ਬਾਲ ਸਾਹਿਤ ਬਾਲਾਂ ਤੇ ਉਨ੍ਹਾਂ ਦੇ ਸਰੋਕਾਰਾਂ ਨੂੰ ਸਮਝਣ ਲਈ ਸਿਰਜਿਆ ਜਾਣ ਵਾਲਾ ਗੰਭੀਰ ਕਾਰਜ ਹੈ। ਮਨੁੱਖੀ ਜ਼ਿੰਦਗੀ ’ਚ ਬਾਲ ਅਵਸਥਾ ਜਿੰਨੀ ਮਹੱਤਵਪੂਰਨ ਹੈ, ਸਾਹਿਤ ’ਚ ਇਹ ਓਨੀ ਹੀ ਅਣਗੌਲੀ ਹੈ। ਅਸੀਂ ਬਾਲ ਸਾਹਿਤ ਦੇ ਨਾਂ ’ਤੇ ਜੋ ਵੀ ਮਨ ਵਿਚ ਆਉਂਦਾ ਹੈ, ਬਿਨਾਂ ਸੋਚੇ-ਸਮਝੇ ਝਰੀਟ ਦਿੰਦੇ ਹਾਂ। ਸਭ ਤੋਂ ਪਹਿਲਾਂ ਤਾਂ ਇਹ ਸਪਸ਼ਟ ਹੋਣਾ ਜ਼ਰੂਰੀ ਹੈ ਕਿ ਤੁਸੀਂ ਬਾਲਾਂ ਲਈ ਲਿਖ ਰਹੇ ਹੋ ਜਾਂ ਬਾਲਾਂ ਬਾਰੇ ਲਿਖ ਰਹੇ ਹੋ?

ਬਾਲ ਸਾਹਿਤ ਬਾਲਾਂ ਤੇ ਉਨ੍ਹਾਂ ਦੇ ਸਰੋਕਾਰਾਂ ਨੂੰ ਸਮਝਣ ਲਈ ਸਿਰਜਿਆ ਜਾਣ ਵਾਲਾ ਗੰਭੀਰ ਕਾਰਜ ਹੈ। ਮਨੁੱਖੀ ਜ਼ਿੰਦਗੀ ’ਚ ਬਾਲ ਅਵਸਥਾ ਜਿੰਨੀ ਮਹੱਤਵਪੂਰਨ ਹੈ, ਸਾਹਿਤ ’ਚ ਇਹ ਓਨੀ ਹੀ ਅਣਗੌਲੀ ਹੈ। ਅਸੀਂ ਬਾਲ ਸਾਹਿਤ ਦੇ ਨਾਂ ’ਤੇ ਜੋ ਵੀ ਮਨ ਵਿਚ ਆਉਂਦਾ ਹੈ, ਬਿਨਾਂ ਸੋਚੇ-ਸਮਝੇ ਝਰੀਟ ਦਿੰਦੇ ਹਾਂ। ਸਭ ਤੋਂ ਪਹਿਲਾਂ ਤਾਂ ਇਹ ਸਪਸ਼ਟ ਹੋਣਾ ਜ਼ਰੂਰੀ ਹੈ ਕਿ ਤੁਸੀਂ ਬਾਲਾਂ ਲਈ ਲਿਖ ਰਹੇ ਹੋ ਜਾਂ ਬਾਲਾਂ ਬਾਰੇ ਲਿਖ ਰਹੇ ਹੋ? ਬਾਲ ਸਾਹਿਤ ਬਾਲਾਂ ਲਈ ਲਿਖਿਆ ਜਾਣ ਵਾਲਾ ਅਜਿਹਾ ਸਿਰਜਣਾਤਮਿਕ ਕਾਰਜ ਹੈ, ਜਿਸ ਦਾ ਆਧਾਰ ਬਾਲ ਮਨੋਵਿਗਿਆਨ ਹੁੰਦਾ ਹੈ। ਇਹ ਦੂਜੇ ਸਾਹਿਤ ਵਾਂਗ ਅਚਨਚੇਤ ਕਿਸੇ ਫੁਰਨੇ ’ਚੋਂ ਫੁਰਿਆ ਸਾਹਿਤਕ ਕਾਰਜ ਨਹੀਂ ਸਗੋਂ ਬਾਲਾਂ ਦੀ ਉਮਰ ਦੇ ਮਨੋਵਗਿਆਨ ਅਨੁਸਾਰ ਕੀਤਾ ਜਾਣਾ ਵਾਲਾ ਗੰਭੀਰ ਪ੍ਰਾਜੈਕਟ ਹੈ। ‘ਬਾਲ’ ਟਰਮ ਵੀ ਆਪਣੇ ਆਪ ’ਚ ਗੁੰਝਲਦਾਰ ਹੈ। ਦੋ ਮਹੀਨਿਆਂ ਦਾ ਬਾਲ ਵੀ ਬਾਲ ਹੈ ਤੇ 15 ਸਾਲਾਂ ਦਾ ਬਾਲ ਵੀ ਬਾਲ ਹੈ ਪਰ ਦੋ ਮਹੀਨਿਆਂ ਤੋਂ ਲੈ ਕੇ 15 ਸਾਲ ਤਕ ਦੇ ਬਾਲ ਦੇ ਮਸਲੇ, ਗੁੰਝਲਾਂ, ਚਾਅ, ਜਜ਼ਬੇ ਤੇ ਰਾਹ-ਰਸਤੇ ਅੱਲਗ ਹੁੰਦੇ ਹਨ। ਸਾਡੀ ਸਥਿਤੀ ਇਹ ਹੈ ਕਿ ਅਸੀਂ ਬਾਲ ਸਾਹਿਤ ਨੂੰ ਇੰਜ ਕਦੇ ਵੀ ਉਮਰ ਮਨੋਵਿਗਿਆਨ ਮੁਤਾਬਿਕ ਯੋਜਨਾਬੱਧ ਤਰੀਕੇ ਨਾਲ ਨਹੀਂ ਲਿਖਿਆ। ਵਿਸ਼ੇਸ਼ ਤੌਰ ’ਤੇ ਕਿਸ਼ੋਰ ਉਮਰ ਦੇ ਬਾਲਾਂ ਲਈ ਸਾਡੇ ਕੋਲ ਬਹੁਤ ਕੁਝ ਨਹੀਂ ਹੈ। ਬਾਲ ਸਾਹਿਤ ਨੇ ਬੱਚੇ ਨੂੰ ਉਪਦੇਸ਼ ਨਹੀਂ ਸੁਪਨੇ ਦੇਣੇ ਹੁੰਦੇ ਹਨ, ਹੁਕਮ ਨਹੀਂ ਕਲਪਨਾ ਦੇ ਅੰਬਰਾਂ ਵਿਚ ਪਰਵਾਜ਼ ਭਰਨੀ ਸਿਖਾਉਣੀ ਹੁੰਦੀ ਹੈ, ਸੂਚਨਾਵਾਂ ਨਹੀਂ, ਸਮਝ ਪ੍ਰਦਾਨ ਕਰਨੀ ਹੁੰਦੀ ਹੈ, ਗਿਆਨ ਨਹੀਂ ਸੰਵੇਦਨਾ ਪੈਦਾ ਕਰਨੀ ਹੁੰਦੀ ਹੈ ਤਾਂ ਜੋ ਬੱਚੇ ਅੰਦਰ ਉਸ ਦੀ ਮਾਸੂਮੀਅਤ ਤੇ ਇਨਸਾਨੀਅਤ ਬਚੀ ਰਹੇ। ]


ਉਪਰੋਕਤ ਪ੍ਰਸੰਗ ’ਚ ਜਦੋਂ ਅਸੀਂ 2025 ਦੇ ਬਾਲ ਸਾਹਿਤ ’ਤੇ ਨਜ਼ਰ ਮਾਰਦੇ ਹਾਂ ਤਾਂ ਦੋਵੇਂ ਤਰ੍ਹਾਂ ਦਾ ਸਾਹਿਤ ਪ੍ਰਾਪਤ ਹੁੰਦਾ ਹੈ। ਉਪਦੇਸ਼ਕ ਤੇ ਨਿਰਦੇਸ਼ਕ ਸਾਹਿਤ ਵੀ ਆਇਆ ਹੈ, ਸੂਚਨਾਤਮਿਕ ਸਾਹਿਤ ਵੀ ਆਇਆ ਹੈ ਤੇ ਬਾਲ ਮਨੋਵਿਗਿਆਨ ਆਧਾਰਿਤ ਵੀ ਆਇਆ ਹੈ। ਇਸ ਸਾਲ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਪ੍ਰਾਪਤ ਪੁਸਤਕ ‘ਜਾਦੂ ਪੱਤਾ’ (ਲੇਖਕ ਪਾਲੀ ਖ਼ਾਦਿਮ) ਇਸ ਪ੍ਰਸੰਗ ਵਿਚ ਅਰਥਵਾਨ ਹੈ। ਵਿਗਿਆਨ ਨੂੰ ਕਿਵੇਂ ਗਲਪ ਤੇ ਕਲਪਨਾ ਦੀ ਚਾਸਨੀ ਵਿਚ ਡੁਬੋ ਕੇ ਰੋਚਕ ਬਣਾਇਆ ਜਾ ਸਕਦਾ ਹੈ, ਇਹ ਪੁਸਤਕ ਇਸ ਦੀ ਸਮਰੱਥ ਉਦਾਹਰਨ ਹੈ। ਇਸੇ ਤਰ੍ਹਾਂ ਭਾਸ਼ਾ ਵਿਭਾਗ ਵੱਲੋਂ ਇਸ ਵਰ੍ਹੇ ਦੀ ਬਾਲ ਸਾਹਿਤ ਪੁਰਸਕਾਰ ਪ੍ਰਾਪਤ ਪੁਸਤਕ ‘ਸੁਪਨਸਾਜ਼’ ਵੀ ਪੰਜਾਬੀ ਬਾਲ ਸਾਹਿਤਕਾਰਾਂ ਵੱਲੋਂ ਅਣਗੌਲੇ ਖੇਤਰ ‘ਕਿਸ਼ੋਰ ਅਵਸਥਾ’ ਵਾਲੇ ਬੱਚਿਆਂ ਦੇ ਮਸਲਿਆਂ ਨੂੰ ਕੇਂਦਰ ’ਚ ਲਿਆਉਂਦੀ ਹੈ। ਇਸ ਨਾਵਲ ’ਚ ਇਸ ਮੁੱਦੇ ’ਤੇ ਫੋਕਸ ਕੀਤਾ ਗਿਆ ਹੈ ਕਿ ਕਿਰਤੀ ਪਰਿਵਾਰਾਂ ਦੇ ਕਿਸ਼ੋਰ ਹੋ ਰਹੇ ਬੱਚੇ ਕਿਸ ਤਰ੍ਹਾਂ ਆਪਣੇ ਸੁਪਨਿਆਂ ਦੀ ਪੂਰਤੀ ਲਈ ਜੂਝਦੇ ਹਨ।
ਕਾਵਿ ਉਡਾਰੀਆਂ
ਕਵਿਤਾ ਜਾਂ ਬਾਲ ਗੀਤ ਬਾਲ ਮਨ ਦੇ ਸਭ ਤੋਂ ਵੱਧ ਨੇੜੇ ਹਨ ਕਿਉਂਕਿ ਬਾਲ ਗੀਤਾਂ ’ਚ ਲੈਅ ਹੁੰਦੀ ਹੈ, ਕਾਰਜ ਹੁੰਦਾ ਹੈ, ਨਾਟਕੀਅਤਾ ਹੁੰਦੀ ਹੈ ਤੇ ਬੱਚਿਆਂ ਦੇ ਹਾਣ ਦੇ ਖ਼ਿਆਲ ਹੁੰਦੇ ਹਨ ਪਰ ਜਦੋਂ ਕਵਿਤਾ ਉਪਦੇਸ਼ ਜਾਂ ਨਾਅਰਾ ਬਣਦੀ ਹੈ ਤਾਂ ਇਹ ਬਾਲ ਮਨ ਤੋਂ ਦੂਰ ਹੋ ਜਾਂਦੀ ਹੈ। 