ਕਿਡਨੀ (ਗੁਰਦੇ) 'ਚ ਇਨਫੈਕਸ਼ਨ ਹੋਣ 'ਤੇ ਦਿਸਦੇ ਹਨ ਇਹ 10 ਸੰਕੇਤ, ਨਜ਼ਰਅੰਦਾਜ਼ ਕਰਨ 'ਤੇ ਖ਼ਰਾਬ ਹੋ ਸਕਦੇ ਹਨ ਗੁਰਦੇ
ਕਿਡਨੀ ਇਨਫੈਕਸ਼ਨ (Kidney Infection) ਦਾ ਕਾਰਨ ਬੈਕਟੀਰੀਆ ਬਣਦੇ ਹਨ, ਜੋ ਪਿਸ਼ਾਬ ਨਲੀ ਰਸਤੇ ਤੁਹਾਡੇ ਬਲੈਡਰ ਤਕ ਪਹੁੰਚਦੇ ਹਨ। ਹਾਲਾਂਕਿ ਕਿਡਨੀ ਇਨਫੈਕਸ਼ਨ ਕਿਸੇ ਨੂੰ ਵੀ ਹੋ ਸਕਦੀ ਹੈ ਪਰ ਇਸ ਦਾ ਖ਼ਤਰਾ ਔਰਤਾਂ 'ਚ ਪੁਰਸ਼ਾਂ ਦੇ ਮੁਕਾਬਲੇ ਜ਼ਿਆਦਾ ਹੁੰਦਾ ਹੈ ਕਿਉਂਕਿ ਉਨ੍ਹਾਂ ਦਾ ਮੂਤਰ ਮਾਰਗ ਪੁਰਸ਼ਾਂ ਦੇ ਮੁਕਾਬਲੇ ਛੋਟਾ ਹੁੰਦਾ ਹੈ।
Publish Date: Tue, 03 Sep 2019 12:16 PM (IST)
Updated Date: Sun, 08 Sep 2019 04:45 PM (IST)
ਕਿਡਨੀ ਇਨਫੈਕਸ਼ਨ (Kidney Infection) ਦਾ ਕਾਰਨ ਬੈਕਟੀਰੀਆ ਬਣਦੇ ਹਨ, ਜੋ ਪਿਸ਼ਾਬ ਨਲੀ ਰਸਤੇ ਤੁਹਾਡੇ ਬਲੈਡਰ ਤਕ ਪਹੁੰਚਦੇ ਹਨ। ਹਾਲਾਂਕਿ ਕਿਡਨੀ ਇਨਫੈਕਸ਼ਨ ਕਿਸੇ ਨੂੰ ਵੀ ਹੋ ਸਕਦੀ ਹੈ ਪਰ ਇਸ ਦਾ ਖ਼ਤਰਾ ਔਰਤਾਂ 'ਚ ਪੁਰਸ਼ਾਂ ਦੇ ਮੁਕਾਬਲੇ ਜ਼ਿਆਦਾ ਹੁੰਦਾ ਹੈ ਕਿਉਂਕਿ ਉਨ੍ਹਾਂ ਦਾ ਮੂਤਰ ਮਾਰਗ ਪੁਰਸ਼ਾਂ ਦੇ ਮੁਕਾਬਲੇ ਛੋਟਾ ਹੁੰਦਾ ਹੈ। ਕਿਡਨੀ ਸਰੀਰ ਦੇ ਮਹੱਤਵਪੂਰਨ ਅੰਗ ਹਨ ਜੋ ਖ਼ੂਨ ਨੂੰ ਪੁਣ ਕੇ ਉਸ 'ਚ ਮੌਜੂਦ ਜ਼ਹਿਰੀਲੇ ਪਦਾਰਥਾਂ ਨੂੰ ਅਲੱਗ ਕਰਦੇ ਹਨ ਅਤੇ ਉਨ੍ਹਾਂ ਨੂੰ ਪਿਸ਼ਾਬ ਰਸਤੇ ਸਰੀਰ ਤੋਂ ਬਾਹਰ ਕੱਢਦੇ ਹਨ। ਇਸ ਤੋਂ ਇਲਾਵਾ ਸਰੀਰ 'ਚ ਮਿਨਰਲਜ਼ ਦਾ ਸੰਤੁਲਨ ਬਣਾਈ ਰੱਖਣ ਦੀ ਜ਼ਿੰਮੇਵਾਰੀ ਵੀ ਕਿਡਨੀਆਂ ਹੀ ਨਿਭਾਉਂਦੀਆਂ ਹਨ। ਜੇਕਰ ਕਿਸੇ ਵਿਅਕਤੀ ਦੀ ਕਿਡਨੀ ਕੰਮ ਕਰਨੀ ਬੰਦ ਕਰ ਦੇਵੇ ਤਾਂ ਉਸ ਵਿਅਕਤੀ ਦਾ ਜਿਊਂਦਾ ਰਹਿਣਾ ਮੁਸ਼ਕਲ ਹੈ।
ਕਿਡਨੀ ਇਨਫੈਕਸ਼ਨ ਹੋਣ 'ਤੇ ਸਰੀਰ ਕੁਝ ਆਮ ਸੰਕੇਤ (Symptoms of Kidney Infection) ਦਿੰਦਾ ਹੈ, ਜਿਨ੍ਹਾਂ ਨੂੰ ਲੋਕ ਆਸਾਨੀ ਨਾਲ ਨਜ਼ਰਅੰਦਾਜ਼ ਕਰ ਦਿੰਦੇ ਹਨ। ਕਿਡਨੀ ਇਨਫੈਕਸ਼ਨ ਦਾ ਇਲਾਜ ਤੁਰੰਤ ਨਾ ਕੀਤਾ ਜਾਵੇ ਤਾਂ ਬੈਕਟੀਰੀਆ ਸਰੀਰ ਦੇ ਦੂਸਰੇ ਅੰਗਾਂ ਤਕ ਪਹੁੰਚ ਕੇ ਵਿਅਕਤੀ ਦੀ ਹਾਲਤ ਗੰਭੀਰ ਬਣਾ ਸਕਦੇ ਹਨ ਅਤੇ ਕਈ ਵਾਰ ਕਿਡਨੀਆਂ ਨੂੰ ਡੈਮੇਜ (Kidney Damage) ਕਰ ਸਕਦੇ ਹਨ। ਇਸ ਲਈ ਜਾਣੋ ਕਿਡਨੀ ਇਨਫੈਕਸ਼ਨ ਤੋਂ ਪਹਿਲਾਂ ਨਜ਼ਰ ਆਉਣ ਵਾਲੇ 10 ਸੰਕੇਤਾਂ (Early Signs of Kidney Infection) ਬਾਰੇ...
ਛੇਤੀ-ਛੇਤੀ ਪਿਸ਼ਾਬ ਆਉਣਾ (Frequent Urination)
ਕਿਡਨੀ 'ਚ ਇਨਫੈਕਸ਼ਨ ਹੋਣ ਦਾ ਸਭ ਤੋਂ ਪਹਿਲਾਂ ਸੰਕੇਤ ਇਹੀ ਹੁੰਦਾ ਹੈ ਕਿ ਤੁਹਾਨੂੰ ਛੇਤੀ-ਛੇਤੀ ਪਿਸ਼ਾਬ ਆਉਂਦਾ ਹੈ। ਅਸਲ ਵਿਚ ਬੈਕਟੀਰੀਆ ਕਾਰਨ ਤੁਹਾਡੇ ਬਲੈਡਰ 'ਚ ਖਾਰਸ਼ ਹੁੰਦੀ ਹੈ। ਇਸ ਖਾਰਸ਼ ਨੂੰ ਰੋਕਣ ਲਈ ਬਲੈਡਰ ਸੁੰਘੜਨ ਲਗਦਾ ਹੈ ਜਿਸ ਕਾਰਨ ਤੁਹਾਡਾ ਬਲੈਡਰ ਖ਼ਾਲੀ ਹੋਣ ਦੇ ਬਾਵਜੂਦ ਪਿਸ਼ਾਬ ਆਉਣ ਵਰਗਾ ਅਨੁਭਵ ਹੁੰਦਾ ਹੈ।
ਪਿਸ਼ਾਬ 'ਚੋਂ ਬਦਬੂ ਆਉਣੀ (Foul smelling Urine)
ਮੂਤਰ ਮਾਰਗ 'ਚ ਬੈਕਟੀਰੀਆ ਇਕ ਵਾਰ ਪਹੁੰਚ ਜਾਵੇ ਤਾਂ ਇਹ ਉੱਥੇ ਫਰਮੈਂਟੇਸ਼ਨ ਦੀ ਪ੍ਰਕਿਰਿਆ ਰਾਹੀਂ ਤੇਜ਼ੀ ਨਾਲ ਆਪਣੀ ਗਿਣਤੀ ਵਧਾਉਂਦੇ ਹਨ ਜਿਸ ਕਾਰਨ ਤੁਹਾਡੇ ਪਿਸ਼ਾਬ 'ਚੋਂ ਅਜੀਬ ਜਿਹੀ ਤੇਜ਼ ਬਦਬੂ ਆਉਂਦੀ ਹੈ। ਪਿਸ਼ਾਬ ਦੀ ਬਦਬੂ ਇਸ ਗੱਲ ਦਾ ਵੀ ਸੰਕੇਤ ਹੋ ਸਕਦੀ ਹੈ ਕਿ ਤੁਸੀਂ ਘਟ ਪਾਣੀ ਪੀਂਦੇ ਹੋ।
ਲੱਕ 'ਚ ਦਰਦ (Back Pain)
ਇਨਫੈਕਸ਼ਨ ਕਾਰਨ ਕਿਡਨੀ 'ਚ ਸੋਜ਼ਿਸ਼ ਆ ਜਾਂਦੀ ਹੈ ਜਿਸ ਕਾਰਨ ਕਈ ਵਾਰ ਦਰਦ ਹੋਣ ਲੱਗਦੀ ਹੈ। ਕਿਡਨੀ ਪੇਟ ਨਾਲੋਂ ਜ਼ਿਆਦਾ ਲੱਕ ਨੇੜੇ ਹੁੰਦੀ ਹੈ। ਇਸ ਲਈ ਤੁਹਾਨੂੰ ਆਪਣੀ ਪਿੱਠ 'ਚ ਦਰਦ ਜਿਹਾ ਮਹਿਸੂਸ ਹੋ ਸਕਦਾ ਹੈ।
ਪਿਸ਼ਾਬ ਕਰਦੇ ਸਮੇਂ ਦਰਦ ਜਾਂ ਜਲਨ (Pain While Urination)
ਕਿਡਨੀ ਇਨਫੈਕਸ਼ਨ ਇਕ ਤਰ੍ਹਾਂ ਦਾ ਯੂਟੀਆਈ (ਯੂਰਿਨਰੀ ਟ੍ਰੈਕਟ ਇਨਫੈਕਸ਼ਨ) ਹੈ। ਇਸ ਲਈ ਇਹ ਇਨਫੈਕਸ਼ਨ ਹੋਣ 'ਤੇ ਵੀ ਪਿਸ਼ਾਬ ਕਰਦੇ ਸਮੇਂ ਦਰਦ ਜਾ ਜਲਨ ਮਹਿਸੂਸ ਹੋ ਸਕਦੀ ਹੈ।
