਹਾਰਾਜਾ ਰਣਜੀਤ ਸਿੰਘ ਆਪਣੀ ਸੂਝ ਬੂਝ ਅਨੁਸਾਰ ਅਕਾਲੀ ਫੂਲਾ ਸਿੰਘ ਨੂੰ ਸਿਰ ਝੁਕਾ ਸਤਿਕਾਰ ਨਾ ਦਿੰਦਾ ਤਾਂ ਸ਼ਾਇਦ ਖਾਲਸਾ ਰਾਜ ਦਾ ਵਿਸਥਾਰ ਏਨਾ ਨਾ ਹੰੁਦਾ। ਇਸ ਮਹਾਨ ਸਿੱਖ ਨਾਇਕ ਦਾ ਜਨਮ 14 ਫਰਵਰੀ 1761 ਈ. ਨੂੰ ਪਿੰਡ ਦੇਹਲਾਂ ਸੀਹਾਂ ਜ਼ਿਲ੍ਹਾ ਸੰਗਰੂਰ ਵਿਖੇ ਪਿਤਾ ਈਸ਼ਰ ਸਿੰਘ ਦੇ ਗ੍ਰਹਿ ਮਾਤਾ ਹਰਿ ਕੌਰ ਦੀ ਕੁਖੋਂ ਹੋਇਆ। ਛੋਟੇ ਹੁੰਦਿਆਂ ਬਾਪ ਦਾ ਹੱਥ ਸਿਰ ਤੋਂ ਉਠ ਗਿਆ। ਆਪ ਜਥੇਦਾਰ ਬਾਬਾ ਨੈਣਾ ਸਿੰਘ ਦੀ ਅਗਵਾਈ ਪ੍ਰਵਾਨ ਚੜੇ੍ਹ। ਆਪ ਨੇ ਖਾਲਸਾ ਰਾਜ ਦੇ ਭਲੇ ਤੇ ਵਿਸਥਾਰ ਲਈ ਕਈ ਜੰਗਾਂ ਲੜੀਆਂ ਤੇ ਫਤਿਹ ਪਾਈ। ਗੁਰੂ ਗ੍ਰੰਥ, ਗੁਰੂ ਪੰਥ ਤੇ ਗੁਰਮਤਿ ਸਿਧਾਂਤ ਨੂੰ ਆਪਣੀ ਜਾਨ ਨਾਲੋਂ ਵੱਧ ਪਿਆਰ ਕਰਨ ਵਾਲੇ “ਪੰਥ ਵਸੈ ਮੈਂ ਉਜੜਾਂ” ਵਾਲੀ ਗੁਰਮੁੱਖ ਬਿਰਤੀ ਦੇ ਮਾਲਕ ਫ਼ਖ਼ਰ-ਏ-ਕੌਮ, ਸ਼ਹੀਦ-ਏ-ਰਤਨ, ਸੂਰਬੀਰ ਬਹਾਦਰ, ਸਿੱਖ ਕੌਮ ਦੇ ਨਿਰਭੈ ਯੋਧਾ, ਪੰਥ ਹਿਤੈਸ਼ੀ, ਪੂਰਨ ਗੁਰਸਿੱਖ, ਸਿੱਖੀ ਸਿਦਕ ਵਾਲੇ, ਬੇਖੌਫ਼ ਪੰਥਕ ਜਰਨੈਲ, ਅਕਾਲ ਪੁਰਖ ਦਾਤਾਰ ਦੀ ਅਪਾਰ ਕਿ੍ਰਪਾ ਵਾਲਾ ਅਣਖੀਲਾ ਬੀਰ, ਜਥੇ: ਅਕਾਲੀ ਬਾਬਾ ਫੂਲਾ ਸਿੰਘ ਸ਼ਹੀਦ ਨੌਸ਼ਹਿਰੇ ਲਾਗੇ ਤਰਕੀ ਦੀਆਂ ਪਹਾੜੀਆਂ ’ਚ ਦੇ ਜੰਗੇ-ਮੈਦਾਨ, ਯੁੱਧ ਲੜਦਿਆਂ 14 ਮਾਰਚ 1823 ਨੂੰ ਸ਼ਹੀਦ ਹੋ ਗਏ ਸਨ। ਉਨ੍ਹਾਂ ਦੀ ਸ਼ਹੀਦੀ ਹੋਈ ਨੂੰ 200 ਸਾਲ 14 ਮਾਰਚ 2023 ਨੂੰ ਪੂਰੇ ਹੋ ਰਹੇ ਹਨ।
ਬੁੱਢਾ ਦਲ ਦੇ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਮੁਖੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੀ ਅਗਵਾਈ ਵਿਚ ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਸ਼ਹੀਦ ਦੇ ਸ਼ਹੀਦੀ ਦਿਹਾੜੇ ਦੀ (ਦੂਜੀ ਸ਼ਤਾਬਦੀ) 11 ਤੋਂ 14 ਮਾਰਚ ਦੇ ਸਮਾਗਮ ਸਮੂਹ ਨਿਹੰਗ ਸਿੰਘ ਜਥੇਬੰਦੀਆਂ, ਸ੍ਰੀ ਅਕਾਲ ਤਖ਼ਤ ਸਾਹਿਬ, ਸ਼੍ਰੋਮਣੀ ਗੁੁਰਦੁਆਰਾ ਪ੍ਰਬੰਧਕ ਕਮੇਟੀ, ਸਿੱਖ ਸੰਸਥਾਵਾਂ, ਸਿੱਖ ਜਥੇਬੰਦੀਆਂ ਤੇ ਸਮੂਹ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਦੇ ਸਹਿਯੋਗ ਨਾਲ ਪੰਥਕ ਸੱਜ-ਧੱਜ, ਖਾਲਸਾਈ ਜਾਹੋ ਜਲਾਲ ਤੇ ਸ਼ਰਧਾ ਭਾਵਨਾ ਨਾਲ ਮਨਾਉਣ ਦੇ ਉਪਰਾਲੇ ਨੂੰ ਅਮਲੀ ਰੂਪ ਦਿੱਤਾ। ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਚੱਲਦਾ ਵਹੀਰ ਵੱਲੋਂ ਆਪਣੇ ਛੇਵੇਂ ਮੁਖੀ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਤਤਕਾਲੀ ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਸ਼ਹੀਦ ਦੀ ਦੂਜੀ ਸ਼ਹੀਦੀ ਸ਼ਤਾਬਦੀ ਸਤਿਕਾਰ ਤੇ ਚੜ੍ਹਦੀ ਕਲਾ ਨਾਲ ਮਨਾਈ ਜਾ ਰਹੀ ਹੈ। ਇਸ ਸ਼ਹੀਦੀ ਸ਼ਤਾਬਦੀ ਨੂੰ ਮਨਾਉਣ ਲਈ ਬੁੱਢਾ ਦਲ ਵੱਲੋਂ ਦੇਸ਼ ਦੇ ਵੱਖ-ਵੱਖ ਸ਼ਹਿਰਾਂ, ਮਹਾਨਗਰਾਂ, ਤਖ਼ਤ ਸਾਹਿਬਾਨ ਵਿਖੇ ਗੁਰਮਤਿ ਸਮਾਗਮ ਕਰਨ ਤੋਂ ਪਹਿਲਾਂ 14 ਸਤੰਬਰ 2022 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਦੇ ਭੋਗ ਉਪਰੰਤ ਸਮੂਹਿਕ ਅਰਦਾਸ ਨਾਲ ਸ਼ਤਾਬਦੀ ਸਮਾਗਮਾਂ ਦੀ ਸ਼ੁਰੂਆਤ ਕੀਤੀ।
ਇਸ ਉਪਰੰਤ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਅਬਿਚਲ ਨਗਰ ਨਾਂਦੇੜ ਵਿਖੇ ਮਿਤੀ 2 ਨਵੰਬਰ 2022 ਨੂੰ ਮਹਾਨ ਕੀਰਤਨ ਦਰਬਾਰ ਕਰਵਾਏ ਗਏ। ਇੰਝ ਹੀ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਬਠਿੰਡਾ ਵਿਖੇ ਮਿਤੀ 21 ਜਨਵਰੀ 2023 ਅਤੇ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਮਿਤੀ 29 ਜਨਵਰੀ 2023 ਨੂੰ ਮਹਾਨ ਗੁਰਮਤਿ ਸਮਾਗਮ ਕਰਵਾਏ ਗਏ। 