Postal Index Number : ਕੀ ਹੁੰਦਾ ਹੈ ਪਿੰਨ ਕੋਡ?
ਇਸ ਨਾਲ ਚਿੱਠੀਆਂ ਨੂੰ ਗ਼ਲਤ ਪਤੇ 'ਤੇ ਪਹੁੰਚਣ ਤੇ ਕਈ ਵਾਰ ਇੱਕੋ ਨਾਂ ਦੀਆਂ ਕਈ ਥਾਵਾਂ ਹੋਣ ਕਰਕੇ ਚਿੱਠੀ ਪਹੁੰਚਾਉਣ 'ਚ ਪੈਦਾ ਹੋਣ ਵਾਲੀ ਖੱਜਲ-ਖੁਆਰੀ ਬੰਦ ਹੋ ਗਈ। ਹਰ ਇਲਾਕੇ ਦਾ ਵੱਖਰਾ ਪਿੰਨ ਕੋਡ ਹੁੰਦਾ ਹੈ।
Publish Date: Fri, 11 Oct 2019 05:07 PM (IST)
Updated Date: Mon, 14 Oct 2019 12:02 PM (IST)
ਬੱਚਿਓ! ਪੋਸਟਲ ਇੰਡੈਕਸ ਨੰਬਰ ਜਿਸ ਨੂੰ ਅਸੀਂ ਆਮ ਤੌਰ 'ਤੇ ਪਿੰਨ (PIN) ਕੋਡ ਵੀ ਕਹਿੰਦੇ ਹਨ, ਜਿਹੜਾ ਡਾਕ ਵਿਭਾਗ ਵੱਲੋਂ ਵਰਤੋਂ 'ਚ ਲਿਅਇਆ ਜਾਂਦਾ ਹੈ। ਅਸੀਂ ਆਪਣੇ ਘਰਾਂ 'ਚ ਆਉਣ ਵਾਲੇ ਚਿੱਠੀ ਪੱਤਰਾਂ 'ਤੇ ਅਕਸਰ ਇਸ ਨੂੰ ਲਿਖਿਆ ਵੇਖਦੇ ਹਾਂ, ਜੋ ਛੇ ਅੰਕਾਂ ਦਾ ਹੁੰਦਾ ਹੈ। ਇਸ ਨਾਲ ਚਿੱਠੀ ਨੂੰ ਮੰਜ਼ਿਲ ਤਕ ਪਹੁੰਚਾਉਣ 'ਚ ਆਸਾਨੀ ਹੁੰਦੀ ਹੈ।
ਪਿੰਨ ਕੋਡ ਸਿਸਟਮ ਦਾ ਉਦਘਾਟਨ 15 ਅਗਸਤ 1972 ਨੂੰ ਉਸ ਸਮੇਂ ਦੀ ਸਰਕਾਰ ਦੇ ਸੰਚਾਰ ਵਿਭਾਗ ਦੇ ਵਧੀਕ ਸਕੱਤਰ ਸ੍ਰੀਰਾਮ ਭੀਕਾਜੀ ਵੇਲਾਂਕਰ ਨੇ ਕੀਤਾ ਸੀ। ਇਸ ਨਾਲ ਚਿੱਠੀਆਂ ਨੂੰ ਗ਼ਲਤ ਪਤੇ 'ਤੇ ਪਹੁੰਚਣ ਤੇ ਕਈ ਵਾਰ ਇੱਕੋ ਨਾਂ ਦੀਆਂ ਕਈ ਥਾਵਾਂ ਹੋਣ ਕਰਕੇ ਚਿੱਠੀ ਪਹੁੰਚਾਉਣ 'ਚ ਪੈਦਾ ਹੋਣ ਵਾਲੀ ਖੱਜਲ-ਖੁਆਰੀ ਬੰਦ ਹੋ ਗਈ। ਹਰ ਇਲਾਕੇ ਦਾ ਵੱਖਰਾ ਪਿੰਨ ਕੋਡ ਹੁੰਦਾ ਹੈ।
ਪਿੰਨ ਖ਼ਾਸ ਕਿਸਮ ਦਾ ਛੇ ਅੰਕਾਂ ਦਾ ਨੰਬਰ ਹੁੰਦਾ ਹੈ, ਜਿਸ ਦਾ ਹਰ ਅੰਕ ਖ਼ਾਸ ਖੇਤਰ ਲਈ ਨਿਰਧਾਰਤ ਕੀਤਾ ਹੋਇਆ ਹੈ। ਡਾਕ ਵਿਭਾਗ ਨੇ ਡਾਕ ਸਹੀ ਜਗ੍ਹਾ ਪਹੁੰਚਾਉਣ ਲਈ ਪੂਰੇ ਭਾਰਤ ਨੂੰ 9 ਜ਼ੋਨਾਂ 'ਚ ਵੰਡਿਆ ਹੈ, ਜਿਸ 'ਚ 8 ਜ਼ੋਨਾਂ 'ਚ ਭਾਰਤੀ ਸੂਬਿਆਂ ਨੂੰ ਵੰਡਿਆ ਹੋਇਆ ਹੈ ਤੇ ਨੌਵਾਂ ਜ਼ੋਨ ਫ਼ੌਜ ਲਈ ਹੈ, ਜਿਨ੍ਹਾਂ ਦਾ ਵੇਰਵਾ ਇਸ ਤਰ੍ਹਾਂ ਹੈ :
- ਜ਼ੋਨ 1 - ਦਿੱਲੀ, ਹਰਿਆਣਾ, ਪੰਜਾਬ, ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ ਤੇ ਚੰਡੀਗੜ੍ਹ।
- ਜ਼ੋਨ 2 - ਉੱਤਰ ਪ੍ਰਦੇਸ਼ ਤੇ ਉਤਰਾਖੰਡ।
- ਜ਼ੋਨ 3 - ਰਾਜਸਥਾਨ, ਗੁਜਰਾਤ, ਦਮਨ ਦਿਓ ਤੇ ਦਾਦਰਾ ਨਗਰ ਹਵੇਲੀ।
- ਜ਼ੋਨ 4 - ਮਹਾਰਾਸ਼ਟਰ, ਗੋਆ, ਮੱਧ ਪ੍ਰਦੇਸ਼ ਤੇ ਛੱਤੀਸਗੜ੍ਹ।
- ਜ਼ੋਨ 5 - ਤੇਲੰਗਾਨਾ, ਆਂਧਰਾ ਪ੍ਰਦੇਸ਼, ਕਰਨਾਟਕ।
- ਜ਼ੋਨ 6 - ਤਮਿਲਨਾਡੂ, ਕੇਰਲਾ, ਪੁਡੂਚੇਰੀ, ਲਕਸ਼ਦੀਪ।
- ਜ਼ੋਨ 7 - ਪੱਛਮੀ ਬੰਗਾਲ, ਉੜੀਸਾ, ਅਰੁਣਾਚਲ ਪ੍ਰਦੇਸ਼, ਨਾਗਾਲੈਂਡ, ਮਨੀਪੁਰ, ਮਿਜ਼ੋਰਮ, ਤ੍ਰਿਪੁਰਾ, ਮੇਘਾਲਿਆ, ਅੰਡੇਮਾਨ ਨਿਕੋਬਾਰ ਦੀਪ ਸਮੂਹ, ਅਸਾਮ ਤੇ ਸਿੱਕਮ।
- ਜ਼ੋਨ 8 - ਬਿਹਾਰ ਤੇ ਝਾਰਖੰਡ।
- ਜ਼ੋਨ 9 - ਸੈਨਾ ਲਈ।
ਪਿੰਨ ਕੋਡ ਦਾ ਪਹਿਲਾ ਅੰਕ ਜ਼ੋਨ ਵੱਲ ਇਸ਼ਾਰਾ ਕਰਦਾ ਹੈ, ਜਿਵੇਂ ਪੰਜਾਬ ਇਕ ਨੰਬਰ ਜ਼ੋਨ 'ਚ ਹੈ। ਦੂਸਰਾ ਅੰਕ ਸਬ ਜ਼ੋਨ ਵੱਲ ਇਸ਼ਾਰਾ ਕਰਦਾ ਹੈ। ਤੀਸਰਾ ਅੰਕ ਜ਼ੋਨ 'ਚੋਂ ਮੁੱਖ ਡਾਕਘਰ ਦਾ ਹੁੰਦਾ ਹੈ ਤੇ ਪਿਛਲੇ ਤਿੰਨ ਅੰਕ ਸਬੰਧਤ ਡਾਕਘਰ ਦਾ ਨੰਬਰ ਹੁੰਦਾ ਹੈ। ਇਸ ਤਰ੍ਹਾਂ ਇਨ੍ਹਾਂ ਅੰਕਾਂ ਮੁਤਾਬਿਕ ਚਿੱਠੀ ਪੱਤਰਾਂ ਦੀ ਛਾਂਟੀ ਕਰ ਕੇ ਉਨ੍ਹਾਂ ਨੂੰ ਸਬੰਧਤ ਡਾਕਘਰਾਂ ਤੇ ਉੱਥੋਂ ਦੇ ਵਿਅਕਤੀਆਂ ਤਕ ਪਹੁੰਚਾ ਦਿੱਤਾ ਜਾਂਦਾ ਹੈ।
- ਹਰਮਿੰਦਰ ਸਿੰਘ ਕੈਂਥ