ਵਿਸ਼ਵ ਏਡਜ਼ ਦਿਵਸ 1988 ਤੋਂ ਹਰ ਸਾਲ 1 ਦਸੰਬਰ ਨੂੰ ਐੱਚਆਈਵੀ ਦੀ ਲਾਗ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਦੇ ਉਦੇਸ਼ ਨਾਲ ਮਨਾਇਆ ਜਾਂਦਾ ਹੈ। ਏਡਜ਼ ਦਾ ਪੂਰਾ ਨਾਂ ‘ਐਕਵਾਇਰਡ ਇਮਿਊਨੋ ਡੈਫੀਸ਼ਿਐਂਸੀ ਸਿੰਡਰੋਮ’ ਹੈ। ਇਹ ਸਥਿਤੀ ਮਨੁੱਖ ਦੇ ਇਮਿਊਨ ਸਿਸਟਮ ਨੂੰ ਪ੍ਰਭਾਵਿਤ ਕਰਦੀ ਹੈ ਤੇ ਇਸ ਹੱਦ ਤਕ ਕਮਜ਼ੋਰ ਕਰ ਦਿੰਦੀ ਹੈ ਕਿ ਮਨੁੱਖੀ ਸਰੀਰ ਦਾ ਸਾਰਾ ਕੰਮਕਾਜ ਅਸਫਲ ਹੋ ਜਾਂਦਾ ਹੈ।

ਐੱਚਆਈਵੀ (HIV) ਨਾਲ ਪੀੜਤ ਨਵੇਂ ਕੇਸਾਂ ’ਚ 2010 ਦੇ ਮੁਕਾਬਲੇ ਪਿਛਲੇ ਸਾਲ 39 ਫ਼ੀਸਦੀ ਕਮੀ ਆਈ ਹੈ ਪਰ ਫਿਰ ਵੀ ਇਹ ਸਥਿਤੀ ਭਿਆਨਕ ਬਣੀ ਹੋਈ ਹੈ ਕਿਉਂਕਿ 2023 ’ਚ ਨਵੇਂ ਮਰੀਜ਼ਾਂ ਦੀ ਗਿਣਤੀ 1.3 ਮਿਲੀਅਨ ਸੀ। ਵਿਸ਼ਵ ਸਿਹਤ ਸੰਗਠਨ (World Health Organization) ਦੀ ਰਿਪੋਰਟ ਮੁਤਾਬਿਕ 2023 ਤਕ ਵਿਸ਼ਵ ਪੱਧਰ ’ਤੇ ਲਗਭਗ 39.9 ਮਿਲੀਅਨ ਲੋਕ ਐੱਚਆਈਵੀ ਨਾਲ ਪੀੜਤ ਸਨ ਤੇ ਇਹ ਨਾਮੁਰਾਦ ਬਿਮਾਰੀ 6,30,000 ਲੋਕਾਂ ਦੀ ਮੌਤ ਦਾ ਕਾਰਨ ਬਣੀ। ਬੇਸ਼ੱਕ ਐੱਚਆਈਵੀ ਏਡਜ਼ ਦੇ ਮਰੀਜ਼ਾਂ ’ਚ ਹੌਲੀ-ਹੌਲੀ ਹੀ ਸਹੀਂ ਪਰ ਕਮੀ ਆ ਰਹੀ ਹੈ ਪ੍ਰੰਤੂ ਇਸ ਬਿਮਾਰੀ ਨੇ ਲਗਾਤਾਰ ਆਪਣੀ ਹੋਂਦ ਬਣਾਈ ਹੋਈ ਹੈ, ਜਿਸ ਕਾਰਨ ਵਿਸ਼ਵ ਸਿਹਤ ਸੰਗਠਨ ਵੱਲੋਂ 2030 ਤਕ ਇਸ ਦੇ ਖ਼ਾਤਮੇ ਦਾ ਟੀਚਾ ਮੁਸ਼ਕਲ ਜਾਪਦਾ ਹੈ।
ਹਰ ਸਾਲ ਵੱਖਰੇ ਥੀਮ ਨਾਲ ਜਾਂਦਾ ਮਨਾਇਆ
ਵਿਸ਼ਵ ਏਡਜ਼ ਦਿਵਸ 1988 ਤੋਂ ਹਰ ਸਾਲ 1 ਦਸੰਬਰ ਨੂੰ ਐੱਚਆਈਵੀ ਦੀ ਲਾਗ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਦੇ ਉਦੇਸ਼ ਨਾਲ ਮਨਾਇਆ ਜਾਂਦਾ ਹੈ। ਏਡਜ਼ ਦਾ ਪੂਰਾ ਨਾਂ ‘ਐਕਵਾਇਰਡ ਇਮਿਊਨੋ ਡੈਫੀਸ਼ਿਐਂਸੀ ਸਿੰਡਰੋਮ’ ਹੈ। ਇਹ ਸਥਿਤੀ ਮਨੁੱਖ ਦੇ ਇਮਿਊਨ ਸਿਸਟਮ ਨੂੰ ਪ੍ਰਭਾਵਿਤ ਕਰਦੀ ਹੈ ਤੇ ਇਸ ਹੱਦ ਤਕ ਕਮਜ਼ੋਰ ਕਰ ਦਿੰਦੀ ਹੈ ਕਿ ਮਨੁੱਖੀ ਸਰੀਰ ਦਾ ਸਾਰਾ ਕੰਮਕਾਜ ਅਸਫਲ ਹੋ ਜਾਂਦਾ ਹੈ। ਹਰ ਸਾਲ ਵਿਸ਼ਵ ਏਡਜ਼ ਦਿਵਸ ਵੱਖਰੇ ਥੀਮ ਨਾਲ ਮਨਾਇਆ ਜਾਂਦਾ ਹੈ। ਇਸ ਸਾਲ ਵਿਸ਼ਵ ਏਡਜ਼ ਦਿਵਸ ‘ਅਧਿਕਾਰ ਦਾ ਮਾਰਗ ਲਓ: ਮੇਰੀ ਸਿਹਤ, ਮੇਰਾ ਹੱਕ’ ਦੇ ਥੀਮ ਨਾਲ ਮਨਾਇਆ ਜਾ ਰਿਹਾ ਹੈ, ਤਾਂ ਜੋ ਲੋਕ ਸਮਾਜ ’ਚ ਵਿਚਰ ਰਹੀਆਂ ਅਸਮਾਨਤਾਵਾਂ ਨਾਲ ਨਜਿੱਠਣ ਤੇ ਆਪਣੀ ਸਿਹਤ ਦੇ ਅਧਿਕਾਰ ਦੀ ਵਕਾਲਤ ਕਰਨ।
ਕਦੋਂ ਹੋਈ ਪਛਾਣ
ਵਿਗਿਆਨੀਆਂ ਅਨੁਸਾਰ 19ਵੀਂ ਸਦੀ ਦੇ ਸ਼ੁਰੂ ’ਚ ਐੱਚਆਈਵੀ ਸਭ ਤੋਂ ਪਹਿਲਾਂ ਜਾਨਵਰਾਂ ’ਚ ਪਾਇਆ ਗਿਆ ਸੀ। 1959 ’ਚ ਕਿਨਸ਼ਾਸਾ ਸ਼ਹਿਰ ’ਚ ਇਕ ਬਿਮਾਰ ਆਦਮੀ ਤੋਂ ਖ਼ੂਨ ਦਾ ਨਮੂਨਾ ਲਿਆ ਗਿਆ। ਕਈ ਸਾਲਾਂ ਬਾਅਦ ਡਾਕਟਰਾਂ ਨੇ ਉਸ ’ਚ ਐੱਚਆਈਵੀ ਵਾਇਰਸ ਪਾਇਆ ਤੇ ਮੰਨਿਆ ਜਾਂਦਾ ਹੈ ਕਿ ਇਹ ਵਿਅਕਤੀ ਐੱਚਆਈਵੀ ਨਾਲ ਸੰਕ੍ਰਮਿਤ ਪਹਿਲਾ ਵਿਅਕਤੀ ਸੀ। ਕੁਝ ਵਿਗਿਆਨੀਆਂ ਮੁਤਾਬਿਕ ਏਡਜ਼ ਦੀ ਪਛਾਣ 1981 ’ਚ ਹੋਈ ਸੀ। ਅਮਰੀਕਾ ਦੇ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਦੀ ਰਿਪੋਰਟ ਮੁਤਾਬਿਕ ਡਾਕਟਰ ਮਾਈਕਲ ਗੋਟਲੀਬ ਨੇ ਲਾਸ ਏਂਜਲਸ ਵਿਚ ਪੰਜ ਮਰੀਜ਼ਾਂ ’ਚ ਵੱਖ-ਵੱਖ ਕਿਸਮਾਂ ਦਾ ਨਿਮੋਨੀਆ ਪਾਇਆ। ਇਨ੍ਹਾਂ ਸਾਰੇ ਮਰੀਜ਼ਾਂ ’ਚ ਰੋਗਾਂ ਨਾਲ ਲੜਨ ਦੀ ਸ਼ਕਤੀ ਅਚਾਨਕ ਕਮਜ਼ੋਰ ਹੋ ਗਈ ਸੀ। ਇਹ ਪੰਜ ਮਰੀਜ਼ ਸਮਲਿੰਗੀ ਸਨ, ਇਸ ਲਈ ਸ਼ੁਰੂ ’ਚ ਡਾਕਟਰਾਂ ਨੇ ਸੋਚਿਆ ਕਿ ਇਹ ਬਿਮਾਰੀ ਸਿਰਫ਼ ਸਮਲਿੰਗੀ ਲੋਕਾਂ ’ਚ ਹੁੰਦੀ ਹੈ। ਇਸੇ ਲਈ ਏਡਜ਼ ਦਾ ਨਾਂ ਪਹਿਲਾਂ ‘ਗਰਿੱਡ’ ਯਾਨੀ ਗੇਅ ਰਿਲੇਟਿਡ ਇਮਿਊਨ ਡੈਫੀਸ਼ਿਐਂਸੀ ਰੱਖਿਆ ਗਿਆ। ਪਹਿਲੀ ਵਾਰ 1986 ਵਿਚ ਇਸ ਨੂੰ ਐੱਚਆਈਵੀ ਦਾ ਨਾਂ ਮਿਲਿਆ ਯਾਨੀ ਹਿਊਮਨ ਇਮਿਊਨੋ ਡੈਫੀਸ਼ਿਐਂਸੀ ਵਾਇਰਸ।
ਭਾਰਤ ’ਚ ਸਥਿਤੀ
ਭਾਰਤ ’ਚ ਏਡਜ਼ ਦੇ ਪਹਿਲੇ ਕੇਸ ਦੀ ਪੁਸ਼ਟੀ 1986 ਵਿਚ ਹੋਈ ਸੀ। ਇਕ ਰਿਪੋਰਟ ਮੁਤਾਬਿਕ 2023 ਵਿਚ ਦੇਸ਼ ’ਚ 2 .5 ਮਿਲੀਅਨ ਲੋਕ ਐੱਚਆਈਵੀ ਨਾਲ ਪੀੜਤ ਸਨ, ਜਿਨ੍ਹਾਂ ’ਚ 66,400 ਨਵੇਂ ਮਰੀਜ਼ ਸ਼ਾਮਿਲ ਸਨ। ਰਿਪੋਰਟ ਮੁਤਾਬਿਕ ਇਹ ਗਿਣਤੀ 2010 ਵਿਚ ਆਏ ਮਰੀਜ਼ਾਂ ਦੀ ਗਿਣਤੀ ਤੋਂ 44 ਫ਼ੀਸਦੀ ਘੱਟ ਹੈ ਪਰ ਫਿਰ ਵੀ ਭਾਰਤ ਦੱਖਣੀ ਅਫਰੀਕਾ ਤੇ ਨਾਈਜੀਰੀਆ ਤੋਂ ਬਾਅਦ ਸਭ ਤੋਂ ਵੱਧ ਏਡਜ਼ ਦੇ ਮਰੀਜ਼ਾਂ ਦੀ ਸੂਚੀ ਵਿਚ ਤੀਜੇ ਨੰਬਰ ’ਤੇ ਹੈ। ਸਭ ਤੋਂ ਜ਼ਿਆਦਾ ਮਰੀਜ਼ ਮਹਾਰਾਸ਼ਟਰ, ਆਂਧਰਾ ਪ੍ਰਦੇਸ਼ ਤੇ ਕਰਨਾਟਕ ’ਚ ਹਨ। ਏਡਜ਼ ਅਜਿਹੀ ਬਿਮਾਰੀ ਹੈ, ਜਿਸ ਕਾਰਨ ਸਰੀਰ ਦੀ ਬਿਮਾਰੀਆਂ ਤੋਂ ਰੱਖਿਆ ਕਰਨ ਵਾਲੇ ਪ੍ਰਤੀਰੋਧੀ ਚਿੱਟੇ ਸੈੱਲ ਖ਼ਤਮ ਹੋਣੇ ਸ਼ੁਰੂ ਹੋ ਜਾਂਦੇ ਹਨ। ਕੁਦਰਤ ਨੇ ਮਨੁੱਖੀ ਸਰੀਰ ’ਚ ਬਿਮਾਰੀਆਂ ਤੋਂ ਬਚਣ ਲਈ ਜੋ ਪ੍ਰਬੰਧ ਕੀਤਾ ਹੁੰਦਾ ਹੈ, ਉਹ ਫੇਲ੍ਹ ਹੋ ਜਾਂਦਾ ਹੈ, ਜਿਸ ਕਾਰਨ ਮਨੁੱਖੀ ਸਰੀਰ ਬਹੁਤ ਸਾਰੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦਾ ਹੈ।
ਐੱਚਆਈਵੀ ਤੇ ਏਡਜ਼ ’ਚ ਅੰਤਰ
ਇਸ ਦਿਵਸ ਮੌਕੇ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਐੱਚਆਈਵੀ ਤੇ ਏਡਜ਼ ’ਚ ਕੀ ਅੰਤਰ ਹੈ। ਐਚਆਈਵੀ ਵਾਇਰਸ ਦਾ ਨਾਂ ਹੈ, ਜਿਹੜਾ ਸਰੀਰ ਦੇ ਇਮਿਊਨ ਸਿਸਟਮ ਨੂੰ ਪ੍ਰਭਾਵਿਤ ਕਰਦਾ ਹੈ। ਜੇ ਐਚਆਈਵੀ ਨਾਲ ਪ੍ਰਭਾਵਿਤ ਵਿਅਕਤੀ ਆਪਣਾ ਇਲਾਜ ਨਾ ਕਰਵਾਏ ਤਾਂ ਸਰੀਰ ’ਚ ਅਜਿਹੀ ਸਥਿਤੀ ਪੈਦਾ ਹੋ ਜਾਂਦੀ ਹੈ, ਜਿਸ ’ਚ ਸਰੀਰ ਦੀ ਰੋਗਾਂ ਨਾਲ ਲੜਨ ਦੀ ਸ਼ਕਤੀ ਘੱਟ ਜਾਂਦੀ ਹੈ। ਅਜਿਹੀ ਸਥਿਤੀ ਨੂੰ ਏਡਜ਼ ਕਿਹਾ ਜਾਂਦਾ ਹੈ।
ਲੱਛਣ
ਇਸ ਬਿਮਾਰੀ ਬਾਰੇ ਲੰਬੇ ਸਮੇਂ ਬਾਅਦ ਕਿਸੇ ਵਿਅਕਤੀ ਨੂੰ ਏਡਜ਼ ਦੀ ਲਾਗ ਬਾਰੇ ਪਤਾ ਲੱਗਦਾ ਹੈ। ਇਸ ਗੰਭੀਰ ਬਿਮਾਰੀ ਨੂੰ ਰੋਕਣ ਦਾ ਪਹਿਲਾ ਤਰੀਕਾ ਐੱਚਆਈਵੀ ਦੇ ਲੱਛਣਾਂ ਨੂੰ ਪਛਾਣਨਾ ਹੈ। ਐੱਚਆਈਵੀ ਦੇ ਵਾਇਰਸ ਕਾਰਨ ਮਨੁੱਖ ਬਿਮਾਰੀਆਂ ਨਾਲ ਲੜਨ ਦੀ ਤਾਕਤ ਗੁਆ ਦਿੰਦਾ ਹੈ, ਇਸ ਲਈ ਏਡਜ਼ ਕੋਈ ਬਿਮਾਰੀ ਨਹੀਂ ਸਗੋਂ ਇਕ ਸਿੰਡਰੋਮ ਹੈ। ਇਸ ਦੇ ਲੱਛਣ ਲਾਗ ਦੇ ਪੜਾਅ ’ਤੇ ਨਿਰਭਰ ਕਰਦੇ ਹੋਏ ਵੱਖ-ਵੱਖ ਹੁੰਦੇ ਹਨ। ਸ਼ੁਰੂਆਤੀ ਲਾਗ ਤੋਂ ਬਾਅਦ ਪਹਿਲੇ ਕੁਝ ਹਫ਼ਤਿਆਂ ਵਿਚ ਵਿਅਕਤੀ ਨੂੰ ਬੁਖ਼ਾਰ ਜਾਂ ਸਿਰ ਦਰਦ, ਗਲੇ ਵਿਚ ਖਰਾਸ਼ ਜਾਂ ਫਲੂ ਵਰਗੀ ਬਿਮਾਰੀ ਦਾ ਅਨੁਭਵ ਹੋ ਸਕਦਾ ਹੈ। ਜਿਵੇਂ-ਜਿਵੇਂ ਲਾਗ ਵਧਦੀ ਹੈ, ਵਿਅਕਤੀ ’ਚ ਹੋਰ ਲੱਛਣਾਂ ਦਾ ਵਿਕਾਸ ਹੋ ਸਕਦਾ ਹੈ, ਜਿਵੇਂ ਸੋਜ਼, ਭਾਰ ਘਟਣਾ, ਬੁਖ਼ਾਰ, ਦਸਤ ਅਤੇ ਖੰਘ ਆਦਿ। ਇਲਾਜ ਤੋਂ ਬਿਨਾਂ ਸੰਕ੍ਰਮਿਤ ਵਿਅਕਤੀ ਤਪਦਿਕ, ਮੈਨਿਨਜਾਈਟਿਸ, ਗੰਭੀਰ ਬੈਕਟੀਰੀਆ ਦੀ ਲਾਗ ਤੇ ਇੱਥੋਂ ਤਕ ਕਿ ਕੈਂਸਰ ਵਰਗੀਆਂ ਗੰਭੀਰ ਬਿਮਾਰੀਆਂ ਤੋਂ ਪੀੜਤ ਹੋ ਸਕਦਾ ਹੈ।
ਲਾਗ ਫੈਲਣ ਦੇ ਕਾਰਨ
• ਸੂਈਆਂ ਜਾਂ ਸਰਿੰਜਾਂ ਨੂੰ ਸਾਂਝਾ ਕਰਨਾ।
• ਜਿਨਸੀ ਸੰਪਰਕ।
• ਪ੍ਰਭਾਵਿਤ ਵਿਅਕਤੀ ਦਾ ਖ਼ੂਨ ਚੜ੍ਹਾਉਣ ਜਾਂ ਅੰਗ ਟ੍ਰਾਂਸਪਲਾਂਟ ਕਰਨ ’ਤੇ।
• ਮਾਂ ਤੋਂ ਬੱਚੇ ਤਕ।
ਗ਼ਲਤ ਧਾਰਨਾਵਾਂ
ਐੱਚਆਈਵੀ/ਏਡਜ਼ ਦੀ ਲਾਗ ਬਾਰੇ ਸਮਾਜ ’ਚ ਬਹੁਤ ਸਾਰੀਆਂ ਗ਼ਲਤ ਧਾਰਨਾਵਾਂ ਮੌਜੂਦ ਹਨ, ਜਿਸ ਕਾਰਨ ਏਡਜ਼ ਪੀੜਤਾਂ ਪ੍ਰਤੀ ਹਮੇਸ਼ਾ ਪੱਖਪਾਤੀ ਰਵੱਈਆ ਅਪਣਾਇਆ ਗਿਆ ਹੈ। ਇਹ ਛੂਤ ਦੀ ਬਿਮਾਰੀ ਨਹੀਂ ਹੈ। ਏਡਜ਼ ਦੀ ਲਾਗ ਇਕੱਠੇ ਬੈਠਣ, ਖਾਣਾ ਖਾਣ, ਖੇਡਣ, ਹੱਥ ਫੜਨ, ਚੁੰਮਣ, ਮੱਛਰ ਦੇ ਕੱਟਣ ਆਦਿ ਨਾਲ ਨਹੀਂ ਫੈਲਦੀ। ਇਸ ਸਬੰਧੀ ਅਜੇ ਵੀ ਜਾਗਰੂਕਤਾ ਦੀ ਲੋੜ ਹੈ, ਤਾਂ ਜੋ ਏਡਜ਼ ਦੀ ਜਾਂਚ ਵਿਚ ਤੇਜ਼ੀ ਲਿਆਂਦੀ ਜਾ ਸਕੇ ਤੇ ਇਸ ਮਾਰੂ ਬਿਮਾਰੀ ਦੇ ਫੈਲਣ ਨੂੰ ਰੋਕਿਆ ਜਾ ਸਕੇ।
ਜਾਗਰੂਕਤਾ ਹੀ ਬਚਾਅ
