ਨੈਤਿਕਤਾ ਦੀ ਸਿੱਖਿਆ ਅਜਿਹੀ ਸਿਖਲਾਈ ਹੈ, ਜਿਹੜੀ ਸਾਨੂੰ ਵਧੀਆ ਜ਼ਿੰਦਗੀ ਬਤੀਤ ਕਰਨ ਦਾ ਰਸਤਾ ਦਿਖਾਉਂਦੀ ਹੈ। ਇਮਾਨਦਾਰੀ, ਲਗਨ, ਸਖ਼ਤ ਮਿਹਨਤ, ਦਿਆਨਤਦਾਰੀ, ਸੱਚਾਈ, ਜ਼ਿੰਮੇਵਾਰੀ ਦੀ ਭਾਵਨਾ, ਮਿਲਵਰਤਨ, ਹਮਦਰਦੀ, ਪਿਆਰ, ਸਹਿਹੋਂਦ ਤੇ ਸੰਵੇਦਨਸ਼ੀਲਤਾ ਨੈਤਿਕ ਕਦਰਾਂ-ਕੀਮਤਾਂ ਰੂਪੀ ਹਾਰ ਦੇ ਮੁੱਢਲੇ ਮੋਤੀ ਹਨ। ਇਨ੍ਹਾਂ ਨੂੰ ਅਪਣਾ ਕੇ ਬੱਚਾ ਆਪਣੇ ਜੀਵਨ ਨੂੰ ਉੱਤਮ ਬਣਾ ਸਕਦਾ ਹੈ।

ਨੈਤਿਕਤਾ ਦੀ ਸਿੱਖਿਆ ਅਜਿਹੀ ਸਿਖਲਾਈ ਹੈ, ਜਿਹੜੀ ਸਾਨੂੰ ਵਧੀਆ ਜ਼ਿੰਦਗੀ ਬਤੀਤ ਕਰਨ ਦਾ ਰਸਤਾ ਦਿਖਾਉਂਦੀ ਹੈ। ਇਮਾਨਦਾਰੀ, ਲਗਨ, ਸਖ਼ਤ ਮਿਹਨਤ, ਦਿਆਨਤਦਾਰੀ, ਸੱਚਾਈ, ਜ਼ਿੰਮੇਵਾਰੀ ਦੀ ਭਾਵਨਾ, ਮਿਲਵਰਤਨ, ਹਮਦਰਦੀ, ਪਿਆਰ, ਸਹਿਹੋਂਦ ਤੇ ਸੰਵੇਦਨਸ਼ੀਲਤਾ ਨੈਤਿਕ ਕਦਰਾਂ-ਕੀਮਤਾਂ ਰੂਪੀ ਹਾਰ ਦੇ ਮੁੱਢਲੇ ਮੋਤੀ ਹਨ। ਇਨ੍ਹਾਂ ਨੂੰ ਅਪਣਾ ਕੇ ਬੱਚਾ ਆਪਣੇ ਜੀਵਨ ਨੂੰ ਉੱਤਮ ਬਣਾ ਸਕਦਾ ਹੈ।
ਵਿਦਿਆਰਥੀ ਜੀਵਨ ਦਾ ਆਧਾਰ
ਨੈਤਿਕ ਕਦਰਾਂ-ਕੀਮਤਾਂ ਦੀ ਸਿੱਖਿਆ ਬੱਚੇ ਨੂੰ ਘਰ, ਸਕੂਲ ਅਤੇ ਸਮਾਜ ਵੱਲੋਂ ਪ੍ਰਦਾਨ ਕੀਤੀ ਜਾਂਦੀ ਹੈ। ਇਸ ਵਿਚ ਘਰ ਅਤੇ ਸਕੂਲ ਦੀ ਭੂਮਿਕਾ ਹੋਰਨਾਂ ਮੁਕਾਬਲੇ ਜ਼ਿਆਦਾ ਹੁੰਦੀ ਹੈ ਕਿਉਂਕਿ ਇਹ ਦੋਵੇਂ ਵਿਦਿਆਰਥੀ ਜੀਵਨ ਦਾ ਆਧਾਰ ਹੁੰਦੇ ਹਨ। ਇਨ੍ਹਾਂ ਕੀਮਤਾਂ ਦੇ ਮਾਧਿਅਮ ਰਾਹੀਂ ਬੱਚੇ ਨੂੰ ਸਹੀ ਤੇ ਗ਼ਲਤ ਦੀ ਸਮਝ ਪ੍ਰਦਾਨ ਕੀਤੀ ਜਾਂਦੀ ਹੈ। ਇਹ ਅਜਿਹੀ ਸਿੱਖਿਆ ਹੈ, ਜੋ ਲਗਾਤਾਰ ਚੱਲਦੀ ਰਹਿੰਦੀ ਹੈ ਅਤੇ ਬੱਚਾ ਨਿਰੰਤਰ ਘਰ, ਸਕੂਲ ਅਤੇ ਸਮਾਜ ਤੋਂ ਕੁਝ ਨਾ ਕੁਝ ਸਿੱਖਦਾ ਰਹਿੰਦਾ ਹੈ। ਨੈਤਿਕ ਕਦਰਾਂ-ਕੀਮਤਾਂ ਨੂੰ ਦੇਸ਼ ਦੀਆਂ ਹੱਦਾਂ ਤੱਕ ਸੀਮਤ ਨਹੀਂ ਰੱਖਿਆ ਜਾ ਸਕਦਾ ਭਾਵ ਇਸ ਦਾ ਘੇਰਾ ਵਿਸ਼ਾਲ ਯਾਨੀ ਸਾਰਾ ਸੰਸਾਰ ਹੈ।
ਯੋਗ ਅਗਵਾਈ ਤੇ ਮਾਰਗ ਦਰਸ਼ਨ
ਸਕੂਲਾਂ ਦੀਆਂ ਕੰਧਾਂ ’ਤੇ ਲਿਖੇ ਸਲੋਗਨ ‘ਸਿੱਖਣ ਲਈ ਆਓ, ਸੇਵਾ ਲਈ ਜਾਓ’ ਸਹੀ ਅਰਥਾਂ ’ਚ ਉਦੋਂ ਸਾਕਾਰ ਹੋਣਗੇ, ਜਦੋਂ ਵਿਦਿਆਰਥੀ ਨੈਤਿਕ ਕਦਰਾਂ-ਕੀਮਤਾਂ ਨਾਲ ਆਪਣੇ ਆਪ ਨੂੰ ਲੈਸ ਕਰਨਗੇ। ਦੇਸ਼ ਦੀ ਕਿਸਮਤ ਦਾ ਫ਼ੈਸਲਾ ਇਨ੍ਹਾਂ ਬੱਚਿਆਂ ਦੇ ਗੁਣਾਂ ’ਤੇ ਹੀ ਨਿਰਭਰ ਕਰੇਗਾ। ਇਸ ਕਰਕੇ ਸਕੂਲੀ ਜੀਵਨ ਵਿਚ ਅਧਿਆਪਕਾਂ ਦਾ ਮੁੱਢਲਾ ਫ਼ਰਜ਼ ਬਣ ਜਾਂਦਾ ਹੈ ਕਿ ਉਹ ਹਰੇਕ ਬੱਚੇ ਨੂੰ ਇਨ੍ਹਾਂ ਗੁਣਾਂ ਦਾ ਧਾਰਨੀ ਬਣਾਉਣ, ਨਾਲ ਹੀ ਜਾਗਰੂਕ ਮਾਪੇ ਇਸ ਵਿਚ ਆਪਣਾ ਵੱਡਮੁੱਲਾ ਯੋਗਦਾਨ ਦੇਣ। ਜਦੋਂ ਕੋਈ ਵਿਦਿਆਰਥੀ ਝੂਠ ਬੋਲਦਾ ਹੈ ਜਾਂ ਗ਼ਲਤ ਸੰਗਤ/ਕੁਰਾਹੇ ਪੈ ਜਾਂਦਾ ਹੈ ਤਾਂ ਉਸ ਨੂੰ ਸਮਾਜ ਤੋਂ ਅਲੱਗ ਕਰਨ ਦੀ ਬਜਾਏ ਉਸ ਦੀ ਯੋਗ ਅਗਵਾਈ ਤੇ ਮਾਰਗ ਦਰਸ਼ਨ ਕਰ ਕੇ ਮੁੜ ਸਹੀ ਰਸਤੇ ’ਤੇ ਲਿਆਉਣਾ ਅਧਿਆਪਕ ਦਾ ਫ਼ਰਜ਼ ਬਣ ਜਾਂਦਾ ਹੈ। ਅਜਿਹੇ ਵਿਦਿਆਰਥੀਆਂ ’ਤੇ ਵਿਸ਼ਵਾਸ ਤੇ ਭਰੋਸਾ ਜਤਾਉਂਦਿਆਂ ਜ਼ਿੰਮੇਵਾਰੀ ਦੇ ਕੇ ਲੋੜੀਂਦੇ ਨਤੀਜੇ ਪ੍ਰਾਪਤ ਕੀਤੇ ਜਾ ਸਕਦੇ ਹਨ।
ਮਾਪਿਆਂ ਦਾ ਫ਼ਰਜ਼
ਅਜੋਕੇ ਵਿਗਿਆਨਕ ਤੇ ਤਕਨਾਲੋਜੀ ਦੇ ਯੁੱਗ ’ਚ ਹਰ ਮਾਤਾ-ਪਿਤਾ ਦਾ ਫ਼ਰਜ਼ ਬਣਦਾ ਹੈ ਕਿ ਉਹ ਆਪਣੇ ਬੱਚਿਆਂ ਦੀ ਨੈਤਿਕ ਸਿੱਖਿਆ ਵੱਲ ਉਚੇਚਾ ਧਿਆਨ ਦੇਣ। ਹੋਰਨਾਂ ਅਵਸਥਾਵਾਂ ਦੇ ਮੁਕਾਬਲੇ ਬੱਚੇ ਦੇ ਸਕੂਲੀ ਜੀਵਨ ’ਚ ਇਸ ਦਾ ਸੰਚਾਰ ਕਰਨਾ ਲਾਜ਼ਮੀ ਹੋ ਜਾਂਦਾ ਹੈ ਕਿਉਂਕਿ ਇਸ ਅਵਸਥਾ ’ਚ ਬੱਚੇ ਦੀ ਸ਼ਖ਼ਸੀਅਤ ਨੂੰ ਹਾਂ-ਪੱਖੀ ਜਾਂ ਨਾਂਹ-ਪੱਖੀ ਦੋਵਾਂ ਪਾਸੇ ਜਲਦੀ ਪ੍ਰਭਾਵਿਤ ਕੀਤਾ ਜਾ ਸਕਦਾ ਹੈ। ਜਾਗਰੂਕ ਮਾਪੇ ਹੋਣ ਦੇ ਨਾਤੇ ਤੁਹਾਡਾ ਫ਼ਰਜ਼ ਬਣਦਾ ਹੈ ਕਿ ਤੁਸੀਂ ਇਸ ਗੱਲ ਦਾ ਧਿਆਨ ਰੱਖੋ ਕਿ ਤੁਹਾਡਾ ਬੱਚਾ ਕਿੱਥੋਂ ਤੇ ਕੀ ਸਿੱਖ ਰਿਹਾ ਹੈ। ਤੁਹਾਡੇ ਬੱਚੇ ਦੀ ਸੰਗਤ ਕਿਸ ਤਰ੍ਹਾਂ ਦੇ ਬੱਚਿਆਂ ਨਾਲ ਹੈ। ਤੁਹਾਡੇ ਬੱਚੇ ਨੂੰ ਠੀਕ ਤੇ ਗ਼ਲਤ ਦੀ ਸਮਝ ਕਿੰਨੀ ਕੁ ਹੈ? ਤੁਹਾਨੂੰ ਆਪਣੇ ਬੱਚਿਆਂ ਦੇ ਦੋਸਤਾਂ ਬਾਰੇ ਗਿਆਨ ਹੋਣਾ ਵੀ ਜ਼ਰੂਰੀ ਹੈ। ਕਿਹਾ ਜਾਂਦਾ ਹੈ ਕਿ ਜਿਹੋ ਜਿਹੀ ਸੰਗਤ, ਉਸੇ ਤਰ੍ਹਾਂ ਦੀ ਰੰਗਤ। ਬਤੌਰ ਮਾਪੇ ਤੁਹਾਡਾ ਫ਼ਰਜ਼ ਬਣਦਾ ਹੈ ਕਿ ਤੁਸੀਂ ਬੱਚਿਆਂ ਨੂੰ ਸਹੀ ਤੇ ਗ਼ਲਤ ਦੀ ਸਮਝ ਦੇਵੋ।
