ਏਡਜ਼ ਅਜਿਹੀ ਬਿਮਾਰੀ ਹੈ, ਜਿਸ ਕਾਰਨ ਸਰੀਰ ਦੇ ਬਿਮਾਰੀਆਂ ਤੋਂ ਰੱਖਿਆ ਕਰਨ ਵਾਲੇ ਪ੍ਰਤੀਰੋਧੀ ਚਿੱਟੇ ਸੈੱਲ ਖ਼ਤਮ ਹੋਣੇ ਸ਼ੁਰੂ ਹੋ ਜਾਂਦੇ ਹਨ। ਕੁਦਰਤ ਨੇ ਮਨੁੱਖੀ ਸਰੀਰ 'ਚ ਬਿਮਾਰੀਆਂ ਤੋਂ ਬਚਣ ਲਈ ਜੋ ਪ੍ਰਬੰਧ ਕੀਤਾ ਹੁੰਦਾ ਹੈ, ਉਹ ਫੇਲ੍ਹ ਹੋ ਜਾਂਦਾ ਹੈ।

ਏਡਜ਼ ਇਕ ਜਾਨਲੇਵਾ ਬਿਮਾਰੀ ਹੈ, ਜੋ ਹੌਲੀ-ਹੌਲੀ ਪੂਰੇ ਵਿਸ਼ਵ ਨੂੰ ਆਪਣੇ ਗ੍ਰਿਫ਼ਤ 'ਚ ਲੈ ਰਹੀ ਹੈ। ਦੁਨੀਆ ਭਰ ਦੇ ਡਾਕਟਰ ਤੇ ਵਿਗਿਆਨਕ ਬਹੁਤ ਸਾਲਾਂ ਤੋਂ ਇਸ ਦੀ ਰੋਕਥਾਮ ਲਈ ਦਵਾਈਆਂ ਦੀ ਖੋਜ ਕਰ ਰਹੇ ਹਨ ਪਰ ਅਜੇ ਤਕ ਸਫਲਤਾ ਨਹੀਂ ਮਿਲੀ। ਏਡਜ਼ ਦਾ ਪੂਰਾ ਨਾਂ 'ਐਕੁਆਇਰਡ ਇਮਿਊਨ ਡੈਫੀਸਿਐਂਸੀ ਸਿੰਡਰੋਮ' ਹੈ। ਇਹ ਅਜਿਹੀ ਨਾਮੁਰਾਦ ਬਿਮਾਰੀ ਹੈ, ਜਿਸ ਨੂੰ ਅੱਸੀ ਦੇ ਦਹਾਕੇ ਤੋਂ ਪਹਿਲਾਂ ਕੋਈ ਨਹੀਂ ਜਾਣਦਾ ਸੀ। ਸਭ ਤੋਂ ਪਹਿਲਾਂ ਇਸ ਬਿਮਾਰੀ ਦਾ ਪਤਾ 1981 'ਚ ਅਮਰੀਕਾ ਵਿਖੇ ਲੱਗਿਆ। ਇਸ ਤੋਂ ਲਗਪਗ 8 ਸਾਲ ਬਾਅਦ ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ) ਦੀ ਇਕ ਗਣਨਾ ਅਨੁਸਾਰ 1,40,000 ਤੋਂ ਵੀ ਜ਼ਿਆਦਾ ਲੋਕ ਇਸ ਬਿਮਾਰੀ ਦੇ ਸ਼ਿਕਾਰ ਹੋ ਚੁੱਕੇ ਸਨ। 20ਵੀਂ ਸਦੀ 'ਚ ਏਡਜ਼ ਅਜਿਹੀ ਬਿਮਾਰੀ ਬਣ ਗਈ, ਜੋ ਮੌਤ ਦਾ ਵੱਡਾ ਕਾਰਨ ਬਣੀ ਹੋਈ ਹੈ।
ਕੀ ਹੈ ਏਡਜ਼?
