ਜੀਵਨ ਇਕ ਜੰਗ ਹੈ। ਇਹ ਜੰਗ ਸਿਰਫ਼ ਦੁਨੀਆ ਨਾਲ ਨਹੀਂ ਸਗੋਂ ਆਪਣੇ ਅੰਦਰਲੇ ਡਰਾਂ, ਹੌਸਲਿਆਂ ਤੇ ਜ਼ਿੱਦਾਂ ਨਾਲ ਵੀ ਹੈ। ਬੰਦੇ ਦੀ ਸੋਚ ਉਸ ਦਾ ਸਭ ਤੋਂ ਵੱਡਾ ਹਥਿਆਰ ਹੈ। ਜਿਹੜੇ ਲੋਕ ਹਿੰਮਤ ਛੱਡ ਬੈਠਦੇ ਹਨ, ਕਿਸਮਤ ਦਾ ਰੌਣਾ ਰੋਂਦੇ ਹਨ, ਉਹ ਸਮੇਂ ਦੀ ਧੁੰਦ ਵਿਚ ਗੁੰਮ ਹੋ ਜਾਂਦੇ ਹਨ ਪਰ ਜਿਹੜੇ ਲੋਕ ਹੌਸਲਾ ਨਹੀਂ ਹਾਰਦੇ, ਪੱਥਰਾਂ ਦਾ ਸੀਨਾ ਚੀਰ ਕੇ ਵੀ ਰਾਹ ਬਣਾਉਂਦੇ ਹਨ।

ਜੀਵਨ ਇਕ ਜੰਗ ਹੈ। ਇਹ ਜੰਗ ਸਿਰਫ਼ ਦੁਨੀਆ ਨਾਲ ਨਹੀਂ ਸਗੋਂ ਆਪਣੇ ਅੰਦਰਲੇ ਡਰਾਂ, ਹੌਸਲਿਆਂ ਤੇ ਜ਼ਿੱਦਾਂ ਨਾਲ ਵੀ ਹੈ। ਬੰਦੇ ਦੀ ਸੋਚ ਉਸ ਦਾ ਸਭ ਤੋਂ ਵੱਡਾ ਹਥਿਆਰ ਹੈ। ਜਿਹੜੇ ਲੋਕ ਹਿੰਮਤ ਛੱਡ ਬੈਠਦੇ ਹਨ, ਕਿਸਮਤ ਦਾ ਰੌਣਾ ਰੋਂਦੇ ਹਨ, ਉਹ ਸਮੇਂ ਦੀ ਧੁੰਦ ਵਿਚ ਗੁੰਮ ਹੋ ਜਾਂਦੇ ਹਨ ਪਰ ਜਿਹੜੇ ਲੋਕ ਹੌਸਲਾ ਨਹੀਂ ਹਾਰਦੇ, ਪੱਥਰਾਂ ਦਾ ਸੀਨਾ ਚੀਰ ਕੇ ਵੀ ਰਾਹ ਬਣਾਉਂਦੇ ਹਨ। ਕੁਝ ਲੋਕ ਆਪਣੀ ਅਸਫਲਤਾ ਦਾ ਦੋਸ਼ ਹਮੇਸ਼ਾ ਕਿਸਮਤ ਉੱਤੇ ਲਾ ਦੇਂਦੇ ਹਨ। ਉਹ ਕਹਿੰਦੇ ਹਨ, ‘ਕਿਸਮਤ ਨੇ ਸਾਥ ਨਹੀਂ ਦਿੱਤਾ, ਤਾਂ ਮੈਂ ਕੀ ਕਰਦਾ’? ਇਹ ਸੋਚ ਹੀ ਬੰਦੇ ਨੂੰ ਅੱਗੇ ਵਧਣ ਤੋਂ ਰੋਕਦੀ ਹੈ। ਸ਼ਿਕਵਾ ਕਰਨ ਵਾਲੇ ਲੋਕ ਕਦੇ ਆਪਣੇ ਅੰਦਰ ਝਾਤੀ ਮਾਰ ਕੇ ਨਹੀਂ ਵੇਖਦੇ ਕਿ ਉਨ੍ਹਾਂ ਦੀ ਮਿਹਨਤ ਵਿਚ ਕਮੀ ਕਿੱਥੇ ਰਹਿ ਗਈ। ਉਨ੍ਹਾਂ ਦਾ ਸਾਰਾ ਸਮਾਂ ਕਿਸਮਤ ਦੇ ਮਲਾਲ ਵਿਚ ਲੰਘ ਜਾਂਦਾ ਹੈ। ਨਤੀਜਾ ਇਹ ਹੁੰਦਾ ਹੈ ਕਿ ਉਹ ਨਾ ਆਪਣਾ ਜੀਵਨ ਬਦਲ ਸਕਦੇ ਹਨ ਅਤੇ ਨਾ ਹੀ ਕਿਸੇ ਲਈ ਪ੍ਰੇਰਨਾ ਬਣ ਸਕਦੇ ਹਨ।
ਇਸ ਦੇ ਉਲਟ ਜਿਹੜੇ ਲੋਕ ਹਿੰਮਤ ਕਰਦੇ ਹਨ, ਉਨ੍ਹਾਂ ਦੀਆਂ ਰਗਾਂ ਵਿਚ ਅਜਿਹੀ ਅੱਗ ਬਲਦੀ ਹੈ, ਜੋ ਰੁਕਾਵਟਾਂ ਨੂੰ ਸਾੜ ਕੇ ਰਾਖ ਕਰ ਦਿੰਦੀ ਹੈ। ਉਹ ਕਿਸੇ ਪੱਥਰ ਦੀ ਪਰਵਾਹ ਨਹੀਂ ਕਰਦੇ। ਉਹ ਜਾਣਦੇ ਹਨ ਕਿ ਰਾਹ ਮੁਸ਼ਕਲ ਹੋ ਸਕਦਾ ਹੈ ਪਰ ਅਸੰਭਵ ਨਹੀਂ। ਉਹਨਾਂ ਲਈ ਹਰ ਚੁਣੌਤੀ ਨਵਾਂ ਮੌਕਾ ਹੁੰਦਾ ਹੈ। ਪੱਥਰਾਂ ਦਾ ਸੀਨਾ ਪਾੜ ਕੇ ਨਿਕਲਣ ਵਾਲੇ ਹੀ ਇਤਿਹਾਸ ਲਿਖਦੇ ਹਨ। ਦੁਨੀਆ ਦੇ ਇਤਿਹਾਸ ’ਚ ਬੇਹਿਸਾਬ ਉਦਾਹਰਨਾਂ ਹਨ, ਜਿੱਥੇ ਲੋਕਾਂ ਨੇ ਹਿੰਮਤ ਨਾਲ ਆਪਣੀ ਜ਼ਿੰਦਗੀ ਬਦਲੀ ਹੈ। ਇਬਰਾਹਮ ਲਿੰਕਨ ਵਾਰ-ਵਾਰ ਹਾਰਦਾ ਰਿਹਾ ਪਰ ਉਸ ਦੀ ਹਿੰਮਤ ਨੇ ਉਸ ਨੂੰ ਅਮਰੀਕਾ ਦਾ ਰਾਸ਼ਟਰਪਤੀ ਬਣਾ ਦਿੱਤਾ। ਥਾਮਸ ਐਡੀਸਨ ਨੇ ਹਜ਼ਾਰਾਂ ਵਾਰ ਅਸਫਲ ਹੋ ਕੇ ਵੀ ਬਲਬ ਦੀ ਖੋਜ ਕੀਤੀ। ਜੇ ਉਹ ਵੀ ਸ਼ਿਕਵਾ ਕਰਦਾ ਕਿ ਮੇਰੇ ਮੁਕੱਦਰ ਵਿਚ ਖੋਜ ਨਹੀਂ ਤਾਂ ਅੱਜ ਸੰਸਾਰ ਹਨੇਰੇ ਵਿਚ ਡੁੱਬਿਆ ਰਹਿੰਦਾ। ਸਾਡੇ ਦੇਸ਼ ਦੇ ਆਜ਼ਾਦੀ ਸੈਨਾਨੀਆਂ ਨੇ ਵੀ ਕਿਸਮਤ ਦਾ ਰੌਣਾ ਨਹੀਂ ਰੋਇਆ ਸਗੋਂ ਹਿੰਮਤ ਨਾਲ ਗ਼ੁਲਾਮੀ ਦੀਆਂ ਜ਼ੋਜੀਰਾਂ ਤੋੜੀਆਂ।
ਹਿੰਮਤ ਉਹ ਚਾਨਣ ਹੈ, ਜੋ ਹਨੇਰੇ ਵਿਚ ਵੀ ਰਾਹ ਦਿਖਾਉਂਦਾ ਹੈ। ਕਿਸਮਤ ਦੇ ਭਰੋਸੇ ਬੈਠਣ ਨਾਲ ਨਾ ਰਾਹ ਬਣਦਾ ਹੈ ਤੇ ਨਾ ਹੀ ਮੰਜ਼ਿਲ ਮਿਲਦੀ ਹੈ। ਹਿੰਮਤ ਬੰਦੇ ਨੂੰ ਅਡੋਲ ਬਣਾਉਂਦੀ ਹੈ। ਆਪਣੇ ਆਪ ਉੱਤੇ ਭਰੋਸਾ ਕਰਨਾ ਸਿਖਾਉਂਦੀ ਹੈ। ਹਾਰ ਨੂੰ ਸਿੱਖਿਆ ’ਚ ਤਬਦੀਲ ਕਰਨਾ ਸਿਖਾਉਂਦੀ ਹੈ। ਜਦੋਂ ਬੰਦਾ ਸ਼ਿਕਵਾ ਕਰਨ ਦੀ ਬਜਾਏ ਹੱਲ ਲੱਭਣਾ ਸ਼ੁਰੂ ਕਰਦਾ ਹੈ ਤਾਂ ਉਸ ਦੀ ਜ਼ਿੰਦਗੀ ਬਦਲ ਜਾਂਦੀ ਹੈ। ਸ਼ਿਕਵਾ ਕਰਨ ਨਾਲ ਕੋਈ ਵੀ ਸਮੱਸਿਆ ਹੱਲ ਨਹੀਂ ਹੁੰਦੀ ਸਗੋਂ ਮਨੁੱਖ ਅੰਦਰੋਂ ਕਮਜ਼ੋਰ ਹੋ ਜਾਂਦਾ ਹੈ। ਜਦੋਂ ਬੰਦਾ ਉੱਠ ਕੇ ਕਾਰਵਾਈ ਕਰਦਾ ਹੈ, ਤਾਂ ਮੁਸ਼ਕਲਾਂ ਵੀ ਉਸ ਦੇ ਪੈਰਾਂ ਹੇਠਾਂ ਝੁਕ ਜਾਂਦੀਆਂ ਹਨ।
ਜੀਵਨ ਦੀ ਅਕਸਰ ਇਕ ਪਹਾੜ ਨਾਲ ਤੁਲਨਾ ਕਰਨੀ ਚਾਹੀਦੀ ਹੈ। ਪਹਾੜ ਦਾ ਰਸਤਾ ਔਖਾ ਹੁੰਦਾ ਹੈ, ਰਾਹ ’ਚ ਪੱਥਰ ਆਉਂਦੇ ਹਨ। ਕੁਝ ਲੋਕ ਉਨ੍ਹਾਂ ਪੱਥਰਾਂ ਨੂੰ ਦੇਖ ਕੇ ਹਾਰ ਮੰਨ ਲੈਂਦੇ ਹਨ ਪਰ ਜਿਹੜੇ ਲੋਕ ਸੱਚਮੁੱਚ ਚੜ੍ਹਾਈ ਦੇ ਸ਼ੌਕੀਨ ਹੁੰਦੇ ਹਨ, ਉਹ ਉਨ੍ਹਾਂ ਪੱਥਰਾਂ ਨੂੰ ਆਪਣੀ ਮਜ਼ਬੂਤੀ ਦਾ ਸਹਾਰਾ ਬਣਾ ਲੈਂਦੇ ਹਨ। ਅੱਜ ਦੀ ਨੌਜਵਾਨੀ ਨੂੰ ਵੀ ਇਹ ਸਮਝਣ ਦੀ ਲੋੜ ਹੈ ਕਿ ਕਿਸਮਤ ਸਿਰਫ਼ ਬਹਾਨਾ ਹੈ। ਅਸਲ ਤਾਕਤ ਉਸ ਦੀ ਮਿਹਨਤ ਤੇ ਹਿੰਮਤ ਵਿੱਚ ਹੈ। ਜਿਹੜਾ ਨੌਜਵਾਨ ਸ਼ਿਕਵਾ ਕਰਦਾ ਰਹਿੰਦਾ ਹੈ ਕਿ ਉਹ ਜੀਵਨ ਦੀ ਦੌੜ ਵਿਚ ਪਿੱਛੇ ਰਹਿ ਜਾਂਦਾ ਹੈ। ਜਿਹੜਾ ਹਿੰਮਤ ਕਰਦਾ ਹੈ, ਉਹ ਹਰ ਚੋਟੀ ਨੂੰ ਫ਼ਤਿਹ ਕਰ ਲੈਂਦਾ ਹੈ। ‘ਬੇਹਿੰਮਤੇ ਨੇ ਜਿਹੜੇ ਬੈਠ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ, ਉੱਗਣ ਵਾਲੇ ਉੱਗ ਪੈਂਦੇ ਨੇ ਪਾੜ ਕੇ ਸੀਨਾ ਪੱਥਰਾਂ ਦਾ।’ ਇਹ ਸਿਰਫ਼ ਸ਼ਿਅਰ ਨਹੀਂ ਸਗੋਂ ਜੀਵਨ ਸੱਚਾਈ ਹੈ। ਕਿਸਮਤ ਉਨ੍ਹਾਂ ਦੇ ਪੈਰ ਚੁੰਮਦੀ ਹੈ, ਜੋ ਹਿੰਮਤ ਨਹੀਂ ਛੱਡਦੇ। ਜੋ ਹਾਰ ਮੰਨ ਜਾਂਦੇ ਹਨ, ਉਹ ਸਿਰਫ਼ ਕਹਾਣੀਆਂ ਸੁਣਦੇ ਹਨ ਪਰ ਜੋ ਹਿੰਮਤ ਕਰਦੇ ਹਨ, ਉਹ ਆਪਣੇ ਨਾਂ ਦੀ ਕਹਾਣੀ ਲਿਖ ਜਾਂਦੇ ਹਨ।
- ਮੰਜੂ ਰਾਇਕਾ