11 ਫਰਵਰੀ ਨੂੰ ਸਿੰਘ ਸਾਹਿਬ ਅਕਾਲੀ ਬਾਬਾ ਫੂਲਾ ਸਿੰਘ ਦੇ ਜਨਮ ਅਸਥਾਨ ਪਿੰਡ ਦੇਹਲਾਂ ਸੀਹਾਂ ਜ਼ਿਲ੍ਹਾ ਸੰਗਰੂਰ ਵਿਖੇ ਗੁਰਮਤਿ ਸਮਾਗਮ ਹੋਇਆ ਤੇ 12 ਫਰਵਰੀ ਨੂੰ ਏਥੋਂ ਵਿਸ਼ਾਲ ਨਗਰ ਕੀਰਤਨ ‘ਸ਼ਹੀਦੀ ਫਤਹਿ ਮਾਰਚ’ ਅਰੰਭ ਹੋਇਆ ਜੋ ਪੰਜਾਬ ਦੇ ਵੱਖ-ਵੱਖ ਸ਼ਹਿਰਾਂ, ਪਿੰਡਾਂ ਕਸਬਿਆਂ ਤੋਂ ਹੁੰਦਾ ਹੋਇਆ 16 ਫਰਵਰੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸੰਪਨ ਹੋਇਆ। ਖਾਲਸੇ ਦੇ ਸਿਰਜਣਾ ਅਸਥਾਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਿਖੇ ਮਿਤੀ 26 ਫਰਵਰੀ ਤੇ ਕਿਲ੍ਹਾ ਗੁ: ਨਿਰਮੋਹਗੜ੍ਹ ਸਾਹਿਬ ਪਾ: 10ਵੀਂ ਵਿਖੇ 28 ਫਰਵਰੀ ਨੂੰ ਖਾਲਸਾ ਪੰਥ ਬੁੱਢਾ ਦਲ ਵੱਲੋਂ ਮਹਾਨ ਗੁਰਮਤਿ ਸਮਾਗਮ ਹੋਏ। ਬੁੱਢਾ ਦਲ ਦੇ ਮੁਖੀ ਨੇ ਅਕਾਲੀ ਫੂਲਾ ਸਿੰਘ ਦੀ ਯਾਦ ’ਚ ਇਹ ਸਮਾਗਮ ਦੇਸ਼-ਵਿਦੇਸ਼ ’ਚ ਮਾਰਚ , 2024 ਤੀਕ ਚੱਲਦੇ ਰਹਿਣਗੇ,ਦਾ ਐਲਾਨ ਕੀਤਾ ਹੈ।
ਗੁਰਮਤਿ ਸਮਾਗਮ
14 ਮਾਰਚ ਦਿਨ ਮੰਗਲਵਾਰ ਨੂੰ ਸਵੇਰੇ 9 ਵਜੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਗ: ਮੰਜੀ ਸਾਹਿਬ ਦੀਵਾਨ ਹਾਲ ਵਿਖੇ ਮੁਖ ਗੁਰਮਤਿ ਸਮਾਗਮ ਹੋਣਗੇ, ਜਿਸ ਵਿਚ ਤਖ਼ਤ ਸਾਹਿਬਾਨ ਦੇ ਜਥੇਦਾਰ ਤੇ ਸਮੂਹ ਨਿਹੰਗ ਸਿੰਘ ਜਥੇਬੰਦੀਆਂ ਦੇ ਮੁਖੀ ਸਾਹਿਬਾਨ, ਸਿੱਖ ਸੰਪਰਦਾਵਾਂ, ਸਿੰਘ ਸਭਾਵਾਂ, ਸਭਾ ਸੁਸਾਇਟੀਆਂ, ਨਿਰਮਲੇ ਉਦਾਸੀ, ਦਮਦਮੀ ਟਕਸਾਲ, ਕਾਰ ਸੇਵਾ ਤੇ ਹੋਰ ਮਹਾਪੁਰਸ਼ ਸ਼ਾਮਲ ਹੋਣਗੇ। ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਵੱਲੋਂ ਪੁਰਾਤਨ ਇਤਿਹਾਸਕ ਸ਼ਸਤਰਾਂ ਦੇ ਦਰਸ਼ਨ ਕਰਵਾਏ ਜਾਣਗੇ। ਇਸ ਸਮੇਂ ਬੁੱਢਾ ਦਲ ਵੱਲੋਂ ਵਿਸ਼ੇਸ਼ ਤੌਰ ’ਤੇ ਤਿਆਰ ਕੀਤਾ ਅਕਾਲੀ ਫੂਲਾ ਸਿੰਘ ‘ਅਭਿਨੰਦਨ ਗ੍ਰੰਥ’ ਰਿਲੀਜ਼ ਹੋਵੇਗਾ।
- ਦਿਲਜੀਤ ਸਿੰਘ ਬੇਦੀ