ਆਧੁਨਿਕ ਯੁੱਗ ’ਚ ਬੱਚਿਆਂ ਵਿਚ ਵੱਧ ਤੋਂ ਵੱਧ ਨੰਬਰ ਲੈਣ ਦੀ ਹੋੜ ਨੇ ਉਨ੍ਹਾਂ ਨੂੰ ਤਣਾਅਗ੍ਰਸਤ ਬਣਾ ਦਿੱਤਾ ਹੈ। ਹਰ ਮਾਂ-ਬਾਪ ਚਾਹੁੰਦਾ ਹੈ ਕਿ ਦਸਵੀਂ-ਬਾਰ੍ਹਵੀਂ ਦੇ ਜਦੋਂ ਵੀ ਨਤੀਜੇ ਆਉਣ ਤਾਂ ਸਾਡਾ ਬੱਚਾ ਕਲਾਸ, ਸਕੂਲ, ਜ਼ਿਲ੍ਹੇ ਜਾਂ ਬੋਰਡ ਵਿੱਚੋਂ ਪਹਿਲੇ ਨੰਬਰ ’ਤੇ ਆਵੇ। ਉਦੋਂ ਉਹ ਇਹ ਭੁੱਲ ਜਾਂਦੇ ਨੇ ਕਿ ਹਰ ਬੱਚਾ ਇੱਕੋ ਜਿਹਾ ਨਹੀਂ ਹੁੰਦਾ।

ਆਧੁਨਿਕ ਯੁੱਗ ’ਚ ਬੱਚਿਆਂ ਵਿਚ ਵੱਧ ਤੋਂ ਵੱਧ ਨੰਬਰ ਲੈਣ ਦੀ ਹੋੜ ਨੇ ਉਨ੍ਹਾਂ ਨੂੰ ਤਣਾਅਗ੍ਰਸਤ ਬਣਾ ਦਿੱਤਾ ਹੈ। ਹਰ ਮਾਂ-ਬਾਪ ਚਾਹੁੰਦਾ ਹੈ ਕਿ ਦਸਵੀਂ-ਬਾਰ੍ਹਵੀਂ ਦੇ ਜਦੋਂ ਵੀ ਨਤੀਜੇ ਆਉਣ ਤਾਂ ਸਾਡਾ ਬੱਚਾ ਕਲਾਸ, ਸਕੂਲ, ਜ਼ਿਲ੍ਹੇ ਜਾਂ ਬੋਰਡ ਵਿੱਚੋਂ ਪਹਿਲੇ ਨੰਬਰ ’ਤੇ ਆਵੇ। ਉਦੋਂ ਉਹ ਇਹ ਭੁੱਲ ਜਾਂਦੇ ਨੇ ਕਿ ਹਰ ਬੱਚਾ ਇੱਕੋ ਜਿਹਾ ਨਹੀਂ ਹੁੰਦਾ। ਹਰ ਬੱਚੇ ਦੀ ਤੁਲਨਾ ਦੂਸਰੇ ਬੱਚੇ ਨਾਲ ਨਹੀਂ ਕੀਤੀ ਜਾ ਸਕਦੀ। ਹਰ ਬੱਚੇ ਅੰਦਰ-ਅਲੱਗ ਅਲੱਗ ਤਰ੍ਹਾਂ ਦਾ ਹੁਨਰ ਹੁੰਦਾ ਹੈ। ਕੁਝ ਬੱਚੇ ਸਾਰਾ ਕੁਝ ਬਹੁਤ ਜਲਦੀ ਯਾਦ ਕਰ ਲੈਂਦੇ ਹਨ ਪਰ ਕੁਝ ਵਾਸਤੇ ਇਹ ਬਹੁਤ ਔਖਾ ਹੁੰਦਾ। ਹਰ ਮਾਂ-ਬਾਪ ਦੀ ਇੱਕੋ ਇੱਛਾ ਹੈ ਕਿ ਉਨ੍ਹਾਂ ਦਾ ਬੱਚਾ ਟਾਪਰ ਹੋਣਾ ਚਾਹੀਦਾ ਹੈ। ਬੱਸ ਇਸੇ ਚੀਜ਼ ਨੇ ਅੱਜ ਬੱਚਿਆਂ ਨੂੰ ਮੁਸੀਬਤ ’ਚ ਪਾ ਦਿੱਤਾ ਹੈ।