2025 ਦੀਆਂ ਪੁਸਤਕਾਂ ਵਿਚ ਵੀ ਬਾਲ ਮਨੋਵਿਗਿਆਨ ਦੇ ਨਜ਼ਰੀਏ ਤੋਂ ਰਲੇ-ਮਿਲੇ ਪ੍ਰਭਾਵ ਮਿਲਦੇ ਹਨ। ਇਸ ਸਾਲ ਜੋ ਕਾਵਿ ਪੁਸਤਕਾਂ ਸਾਹਮਣੇ ਆਈਆਂ ਹਨ, ਉਨ੍ਹਾਂ ’ਚ ਲਖਵੀਰ ਸਿੰਘ ਦੀ ਬਾਲ ਮਾਨਸਿਕਤਾ ਦੇ ਅਨੁਸਾਰੀ ਸਿਰਲੇਖ ਨਾਲ ਸ਼ਿੰਗਾਰੀ ਪੁਸਤਕ ਫੁੱਲ ਮਖਾਣੇ, ਪ੍ਰਿੰ. ਬਹਾਦਰ ਸਿੰਘ ਗੋਸਲ ਦੀ 'ਮਨ ਮੇਰਾ ਉਡਣ ਨੂੰ ਕਰਦਾ’, ਬਲਦੇਵ ਸਿੰਘ ਦੀ ‘ਕਾਲੀਆਂ ਇੱਟਾਂ ਕਾਲੇ ਰੋੜ’, ਜਸਵੀਰ ਸਿੰਘ ਭਲੂਰੀਆ ਦੀ ਨਵੀਆਂ ਬਾਤਾਂ, ਹਰਜਿੰਦਰ ਕੌਰ ਦੀ ਪੁਸਤਕ ਸੋਹਣੇ ਬਾਲ ਬੜੇ ਕਮਾਲ, ਬਲਵਿੰਦਰ ਸਿੰਘ ਜੰਮੂ ਦੀ ਕੱਚ ਦੀਆਂ ਮੂਰਤਾਂ, ਸਰਬਜੀਤ ਸਿੰਘ ਦੀ ਪੁਸਤਕ ਪੜ੍ਹਨ ਸਕੂਲੇ ਜਾਣਾ ਆਦਿ ਦਾ ਵਿਸ਼ੇਸ਼ ਜ਼ਿਕਰਯੋਗ ਹਨ। ਇਨ੍ਹਾਂ ਪੁਸਤਕਾਂ ’ਚ ਬੱਚਿਆਂ ਨੂੰ ਨਿੱਕੇ-ਨਿੱਕੇ ਜੀਵਨ ਵਰਤਾਰਿਆਂ ਰਾਹੀਂ ਕੁਝ ਨਵਾਂ ਕਰਨ ਦੀ ਪ੍ਰੇਰਨਾ ਤਾਂ ਹੈ ਪਰ ਅਜੇ ਪੰਜਾਬੀ ਸਾਹਿਤਕਾਰਾਂ ਨੇ ਬਾਲਾਂ ਦੇ ਅਜਿਹੇ ਫ਼ਿਕਰਾਂ ਦੀ ਬਾਂਹ ਫੜਨੀ ਹੈ।
ਬਾਤ ਪਾਵਾਂ-ਬਤੋਲੀ ਪਾਵਾਂ
ਬਾਲ ਮਨ ਬਾਤਾਂ ਤੇ ਬਤੋਲੀਆਂ ਨਾਲ ਪਰਚਦਾ ਹੈ। ਇਹ ਉਸ ਦੀ ਕਲਪਨਾ ਨੂੰ ਖੰਭ ਲਗਾ ਦਿੰਦੀਆਂ ਹਨ। ਨਿੱਕੇ ਹੁੰਦੇ ਸੁਣਦੇ ਸੀ, ‘ਬਾਤ ਪਾਵਾਂ ਬਤੌਲੀ ਪਾਵਾਂ, ਬਾਤ ਨੂੰ ਲਾਵਾਂ ਕੁੰਡੇ, ਸਦਾ ਕੁੜੀ ਨੂੰ ਵਿਆਹੁਣ ਚੱਲੇ, ਚਹੁੰ ਕੂੰਟਾਂ ਦੇ ਮੁੰਡੇ।’ ਅਜਿਹੀਆਂ ਬਾਤਾਂ ਉਨ੍ਹਾਂ ਸਾਹਮਣੇ ਕਲਪਨਾ ਦਾ ਨਵਾਂ ਸੰਸਾਰ ਵੀ ਉਸਾਰਦੀਆਂ ਸਨ ਤੇ ਦਿਮਾਗ਼ੀ ਕਸਰਤ ਵੀ ਕਰਾਉਂਦੀਆਂ ਸਨ ਪਰ ਲੰਮੇ ਸਮੇਂ ਤੋਂ ‘ਬਾਤਾਂ-ਬਤੋਲੀਆਂ’ ਦੀ ਅਜਿਹੀ ਕੋਈ ਪੁਸਤਕ ਸਾਹਮਣੇ ਨਹੀਂ ਆਈ। ਹੁਣ ਬਾਲ ਸਾਹਿਤਕਾਰ ‘ਬਾਤਾਂ-ਬਤੋਲੀਆਂ’ ਦੀ ਥਾਂ ਬਾਲ ਕਹਾਣੀਆਂ ਲਿਖਦੇ ਹਨ। ਇਨ੍ਹਾਂ ’ਚ ਲੋਕਧਾਰਾ ਵਰਗੀ ਰੋਚਕਤਾ, ਕਲਪਨਾ ਤੇ ਦ੍ਰਿਸ਼ਕਾਰੀ ਤਾਂ ਨਹੀਂ ਹੁੰਦੀ ਫਿਰ ਵੀ ਕੁਝ ਬਾਲ ਸਾਹਿਤਕਾਰ ਇਸ ਦੇ ਨੇੜੇ-ਤੇੜੇ ਰਹਿਣ ਦਾ ਯਤਨ ਜ਼ਰੂਰ ਕਰਦੇ ਹਨ। ਇਸ ਸਾਲ ’ਚ ਆਏ ਗਲਪ ਸਾਹਿਤ ਵੱਲ ਨਜ਼ਰ ਮਾਰੀਏ ਤਾਂ ਮਹੱਤਵਪੂਰਨ ਕਿਰਤ ਪੰਜਾਬੀ ਦੇ ਨੌਜਵਾਨ ਨਾਵਲਕਾਰ ਸਿਮਰਨ ਧਾਲੀਵਾਲ ਦਾ ਬਾਲ ਨਾਵਲ ‘ਚਿੜੀ ਬਾਨੋ ਤੇ ਛਿਬੂ ਕਾਂ’ ਦੀਆਂ ਕਹਾਣੀਆਂ ਵਿਚ ਬੱਚਿਆਂ ਲਈ ਸਿੱਖਿਆ ਹੈ ਤੇ ਮਨੋਰੰਜਨ ਵੀ। ਇਸੇ ਤਰ੍ਹਾਂ ਦੀ ਹੀ ਕਹਾਣੀਆਂ ਦੀ ਇਕ ਹੋਰ ਪੁਸਤਕ ਹਰਿੰਦਰ ਗੋਗਨਾ ਦੀ ‘ਚਿੰਕੀ ਦੀ ਚਾਕਲੇਟ’ ਹੈ, ਜਿਸ ਵਿਚ ਉਸ ਨੇ ਜ਼ਿੰਦਗੀ ਦੇ ਨਿੱਕੇ-ਨਿੱਕੇ ਵੇਰਵਿਆਂ ਨੂੰ ਫੜਿਆ ਹੈ। ਹੋਰ ਗਲਪ ਸਾਹਿਤ ਵਿਚ ਪ੍ਰਸਿੱਧ ਬਾਲ ਸਾਹਿਤਕਾਰ ਡਾ. ਦਰਸ਼ਨ ਸਿੰਘ ਆਸ਼ਟ ਦੀਆਂ ਦੋ ਪੁਸਤਕਾਂ ‘ਮੈਂ ਨਹੀਂ ਹਾਰਾਂਗਾ’ ਤੇ ‘ਬੋਹੜ ਖੁਸ਼ ਹੈ', ਬਲਜਿੰਦਰ ਮਾਨ ਦੀ ਕਹਾਣੀਆਂ ਦੀ ਪੁਸਤਕ ‘ਅੰਬੀ ਦਾ ਬੂਟਾ’, ਹਰਦੇਵ ਚੌਹਾਨ ਦੀ ‘ਏਨੀ ਮੇਰੀ ਬਾਤ', ਡਾ. ਸਾਧੂ ਰਾਮ ਲੰਗੇਆਣਾ ਦੀ ‘ਚਿੜੀਆਂ ਬੋਲ ਪਈਆਂ’, ਮੀਨਾ ਨਵੀਨ ਦੀ ਵਿਗਿਆਨਕ ਵਿਸ਼ਿਆਂ ’ਤੇ ਲਿਖੀਆਂ ਕਹਾਣੀਆਂ ਦੀ ਪੁਸਤਕ ‘ਗਗਨ ਮੇਂ ਥਾਲ’, ਮਾਸਟਰ ਲਖਵਿੰਦਰ ਸਿੰਘ ਫਲੌਂਡ ਦੀ ਪੁਸਤਕ 'ਕਾਲੇ ਹਿਰਨ ਦਾ ਬੱਚਾ', ਸੁਖਦੇਵ ਸਿੰਘ ਸ਼ਾਂਤ' ਦੀ ਪੁਸਤਕ 'ਅਮਰ ਕਥਾਵਾਂ', ਮੁਖ਼ਤਾਰ ਗਿੱਲ ਦੀ ‘ਜੰਗਲੀ ਜੀਵਾਂ ਦੀਆਂ ਕਹਾਣੀਆਂ', ਮਨਮੋਹਨ ਸਿੰਘ ਤੀਰ ਦੀ ‘ਗੁੱਡ ਜੌਬ' ਤੇ ਜਗਰੂਪ ਸਿੰਘ ਗਿੱਲ ਦੀ ‘ਬੈੱਡ ਟਾਈਮ ਸਬਕ’ ਆਦਿ ਪੁਸਤਕਾਂ ਸ਼ਾਮਿਲ ਹਨ। ਪੁਆਧੀ ਉਪ ਭਾਸ਼ਾ ਦੇ ਲੇਖਕ ਚਰਨ ਪੁਆਧੀ ਦਾ ਬਾਲ ਕਹਾਣੀ ਸੰਗ੍ਰਹਿ ‘ਭਾਰਤ ਦੇ ਵੀਰ ਬਾਲਕ’ ਵੀ ਪ੍ਰਕਾਸ਼ਿਤ ਹੋਇਆ ਹੈ। ਨਾਵਲ ਦੇ ਅਨੁਵਾਦ ਦੇ ਖੇਤਰ ’ਚ ਪ੍ਰੋ. ਨਵਸੰਗੀਤ ਸਿੰਘ ਨੇ ਹਿੰਦੀ ਦੀ ਪ੍ਰਸਿੱਧ ਲੇਖਿਕਾ ਊਸ਼ਾ ਯਾਦਵ ਦੇ ਨਾਵਲ ‘ਖ਼ਜ਼ਾਨੇ ਦੀ ਭਾਲ’ ਦਾ ਪੰਜਾਬੀ ਅਨੁਵਾਦ ਕੀਤਾ ਹੈ। ਇਸ ਵਰ੍ਹੇ ਅਜ਼ੀਜ਼ ਸਰੋਏ ਦਾ ਚਰਚਿਤ ਨਾਵਲ ‘ਲੱਭ ਲਏ ਲਾਲ ਗੁਆਚੇ’ ਦਾ ਦੂਜਾ ਸੰਸਕਰਨ ਵੀ ਆਇਆ ਹੈ।
ਰੰਗਮੰਚ ਦੇ ਰੰਗ