ਏਡਜ਼ ਅਜਿਹੀ ਬਿਮਾਰੀ ਹੈ, ਜਿਸ ਕਾਰਨ ਸਰੀਰ ਦੇ ਬਿਮਾਰੀਆਂ ਤੋਂ ਰੱਖਿਆ ਕਰਨ ਵਾਲੇ ਪ੍ਰਤੀਰੋਧੀ ਚਿੱਟੇ ਸੈੱਲ ਖ਼ਤਮ ਹੋਣੇ ਸ਼ੁਰੂ ਹੋ ਜਾਂਦੇ ਹਨ। ਕੁਦਰਤ ਨੇ ਮਨੁੱਖੀ ਸਰੀਰ 'ਚ ਬਿਮਾਰੀਆਂ ਤੋਂ ਬਚਣ ਲਈ ਜੋ ਪ੍ਰਬੰਧ ਕੀਤਾ ਹੁੰਦਾ ਹੈ, ਉਹ ਫੇਲ੍ਹ ਹੋ ਜਾਂਦਾ ਹੈ। ਜਿਸ ਕਾਰਨ ਮਨੁੱਖੀ ਸਰੀਰ ਬਹੁਤ ਸਾਰੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦਾ ਹੈ। ਏਡਜ਼ ਖ਼ੁਦ ਕੋਈ ਬਿਮਾਰੀ ਨਹੀਂ ਹੈ ਪਰ ਏਡਜ਼ ਨਾਲ ਪੀੜਤ ਮਨੁੱਖ 'ਚ ਬਿਮਾਰੀਆਂ ਬਹੁਤ ਜਲਦੀ ਫੈਲਦੀਆਂ ਹਨ। ਏੇਡਜ਼ ਜਿਸ ਵਾਇਰਸ ਨਾਲ ਫੈਲਦੀ ਹੈ, ਉਸ ਦਾ ਨਾਂ 'ਹਿਊਮਨ ਇਮਿਊਨੋ ਡੈਫੀਸਿਐਂਸੀ' ਹੈ।
ਏਡਜ਼ ਤੇ ਐੱਚਆਈਵੀ 'ਚ ਫ਼ਰਕ
ਐੱਚਆਈਵੀ ਅਜਿਹਾ ਵਾਇਰਸ ਹੈ ਜੋ ਮਨੁੱਖੀ ਸਰੀਰ ਨੂੰ ਜਦੋਂ ਸੰਕ੍ਰਮਿਤ ਕਰਦਾ ਹੈ ਤਾਂ ਸਰੀਰ ਦੀ ਰੋਗਾਂ ਨਾਲ ਲੜਨ ਦੀ ਰੋਗ ਪ੍ਰਤੀਰੋਧਕ ਸਮਰੱਥਾ ਨੂੰ ਖ਼ਤਮ ਕਰ ਦਿੰਦਾ ਹੈ। ਏਡਜ਼ ਅਜਿਹੀਆਂ ਬਿਮਾਰੀਆਂ ਦਾ ਸਮੂਹ ਹੈ, ਜਿਸ 'ਚ ਸਰੀਰ ਦੀ ਰੋਗ ਪ੍ਰਤੀਰੋਧਕ ਸਮਰੱਥਾ ਖ਼ਤਮ ਹੋਣ ਤੋਂ ਬਾਅਦ ਆਮ ਤੌਰ 'ਤੋ ਹੋਣ ਵਾਲੇ ਰੋਗ ਜਿਵੇਂ ਖ਼ਾਸੀ, ਜ਼ੁਕਾਮ, ਬੁਖ਼ਾਰ ਏਨਾ ਕੁ ਭਿਆਨਕ ਰੂਪ ਲੈ ਲੈਂਦੇ ਹਨ ਕਿ ਉਨ੍ਹਾਂ ਦਾ ਇਲਾਜ ਕਰਨਾ ਅਸੰਭਵ ਹੋ ਜਾਂਦਾ ਹੈ, ਅੰਤ ਮਰੀਜ਼ ਦੀ ਮੌਤ ਹੋ ਜਾਂਦੀ ਹੈ।
ਕਾਰਨ
- ਸਮਲਿੰਗੀ ਸਰੀਰਕ ਸਬੰਧ ਬਣਾਉਣਾ।
