ਅੱਜ ਦੇ ਸਮੇਂ ’ਚ ਸਿੱਖਿਆ ਨੂੰ ਆਮ ਤੌਰ ’ਤੇ ਨੰਬਰਾਂ ਨਾਲ ਜੋੜ ਦਿੱਤਾ ਗਿਆ ਹੈ। ਜਿਵੇਂ ਹੀ ਕਿਸੇ ਵਿਦਿਆਰਥੀ ਦਾ ਨਤੀਜਾ ਆਉਂਦਾ ਹੈ, ਸਭ ਤੋਂ ਪਹਿਲਾਂ ਪੁੱਛਿਆ ਜਾਂਦਾ ਹੈ ਕਿ ਕਿੰਨੇ ਅੰਕ ਜਾਂ ਫ਼ੀਸਦ ਆਏ ਨੇ’? ਕੋਈ ਇਹ ਨਹੀਂ ਪੁੱਛਦਾ ਕਿ ਉਸ ਨੇ ਕੀ ਸਿੱਖਿਆ, ਉਸ ਦੀ ਸੋਚ ਕਿੰਨੀ ਵਧੀ ਜਾਂ ਉਹ ਜੀਵਨ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨ ਲਈ ਕਿੰਨਾ ਤਿਆਰ ਹੋਇਆ।

ਅੱਜ ਦੇ ਸਮੇਂ ’ਚ ਸਿੱਖਿਆ ਨੂੰ ਆਮ ਤੌਰ ’ਤੇ ਨੰਬਰਾਂ ਨਾਲ ਜੋੜ ਦਿੱਤਾ ਗਿਆ ਹੈ। ਜਿਵੇਂ ਹੀ ਕਿਸੇ ਵਿਦਿਆਰਥੀ ਦਾ ਨਤੀਜਾ ਆਉਂਦਾ ਹੈ, ਸਭ ਤੋਂ ਪਹਿਲਾਂ ਪੁੱਛਿਆ ਜਾਂਦਾ ਹੈ ਕਿ ਕਿੰਨੇ ਅੰਕ ਜਾਂ ਫ਼ੀਸਦ ਆਏ ਨੇ’? ਕੋਈ ਇਹ ਨਹੀਂ ਪੁੱਛਦਾ ਕਿ ਉਸ ਨੇ ਕੀ ਸਿੱਖਿਆ, ਉਸ ਦੀ ਸੋਚ ਕਿੰਨੀ ਵਧੀ ਜਾਂ ਉਹ ਜੀਵਨ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨ ਲਈ ਕਿੰਨਾ ਤਿਆਰ ਹੋਇਆ। ਇਸ ਦੌੜ ਨੇ ਬੱਚਿਆਂ ਨੂੰ ਅਜਿਹੇ ਮੰਚ ’ਤੇ ਖੜ੍ਹਾ ਕਰ ਦਿੱਤਾ ਹੈ, ਜਿੱਥੇ ਉਹ ਆਪਣੀ ਕਾਬਲੀਅਤ ਦੀ ਬਜਾਏ ਅੰਕਾਂ ਨਾਲ ਆਪਣੀ ਪਛਾਣ ਬਣਾਉਣ ਲੱਗ ਪਏ ਹਨ। ਸੱਚ ਇਹ ਹੈ ਕਿ ਨਤੀਜਾ ਕੇਵਲ ਅੰਕਾਂ ਦਾ ਸੂਚਕ ਹੈ, ਕਾਬਲੀਅਤ ਜਾਂ ਹੁਨਰ ਦਾ ਨਹੀਂ।
ਹਰ ਬੱਚੇ ਦੀ ਯੋਗਤਾ ਹੁੰਦੀ ਵੱਖਰੀ
ਸਕੂਲੀ ਪ੍ਰੀਖਿਆਵਾਂ ਦਾ ਮੰਤਵ ਵਿਦਿਆਰਥੀ ਦੇ ਪ੍ਰਾਪਤ ਗਿਆਨ ਦੀ ਜਾਂਚ ਕਰਨਾ ਹੁੰਦਾ ਹੈ ਪਰ ਤਿੰਨ ਘੰਟਿਆਂ ਦੀ ਪ੍ਰੀਖਿਆ ਕਿਸੇ ਮਨੁੱਖ ਦੀ ਪੂਰੀ ਸਮਰੱਥਾ ਨੂੰ ਨਹੀਂ ਮਾਪ ਸਕਦੀ। ਹਰ ਬੱਚਾ ਵੱਖਰੀ ਯੋਗਤਾ ਤੇ ਰੁਚੀ ਲੈ ਕੇ ਜਨਮ ਲੈਂਦਾ ਹੈ। ਕੋਈ ਗਣਿਤ ਵਿਚ ਵਧੀਆ ਹੁੰਦਾ ਹੈ, ਕੋਈ ਕਲਾ ਵਿਚ, ਕੋਈ ਖੇਡਾਂ, ਕੋਈ ਲੇਖਣ ਤੇ ਕੋਈ ਵਿਗਿਆਨਕ ਸੋਚ ਵਿਚ ਪਰ ਅਸੀਂ ਸਾਰਿਆਂ ਨੂੰ ਇੱਕੋ ਜਿਹੇ ਮਾਪਦੰਡ ਨਾਲ ਤੋਲਣ ਦੀ ਕੋਸ਼ਿਸ਼ ਕਰਦੇ ਹਾਂ। ਜੇ ਕੋਈ ਵਿਦਿਆਰਥੀ ਪ੍ਰੀਖਿਆ ’ਚ ਘੱਟ ਅੰਕ ਲਿਆਵੇ ਤਾਂ ਸਮਾਜ ਉਸ ਨੂੰ ਕਮਜ਼ੋਰ ਸਮਝ ਲੈਂਦਾ ਹੈ, ਜਦੋਂਕਿ ਹੋ ਸਕਦਾ ਹੈ ਕਿ ਉਸ ਅੰਦਰ ਕੋਈ ਅਜਿਹੀ ਕਲਾ ਹੋਵੇ, ਜੋ ਭਵਿੱਖ ਵਿਚ ਉਸ ਨੂੰ ਮਹਾਨ ਬਣਾਵੇ।
ਅਸਲ ਸਮਰੱਥਾ ਦਾ ਅੰਤਿਮ ਫ਼ੈਸਲਾ ਨਹੀਂ ਹੁੰਦੇ ਅੰਕ
ਇਤਿਹਾਸ ਗਵਾਹ ਹੈ ਕਿ ਬਹੁਤ ਸਾਰੇ ਮਹਾਨ ਵਿਅਕਤੀ ਸਕੂਲੀ ਨੰਬਰਾਂ ’ਚ ਅੱਗੇ ਨਹੀਂ ਸਨ ਪਰ ਉਨ੍ਹਾਂ ਦੀ ਕਾਬਲੀਅਤ ਨੇ ਦੁਨੀਆ ਬਦਲ ਦਿੱਤੀ। ਕਈ ਵਿਗਿਆਨੀ, ਲੇਖਕ, ਕਲਾਕਾਰ ਅਤੇ ਉਦਯੋਗਪਤੀ ਅਜਿਹੇ ਰਹੇ ਹਨ, ਜਿਨ੍ਹਾਂ ਨੇ ਕਿਤਾਬੀ ਪ੍ਰੀਖਿਆਵਾਂ ਵਿਚ ਵੱਡੇ ਨੰਬਰ ਨਹੀਂ ਲਏ ਪਰ ਆਪਣੇ ਜਜ਼ਬੇ ਅਤੇ ਮਿਹਨਤ ਨਾਲ ਇਤਿਹਾਸ ਬਣਾ ਦਿੱਤਾ। ਉਦਾਹਰਣ ਵਜੋਂ ਅਲਬਰਟ ਆਈਨਸਟਾਈਨ ਨੂੰ ਕੁਝ ਅਧਿਆਪਕ ਆਮ ਵਿਦਿਆਰਥੀ ਮੰਨਦੇ ਸਨ ਪਰ ਬਾਅਦ ’ਚ ਉਹ ਸੰਸਾਰ ਦੇ ਮਹਾਨ ਵਿਗਿਆਨੀਆਂ ਵਿੱਚੋਂ ਇਕ ਬਣੇ। ਸਟੀਵ ਜੌਬਸ ਕਾਲਜ ਛੱਡ ਗਏ ਸਨ ਪਰ ਬਾਅਦ ਵਿਚ ਐਪਲ ਕੰਪਨੀ ਦੇ ਸਹਿ-ਸੰਸਥਾਪਕ ਬਣੇ। ਬਿਲ ਗੇਟਸ ਨੇ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਪਹਿਲਾਂ ਕਾਲਜ ਛੱਡ ਦਿੱਤਾ ਪਰ ਬਾਅਦ ਵਿਚ ਮਾਈਕ੍ਰੋਸਾਫਟ ਦੀ ਸਥਾਪਨਾ ਕੀਤੀ। ਭਾਰਤ ਰਤਨ ਸਚਿਨ ਤੇਂਦੁਲਕਰ ਦਾ ਧਿਆਨ ਪੜ੍ਹਾਈ ਨਾਲੋਂ ਕ੍ਰਿਕਟ ਵੱਲ ਵੱਧ ਸੀ ਅਤੇ ਉਹ ਦੁਨੀਆ ਦੇ ਮਹਾਨ ਬੱਲੇਬਾਜ਼ ਬਣੇ। ਇਹ ਸਾਬਿਤ ਕਰਦਾ ਹੈ ਕਿ ਅੰਕ ਕਿਸੇ ਦੀ ਅਸਲ ਸਮਰੱਥਾ ਦਾ ਅੰਤਿਮ ਫ਼ੈਸਲਾ ਨਹੀਂ ਹੁੰਦੇ।
ਮਾਪੇ ਬਣਾਉਂਦੇ ਹਨ ਦਬਾਅ
ਅੱਜ ਮਾਪੇ ਵੀ ਬੱਚਿਆਂ ’ਤੇ ਅੰਕਾਂ ਦਾ ਬੇਹੱਦ ਦਬਾਅ ਪਾਉਂਦੇ ਹਨ। ਉਹ ਚਾਹੁੰਦੇ ਹਨ ਕਿ ਉਨ੍ਹਾਂ ਦਾ ਬੱਚਾ ਹਰ ਹਾਲਤ ਵਿਚ ਅੱਵਲ ਆਵੇ। ਇਸ ਦਬਾਅ ਕਾਰਨ ਬੱਚੇ ਡਰ, ਤਣਾਅ ਅਤੇ ਨਿਰਾਸ਼ਤਾ ਦਾ ਸ਼ਿਕਾਰ ਹੋ ਰਹੇ ਹਨ। ਕਈ ਵਾਰ ਇਕ ਛੋਟਾ ਜਿਹਾ ਨਤੀਜਾ ਬੱਚੇ ਦੇ ਆਤਮ-ਵਿਸ਼ਵਾਸ ਨੂੰ ਤੋੜ ਦਿੰਦਾ ਹੈ ਜਦੋਂਕਿ ਬੱਚਿਆਂ ਨੂੰ ਇਹ ਸਮਝਾਉਣ ਦੀ ਲੋੜ ਹੈ ਕਿ ਅਸਫਲਤਾ ਅੰਤ ਨਹੀਂ ਸਗੋਂ ਨਵੀਂ ਸ਼ੁਰੂਆਤ ਹੁੰਦੀ ਹੈ। ਅਸਲ ਸਿੱਖਿਆ ਉਹ ਹੈ ਜੋ ਮਨੁੱਖ ਨੂੰ ਸੋਚਣਾ, ਸਮਝਣਾ ਅਤੇ ਹਾਲਤਾਂ ਨਾਲ ਲੜਨਾ ਸਿਖਾਵੇ।
ਯੋਗਤਾ ਨੂੰ ਨਿਖਾਰਨਾ
ਸਮਾਜ ਦੀ ਸਭ ਤੋਂ ਵੱਡੀ ਗ਼ਲਤੀ ਇਹ ਹੈ ਕਿ ਉਹ ਅੰਕਾਂ ਨੂੰ ਹੀ ਸਫਲਤਾ/ਅਸਫਲਤਾ ਦਾ ਮਾਪਦੰਡ ਮੰਨ ਲਿਆ ਹੈ। ਜੇ ਕਿਸੇ ਦੇ 95 ਫ਼ੀਸਦੀ ਆ ਜਾਣ ਤਾਂ ਉਹ ਹੋਣਹਾਰ ਕਿਹਾ ਜਾਂਦਾ ਹੈ ਅਤੇ ਜੇ ਕਿਸੇ ਦੇ 60 ਫ਼ੀਸਦੀ ਹੋਣ ਤਾਂ ਉਸ ਨੂੰ ਆਮ ਸਮਝ ਲਿਆ ਜਾਂਦਾ ਹੈ ਪਰ ਜੀਵਨ ਦੀ ਅਸਲੀ ਪ੍ਰੀਖਿਆ ਸਕੂਲ ਤੋਂ ਬਾਹਰ ਸ਼ੁਰੂ ਹੁੰਦੀ ਹੈ। ਉੱਥੇ ਨਾ ਕੋਈ ਰੋਲ ਨੰਬਰ ਹੁੰਦਾ ਹੈ, ਨਾ ਕੋਈ ਪ੍ਰਤੀਸ਼ਤ। ਉੱਥੇ ਮਨੁੱਖ ਦੀ ਹਿੰਮਤ, ਮਿਹਨਤ, ਇਮਾਨਦਾਰੀ ਅਤੇ ਫ਼ੈਸਲੇ ਲੈਣ ਦੀ ਸਮਰੱਥਾ ਕੰਮ ਆਉਂਦੀ ਹੈ। ਕਾਬਲੀਅਤ ਤੇ ਹੁਨਰ ਦਾ ਸਬੰਧ ਸਿਰਫ ਯਾਦ ਕਰਨ ਨਾਲ ਨਹੀਂ ਸਗੋਂ ਨਵਾਂ ਸੋਚਣ ਨਾਲ ਹੁੰਦਾ ਹੈ। ਇਕ ਵਿਦਿਆਰਥੀ ਜੋ ਪ੍ਰਸ਼ਨਾਂ ਦੇ ਉੱਤਰ ਰੱਟ ਕੇ ਲਿਖ ਦਿੰਦਾ ਹੈ, ਹੋ ਸਕਦਾ ਹੈ ਵਧੀਆ ਅੰਕ ਲੈ ਆਵੇ ਪਰ ਜ਼ਰੂਰੀ ਨਹੀਂ ਕਿ ਉਹ ਜੀਵਨ ਦੀਆਂ ਸਮੱਸਿਆਵਾਂ ਦਾ ਹੱਲ ਵੀ ਲੱਭ ਸਕੇ। ਦੂਜੇ ਪਾਸੇ ਕੋਈ ਵਿਦਿਆਰਥੀ ਘੱਟ ਅੰਕ ਲੈ ਕੇ ਵੀ ਬਹੁਤ ਰਚਨਾਤਮਕ ਅਤੇ ਤਰਕਸ਼ੀਲ ਹੋ ਸਕਦਾ ਹੈ। ਇਸ ਲਈ ਸਿੱਖਿਆ ਦਾ ਮਕਸਦ ਸਿਰਫ਼ ਪ੍ਰੀਖਿਆ ਪਾਸ ਕਰਨਾ ਨਹੀਂ ਸਗੋਂ ਵਿਅਕਤੀ ਦੀ ਅੰਦਰਲੀ ਯੋਗਤਾ ਨੂੰ ਨਿਖਾਰਨਾ ਹੋਣਾ ਚਾਹੀਦਾ ਹੈ।
ਅਧਿਆਪਕਾਂ ਦੀ ਜ਼ਿੰਮੇਵਾਰੀ
ਅਧਿਆਪਕਾਂ ਦੀ ਵੀ ਇਸ ਮਾਮਲੇ ਵਿਚ ਵੱਡੀ ਜ਼ਿੰਮੇਵਾਰੀ ਹੈ। ਉਨ੍ਹਾਂ ਨੂੰ ਬੱਚਿਆਂ ਨੂੰ ਸਿਰਫ ਨੰਬਰਾਂ ਲਈ ਨਹੀਂ ਸਗੋਂ ਜੀਵਨ ਲਈ ਤਿਆਰ ਕਰਨਾ ਚਾਹੀਦਾ ਹੈ। ਜਦੋਂ ਇਕ ਅਧਿਆਪਕ ਕਿਸੇ ਕਮਜ਼ੋਰ ਵਿਦਿਆਰਥੀ ਨੂੰ ਹੌਸਲਾ ਦਿੰਦਾ ਹੈ ਤਾਂ ਉਹ ਉਸ ਅੰਦਰ ਵਿਸ਼ਵਾਸ ਦੀ ਨਵੀਂ ਜੋਤ ਜਗਾ ਦਿੰਦਾ ਹੈ। ਹਰ ਬੱਚੇ ਵਿੱਚ ਕੋਈ ਨਾ ਕੋਈ ਖ਼ਾਸ ਗੁਣ ਹੁੰਦਾ ਹੈ। ਲੋੜ ਸਿਰਫ ਉਸ ਗੁਣ ਨੂੰ ਪਛਾਣਨ ਤੇ ਉਸ ਨੂੰ ਉਤਸ਼ਾਹਿਤ ਕਰਨ ਦੀ ਹੈ ਕਿਉਂਕਿ ਕਿਤਾਬਾਂ ਸਿਰਫ ਰਾਹ ਦਿਖਾਉਂਦੀਆਂ ਹਨ, ਮੰਜ਼ਿਲ ਤਾਂ ਹੌਸਲੇ ਤੈਅ ਕਰਦੇ ਹਨ। ਅਜੋਕੀ ਸਿੱਖਿਆ ਪ੍ਰਣਾਲੀ ’ਚ ਵੀ ਬਦਲਾਅ ਦੀ ਲੋੜ ਹੈ। ਪ੍ਰੀਖਿਆਵਾਂ ਨੂੰ ਹੀ ਸਫਲਤਾ ਦਾ ਇਕਮਾਤਰ ਮਾਪਦੰਡ ਨਹੀਂ ਬਣਾਉਣਾ ਚਾਹੀਦਾ। ਨੈਤਿਕ ਕਦਰਾਂ-ਕੀਮਤਾਂ ਦੀ ਸਿੱਖਿਆ, ਰਚਨਾਤਮਕ ਸੋਚ, ਖੇਡਾਂ, ਕਲਾ, ਸੰਗੀਤ ਨੂੰ ਵੀ ਓਨਾ ਹੀ ਮਹੱਤਵ ਮਿਲਣਾ ਚਾਹੀਦਾ ਹੈ। ਜਦੋਂ ਅਸੀਂ ਬੱਚਿਆਂ ਦੀਆਂ ਰੁਚੀਆਂ ਤੇ ਯੋਗਤਾਵਾਂ ਨੂੰ ਸਮਝਾਂਗੇ, ਉਦੋਂ ਹੀ ਅਸਲ ਅਰਥਾਂ ਵਿਚ ਸਿਹਤਮੰਦ ਤੇ ਪ੍ਰਗਤੀਸ਼ੀਲ ਸਮਾਜ ਦਾ ਨਿਰਮਾਣ ਕਰ ਸਕਾਂਗੇ।
ਕਾਬਲੀਅਤ ਬਣਦੀ ਮਨੁੱਖ ਦੀ ਅਸਲ ਪਛਾਣ
ਸਾਨੂੰ ਇਹ ਵੀ ਸਮਝਣਾ ਹੋਵੇਗਾ ਕਿ ਹਰ ਬੱਚੇ ਦੀ ਯਾਤਰਾ ਵੱਖਰੀ ਹੁੰਦੀ ਹੈ। ਕੋਈ ਤੇਜ਼ ਦੌੜਦਾ ਹੈ, ਕੋਈ ਹੌਲੀ ਪਰ ਮੰਜ਼ਿਲ ਹਰ ਇੱਕ ਲਈ ਵੱਖਰੀ ਹੁੰਦੀ ਹੈ। ਇਸ ਲਈ ਕਿਸੇ ਇਕ ਨਤੀਜੇ ਦੇ ਆਧਾਰ ’ਤੇ ਕਿਸੇ ਦੀ ਪੂਰੀ ਜ਼ਿੰਦਗੀ ਦਾ ਮੁਲਾਂਕਣ ਕਰਨਾ ਗ਼ਲਤ ਹੈ। ਅੰਕ ਇੱਕ ਸਮੇਂ ਦੇ ਪ੍ਰਦਰਸ਼ਨ ਦਾ ਸੂਚਕ ਹੈ ਪਰ ਮਨੁੱਖ ਦੀ ਸੋਚ, ਸੁਭਾਅ, ਇਮਾਨਦਾਰੀ ਅਤੇ ਸੰਘਰਸ਼ ਕਰਨ ਦੀ ਤਾਕਤ ਨਹੀਂ ਮਾਪ ਸਕਦੇ। ਆਖ਼ਰ ਇਹ ਕਹਿਣਾ ਗ਼ਲਤ ਨਹੀਂ ਹੋਵੇਗਾ ਕਿ ਨਤੀਜਾ ਸਿਰਫ਼ ਇਕ ਕਾਗਜ਼ ਦਾ ਟੁਕੜਾ ਹੈ ਜਦੋਂਕਿ ਕਾਬਲੀਅਤ ਮਨੁੱਖ ਦੀ ਅਸਲ ਪਛਾਣ ਹੈ। ਜੇ ਅਸੀਂ ਸੱਚਮੁੱਚ ਬੱਚਿਆਂ ਨੂੰ ਸਫਲ ਬਣਾਉਣਾ ਚਾਹੁੰਦੇ ਹਾਂ ਤਾਂ ਸਾਨੂੰ ਉਨ੍ਹਾਂ ਨੂੰ ਨੰਬਰਾਂ ਦੀ ਦੌੜ ਤੋਂ ਬਾਹਰ ਕੱਢ ਕੇ ਜੀਵਨ ਦੀਆਂ ਅਸਲ ਕਦਰਾਂ ਨਾਲ ਜੋੜਨਾ ਹੋਵੇਗਾ। ਸਹੀ ਕਿਹਾ ਗਿਆ ਹੈ ਕਿ ਅੰਕ ਕਾਗਜ਼ਾਂ ਉੱਤੇ ਲਿਖੇ ਜਾਂਦੇ ਹਨ ਪਰ ਕਾਬਲੀਅਤ ਮਨੁੱਖ ਦੇ ਕਰਮਾਂ ਵਿਚ ਦਿਖਾਈ ਦਿੰਦੀ ਹੈ।”
ਰਾਜ ਕੁਮਾਰ ਖੰਨਾ