ਬਾਲਾਂ ਲਈ ਨਾਟਕ ਤੇ ਰੰਗਮੰਚ ਹਮੇਸ਼ਾ ਆਕਰਸ਼ਣ ਬਣਿਆ ਰਹਿੰਦਾ ਹੈ ਕਿਉਂਕਿ ਬਾਲਾਂ ਕੋਲ ਹੀ ਸਭ ਤੋਂ ਵੱਧ ਐਕਸ਼ਨ ਹੁੰਦਾ ਹੈ ਤੇ ਬਾਲਾਂ ਕੋਲ ਹੀ ਸਭ ਤੋਂ ਵੱਧ ਸੁਆਲ ਹੁੰਦੇ ਹਨ ਤੇ ਤੋਤਲੀਆਂ ਗੱਲਾਂ ਹੁੰਦੀਆਂ ਹਨ। ਪੰਜਾਬ ’ਚ ਬਾਲ ਨਾਟਕ ਤੇ ਰੰਗਮੰਚ ਦੇ ਖੇਤਰ ਵਿਚ ਹੁਣ ਸੋਹਣਾ ਕੰਮ ਹੋਣ ਲੱਗ ਪਿਆ ਹੈ। ਸ਼ਹੀਦ ਭਗਤ ਸਿੰਘ ਕਲਾ ਮੰਚ ਪੰਜਾਬ ਤੇ ਸਤੀਸ਼ ਕੁਮਾਰ ਵਰਮਾ ਖੋਜ ਪਰਿਵਾਰ ਵੱਲੋਂ ਪੰਜਾਬੀ ਭਾਸ਼ਾ ਵਿਕਾਸ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਹਿਯੋਗ ਨਾਲ ਇਸ ਸਾਲ ਨਵੰਬਰ ਮਹੀਨੇ ’ਚ ਕਰਵਾਏ ਬਾਲ ਰੰਗਮੰਚ ਉਤਸਵ ਨੇ ਬਾਲ ਰੰਗਮੰਚ ਦੇ ਖੇਤਰ ਵਿਚ ਨਵੀਂ ਰੂਹ ਫੂਕੀ ਹੈ। ਇਸ ਮੰਚ ਤੋਂ ਇਸ ਵਾਰ ਗੁਰਮੇਲ ਸ਼ਾਮਨਗਰ ਦੁਆਰਾ ਨਿਰਦੇਸ਼ਤ ਤੇ ਲਿਖਤ ਨਾਟਕ ‘ਗਿੱਲੀ ਮਿੱਟੀ’, ਡਾ. ਕੁਲਦੀਪ ਸਿੰਘ ਦੀਪ ਦੁਆਰਾ ਵਿਸ਼ੇਸ਼ ਜ਼ਰੂਰਤਾਂ ਵਾਲੇ ਬੱਚੇ ਗਗਨਦੀਪ ਦੀ ਜੀਵਨਕਥਾ ’ਤੇ ਆਧਾਰਿਤ ਲਿਖੇ ਸੋਲੋ ਨਾਟਕ ‘ਸਲਾਮ ਮੇਰੇ ਸੂਰਜਾ’ ਦਾ ਅੰਮ੍ਰਿਤਪਾਲ ਦੀ ਨਿਰਦੇਸ਼ਨਾ ਵਿਚ ਸੰਵੇਦਨਾ ਭਰਪੂਰ ਮੰਚਨ ਹੋਇਆ। ਇਸ ਉਤਸਵ ’ਚ ਕੰਵਲਜੀਤ ਨੀਲੋਂ ਦੁਆਰਾ ਇਕ ਵਾਰ ਫਿਰ ‘ਸੌਂ ਜਾ ਬੱਬੂਆਂ, ਮਾਣੋ ਬਿੱਲੀ ਆਈ ਐ’ ਗਾ ਕੇ ਬਾਲ ਪ੍ਰੀਤ ਮਿਲਣੀ ਕਾਫ਼ਲਿਆਂ ਦੀ ਯਾਦ ਤਾਜ਼ਾ ਕਰਵਾ ਦਿੱਤੀ। ਇਸ ਤੋਂ ਇਲਾਵਾ ਬਾਲ ਰੰਗਮੰਚ ਦੇ ਖੇਤਰ ਵਿਚ ਮਾਝਾ ਖੇਤਰ ਵਿਚ ਪ੍ਰਿਤਪਾਲ ਬੱਲ ਤੇ ਅੰਮ੍ਰਿਤਸਰ ਦੇ ਨੌਜਵਾਨ ਦਿਲਜੀਤ ਸੋਨਾ ਦਾ ਵੀ ਅਹਿਮ ਕਾਰਜ ਹੈ। ਸੁਖਪਾਲ ਸਿੰਘ ਸਿੱਧੂ ਦੀ ਨਿਰਦੇਸ਼ਨਾ ਹੇਠ ਬਾਲ ਕਲਾਕਾਰਾਂ ਨੇ ਉਸ ਦੇ ਨਾਟਕ ‘ਬਟਵਾਰਾ’ ਦੇ ਪੂਰੇ ਪੰਜਾਬ ਵਿਚ 11 ਸ਼ੋਅ ਹੋ ਚੁੱਕੇ ਹਨ। ਪੁਸਤਕੀ ਰੂਪ ਵਿਚ ਪ੍ਰਕਾਸ਼ਿਤ ਬਾਲ ਨਾਟਕਾਂ ਵਿਚ ਸਤਪਾਲ ਭੀਖੀ ਦਾ ਬਾਲ ਨਾਟਕ ‘ਪਰੀ ਦੀ ਉਡਾਰੀ’, ਮਨਜੀਤ ਕੌਰ ਅੰਬਾਲਵੀ ਦੀ ਰਚਨਾ ‘ਮਿੱਟੀ ਬੋਲ ਪਈ’, ਗੁਰਪਿਆਰ ਕੋਟਲੀ ਦਾ ਬਾਲ ਨਾਟਕ ‘ਗਿਆਨ ਦਾ ਦੀਵਾ ਬਲਦਾ ਰਹੇਗਾ’ ਚਰਚਾ ਵਿਚ ਆਏ।
ਬਾਲ ਵਾਰਤਕ ਡੂੰਘੀਆਂ ਗੱਲਾਂ