ਕਹਾਣੀਆਂ ਸੁਣਾ ਕੇ ਕੀਤਾ ਜਾ ਸਕਦਾ ਸਿੱਖਿਅਤ
ਵਿਦਿਆਰਥੀਆਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਭਾਵੇਂ ਸੱਚ ਬੋਲਣਾ ਕੌੜਾ ਤੇ ਔਖਾ ਹੁੰਦਾ ਹੈ ਪਰ ਜਿੱਤ ਹਮੇਸ਼ਾ ਸੱਚ ਦੀ ਹੁੰਦੀ ਹੈ। ਵੱਖ-ਵੱਖ ਸ਼ਖ਼ਸੀਅਤਾਂ ਜਿਵੇਂ ਮਹਾਤਮਾ ਗਾਂਧੀ, ਅਬਰਾਹਨ ਲਿੰਕਨ, ਮਾਰਟਿਨ ਲੂਥਰ ਕਿੰਗ, ਨੈਲਸਨ ਮੰਡੇਲਾ, ਸਵਾਮੀ ਵਿਵੇਕਾਨੰਦ ਆਦਿ ਦੀਆਂ ਜੀਵਨੀਆਂ ਦੇ ਮਾਧਿਅਮ ਰਾਹੀਂ ਬੱਚਿਆਂ ਅੰਦਰ ਨੈਤਿਕ ਕਦਰਾਂ-ਕੀਮਤਾਂ ਦਾ ਸੰਚਾਰ ਕੀਤਾ ਸਕਦਾ ਹੈ। ਬੱਚਿਆਂ ਨੂੰ ਪੰਚਤੰਤਰ ਦੀਆਂ ਕਹਾਣੀਆਂ ਅਤੇ ਹੋਰ ਦੰਤ ਕਥਾਵਾਂ ਦੇ ਮਾਧਿਅਮ ਰਾਹੀਂ ਇਸ ਬਾਰੇ ਸਿੱਖਿਅਤ ਕੀਤਾ ਜਾ ਸਕਦਾ ਹੈ।
ਮਿਹਨਤ ਤੇ ਲਗਨ ਨਾਲ ਅੱਗੇ ਵਧਣ ਦੀ ਅਗਵਾਈ
ਪ੍ਰੀਖਿਆਵਾਂ ਦੇ ਦਿਨਾਂ ਵਿਚ ਆਮ ਤੌਰ ’ਤੇ ਵਿਦਿਆਰਥੀ ਜ਼ਿਆਦਾ ਦਬਾਅ ਮਹਿਸੂਸ ਕਰਦੇ ਹਨ, ਜਿਸ ਨਾਲ ਉਨ੍ਹਾਂ ਅੰਦਰ ਨਕਲ ਤੇ ਸ਼ਾਰਟਕੱਟ ਦੀ ਪ੍ਰਵਿਰਤੀ ਪੈਦਾ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ। ਅਜਿਹੇ ’ਚ ਮਾਪੇ ਤੇ ਅਧਿਆਪਕ ਉਚਿਤ ਮਾਰਗ ਦਰਸ਼ਨ ਕਰ ਕੇ ਉਨ੍ਹਾਂ ਨੂੰ ਮਿਹਨਤ ਤੇ ਲਗਨ ਨਾਲ ਅੱਗੇ ਵਧਣ ਦੀ ਅਗਵਾਈ ਕਰ ਸਕਦੇ ਹਨ। ਅਜਿਹਾ ਕਰਨ ਨਾਲ ਜਿੱਥੇ ਉਹ ਚੰਗੇ ਆਚਰਨ ਨੂੰ ਧਾਰਨ ਕਰਨਗੇ, ਉੱਥੇ ਆਪਣਾ ਭਵਿੱਖ, ਜੀਵਨ ਵੀ ਉੱਤਮ ਬਣਾਉਣਗੇ।