ਸਿੱਖਣ ਲਈ ਕਰੋ ਪ੍ਰੇਰਿਤ
ਹਰ ਬੱਚੇ ਨੂੰ ਆਪਣੇ ਇਮਤਿਹਾਨ ਦੇ ਨਤੀਜਿਆਂ ਤੋਂ ਇੰਨਾ ਡਰ ਲੱਗਦਾ ਹੈ ਕਿ ਜੇ ਅਸੀਂ ਆਪਣੇ ਮਾਂ-ਬਾਪ ਤੇ ਸਕੂਲ ਦੇ ਅਧਿਆਪਕਾਂ ਦੀਆਂ ਉਮੀਦਾਂ ’ਤੇ ਖ਼ਰੇ ਨਾ ਉਤਰੇ ਤਾਂ ਕੀ ਬਣੇਗਾ। ਇਹੋ ਜਿਹੇ ਹਾਲਾਤਾਂ ਵਿਚ ਕਈ ਵਾਰ ਬੱਚੇ ਘਰੋਂ ਭੱਜ ਜਾਂਦੇ ਹਨ ਤੇ ਕਈ ਡਿਪਰੈਸ਼ਨ ’ਚ ਚਲੇ ਜਾਂਦੇ ਹਨ। ਇਥੋਂ ਤੱਕ ਕਿ ਕਈ ਬੱਚੇ ਆਤਮ-ਹੱਤਿਆ ਕਰਨ ਤੋਂ ਵੀ ਨਹੀਂ ਝਿਜਕਦੇ। ਇਸ ਕਰਕੇ ਹਰ ਮਾਂ-ਬਾਪ ਦੀ ਨੈਤਿਕ ਜ਼ਿੰਮੇਵਾਰੀ ਬਣਦੀ ਹੈ ਕਿ ਬੱਚਿਆਂ ਨੂੰ ਪੜ੍ਹਾਉਣਾ ਜ਼ਰੂਰੀ ਹੈ। ਬੱਚਿਆਂ ਦੇ ਚੰਗੇ ਨੰਬਰ ਆਉਣ ਲਈ ਇਹ ਵੀ ਜ਼ਰੂਰੀ ਹੈ ਪਰ ਚੰਗੇ ਨੰਬਰ ਆਉਣ ਵਾਸਤੇ ਉਨ੍ਹਾਂ ’ਤੇ ਇੰਨਾ ਦਬਾਅ ਬਣਾਉਣਾ ਠੀਕ ਨਹੀਂ ਕਿਉਂਕਿ ਇਹ ਗੱਲਾਂ ਉਨ੍ਹਾਂ ਦੀ ਸ਼ਖ਼ਸੀਅਤ ’ਤੇ ਬਹੁਤ ਡੂੰਘਾ ਅਸਰ ਪਾਉਂਦੀਆਂ ਹਨ। ਇਸ ਕਰਕੇ ਇਹ ਸੋਚਣ ਦਾ ਵਿਸ਼ਾ ਹੈ ਕਿ ਅਸੀਂ ਆਪਣੇ ਬੱਚਿਆਂ ਨਾਲ ਕੁਆਲਿਟੀ ਟਾਈਮ ਬਿਤਾਈਏ। ਉਨ੍ਹਾਂ ਨੂੰ ਸਿੱਖਣ ਲਈ ਪ੍ਰੇਰਿਤ ਕਰੀਏ, ਉਨ੍ਹਾਂ ਦੀ ਕਾਊਂਸਲਿੰਗ ਕਰੀਏ ਪਰ ਡਰ ਵਾਲਾ ਮਾਹੌਲ ਪੈਦਾ ਨਾ ਕਰੀਏ ਕਿ ਬੱਚੇ ਇਮਤਿਹਾਨਾਂ ਦੇ ਨਤੀਜੇ ਆਉਣ ਤੋਂ ਪਹਿਲਾਂ ਹੀ ਬਿਮਾਰ ਪੈ ਜਾਣ।
ਸਹਿਣਾ ਹੋ ਜਾਂਦਾ ਔਖਾ
ਹਰ ਮਾਂ-ਬਾਪ ਆਪਣੇ ਬੱਚਿਆਂ ਦੀ ਜ਼ਿੰਦਗੀ ਨੂੰ ਖ਼ੁਦ ਦੀ ਜ਼ਿੰਦਗੀ ਨਾਲੋਂ ਕਈ ਗੁਣਾਂ ਬਿਹਤਰ ਬਣਾਉਣੀ ਲੋਚਦਾ ਹੈ। ਅਕਸਰ ਹੀ ਮਾਪੇ ਖ਼ੁਦ ਦੇ ਸੁਪਨਿਆਂ ਦੀ ਪੂਰਤੀ ਆਪਣੇ ਬੱਚਿਆਂ ਵਿੱਚੋਂ ਕਰਨੀ ਚਾਹੁੰਦੇ ਹਨ। ਉਹ ਚਾਹੁੰਦੇ ਹਨ ਕਿ ਜ਼ਿੰਦਗੀ ’ਚ ਜੋ ਮੁਕਾਮ ਉਹ ਖ਼ੁਦ ਨਹੀਂ ਹਾਸਿਲ ਕਰ ਸਕੇ, ਉਸ ਨੂੰ ਉਨ੍ਹਾਂ ਦੇ ਬੱਚੇ ਜ਼ਰੂਰ ਹਾਸਿਲ ਕਰਨ। ਅਜਿਹਾ ਸੋਚਦਿਆਂ ਕਈ ਵਾਰ ਮਾਪੇ ਬੱਚਿਆਂ ’ਤੇ ਪ੍ਰਾਪਤੀਆਂ ਲਈ ਬੇਲੋੜਾ ਦਬਾਅ ਪਾਉਣਾ ਸ਼ੁਰੂ ਕਰ ਦਿੰਦੇ ਹਨ। ਬਹੁਤ ਵਾਰ ਦੇਖਣ ’ਚ ਆਉਂਦਾ ਹੈ ਕਿ ਕਈ ਮਾਂ-ਬਾਪ ਆਪਣੇ ਬੱਚਿਆਂ ਨੂੰ ਇੰਨਾ ਜ਼ਲੀਲ ਕਰ ਦਿੰਦੇ ਹਨ ਕਿ ਉਨ੍ਹਾਂ ਨੂੰ ਸਹਿਣਾ ਬਹੁਤ ਔਖਾ ਹੋ ਜਾਂਦਾ ਹੈ, ਜਿਵੇਂ ਉਹ ਅਕਸਰ ਕਹਿ ਦਿੰਦੇ ਹਨ ਕਿ ਅਸੀਂ ਤਾਂ ਉਮਰ ਭਰ ਦੀ ਕਮਾਈ ਤੁਹਾਡੇ ’ਤੇ ਲਾ ਰਹੇ ਹਾਂ ਤੇ ਤੁਸੀਂ ਉਸ ਦੇ ਬਦਲੇ ਕਿੰਨਾ ਮਾੜਾ ਨਤੀਜਾ ਦੇ ਰਹੇ ਹੋ। ਅਸੀਂ ਸਮਾਜ ਵਿਚ ਮੂੰਹ ਦਿਖਾਉਣ ਜੋਗੇ ਨਹੀਂ ਹਾਂ, ਰਿਸ਼ਤੇਦਾਰਾਂ ਨੂੰ ਕੀ ਜਵਾਬ ਦੇਵਾਂਗੇ। ਗੁਆਂਢੀਆਂ ਦੇ ਮੁੰਡੇ ਵੱਲ ਦੇਖ ਕਿ ਉਸ ਨੇ ਕਿਵੇਂ ਆਪਣੇ ਮਾਪਿਆਂ ਦਾ ਨਾਂ ਰੋਸ਼ਨ ਕੀਤਾ ਹੈ। ਇਹ ਸਭ ਕੁਝ ਸੁਣ ਕੇ ਬੱਚੇ ਸੋਚਦੇ ਹਨ ਕਿ ਜੇ ਅਸੀਂ ਆਪਣੇ ਮਾਪਿਆਂ ਦਾ ਸੁਪਨਾ ਪੂਰਾ ਨਹੀਂ ਕਰ ਸਕੇ ਤਾਂ ਸਾਨੂੰ ਜਿਊਣਾ ਨਹੀਂ ਚਾਹੀਦਾ। ਬਹੁਤ ਸਾਰੇ ਬੱਚੇ ਇਸ ਤਰ੍ਹਾਂ ਦੇ ਹਾਲਾਤਾਂ ਵਿਚ ਡਿਪਰੈਸ਼ਨ ਵਿਚ ਚਲੇ ਜਾਂਦੇ ਹਨ। ਕੁਝ ਬੱਚੇ ਆਪਣੇ ਰਸਤੇ ਤੋਂ ਭਟਕ ਕੇ ਨਸ਼ਾ ਆਦਿ ਕਰਨਾ ਸ਼ੁਰੂ ਕਰ ਦਿੰਦੇ ਹਨ ਅਤੇ ਕਈ ਵਾਰ ਗ਼ਲਤ ਸੰਗਤ ਵਿਚ ਪੈ ਜਾਂਦੇ ਹਨ। ਜਦੋਂ ਇਹ ਸਭ ਉਨ੍ਹਾਂ ਦੇ ਸਹਿਣ ਤੋਂ ਬਾਹਰ ਹੋ ਜਾਂਦਾ ਹੈ ਤਾਂ ਉਹ ਖ਼ੁਦਕੁਸ਼ੀ ਦਾ ਰਾਹ ਅਖ਼ਤਿਆਰ ਕਰ ਲੈਂਦੇ ਹਨ। ਅਕਸਰ ਇਸ ਤਰ੍ਹਾਂ ਦੀਆਂ ਖ਼ਬਰਾਂ ਨਤੀਜਿਆਂ ਦੇ ਦਿਨਾਂ ਵਿਚ ਸੁਰਖੀਆਂ ਬਣਦੀਆਂ ਹਨ।
ਰੁਚੀ ਮੁਤਾਬਿਕ ਲੈ ਕੇ ਦਿੱਤੇ ਜਾਣ ਵਿਸ਼ੇ
ਮਾਪਿਆਂ ਨੂੰ ਚਾਹੀਦਾ ਹੈ ਕਿ ਬੱਚਿਆਂ ਨੂੰ ਉਨ੍ਹਾਂ ਦਾ ਰੁਚੀ ਮੁਤਾਬਿਕ ਵਿਸ਼ੇ ਲੈ ਕੇ ਦਿੱਤੇ ਜਾਣ। ਹਰ ਬੱਚਾ ਡਾਕਟਰ ਜਾਂ ਇੰਜੀਨੀਅਰ ਬਣਨ ਦੀ ਯੋਗਤਾ ਨਹੀਂ ਰੱਖਦਾ। ਹੋਰ ਵੀ ਬਹੁਤ ਸਾਰੇ ਖੇਤਰ ਹਨ, ਜਿਨ੍ਹਾਂ ਵਿਚ ਉਹ ਮੁਹਾਰਤ ਹਾਸਿਲ ਕਰ ਸਕਦਾ ਹੈ। ਇਕ ਲੜਕੇ ਨੂੰ ਮਜਬੂਰੀ ਵਿਚ ਮੈਡੀਕਲ ਵਿਸ਼ਾ ਲੈ ਕੇ ਦਿੱਤਾ ਗਿਆ ਪਰ ਉਹ ਪਾਸ ਨਹੀਂ ਹੋ ਸਕਿਆ। ਜਦੋਂ ਉਸ ਨੇ ਆਪਣੀ ਯੋਗਤਾ ਅਨੁਸਾਰ ਵਿਸ਼ਾ ਚੁਣਿਆ ਤਾਂ ਉਹ ਬੋਰਡ ਵਿਚ ਪਹਿਲੇ ਦਰਜੇ ’ਤੇ ਰਿਹਾ। ਇਸ ਕਰਕੇ ਮਾਪਿਆਂ ਨੂੰ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਉਨ੍ਹਾਂ ਦਾ ਬੱਚਾ ਪ੍ਰਤਿਭਾਵਾਨ ਹੈ। ਉਸ ਦੇ ਅੰਦਰ ਵੀ ਬਹੁਤ ਸਾਰੇ ਹੁਨਰ ਲੁਕੇ ਹੋਏ ਹਨ। ਉਹ ਵੀ ਆਪਣੀ ਫੀਲਡ ’ਚ ਉਨ੍ਹਾਂ ਦੀ ਮਦਦ ਨਾਲ ਬਹੁਤ ਕੁਝ ਕਰ ਸਕਦਾ ਹੈ।
ਦੋਸਤਾਨਾ ਵਿਹਾਰ ਕਰੋ
ਸਭ ਤੋਂ ਪਹਿਲਾਂ ਬੱਚਿਆਂ ਨੂੰ ਬਣਦਾ ਸਮਾਂ ਦੇਣ ਦੀ ਲੋੜ ਹੈ ਤਾਂ ਜੋ ਉਹ ਤੁਹਾਡੇ ਸਨੇਹ ਹੇਠ ਰਹਿਣ। ਬੇਮਤਲਬ ਦਾ ਗੁੱਸਾ ਤੇ ਜਬਰੀ ਥੋਪੀਆਂ ਬੰਦਿਸ਼ਾਂ ਬੱਚਿਆਂ ਨੂੰ ਤੁਹਾਡੇ ਤੋਂ ਬਹੁਤ ਦੂਰ ਲਿਜਾ ਸਕਦੀਆਂ ਹਨ। ਅਸੀਂ ਵੀ ਕਿਸੇ ਦੁੱਖ, ਮੁਸੀਬਤ ਜਾਂ ਉਲਝਣ ਸਮੇਂ ਚੰਗੇ ਦੋਸਤ ਦੀ ਸੰਗਤ ਅਤੇ ਅਗਵਾਈ ਲੋਚਦੇ ਹਾਂ, ਠੀਕ ਉਸੇ ਤਰ੍ਹਾਂ ਬੱਚਿਆਂ ਨੂੰ ਵੀ ਆਪਣੀਆਂ ਨਿੱਕੀਆਂ-ਨਿੱਕੀਆਂ ਉਲਝਣਾਂ ਦੇ ਹੱਲ ਲਈ ਦੋਸਤ ਮਾਪਿਆਂ ਦੀ ਲੋੜ ਹੁੰਦੀ ਹੈ। ਜਿਸ ਤਰ੍ਹਾਂ ਦੇ ਵੀ ਬੱਚਿਆਂ ਦੇ ਨਤੀਜੇ ਆਉਣ, ਉਨ੍ਹਾਂ ਨੂੰ ਸਵੀਕਾਰ ਕਰੋ। ਬੱਚਿਆਂ ਨਾਲ ਦੋਸਤਾਨਾ ਵਿਹਾਰ ਕਰੋ, ਤਾਂ ਜੋ ਉਹ ਆਪਣੀ ਹਰ ਸਮੱਸਿਆ ਨੂੰ ਤੁਹਾਡੇ ਨਾਲ ਸਾਂਝੀ ਕਰ ਸਕਣ ਤੇ ਮਿਲ ਕੇ ਸਮੱਸਿਆ ਦਾ ਹੱਲ ਲੱਭਿਆ ਜਾ ਸਕੇ।
ਦੂਜਿਆਂ ਨਾਲ ਨਾ ਕਰੋ ਤੁਲਨਾ