ਵਾਰਤਕ ਆਮ ਤੌਰ ’ਤੇ ਬਾਲਾਂ ਦੀ ਵਿਧਾ ਨਹੀਂ ਹੁੰਦੀ, ਫਿਰ ਵੀ ਗਾਹੇ-ਬਗਾਹੇ ਬਾਲਾਂ ਲਈ ਵਾਰਤਕ ਰੂਪ ਵਿਚ ਵੀ ਕੁਝ ਪੁਸਤਕਾਂ ਦਾ ਪ੍ਰਕਾਸ਼ਨ ਹੁੰਦਾ ਰਹਿੰਦਾ ਹੈ। ਬਾਲਾਂ ਨੂੰ ਸਿੱਧੇ ਰੂਪ ਵਿਚ ਗਿਆਨ ਪ੍ਰਾਪਤੀ ਵਿਚ ਕੋਈ ਦਿਲਚਸਪੀ ਨਹੀਂ ਹੁੰਦੀ, ਇਸ ਲਈ ਉਹ ਅਜਿਹੀਆਂ ਪੁਸਤਕਾਂ ਵੱਲ ਘੱਟ ਜਾਂਦਾ ਹੈ। ਫਿਰ ਵੀ ਜੇ ਬਹੁਤ ਥੋੜ੍ਹੀ ਵਸਤੂ ਸਮੱਗਰੀ ਨੂੰ ਪਿਕਟੋਰੀਅਲ ਰੂਪ ਵਿਚ ਰੋਚਕਤਾ ਤੇ ਨਾਟਕੀਅਤਾ ਨਾਲ ਪੇਸ਼ ਕੀਤਾ ਜਾਵੇ ਤਾਂ ਬਾਲਾਂ ਨੂੰ ਵਾਰਤਕ ਨਾਲ ਵੀ ਜੋੜਿਆ ਜਾ ਸਕਦਾ ਹੈ। ਇਸ ਵਰ੍ਹੇ ਆਈਆਂ ਵਾਰਤਕ ਪੁਸਤਕਾਂ ਵਿਚ ਸਿੱਖ ਇਤਿਹਾਸ ਨਾਲ ਸਬੰਧਿਤ ਪੁਸਤਕ ‘ਸਿੱਖ ਇਤਿਹਾਸ ਦੇ ਅਜਬ ਪੰਨੇ' (ਪ੍ਰਿੰ. ਬਹਾਦਰ ਸਿੰਘ ਗੋਸਲ) ਸਾਹਮਣੇ ਆਉਂਦੀ ਹੈ ਤੇ ਪ੍ਰਸਿੱਧ ਲੇਖਕ ਧਰਮ ਕੰਮੇਆਣਾ ਨੇ ਆਪਣੀ ਪੁਸਤਕ ‘ਤੁਣਕ ਤੁਣਕ ਤੁਣ’ ਵਿਚ ਆਪਣੇ ਵਿਸ਼ਾਲ ਤਜਰਬੇ ਵਿੱਚੋਂ ਸੰਖੇਪ ਰੂਪ ਵਿਚ ਨਾਵਲ, ਕਹਾਣੀ, ਕਵਿਤਾ ਅਤੇ ਸਵੈ-ਜੀਵਨੀ ਆਦਿ ਵੰਨਗੀਆਂ ਨੂੰ ਸਾਂਝੇ ਰੂਪ ਵਿਚ ਪੇਸ਼ ਕੀਤਾ ਹੈ। ਗੁਰਪ੍ਰੀਤ ਭੱਟੀ ਨੇ ਮਾਂ ਬੋਲੀ ਪੰਜਾਬੀ ਸਿਖਾਉਣ ਲਈ ਦੋ ਪੁਸਤਕਾਂ ‘ਗੁਰਮੁਖੀ ਸਿੱਖਿਆ’ ਲੈਵਲ ਚਾਰ ਤੇ ਪੰਜ ਤਿਆਰ ਕੀਤੀਆਂ ਹਨ।
ਨਿੱਕੜੇ ਬਾਲਾਂ ਲਈ ਖੰਭ
ਅਕਸਰ ‘ਵੱਡੇ’ ਬਾਲਾਂ ਲਈ ਸਾਹਿਤ ਲਿਖਦੇ ਹਨ। ਇਹ ਸਾਹਿਤ ਬਹੁਤੀ ਵਾਰ ਵੱਡਿਆਂ ਦੇ ‘ਵਡੱਪਣ’ ਦਾ ਸ਼ਿਕਾਰ ਹੋ ਜਾਂਦਾ ਹੈ ਤੇ ਉਹ ਬਾਲਾਂ ਲਈ ਘੱਟ ਤੇ ਬਾਲਾਂ ਬਾਰੇ ਵੱਧ ਹੋ ਜਾਂਦਾ ਹੈ। ਇਸ ਦਾ ਬਹੁਤ ਸੋਹਣਾ ਬਦਲ ਬਾਲਾਂ ਦਾ ਆਪਣਾ ਸਾਹਿਤ ਬਣ ਸਕਦਾ ਹੈ, ਜੇ ਇਸ ਲਈ ਸੁਹਿਰਦਤਾ ਨਾਲ ਯਤਨ ਕੀਤੇ ਜਾਣ। ਜਸਪ੍ਰੀਤ ਜਗਰਾਓਂ ਤੇ ਸਤਪਾਲ ਭੀਖੀ ਦੇ ਯਤਨਾਂ ਨਾਲ ਬਣੀ ਸੰਸਥਾ ਤਾਰੇ ਭਲਕ ਰਾਹੀਂ ਇਸ ਸਾਲ ਤਿੰਨ ਪੁਸਤਕਾਂ ਦਾ ਪ੍ਰਕਾਸ਼ਨ ਹੋਇਆ ਹੈ। ਇਹ ਪੁਸਤਕਾਂ ਗਿਆਰਵੀਂ ’ਚ ਪੜ੍ਹਦੀ ਜੋਤੀ ਕੌਰ ਦੁਆਰਾ ਲਿਖਤ ਤੇ ਬਾਰ੍ਹਵੀ ਵਿਚ ਪੜ੍ਹਦੇ ਨੌਜਵਾਨ ਗੁਰਵਿੰਦਰ ਸਿੰਘ ਦੁਆਰਾ ਚਿਤਰਿਤ ਕਾਵਿ ਪੁਸਤਕ ‘ਹਿੰਮਤ ਕਰੀਂ ਜ਼ਰੂਰ’, ਪੰਜਵੀਂ ਵਿਚ ਪੜ੍ਹਦੇ ਬਾਲ ਗੁਰਜਿੰਦਰ ਸਿੰਘ ਦੀ ਪੁਸਤਕ ‘ਸਬਜ਼ੀਆਂ ਦੀ ਲੜਾਈ’ ਤੇ ਡਾ. ਸੋਨੀਆ ਚਹਿਲ ਦੀ ਬਾਲ ਕਹਾਣੀਆਂ ਦੀ ਪੁਸਤਕ ‘ਚਮਚਿਆਂ ਦੀ ਲੜਾਈ’ ਹਨ। ਇਸੇ ਤਰ੍ਹਾਂ ਪੰਜਾਬ ਭਵਨ ਸਰੀ (ਕੈਨੇਡਾ) ਦੇ ਸੰਸਥਾਪਕ ਸੁਖੀ ਬਾਠ ਵੱਲੋਂ ਸ਼ੁਰੂ ਕੀਤਾ ਗਿਆ ‘ਨਵੀਆਂ ਕਲਮਾਂ ਨਵੀਂ ਉਡਾਣ’ ਪ੍ਰਾਜੈਕਟ ਬਾਲ ਸਾਹਿਤ ਦੇ ਖੇਤਰ ਵਿਚ ਕੀਤਾ ਗਿਆ ਨਿਵੇਕਲਾ ਉਪਰਾਲਾ ਹੈ, ਜਿਸ ਤਹਿਤ ਜ਼ਿਲ੍ਹਾਵਾਰ ਬਾਲਾਂ ਦੇ ਸਾਹਿਤ ਦੀਆਂ ਪੁਸਤਕਾਂ ਦਾ ਪ੍ਰਕਾਸ਼ਨ ਕੀਤਾ ਜਾ ਰਿਹਾ ਹੈ। ਭਾਵੇਂ ਇਸ ਵਿਚ ਬਾਲ ਰਚਨਾਵਾਂ ਦੀ ਮੌਲਿਕਤਾ ਦਾ ਸੁਆਲ ਕਾਫ਼ੀ ਗੰਭੀਰ ਹੈ, ਫਿਰ ਵੀ ਇਸ ਪ੍ਰਾਜੈਕਟ ਰਾਹੀਂ ਬਾਲ ਸਾਹਿਤਕਾਰਾਂ ਨੂੰ ਅੱਗੇ ਆਉਣ ਦਾ ਮੌਕਾ ਮਿਲ ਰਿਹਾ ਹੈ।
ਬਾਲ ਸਿਰਜਣਾ ਨੂੰ ਉਤਸ਼ਾਹਿਤ ਕਰਨ ’ਚ ਬਾਲਾਂ ਲਈ ਨਿਕਲਣ ਵਾਲੇ ਮੈਗਜ਼ੀਨਾਂ ਤੇ ਅਖ਼ਬਾਰਾਂ ਦੇ ਬਾਲ ਕਾਲਮਾਂ ਦੀ ਵੀ ਅਹਿਮ ਭੂਮਿਕਾ ਹੁੰਦੀ ਹੈ। ਇਸ ਸਬੰਧ ਵਿਚ ਚਾਰ ਮੈਗਜ਼ੀਨਾਂ ਦਾ ਜ਼ਿਕਰ ਅਹਿਮ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਦੇ ਦੋ ਰਸਾਲੇ ‘ਪੰਖੜੀਆਂ’ ਅਤੇ ‘ਪ੍ਰਾਇਮਰੀ ਸਿੱਖਿਆ’ ਪਿਛਲੀ ਅੱਧੀ ਸਦੀ ਤੋਂ ਨਿਕਲ ਰਹੇ ਹਨ। ਇਸੇ ਤਰ੍ਹਾਂ ਬਲਜਿੰਦਰ ਮਾਨ ਦੀ ਸੰਪਾਦਨਾ ਹੇਠ ਨਿਕਲਣ ਵਾਲਾ ਬਾਲ ਰਸਾਲਾ ‘ਨਿੱਕੀਆਂ ਕਰੂੰਬਲਾਂ ਵੀ ਤਿੰਨ ਦਹਾਕੇ ਪੂਰੇ ਕਰ ਚੁੱਕਿਆ ਹੈ। ਇਸੇ ਤਰ੍ਹਾਂ ਪ੍ਰੇਮ ਸਰੂਪ ਛਾਜਲੀ ਤੇ ਉਨ੍ਹਾਂ ਦੀ ਟੀਮ ਦੁਆਰਾ ਸੰਪਾਦਿਤ ਬਾਲ ਪੱਤ੍ਰਿਕਾ ‘ਆੜੀ’, ਬਾਲ ਸਾਹਿਤ ਨੂੰ ਸਮਰਪਿਤ ਲੜੀ ‘ਤਨੀਸ਼ਾ’(ਆਨਰੇਰੀ ਸੰਪਾ. ਸਾਬੀ ਈਸਪੁਰੀ), ਬਲਜੀਤ ਕੌਰ ਦੀ ਸੰਪਾਦਨਾ ਹੇਠ ਲੁਧਿਆਣਾ ਤੋਂ ਨਿਕਲਣ ਵਾਲੇ ਮੈਗਜ਼ੀਨ ‘ਜੁਗਨੂੰ’ ਅਤੇ ਲਹਿੰਦੇ ਪੰਜਾਬ ਤੋਂ ਅਸ਼ਰਫ ਸੁਹੇਲ ਦੁਆਰਾ ਸ਼ਾਹਮੁਖੀ ਵਿਚ ਤਿੰਨ ਦਹਾਕਿਆਂ ਤੋਂ ਕੱਢੇ ਜਾ ਰਹੇ ਬਾਲ ਮੈਗਜ਼ੀਨ ‘ਪੰਖੇਰੂ’ ਦਾ ਪ੍ਰਕਾਸ਼ਨ ਇਸ ਸਾਲ ਵੀ ਚੱਲਦਾ ਰਿਹਾ। ਚੇਤਨਾ ਪਰਖ ਪ੍ਰੀਖਿਆ ਦੇ ਰੂਪ ਵਿਚ ਪੰਜਾਬ ਦੇ ਪ੍ਰਸਿੱਧ ਮੈਗਜ਼ੀਨ ‘ਤਰਕਸ਼ੀਲ’ ਨੇ ਮੁੱਖ ਸੰਪਾਦਕ ਰਾਜਪਾਲ ਸਿੰਘ ਦੀ ਅਗਵਾਈ ਵਿਚ ਬਾਲਾਂ ਦੀ ਜਗਿਆਸਾ ਲਈ ਕਈ ਕੁਝ ਨਵਾਂ ਸ਼ੁਰੂ ਕੀਤਾ ਹੈ ਤੇ ਇਸੇ ਤਰ੍ਹਾਂ ‘ਪ੍ਰੀਤਲੜੀ’ ਮੈਗਜ਼ੀਨ ਦੇ ਕੁਝ ਪੰਨੇ ਵੀ ਬਾਲਾਂ ਲਈ ਰਾਖਵੇਂ ਹੁੰਦੇ ਹਨ।
