ਅੱਜ ਦਾ ਯੁੱਗ ਮੁਕਾਬਲੇ ਨਾਲ ਭਰਿਆ ਹੋਇਆ ਹੈ। ਸਾਰੇ ਮਾਪੇ ਆਪਣੇ ਬੱਚਿਆਂ ਦੇ ਸੁਨਹਿਰੀ ਭਵਿੱਖ ਦੇ ਸੁਪਨੇ ਵੇਖਦੇ ਹਨ। ਇਸ ਲਈ ਉਹ ਵਧੀਆ ਸਕੂਲ, ਚੰਗੇ ਅਧਿਆਪਕ ਤੇ ਹਰ ਕਿਸਮ ਦੀ ਸਹੂਲਤ ਮੁਹੱਈਆ ਕਰਵਾਉਂਦੇ ਹਨ। ਸਾਲ ਭਰ ਬੱਚਾ ਸਾਲਾਨਾ ਤੇ ਬੋਰਡ ਪ੍ਰੀਖਿਆਵਾਂ ਲਈ ਤਿਆਰ ਹੁੰਦਾ ਹੈ ਪਰ ਜਿਵੇਂ ਹੀ ਪ੍ਰੀਖਿਆ ਨੇੜੇ ਆਉਂਦੀ ਹੈ, ਬੱਚਾ ਅਤੇ ਮਾਪੇ ਦੋਵੇਂ ਮਾਨਸਿਕ ਦਬਾਅ ਵਿਚ ਆ ਜਾਂਦੇ ਹਨ।

ਅੱਜ ਦਾ ਯੁੱਗ ਮੁਕਾਬਲੇ ਨਾਲ ਭਰਿਆ ਹੋਇਆ ਹੈ। ਸਾਰੇ ਮਾਪੇ ਆਪਣੇ ਬੱਚਿਆਂ ਦੇ ਸੁਨਹਿਰੀ ਭਵਿੱਖ ਦੇ ਸੁਪਨੇ ਵੇਖਦੇ ਹਨ। ਇਸ ਲਈ ਉਹ ਵਧੀਆ ਸਕੂਲ, ਚੰਗੇ ਅਧਿਆਪਕ ਤੇ ਹਰ ਕਿਸਮ ਦੀ ਸਹੂਲਤ ਮੁਹੱਈਆ ਕਰਵਾਉਂਦੇ ਹਨ। ਸਾਲ ਭਰ ਬੱਚਾ ਸਾਲਾਨਾ ਤੇ ਬੋਰਡ ਪ੍ਰੀਖਿਆਵਾਂ ਲਈ ਤਿਆਰ ਹੁੰਦਾ ਹੈ ਪਰ ਜਿਵੇਂ ਹੀ ਪ੍ਰੀਖਿਆ ਨੇੜੇ ਆਉਂਦੀ ਹੈ, ਬੱਚਾ ਅਤੇ ਮਾਪੇ ਦੋਵੇਂ ਮਾਨਸਿਕ ਦਬਾਅ ਵਿਚ ਆ ਜਾਂਦੇ ਹਨ। ਇਹ ਉਹ ਸਮਾਂ ਹੁੰਦਾ ਹੈ, ਜਦੋਂ ਬੱਚੇ ਦੇ ਮਨੋਵਿਗਿਆਨ ਨੂੰ ਸਮਝ ਕੇ ਉਸ ਦਾ ਸਹੀ ਤਰੀਕੇ ਨਾਲ ਸਾਥ ਦੇਣ ਦੀ ਸਭ ਤੋਂ ਵੱਧ ਲੋੜ ਹੁੰਦੀ ਹੈ। ਇਸ ਦੌਰਾਨ ਮਾਪਿਆਂ ਦੀ ਜ਼ਿੰਮੇਵਾਰੀ ਹੋਰ ਵੀ ਵੱਧ ਜਾਂਦੀ ਹੈ। ਉਨ੍ਹਾਂ ਨੂੰ ਚਾਹੀਦਾ ਹੈ ਕਿ ਬੱਚੇ ਨਾਲ ਖੁੱਲ੍ਹ ਕੇ ਗੱਲਬਾਤ ਕਰਨ ਤੇ ਇਹ ਯਕੀਨੀ ਬਣਾਉਣ ਕਿ ਉਨ੍ਹਾਂ ਦਾ ਬੱਚਾ ਕਿਸੇ ਤਣਾਅ ਜਾਂ ਡਰ ਵਿਚ ਤਾਂ ਨਹੀਂ ਜੀਅ ਰਿਹਾ।