ਪਿਸ਼ਾਬ ਕਰਨ ਤੋਂ ਬਾਅਦ ਵੀ ਨਹੀਂ ਮਿਲਦੀ ਸੰਤੁਸ਼ਟੀ
ਆਮਤੌਰ 'ਤੇ ਪਿਸ਼ਾਬ ਕਰਨ ਤੋਂ ਬਾਅਦ ਤੁਹਾਨੂੰ ਸਕੂਨ ਮਿਲਦਾ ਹੈ। ਪਰ ਇਨਫੈਕਸ਼ਨ ਹੋਣ ਦੀ ਸੂਰਤ 'ਚ ਪਿਸ਼ਾਬ ਕਰਨ ਤੋਂ ਬਾਅਦ ਵੀ ਤੁਹਾਨੂੰ ਸੰਤੁਸ਼ਟੀ ਨਹੀਂ ਮਿਲਦੀ। ਕਈ ਵਾਰ ਅਜਿਹਾ ਲਗਦੈ ਕਿ ਹਾਲੇ ਹੋਰ ਪਿਸ਼ਾਬ ਆਵੇਗਾ ਅਤੇ ਕਈ ਵਾਰ ਪੂਰੀ ਤਰ੍ਹਾਂ ਮੁਕਤ ਤੋਂ ਬਾਅਦ ਕੁਝ ਬੂੰਦਾਂ ਬਾਅਦ 'ਚ ਵੀ ਨਿਕਲ ਜਾਂਦੀਆਂ ਹਨ। ਇਹ ਵੀ ਇਸ ਗੱਲ ਦਾ ਸੰਕੇਤ ਹੈ ਕਿ ਤੁਹਾਨੂੰ ਕਿਡਨੀ ਇਨਫੈਕਸ਼ਨ ਹੋ ਸਕਦਾ ਹੈ।
ਅੰਡਕੋਸ਼ (ਗ੍ਰੋਇਨ) 'ਚ ਦਰਦ
ਪੁਰਸ਼ਾਂ ਦੇ ਅੰਡਕੋਸ਼ 'ਚ ਲਗਾਤਾਰ ਦਰਦ ਵੀ ਕਿਡਨੀ ਇਨਫੈਕਸ਼ਨ ਦਾ ਸੰਕੇਤ ਹੋ ਸਕਦਾ ਹੈ। ਅਸਲ ਵਿਚ ਕਿਡਨੀ ਤੇ ਅੰਡਕੋਸ਼ ਵਿਚਕਾਰ ਇੱਕ ਹੀ ਨਰਵਸ ਜਾਂਦੀ ਹੈ। ਇਸ ਲਈ ਕਈ ਵਾਰ ਕਿਡਨੀ 'ਚ ਬੈਕਟੀਰੀਆ ਦਾ ਸੰਕ੍ਰਮਣ ਹੋਣ 'ਤੇ ਦਰਦ ਅੰਡਕੋਸ਼ 'ਚ ਮਹਿਸੂਸ ਹੁੰਦਾ ਹੈ।
ਪਿਸ਼ਾਬ ਨਾਲ ਖ਼ੂਨ ਆਉਣਾ (Blood in Urine)
ਆਮਤੌਰ 'ਤੇ ਪਿਸ਼ਾਬ ਦਾ ਰੰਗ ਸਫੈਦ, ਹਲਕਾ ਪੀਲਾ ਤੇ ਗਾੜ੍ਹਾ ਪੀਲਾ ਹੁੰਦਾ ਹੈ। ਜੇਕਰ ਪਿਸ਼ਾਬ ਨਾਲ ਤੁਹਾਨੂੰ ਲਾਲ ਰੰਗ ਯਾਨੀ ਖ਼ੂਨ ਦਿਸੇ ਤਾਂ ਇਹ ਕਿਡਨੀ ਜਾਂ ਮੂਤਰ ਨਲੀ ਦੀ ਕਿਸੇ ਸਮੱਸਿਆ ਦਾ ਸੰਕੇਤ ਹੈ। ਆਮ ਤੌਰ 'ਤੇ ਅਜਿਹਾ ਕਿਡਨੀ ਇਨਫੈਕਸ਼ਨ, ਕਿਡਨੀ ਕੈਂਸਰ ਵਰਗੀਆਂ ਸਮੱਸਿਆਵਾਂ 'ਚ ਹੀ ਹੁੰਦਾ ਹੈ।