ਬਾਲਾਂ ਨੂੰ ਥਾਪੜਾ
ਬਾਲਾਂ ਲਈ ਸਨਮਾਨ ਦਾ ਬਹੁੱਤ ਵੱਡਾ ਮਹੱਤਵ ਹੈ। ਅਕਸਰ ਸਾਹਿਤ ਦੇ ਖੇਤਰ ’ਚ ਵੱਡਿਆਂ ਨੂੰ ਬਹੁਤ ਸਾਰੇ ਐਵਾਰਡ ਮਿਲਦੇ ਰਹਿੰਦੇ ਹਨ ਪਰ ਬਾਲਾਂ ਦੇ ਮਾਮਲੇ ’ਚ ਅਸੀਂ ਅਕਸਰ ਹੱਥ ਘੁੱਟ ਲੈਂਦੇ ਹਾਂ। ਫਿਰ ਵੀ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਚ ਹੋਏ ਦੂਜੇ ਬਾਲ ਰੰਗਮੰਚ ਉਤਸਵ ਦੇ ਤਿੰਨੇ ਦਿਨ ਬਾਲ ਸਿਰਜਣਾ ਦਾ ਸਨਮਾਨ ਕੀਤਾ ਗਿਆ। ਪਹਿਲੇ ਦਿਨ ਪੁਸਤਕਾਂ ਦੇ ਟਾਈਟਲ ਬਣਾਉਣ ਵਾਲੀ ਚਿੱਤਰਕਾਰ ਕੁੜੀ ਪਰਵਾਜ਼ਪ੍ਰੀਤ, ਦੂਜੇ ਦਿਨ ਬਾਲ ਰੰਗਮੰਚ ਵਿਚ ਕਮਾਲ ਦੀ ਅਦਾਕਾਰੀ ਕਰਨ ਵਾਲੇ ‘ਡਿਫਰੈਂਟਲੀ ਏਬਲਡ’ ਬਾਲ ਗਗਨ ਤੇ ਤੀਜੇ ਦਿਨ ਬਾਲ ਸਾਹਿਤਕਾਰੀ ਤੇ ਬਾਲ ਅਦਾਕਾਰੀ ਦੇ ਖੇਤਰ ਵਿਚ ਰਾਸ਼ਟਰੀ ਪੱਧਰ ’ਤੇ ਨਾਮਣਾ ਖੱਟਣ ਵਾਲੀ ਵਿਦਿਆਰਥਣ ਅਰਮਾਨਦੀਪ ਕੌਰ ਦਾ ਸਨਮਾਨ ਕੀਤਾ ਗਿਆ। ਬਾਲ ਸਾਹਿਤਕ ਹਲਕਿਆਂ ਲਈ ਵਿਸ਼ਵ ਪੱਧਰ ’ਤੇ ਚੰਗੀ ਖ਼ਬਰ ਹੈ ਇਹ ਕਿ ਬੁੱਕਰ ਵਰਗਾ ਵੱਕਾਰੀ ਐਵਾਰਡ ਜਿਹੜਾ ਪਹਿਲਾਂ ਸਿਰਫ਼ ਪ੍ਰੋੜ੍ਹ ਕਲਮਕਾਰਾਂ ਨੂੰ ਮਿਲਦਾ ਸੀ, ਹੁਣ ਬਾਲ ਸਾਹਿਤ ਦੇ ਖੇਤਰ ਵਿਚ ਵੀ ਮਿਲਿਆ ਕਰੇਗਾ।
ਸੁਆਲ ਜਵਾਬਾਂ ਦੀ ਉਡੀਕ ’ਚ
ਜਿੰਨੀ ਦੇਰ ਤਕ ਅਧਿਆਪਕਾਂ ਤੇ ਮਾਪਿਆਂ ਦੇ ਹੱਥਾਂ ਤੇ ਘਰਾਂ ਵਿਚ ਪੁਸਤਕਾਂ ਤੇ ਬੁੱਕ ਕਾਰਨਰ ਜਾਂ ਲਾਇਬ੍ਰੇਰੀਆਂ ਨਹੀਂ ਹੁੰਦੀਆਂ, ਜਿੰਨੀ ਦੇਰ ਤਕ ਅਧਿਆਪਕ ਲਾਇਬ੍ਰੇਰੀ ਵਿਚ ਜਾ ਕੇ ਵਿਦਿਆਰਥੀਆਂ ਨਾਲ ਬੈਠ ਕੇ ਨਹੀਂ ਪੜ੍ਹਦੇ ਤੇ ਵਿਦਿਆਥੀਆਂ ਨਾਲ ਪੁਸਤਕਾਂ ’ਤੇ ਚਰਚਾ ਨਹੀਂ ਕਰਦੇ, ਓਨੀ ਦੇਰ ਤਕ ਬੱਚਿਆਂ ’ਚ ਕਦੇ ਵੀ ਪੁਸਤਕ ਸੱਭਿਆਚਾਰ ਵਿਕਸਿਤ ਨਹੀਂ ਹੋਵੇਗਾ। 2025 ਨੂੰ ਅਲਵਿਦਾ ਕਹਿੰਦਿਆਂ ਇਹ ਸਾਰੇ ਸੁਆਲ 2026 ਵਿਚ ਸਾਡੇ ਤੋਂ ਜੁਆਬ ਦੀ ਉਡੀਕ ਵਿਚ ਹਨ।
- ਕੁਲਦੀਪ ਸਿੰਘ ਦੀਪ (ਡਾ.)
98768-20600