ਸਮਾਜ ਭਲਾਈ ਦੇ ਕੰਮਾਂ ਲਈ ਕਰੋ ਪ੍ਰੇਰਿਤ
ਕਿਸ਼ੋਰ ਅਵਸਥਾ ਦੌਰਾਨ ਵਿਦਿਆਰਥੀਆਂ ਨੂੰ ਵਿਸ਼ੇਸ਼ ਅਗਵਾਈ ਦੀ ਲੋੜ ਹੁੰਦੀ ਹੈ। ਇਸ ਦੌਰਾਨ ਮਾਪੇ ਤੇ ਅਧਿਆਪਕ ਦੋਵੇਂ ਮਿਲ ਕੇ ਬੱਚੇ ਦੇ ਮਨ ਵਿਚ ਉੱਠ ਰਹੇ ਵੱਖ-ਵੱਖ ਤਰ੍ਹਾਂ ਦੇ ਪ੍ਰਸ਼ਨਾਂ ਤੇ ਵਲਵਲਿਆਂ ਦਾ ਨਿਪਟਾਰਾ ਕਰ ਸਕਦੇ ਹਨ, ਤਾਂ ਜੋ ਉਨ੍ਹਾਂ ਅੰਦਰ ਪੈਦਾ ਹੋ ਰਹੀ ਬੇਚੈਨੀ ਖ਼ਤਮ ਕੀਤੀ ਜਾ ਸਕੇ। ਕਿਸ਼ੋਰ ਅਵਸਥਾ ਦੌਰਾਨ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਸਮਾਜ ਭਲਾਈ ਦੇ ਕੰਮਾਂ ਵੱਲ ਵੀ ਧਿਆਨ ਦਿਵਾਉਣ ਦੇ ਕਾਰਜ ਕੀਤੇ ਜਾ ਸਕਦੇ ਹਨ। ਇਹ ਸਫਲ ਨਾਗਰਿਕ ਦੀ ਤਿਆਰੀ ਮੰਨੀ ਜਾ ਸਕਦੀ ਹੈ ਕਿਉਂਕਿ ਇਸ ਤਰ੍ਹਾਂ ਦੇ ਕਾਰਜਾਂ ਨਾਲ ਉਨ੍ਹਾਂ ਅੰਦਰ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਹੁੰਦੀ ਹੈ।
ਆਖ਼ਰ ਇਹੀ ਕਿਹਾ ਜਾ ਸਕਦਾ ਹੈ ਕਿ ਨੈਤਿਕ ਕਦਰਾਂ-ਕੀਮਤਾਂ ਦੇ ਮਾਧਿਅਮ ਰਾਹੀਂ ਹੀ ਵਿਦਿਆਰਥੀ ਨੂੰ ਉੱਤਮ ਨਾਗਰਿਕ ਬਣਾਇਆ ਜਾ ਸਕਦਾ ਹੈ। ਇਸ ਦੀ ਅਣਹੋਂਦ ਵਿਚ ਇਹ ਸੰਭਵ ਨਹੀਂ।
- ਰਾਜ ਕੁਮਾਰ