ਪਿਸ਼ਾਬ 'ਚ ਸਫੈਦੀ
ਜੇਕਰ ਤੁਹਾਡੇ ਪਿਸ਼ਾਬ 'ਚੋਂ ਕੁਝ ਸਫੈਦ ਪਦਾਰਥ ਨਿਕਲੇ ਜਾਂ ਬਹੁਤ ਜ਼ਿਆਦਾ ਝੱਗ ਨਿਕਲੇ ਤਾਂ ਇਹ ਇਨਫੈਕਸ਼ਨ ਦਾ ਸੰਕੇਤ ਹੈ। ਅਸਲ ਵਿਚ ਇਨਫੈਕਸ਼ਨ ਰੋਕਣ ਲਈ ਸਰੀਰ ਵ੍ਹਾਈਟ ਬਲੱਡ ਸੈਲਜ਼ ਨੂੰ ਭੇਜਦਾ ਹੈ ਜਿਸ ਕਾਰਨ ਕਈ ਵਾਰ ਪਿਸ਼ਾਬ ਦੌਰਾਨ ਇਹ ਸੈੱਲਜ਼ ਵੀ ਬੈਕਟੀਰੀਆ ਸਮੇਤ ਬਾਹਰ ਨਿਕਲਣ ਲੱਗਦੇ ਹਨ।
ਬੁਖਾਰ (Fever)
ਆਮ ਤੌਰ 'ਤੇ ਬੁਖਾਰ ਉਦੋਂ ਤਕ ਨਹੀਂ ਚੜ੍ਹਦਾ ਜਦੋਂ ਤਕ ਇਨਫੈਕਸ਼ਨ ਬਲੈਡਰ 'ਚ ਹੁੰਦੀ ਹੈ। ਜਦੋਂ ਬੈਕਟੀਰੀਆ ਆਪਣੀ ਗਿਣਤੀ ਵਧਾਉਂਦੇ ਹੋਏ ਕਿਡਨੀ ਤਕ ਪਹੁੰਚ ਜਾਂਦੇ ਹਨ ਤਾਂ ਵਿਅਕਤੀ ਦਾ ਪ੍ਰਤੀਰੱਖਿਆ ਤੰਤਰ ਉਨ੍ਹਾਂ ਨੂੰ ਰੋਕਣ ਲਈ ਤਾਪਮਾਨ ਵਧਾ ਦਿੰਦਾ ਹੈ। ਇਸ ਲਈ ਬੁਖਾਰ ਵੀ ਕਿਡਨੀ ਇਨਫੈਕਸ਼ਨ ਦਾ ਸੰਕੇਤ ਹੋ ਸਕਦਾ ਹੈ।
ਚੱਕਰ ਆਉਣੇ
ਜੇਕਰ ਸ਼ੁਰੂਆਤੀ ਲੱਛਣਾਂ ਦੇ ਦਿਸਣ 'ਤੇ ਹੀ ਇਲਾਜ ਨਾ ਕੀਤਾ ਜਾਵੇ ਤਾਂ ਕਿਡਨੀ ਜ਼ਰੀਏ ਇਨਫੈਕਸ਼ਨ ਫੈਲਾਉਣ ਵਾਲੇ ਬੈਕਟੀਰੀਆ ਖ਼ੂਨ ਤਕ ਪਹੁੰਚ ਜਾਂਦੇ ਹਨ। ਇਹ ਸਥਿਤੀ ਪੂਰੇ ਸਰੀਰ ਲਈ ਖ਼ਤਰਨਾਕ ਹੋ ਸਕਦੀ ਹੈ। ਇਸ ਕਾਰਨ ਤੁਹਾਡਾ ਬਲੱਡ ਪ੍ਰੈਸ਼ਰ ਘਟ ਸਕਦਾ ਹੈ ਜਿਸ ਕਾਰਨ ਤੁਹਾਨੂੰ ਚੱਕਰ ਆਉਣ ਅਤੇ ਥਕਾਵਟ ਵਰਗੇ ਲੱਛਣ ਮਹਿਸੂਸ ਹੋ ਸਕਦੇ ਹਨ।