- ਕਿਸੇ ਮਹਿਲਾ ਜਾਂ ਪੁਰਸ਼ ਦੇ ਇਕ ਤੋਂ ਜ਼ਿਆਦਾ ਵਿਅਕਤੀਆਂ ਨਾਲ ਸਰੀਰਕ ਸਬੰਧ ਹੋਣਾ।
- ਜਦੋਂ ਕਿਸੇ ਸਿਹਤਮੰਦ ਵਿਅਕਤੀ ਨੂੰ ਐੱਚਆਈਵੀ ਪੀੜਤ ਵਿਅਕਤੀ ਦਾ ਖ਼ੂਨ ਚੜ੍ਹਾਇਆ ਜਾਂਦਾ ਹੈ।
- ਦੂਸ਼ਿਤ ਸਰਿੰਜ ਤੇ ਸੂਈ ਦੀ ਵਾਰ-ਵਾਰ ਵਰਤੋਂ ਨਾਲ।
- ਐੱਚਆਈਵੀ ਪੀੜਤ ਮਹਿਲਾ ਦੇ ਗਰਭਧਾਰਨ ਕਰਨ ਨਾਲ ਹੋਣ ਵਾਲੇ ਬੱਚੇ 'ਚ ਵੀ ਇਸ ਬਿਮਾਰੀ ਦੇ ਫੈਲਣ ਦਾ ਖ਼ਤਰਾ ਰਹਿੰਦਾ ਹੈ।
- ਇਸ ਬਿਮਾਰੀ ਤੋਂ ਪੀੜਤ ਮਾਂ ਦਾ ਦੁੱਧ ਬੱਚੇ ਨੂੰ ਪਿਲਾਉਣ ਨਾਲ।
- ਪੀੜਤ ਵਿਅਕਤੀ ਦੇ ਅੰਗਦਾਨ, ਜਿਵੇਂ ਗੁਰਦਾ, ਕੌਰਨੀਆਂ, ਬੋਨ ਮੈਰੋ ਆਦਿ ਦੇ ਟਰਾਂਸਪਲਾਂਟ ਕਰਨ ਨਾਲ ਸਿਹਤਮੰਦ ਵਿਅਕਤੀ 'ਚ ਵੀ ਐੱਚਆਈਵੀ ਹੋਣ ਦਾ ਖ਼ਤਰਾ ਹੋ ਜਾਂਦਾ ਹੈ।
ਭਾਰਤ 'ਚ ਏਡਜ਼ ਜ਼ਿਆਦਾ ਹੋਣ ਦੇ ਕਾਰਨ
- ਆਮ ਜਨਤਾ ਨੂੰ ਏਡਜ਼ ਸਬੰਧੀ ਸਹੀ ਜਾਣਕਾਰੀ ਨਾ ਹੋਣਾ।
- ਏਡਜ਼ ਤੇ ਜਿਨਸੀ ਸਬੰਧਾਂ ਦੇ ਵਿਸ਼ੇ ਨੂੰ ਕਲੰਕਿਤ ਸਮਝਣਾ ਤੇ ਖੁੱਲ੍ਹ ਕੇ ਇਨ੍ਹਾਂ ਵਿਸ਼ਿਆਂ 'ਤੇ ਗੱਲਬਾਤ ਨਾ ਕਰਨਾ।
- ਸਿੱਖਿਆ ਦੇ ਪੱਧਰ ਤੇ ਜਿਨਸੀ ਸਿੱਖਿਆ ਦਾ ਵਿਸ਼ਾ ਨਾ ਹੋਣਾ।
ਲੱਛਣ
ਐÎੱਚਆਈਵੀ ਪੀੜਤ ਵਿਅਕਤੀ 'ਚ ਲੰਮੇ ਸਮੇਂ ਤਕ ਇਸ ਦੇ ਲੱਛਣ ਨਹੀਂ ਦਿਸਦੇ। ਜਿਵੇਂ-ਜਿਵੇਂ ਰੋਗ ਪ੍ਰਤੀਰੋਧਕ ਪ੍ਰਤੀਰੋਧਕ ਸਮਰੱਥਾ ਘੱਟਦੀ ਜਾਂਦੀ ਹੈ, ਤਾਂ ਰੋਗੀ ਨੂੰ ਇਸ ਦੇ ਲੱਛਣਾਂ ਦਾ ਪਤਾ ਲੱਗਦਾ ਰਹਿੰਦਾ ਹੈ ਤੇ ਇਸ ਦੇ ਲੱਛਣ ਪੂਰੀ ਤਰ੍ਹਾਂ ਸਾਹਮਣੇ ਆਉਣ ਲਈ 8-10 ਸਾਲ ਲੱਗ ਜਾਂਦੇ ਹਨ। ਇਸ ਸਮੇਂ ਰੋਗੀ ਨੂੰ ਇਹ ਵੀ ਅਹਿਸਾਸ ਨਹੀਂ ਹੁੰਦਾ ਕਿ ਉਹ ਇੰਨੀ ਭਿਆਨਕ ਬਿਮਾਰੀ ਦੀ ਗ੍ਰਿਫ਼ਤ 'ਚ ਆ ਚੁੱਕਿਆ ਹੈ। ਇਹੀ ਉਹ ਸਮਾਂ ਹੁੰਦਾ ਹੈ, ਜਦੋਂ ਪੀੜਤ ਵਿਅਕਤੀ ਅਣਜਾਣੇ 'ਚ ਹੋਰ ਬਹੁਤ ਸਾਰੇ ਵਿਅਕਤੀਆਂ ਨੂੰ ਇਸ ਬਿਮਾਰੀ ਤੋਂ ਸੰਕ੍ਰਮਿਤ ਕਰ ਦਿੰਦਾ ਹੈ।
- ਤਿੱਖਾ ਸੰਕ੍ਰਮਣ : ਪਹਿਲੇ ਦੌਰ 'ਚ ਜਦੋਂ ਐੱਚਆਈਵੀ ਵਾਇਰਸ ਸਰੀਰ 'ਚ ਦਾਖ਼ਲ ਹੁੰਦਾ ਹੈ ਤਾਂ ਇੰਨਫਲੂਐਂਜਾ ਵਰਗੀ ਬਿਮਾਰੀ ਜਿਹੇ ਲੱਛਣ ਦਿਖਾਈ ਦਿੰਦੇ ਹਨ, ਜਿਵੇਂ ਸਰਦੀ, ਜ਼ੁਕਾਮ, ਬੁਖ਼ਾਰ, ਗਲੇ 'ਚ ਸੋਜ਼, ਚੱਕਰ ਆਉਣਾ, ਸਿਰਦਰਦ, ਮੂੰਹ 'ਚ ਛਾਲੇ ਹੋਣਾ, ਉਲਟੀਆਂ, ਦਸਤ ਆਦਿ ਲੱਗਣਾ। ਕੁਝ ਵੱਖਰੇ ਲੱਛਣ ਨਾ ਹੋਣ ਕਰਕੇ ਅਕਸਰ ਲੋਕ ਇਸ ਸਮੇਂ ਇਸ ਨੂੰ ਐੱਚਆਈਵੀ ਦੇ ਲੱਛਣ ਨਹੀਂ ਮੰਨਦੇ ਤੇ ਰੋਗ ਨੂੰ ਪਛਾਣਨ 'ਚ ਦੇਰੀ ਹੋ ਜਾਂਦੀ ਹੈ।
- ਰੋਗ ਪਛਾਣਨ 'ਚ ਦੇਰੀ : ਇਲਾਜ ਨਾ ਹੋਣ ਕਰਕੇ ਐੱਚਆਈਵੀ ਵਾਇਰਸ ਦਾ ਦੂਸਰਾ ਪੜਾਅ ਔਸਤਨ 8-10 ਸਾਲ ਤਕ ਦਾ ਰਹਿੰਦਾ ਹੈ। ਆਮ ਤੌਰ 'ਤੇ ਇਸ ਪੜਾਅ 'ਚ ਕੋਈ ਲੱਛਣ ਦਿਖਾਈ ਨਹੀਂ ਦਿੰਦਾ ਪਰ ਆਖ਼ਰ 'ਚ ਕਈ ਲੱਛਣ ਦਿਖਾਈ ਦੇਣ ਲੱਗਦੇ ਹਨ, ਜਿਵੇਂ ਭਾਰ ਦਾ ਅਚਾਨਕ ਘੱਟ ਜਾਣ, ਮਾਸਪੇਸ਼ੀਆਂ 'ਚ ਦਰਦ ਹੋਣਾ, ਬਿਨਾਂ ਕੰਮ ਕੀਤਿਆਂ ਸਰੀਰ 'ਚ ਥਕਾਵਟ ਮਹਿਸੂਸ ਹੋਣਾ ਆਦਿ।