ਸੋਸ਼ਲ ਮੀਡੀਆ ਤੋਂ ਦੂਰੀ
ਪ੍ਰੀਖਿਆ ਦੇ ਦਿਨਾਂ ਵਿਚ ਬੱਚੇ ਨੂੰ ਮੋਬਾਈਲ ਤੇ ਸੋਸ਼ਲ ਮੀਡੀਆ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਨਾ ਬਹੁਤ ਜ਼ਰੂਰੀ ਹੈ, ਤਾਂ ਜੋ ਉਸ ਦਾ ਧਿਆਨ ਨਾ ਭਟਕੇ। ਜੇ ਬੱਚਾ ਦੇਰ ਰਾਤ ਜਾਂ ਸਵੇਰੇ ਜਲਦੀ ਉੱਠ ਕੇ ਪੜ੍ਹਦਾ ਹੈ ਤਾਂ ਮਾਪਿਆਂ ਵੱਲੋਂ ਉਸ ਦੀ ਮਿਹਨਤ ਦੀ ਸ਼ਲਾਘਾ ਕਰਨੀ ਚਾਹੀਦੀ ਹੈ। ਇਹ ਉਸ ਦੇ ਅੰਦਰ ਹੋਰ ਉਤਸ਼ਾਹ ਭਰਦੀ ਹੈ। ਬੱਚੇ ਨਾਲ ਇਹ ਵੀ ਗੱਲ ਕੀਤੀ ਜਾਵੇ ਕਿ ਕੀ ਉਹ ਕਿਸੇ ਖ਼ਾਸ ਵਿਸ਼ੇ ਜਾਂ ਅਧਿਆਏ ’ਚ ਮੁਸ਼ਕਿਲ ਤਾਂ ਨਹੀਂ ਮਹਿਸੂਸ ਕਰ ਰਿਹਾ। ਜੇ ਹਾਂ ਤਾਂ ਉਸ ਦੇ ਅਧਿਆਪਕਾਂ ਨਾਲ ਮਿਲ ਕੇ ਵੱਖਰੇ ਸੈਸ਼ਨ ਦਾ ਪ੍ਰਬੰਧ ਕੀਤਾ ਜਾ ਸਕਦਾ ਹੈ।
ਖ਼ੁਰਾਕ ਦਾ ਧਿਆਨ
ਬੋਰਡ ਪ੍ਰੀਖਿਆਵਾਂ ’ਚ ਬੈਠਣ ਵਾਲੇ ਵਿਦਿਆਰਥੀਆਂ ਲਈ ਪਿਛਲੇ ਸਾਲਾਂ ਦੇ ਪ੍ਰਸ਼ਨ ਪੱਤਰ ਅਤੇ ਸੈਂਪਲ ਪੇਪਰ ਹੱਲ ਕਰਨਾ ਬਹੁਤ ਲਾਭਕਾਰੀ ਹੁੰਦਾ ਹੈ। ਇਸ ਨਾਲ ਉਨ੍ਹਾਂ ਨੂੰ ਪ੍ਰਸ਼ਨ ਪੱਤਰ ਦੇ ਪੈਟਰਨ, ਅੰਕ ਵੰਡ, ਮਹੱਤਵਪੂਰਨ ਪ੍ਰਸ਼ਨਾਂ ਦੀ ਸਮਝ ਤੇ ਜਾਣਕਾਰੀ ਮਿਲਦੀ ਹੈ। ਬਲੂ ਪ੍ਰਿੰਟ ਦੇ ਅਧਾਰ ’ਤੇ ਅਧਿਆਇਕ ਤਿਆਰੀ ਕਰਨ ਨਾਲ ਸਮਾਂ ਤੇ ਮਿਹਨਤ ਦੋਵੇਂ ਬਚਦੇ ਹਨ। ਨਾਲ ਹੀ ਇਹ ਅਭਿਆਸ ਵਿਦਿਆਰਥੀ ਨੂੰ ਪ੍ਰੀਖਿਆ ਸਮਾਂ ਪ੍ਰਬੰਧਨ ਦੀ ਪ੍ਰਯੋਗਿਕ ਸਮਝ ਵੀ ਦਿੰਦਾ ਹੈ ਕਿ ਕਿਹੜਾ ਪ੍ਰਸ਼ਨ ਪਹਿਲਾਂ ਕਰਨਾ ਹੈ, ਕਿੱਥੇ ਰੁਕਣਾ ਹੈ ਤੇ ਕਿਵੇਂ ਪੂਰਾ ਪੇਪਰ ਸਮੇਂ ਅੰਦਰ ਮੁਕੰਮਲ ਕਰਨਾ ਹੈ। ਤਿਆਰੀ ਦੇ ਸਮੇਂ ਬੱਚੇ ਦੀ ਖ਼ੁਰਾਕ ਦਾ ਵੀ ਖ਼ਾਸ ਧਿਆਨ ਰੱਖਿਆ ਜਾਣਾ ਚਾਹੀਦਾ ਹੈ। ਦਿਮਾਗ਼ ਨੂੰ ਸੁਸਤ ਕਰਨ ਵਾਲੇ ਭੋਜਨ ਪਦਾਰਥਾਂ ਤੋਂ ਬਚਦਿਆਂ ਪੌਸ਼ਟਿਕ ਤੇ ਹਲਕੀ ਖ਼ੁਰਾਕ ਨੂੰ ਤਰਜੀਹ ਦੇਣੀ ਚਾਹੀਦੀ ਹੈ ਤੇ ਨਾਲ ਹੀ ਲਿਖ-ਲਿਖ ਕੇ ਕੀਤੀ ਦੁਹਰਾਈ ਯਾਦਸ਼ਕਤੀ ਨੂੰ ਮਜ਼ਬੂਤ ਕਰਦੀ ਹੈ।
ਮਾਪਿਆਂ ਦੀ ਭੂਮਿਕਾ
ਮਾਪਿਆਂ ਦੀ ਭੂਮਿਕਾ ਪ੍ਰੀਖਿਆ ਦੇ ਦਿਨਾਂ ਵਿਚ ਸਭ ਤੋਂ ਅਹਿਮ ਹੋ ਜਾਂਦੀ ਹੈ। ਜਦੋਂ ਮਾਪੇ ਬੱਚਿਆਂ ਨਾਲ ਪ੍ਰੀਖਿਆ ਅਤੇ ਇਸ ਦੀ ਤਿਆਰੀ ਸਬੰਧੀ ਖੁੱਲ੍ਹ ਕੇ ਗੱਲਬਾਤ ਕਰਦੇ ਹਨ, ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਧੀਰਜ ਨਾਲ ਸੁਣਦੇ ਹਨ ਤੇ ਉਨ੍ਹਾਂ ਦੀ ਮਿਹਨਤ ’ਤੇ ਵਿਸ਼ਵਾਸ ਜਤਾਉਂਦੇ ਹਨ, ਤਾਂ ਬੱਚਿਆਂ ਦੇ ਮਨ ਵਿਚ ਆਇਆ ਡਰ ਆਪੇ ਹੀ ਘੱਟ ਹੋਣ ਲੱਗਦਾ ਹੈ। ਬੱਚੇ ਦੇ ਛੋਟੇ-ਛੋਟੇ ਉਪਰਾਲਿਆਂ ਦੀ ਹੌਸਲਾ ਅਫ਼ਜ਼ਾਈ ਕਰਨਾ ਅਤੇ ਹਰ ਰੋਜ਼ ਕੁਝ ਸਮਾਂ ਉਸ ਨਾਲ ਬੈਠ ਕੇ ਗੱਲ ਕਰਨਾ ਉਸ ਅੰਦਰ ਆਤਮ-ਵਿਸ਼ਵਾਸ ਪੈਦਾ ਕਰਦਾ ਹੈ।