ਬਚਪਨ ਜਜ਼ਬਾਤੀ ਹੁੰਦਾ ਹੈ, ਇਸ ਲਈ ਬੱਚਿਆਂ ਦੀਆਂ ਮਲੂਕ ਭਾਵਨਾਵਾਂ ਦੀ ਕਦਰ ਕਰੋ। ਬੱਚਿਆਂ ਨੂੰ ਪੜ੍ਹਾਈ ਹਊਆ ਨਹੀਂ ਸਗੋਂ ਜੀਵਨ ਖ਼ੁਸ਼ੀਆਂ ਦਾ ਸਾਧਨ ਹੋਣ ਬਾਰੇ ਦੱਸੋ। ਡਰ ਪਾਉਣ ਨਾਲ ਬੱਚੇ ਦੱਬੂ ਬਣ ਜਾਂਦੇ ਹਨ ਅਤੇ ਸਾਰੀ ਉਮਰ ਅਧੂਰੇ ਹੀ ਰਹਿੰਦੇ ਹਨ। ਡਰ ਬੱਚੇ ਨੂੰ ਮਾਨਸਿਕ ਅਪਾਹਜ ਬਣਾ ਦਿੰਦਾ ਹੈ। ਆਪਣੀ ਔਲਾਦ ਦੀ ਉਸ ਦੇ ਸਾਥੀਆਂ ਜਾਂ ਹੁਸ਼ਿਆਰ ਜਮਾਤੀਆਂ ਨਾਲ ਤੁਲਨਾ ਕਰਨੀ ਮਾੜਾ ਰੁਝਾਨ ਹੈ, ਇਸ ਨਾਲ ਬੱਚੇ ਅੰਦਰ ਹੀਣਭਾਵਨਾ ਵੱਧਦੀ ਹੈ।
ਹਰ ਪ੍ਰੀਖਿਆ ਆਖ਼ਰੀ ਨਹੀਂ ਹੁੰਦੀ
ਬੱਚਿਆਂ ਨੂੰ ਦੱਸੋ ਕਿ ਹਰ ਪ੍ਰੀਖਿਆ ਆਖ਼ਰੀ ਨਹੀਂ ਹੁੰਦੀ, ਜ਼ਿੰਦਗੀ ਵਿਚ ਹੋਰ ਵੀ ਬਹੁਤ ਸਾਰੇ ਮੌਕੇ ਮਿਲਣਗੇ। ਅੱਗਿਓਂ ਹੋਰ ਗ਼ਲਤੀਆਂ ਨਹੀਂ ਕਰਨੀਆਂ ਸਗੋਂ ਇਨ੍ਹਾਂ ਤੋਂ ਸਿੱਖ ਕੇ ਅੱਗੇ ਵਧਣਾ ਹੈ। ਉਨ੍ਹਾਂ ਨੂੰ ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਇਮਤਿਹਾਨ ਜੀਵਨ ਦਾ ਸਿਰਫ਼ ਇਕ ਪੜਾਅ ਹਨ, ਪੂਰਾ ਜੀਵਨ ਨਹੀਂ। ਬੱਚਿਆਂ ਨੂੰ ਸਿਖਾਓ ਕਿ ਸਫਲਤਾ ਕੇਵਲ ਅੰਕਾਂ ਨਾਲ ਨਹੀਂ ਮਾਪੀ ਜਾਂਦੀ। ਜਦੋਂ ਉਹ ਇਹ ਗੱਲ ਸਮਝ ਲੈਂਦੇ ਹਨ, ਤਾਂ ਨਾ ਸਿਰਫ਼ ਇਮਤਿਹਾਨਾਂ ਦਾ ਡਰ ਘਟਦਾ ਹੈ ਸਗੋਂ ਉਹ ਜੀਵਨ ਦੀਆਂ ਵੱਡੀਆਂ ਚੁਣੌਤੀਆਂ ਨਾਲ ਵੀ ਹਿੰਮਤ ਨਾਲ ਨਜਿੱਠ ਸਕਦੇ ਹਨ। ਅਸਲੀ ਸਫਲਤਾ ਉਹੀ ਹੈ ਜਿੱਥੇ ਡਰ ਨਹੀਂ, ਸਿਰਫ਼ ਹੌਸਲਾ ਹੁੰਦਾ ਹੈ। ਜੇ ਮਾਪੇ, ਅਧਿਆਪਕ ਅਤੇ ਸਮਾਜ ਮਿਲ ਕੇ ਅਜਿਹਾ ਮਾਹੌਲ ਬਣਾਉਣ, ਜਿਸ ਵਿਚ ਬੱਚੇ ਖੁੱਲ੍ਹੇ ਮਨ ਨਾਲ ਸਿੱਖ ਸਕਣ, ਤਾਂ ਭਵਿੱਖ ਦੀ ਪੀੜ੍ਹੀ ਹੋਰ ਵੀ ਨਿੱਖਰੀ ਹੋਵੇਗੀ।