ਦੂਸਰੇ ਪੜਾਅ ਤੋਂ ਬਾਅਦ ਇਨਫੈਕਸ਼ਨ ਇੰਨੀ ਕੁ ਫੈਲ ਜਾਂਦੀ ਹੈ ਕਿ ਸਰੀਰ 'ਚ ਸੈੱਲ ਕੌਸ਼ਿਕਾਂ ਦੀ ਗਿਣਤੀ ਘੱਟ ਜਾਂਦੀ ਹੈ ਤੇ ਵਿਅਕਤੀ ਨੂੰ ਆਸਾਨੀ ਨਾਲ ਰੋਗ ਹੋ ਜਾਂਦੀ ਹੈ। ਇਲਾਜ ਦੀ ਘਾਟ ਕਰਕੇ ਐੱਚਆਈਵੀ ਪੀੜਤ ਵਿਅਕਤੀ ਏਡਜ਼ ਨਾਲ ਗ੍ਰਸਤ ਹੋ ਜਾਂਦਾ ਹੈ ਤੇ ਕਾਫ਼ੀ ਲੱਛਣ ਦਿਸਣ ਲੱਗਦੇ ਹਨ, ਜਿਵੇਂ ਕਮਜ਼ੋਰੀ, ਖ਼ੂਨ ਦੀ ਕਮੀ, ਮਾਸਪੇਸ਼ੀਆਂ 'ਚ ਖਿਚਾਅ, ਰਾਤ ਨੂੰ ਪਸੀਨਾ ਆਉਣਾ, ਲਗਾਤਾਰ ਬੁਖ਼ਾਰ ਰਹਿਣਾ, ਚਮੜੀ ਦੇ ਭਿਆਨਕ ਰੋਗ, ਭਾਰ 'ਚ ਕਮੀ ਆਦਿ।
ਛੂਤ ਰੋਗ ਨਹੀਂ ਹੈ ਏਡਜ਼
ਅੰਤਰਰਾਸ਼ਟਰੀ ਪੱਧਰ 'ਤੇ ਇਹ ਖੋਜ ਕੀਤੀ ਗਈ ਹੈ ਕਿ ਏਡਜ਼ ਕੋਈ ਛੂਤ ਰੋਗ ਨਹੀਂ ਹੈ। ਏਡਜ਼ ਦੇ ਰੋਗੀ ਨਾਲ ਹੱਥ ਮਿਲਾਉਣ, ਰੋਗੀ ਨਾਲ ਬੈਠਣ, ਘੁੰਮਣ ਨਾਲ ਇਹ ਰੋਗ ਨਹੀਂ ਫੈਲਦਾ। ਇਕ ਹੀ ਬਰਤਨ 'ਚ ਇਕੱਠਿਆਂ ਰੋਟੀ ਖਾਣ ਨਾਲ ਵੀ ਇਹ ਬਿਮਾਰੀ ਨਹੀਂ ਫੈਲਦੀ।
ਬਚਾਅ
ਹਰ ਮਨੁੱਖ ਦਾ ਫ਼ਰਜ਼ ਬਣਦਾ ਹੈ ਕਿ ਇਸ ਖ਼ਤਰਨਾਕ ਲਾਇਲਾਜ ਬਿਮਾਰੀ ਤੋਂ ਬਚਣ ਲਈ ਏਡਜ਼ ਦੇ ਕਾਰਨਾਂ ਤੋਂ ਸੁਚੇਤ ਰਹੇ। ਏਡਜ਼ ਦੇ ਰੋਗੀਆਂ ਨਾਲ ਆਮ ਲੋਕਾਂ ਵਾਂਗ ਵਿਹਾਰ ਕਰਨਾ ਚਾਹੀਦਾ ਹੈ। ਸਰਕਾਰ ਵੱਲੋਂ ਲੋਕਾਂ 'ਚ ਏਡਜ਼ ਦੀ ਜਾਗਰੂਕਤਾ ਪੈਦਾ ਕਰਨ ਲਈ ਕਈ ਉਪਰਾਲੇ ਕੀਤੇ ਜਾ ਰਹੇ ਹਨ। ਪੂਰੇ ਵਿਸ਼ਵ 'ਚ ਇਹ ਰੋਗ ਆਪਣੇ ਪੈਰ ਜਮ੍ਹਾ ਚੁੱਕਿਆ ਹੈ ਤੇ ਇਹ ਸਾਡੇ ਸਾਰਿਆਂ ਦੀ ਮੁੱਢਲੀ ਜ਼ਿੰਮੇਵਾਰੀ ਹੈ ਕਿ ਅਸੀਂ ਪੂਰੀ ਸਾਵਧਾਨੀ ਵਰਤੀਏ ਤੇ ਵੱਧ ਤੋਂ ਵੱਧ ਲੋਕਾਂ 'ਚ ਇਸ ਪ੍ਰਤੀ ਜਾਗਰੂਕਤਾ ਪੈਦਾ ਕਰੀਏ।
- ਡਾ. ਹਰੀਸ਼ ਕੁਮਾਰ
81685-21645