ਅਧਿਆਪਕ ਕਰੇ ਮਾਰਗ-ਦਰਸ਼ਨ
ਅਧਿਆਪਕਾਂ ਦੀ ਭੂਮਿਕਾ ਵੀ ਬੇਹੱਦ ਅਹਿਮ ਹੈ। ਆਪਣੇ ਤਜਰਬੇ ਦੇ ਆਧਾਰ ’ਤੇ ਉਹ ਵਿਦਿਆਰਥੀਆਂ ਨੂੰ ਇਹ ਅਹਿਸਾਸ ਕਰਵਾ ਸਕਦੇ ਹਨ ਕਿ ਉਹ ਇਕੱਲੇ ਨਹੀਂ ਹਨ। ਹਰ ਸਾਲ ਹਜ਼ਾਰਾਂ ਬੱਚੇ ਇਨ੍ਹਾਂ ਹੀ ਚੁਣੌਤੀਆਂ ਦਾ ਸਾਹਮਣਾ ਕਰਦੇ ਹਨ ਅਤੇ ਇਕ ਨਿਰਧਾਰਤ ਰਣਨੀਤੀ ਤੇ ਵਿਉਂਤਬੰਦੀ ਨਾਲ ਤਿਆਰੀ ਕਰ ਕੇ ਕਾਮਯਾਬੀ ਹਾਸਿਲ ਕਰਦੇ ਹਨ। ਅੱਜ ਉਹੀ ਵਿਦਿਆਰਥੀ ਦੂਸਰਿਆਂ ਲਈ ਮਿਸਾਲ ਬਣੇ ਹੋਏ ਹਨ। ਜਦੋਂ ਅਧਿਆਪਕ ਆਪਣੇ ਪੁਰਾਣੇ ਵਿਦਿਆਰਥੀਆਂ ਦੀਆਂ ਉਦਾਹਰਨਾਂ ਸਾਂਝੀਆਂ ਕਰਦੇ ਹਨ ਕਿ ਕਿਵੇਂ ਉਨ੍ਹਾਂ ਨੇ ਯੋਜਨਾ ਬਣਾ ਕੇ ਤਿਆਰੀ ਕੀਤੀ, ਸਮੇਂ ਦਾ ਸਹੀ ਪ੍ਰਬੰਧ ਕੀਤਾ ਅਤੇ ਉੱਚ ਅੰਕ ਪ੍ਰਾਪਤ ਕਰਕੇ ਇਤਿਹਾਸ ਸਿਰਜਿਆ ਤਾਂ ਮੌਜੂਦਾ ਵਿਦਿਆਰਥੀਆਂ ’ਚ ਵਿਸ਼ਵਾਸ ਦੀ ਨਵੀਂ ਲਹਿਰ ਦੌੜ ਪੈਂਦੀ ਹੈ। ਅਧਿਆਪਕ ਵੱਲੋਂ ਦਿੱਤੀ ਗਈ ਵਿਉਂਤਬੰਦੀ ਤੇ ਮਾਰਗ-ਦਰਸ਼ਨ ਵਿਦਿਆਰਥੀਆਂ ਦੇ ਮਾਨਸਿਕ ਦਬਾਅ ਨੂੰ ਘਟਾਉਣ ਵਿਚ ਬਹੁਤ ਹੀ ਲਾਹੇਵੰਦ ਸਾਬਿਤ ਹੁੰਦੀ ਹੈ।
ਅੰਤ ’ਚ ਇਹੀ ਕਹਿਣਾ ਉਚਿਤ ਹੈ ਕਿ ਪ੍ਰੀਖਿਆ ਸਿਰਫ਼ ਇਕ ਪੜਾਅ ਹੈ, ਜ਼ਿੰਦਗੀ ਨਹੀਂ। ਮਾਪੇ, ਅਧਿਆਪਕ ਤੇ ਵਿਦਿਆਰਥੀ ਜੇ ਇਕ-ਦੂਜੇ ਦਾ ਸਹਾਰਾ ਬਣਨ, ਤਾਂ ਹਰ ਪ੍ਰੀਖਿਆ ਸਫਲਤਾ ਵੱਲ ਲੈ ਕੇ ਜਾਂਦੀ ਹੈ।
- ਹਰਦੀਪ ਰਾਏ ਪਰਾਸ਼ਰ