ਬੱਚਿਆਂ ਨਾਲ ਬਿਤਾਓ ਸਮਾਂ
ਇਸ ਸਮੇਂ ਬੱਚਿਆਂ ਨੂੰ ਜ਼ਿਆਦਾ ਸਮਾਂ ਇਕੱਲਿਆਂ ਨਾ ਛੱਡੋ। ਉਨ੍ਹਾਂ ਨਾਲ ਕੁਆਲਿਟੀ ਸਮਾਂ ਬਿਤਾਓ ਤਾਂ ਜੋ ਉਨ੍ਹਾਂ ਦਾ ਮਨ ਹੋਰ ਪਾਸੇ ਲੱਗ ਸਕੇ। ਉਨ੍ਹਾਂ ਉੱਤੇ ਪਾਬੰਦੀਆਂ ਵੀ ਨਾ ਲਾਓ। ਇਸ ਤੋਂ ਇਲਾਵਾ ਘਰ ਦਾ ਮਾਹੌਲ ਵੀ ਖ਼ੁਸ਼ਨੁਮਾ ਰੱਖੋ। ਕਾਮਯਾਬ ਹੋਣ ਲਈ ਟਾਪਰ ਹੋਣਾ ਜ਼ਰੂਰੀ ਨਹੀ। ਕਦੇ ਵੀ ਬੱਚਿਆਂ ਦੀ ਯੋਗਤਾ ਉੱਤੇ ਸਵਾਲ ਨਾ ਉਠਾਓ। ਉਨ੍ਹਾਂ ਦੀਆਂ ਕਮਜ਼ਰੀਆਂ ਨਾ ਲੱਭੋ ਸਗੋਂ ਹਰ ਗੱਲ ਖੁੱਲ੍ਹ ਕੇ ਕਰੋ। ਉਨ੍ਹਾਂ ਨੂੰ ਦੱਸੋ ਕਿ ਘੱਟ ਨੰਬਰ ਆਉਣਾ ਇਕ ਪ੍ਰੀਖਿਆ ਹੀ ਨਹੀਂ ਸਗੋਂ ਆਉਣ ਵਾਲੇ ਜੀਵਨ ਨੂੰ ਸਿੱਖਣ ਦਾ ਮੌਕਾ ਹਨ। ਬੱਚਿਆਂ ਨੇ ਜਿੰਨੀ ਵੀ ਮਿਹਨਤ ਕੀਤੀ ਹੈ, ਉਸ ਦੀ ਤਾਰੀਫ਼ ਕਰੋ। ਉਨ੍ਹਾਂ ਨੂੰ ਹੌਸਲਾ ਦਿਉ ਕਿ ਉਨ੍ਹਾਂ ਦੇ ਮਾਂ-ਬਾਪ ਹਮੇਸ਼ਾ ਉਨ੍ਹਾਂ ਦੇ ਨਾਲ ਖੜ੍ਹੇ ਹਨ। ਕਦੇ ਵੀ ਘਬਰਾਉਣ ਦੀ ਜ਼ਰੂਰਤ ਨਹੀਂ। ਆਪਣੇ ਬੱਚਿਆਂ ਨੂੰ ਤਰਜੀਹ ਦਿਉ ਕਿਉਂਕਿ ਤੁਹਾਡੇ ਤੋਂ ਜ਼ਿਆਦਾ ਉਨ੍ਹਾਂ ਦਾ ਹਿੱਤਕਾਰੀ ਕੋਈ ਨਹੀਂ ਹੈ। ਤੁਹਾਡੇ ਸਾਥ ਦੇ ਨਾਲ ਹੀ ਉਹ ਪ੍ਰੀਖਿਆ ਪਾਸ ਕਰ ਲੈਣਗੇ।
- ਪ੍ਰਵੀਨ ਅਬਰੋਲ