ਜਾਗਰੂਕਤਾ ਹੀ ਇਸ ਮਾਰੂ ਬਿਮਾਰੀ ’ਤੇ ਠੱਲ੍ਹ ਪਾਉਣ ਦਾ ਇੱਕੋ-ਇਕ ਤਰੀਕਾ ਹੈ। ਯੋਜਨਾਬੱਧ ਬੈਠਕਾਂ, ਸੋਸ਼ਲ ਮੀਡੀਆ ’ਤੇ ਵਿਸ਼ੇਸ਼ ਮੁਹਿੰਮ, ਅਦਾਰਿਆਂ ’ਚ ਲਿਖਤੀ ਤੇ ਭਾਸ਼ਣ ਮੁਕਾਬਲੇ, ਪ੍ਰਦਰਸ਼ਨੀਆਂ, ਪੋਸਟਰ, ਵੀਡੀਓ ਆਦਿ ਰਾਹੀਂ ਲੋਕਾਂ ਨੂੰ ਜਾਗਰੂਕ ਕੀਤਾ ਜਾ ਸਕਦਾ ਹੈ। ਪੰਜਾਬ ਰਾਜ ਸਿਹਤ ਵਿਭਾਗ ਦਾ ਮਾਸ ਮੀਡੀਆ ਵਿੰਗ, ਏਡਜ਼ ਕੰਟਰੋਲ ਸੁਸਾਇਟੀ ਅਤੇ ਵੱਖ-ਵੱਖ ਸਮਾਜਸੇਵੀ ਸੰਸਥਾਵਾਂ ਜਾਂ ਐੱਨਜੀਓਜ਼ ਲੋਕਾਂ ਨੂੰ ਜਾਗਰੂਕ ਕਰਨ ਤੇ ਪੀੜਤ ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਲਈ ਯਤਨਸ਼ੀਲ ਹੋਣ। ਇਸ ਤੋਂ ਬਚਾਅ ਲਈ ਜਾਗਰੂਕਤਾ ਹੀ ਜ਼ਰੂਰੀ ਹੈ। ਵਰਤੀ ਗਈ ਸੂਈ ਦਾ ਇਸਤੇਮਾਲ ਬਿਲਕੁਲ ਨਾ ਕਰੋ। ਜਿਨ੍ਹਾਂ ਔਰਤਾਂ ਦੇ ਸਰੀਰ ’ਚ ਏਡਜ਼ ਦੇ ਵਿਸ਼ਾਣੂ ਹੋਣ, ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਗਰਭ ਧਾਰਨ ਨਾ ਕਰਨ ਕਿਉਂਕਿ ਇਸ ਤਰ੍ਹਾਂ ਕਰਨ ਨਾਲ ਏਡਜ਼ ਦੇ ਵਿਸ਼ਾਣੂ ਹੋਣ ਵਾਲੇ ਬੱਚੇ ਦੇ ਸਰੀਰ ’ਚ ਪਹੁੰਚ ਕੇ ਉਸ ਨੂੰ ਏਡਜ਼ ਦਾ ਰੋਗੀ ਬਣਾ ਦੇਣਗੇ। ਸਿਹਤ ਸਿੱਖਿਆ ’ਤੇ ਜ਼ੋਰ ਦੇਣਾ ਚਾਹੀਦਾ ਹੈ ਯਾਨੀ ਹਰ ਕਿਸੇ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਏਡਜ਼ ਕੀ ਹੈ? ਇਹ ਰੋਗ ਕਿਸ ਤਰ੍ਹਾਂ ਲੱਗਦਾ ਹੈ ਤੇ ਇਸ ਤੋਂ ਕਿਵੇਂ ਬਚਿਆ ਜਾ ਸਕਦਾ ਹੈ। ਹਰ ਮਨੁੱਖ ਦਾ ਫ਼ਰਜ਼ ਬਣਦਾ ਹੈ ਕਿ ਇਸ ਖ਼ਤਰਨਾਕ ਲਾਇਲਾਜ ਬਿਮਾਰੀ ਤੋਂ ਬਚਣ ਲਈ ਏਡਜ਼ ਦੇ ਕਾਰਨਾਂ ਤੋਂ ਸੁਚੇਤ ਕਰੀਏ। ਪੂਰੀ ਸਾਵਧਾਨੀ ਵਰਤੀਏ ਤੇ ਵੱਧ ਤੋਂ ਵੱਧ ਲੋਕਾਂ ’ਚ ਇਸ ਪ੍ਰਤੀ ਜਾਗਰੂਕਤਾ ਪੈਦਾ ਕਰੀਏ।