ਹਰ ਸਾਲ ਮਾਰਚ ਮਹੀਨਾ ਸਕੂਲ ਪੜ੍ਹਦੇ ਵਿਦਿਆਰਥੀਆਂ ਲਈ ਸਾਲਾਨਾ ਪੇਪਰਾਂ ਦੇ ਨਾਲ-ਨਾਲ ਨਤੀਜੇ ਦਾ ਮਹੀਨਾ ਹੁੰਦਾ ਹੈ। ਇਸ ਮਹੀਨੇ ਹੀ ਪਤਾ ਲੱਗਦਾ ਹੈ ਕਿ ਕਿਸ ਵਿਦਿਆਰਥੀ ਨੇ ਸਾਲ ਭਰ ਕਿੰਨੀ ਕੁ ਮਿਹਨਤ ਕੀਤੀ ਹੈ। ਇਸ ਤਰ੍ਹਾਂ ਮਾਰਚ ਮਹੀਨਾ ਹਰ ਵਿਦਿਆਰਥੀ ਲਈ ਪ੍ਰਵੇਸ਼ ਦੁਆਰ ਵਾਂਗ ਹੁੰਦਾ ਹੈ, ਜਿਸ ਵਿੱਚੋਂ ਲੰਘ ਕੇ ਉਸ ਨੇ ਅਗਲੀ ਜਮਾਤ ਵਿਚ ਦਾਖ਼ਲ ਹੋਣਾ ਹੁੰਦਾ ਹੈ।

ਹਰ ਸਾਲ ਮਾਰਚ ਮਹੀਨਾ ਸਕੂਲ ਪੜ੍ਹਦੇ ਵਿਦਿਆਰਥੀਆਂ ਲਈ ਸਾਲਾਨਾ ਪੇਪਰਾਂ ਦੇ ਨਾਲ-ਨਾਲ ਨਤੀਜੇ ਦਾ ਮਹੀਨਾ ਹੁੰਦਾ ਹੈ। ਇਸ ਮਹੀਨੇ ਹੀ ਪਤਾ ਲੱਗਦਾ ਹੈ ਕਿ ਕਿਸ ਵਿਦਿਆਰਥੀ ਨੇ ਸਾਲ ਭਰ ਕਿੰਨੀ ਕੁ ਮਿਹਨਤ ਕੀਤੀ ਹੈ। ਇਸ ਤਰ੍ਹਾਂ ਮਾਰਚ ਮਹੀਨਾ ਹਰ ਵਿਦਿਆਰਥੀ ਲਈ ਪ੍ਰਵੇਸ਼ ਦੁਆਰ ਵਾਂਗ ਹੁੰਦਾ ਹੈ, ਜਿਸ ਵਿੱਚੋਂ ਲੰਘ ਕੇ ਉਸ ਨੇ ਅਗਲੀ ਜਮਾਤ ਵਿਚ ਦਾਖ਼ਲ ਹੋਣਾ ਹੁੰਦਾ ਹੈ। ਪੰਜਾਬ ਦੇ ਸਰਕਾਰੀ ਸਕੂਲਾਂ ’ਚ ਆਮ ਕਰਕੇ ਇਕੱਤੀ ਮਾਰਚ ਨੂੰ ਸਾਲਾਨਾ ਪ੍ਰੀਖਿਆਵਾਂ ਦੇ ਨਤੀਜੇ ਐਲਾਨੇ ਜਾਂਦੇ ਹਨ। ਇਸ ਕਰਕੇ ਇਸ ਦਿਨ ਨੂੰ ਲੈ ਕੇ ਵਿਦਿਆਰਥੀਆਂ ਅੰਦਰ ਅਜੀਬ ਜਿਹਾ ਡਰ, ਖਿੱਚ ਤੇ ਉਤਾਵਲਾਪਣ ਹੁੰਦਾ ਹੈ। ਉਨ੍ਹਾਂ ਅੰਦਰ ਜਿੱਥੇ ਇਸ ਦਿਨ ਪਾਸ ਹੋ ਕੇ ਅਗਲੀ ਜਮਾਤ ਵਿਚ ਜਾਣ ਦਾ ਚਾਅ ਹੁੰਦਾ ਹੈ, ਉੱਥੇ ਹੀ ਕਿਤੇ ਨਾ ਕਿਤੇ ਫੇਲ੍ਹ ਹੋ ਜਾਣ ਦਾ ਡਰ ਵੀ ਰਹਿੰਦਾ ਹੈ।
ਕਈ ਕਾਰਨ ਆਉਂਦੇ ਨਜ਼ਰ
ਵੇਖਣ ’ਚ ਆਇਆ ਹੈ ਕਿ ਪਿਛਲੇ ਲਗਪਗ ਡੇਢ ਦਹਾਕੇ ਤੋਂ ਵਿਦਿਆਰਥੀਆਂ ਅੰਦਰ ਇਹ ਡਰ ਤੇ ਉਤਾਵਲਾਪਣ ਹੌਲੀ-ਹੌਲੀ ਘਟਦਾ ਜਾ ਰਿਹਾ ਹੈ। ਉਨ੍ਹਾਂ ਅੰਦਰ ਹੁਣ ਆਪਣੇ ਸਾਲਾਨਾ ਪ੍ਰੀਖਿਆਵਾਂ ਦੇ ਨਤੀਜੇ ਨੂੰ ਲੈ ਕੇ ਉਹ ਖਿੱਚ ਤੇ ਚਾਅ ਨਹੀਂ ਰਿਹਾ ਹੈ, ਜੋ ਪਹਿਲਾਂ ਹੁੰਦਾ ਸੀ। ਉਨ੍ਹਾਂ ਲਈ ਨਤੀਜੇ ਵਾਲਾ ਦਿਨ ਖ਼ਾਸ ਨਾ ਹੋ ਕੇ ਆਮ ਦਿਨਾਂ ਵਰਗਾ ਹੀ ਬਣਦਾ ਜਾ ਰਿਹਾ ਹੈ। ਉਨ੍ਹਾਂ ਵਿਚ ਨਤੀਜੇ ਵਾਲੇ ਦਿਨ ਨੂੰ ਲੈ ਕੇ ਉਤਸੁਕਤਾ ਸਾਲ ਦਰ ਸਾਲ ਘਟਦੀ ਹੀ ਜਾ ਰਹੀ ਹੈ। ਸਕੂਲੀ ਵਿਦਿਆਰਥੀਆਂ ਅੰਦਰ ਇਹ ਬਲਦਾਅ ਜਾਂ ਤਬਦੀਲੀ ਕਿਉਂ ਆ ਰਹੀ ਹੈ? ਜਦੋਂ ਅਸੀਂ ਇਸ ਦਾ ਕਾਰਨ ਲੱਭਣ ਦਾ ਯਤਨ ਕਰਦੇ ਹਾਂ ਤਾਂ ਸਾਨੂੰ ਇਸ ਪਿੱਛੇ ਇਕ ਨਹੀਂ ਸਗੋਂ ਕਈ ਕਾਰਨ ਨਜ਼ਰ ਆਉਂਦੇ ਹਨ। ਜੇ ਇਨ੍ਹਾਂ ਕਾਰਨਾਂ ਨੂੰ ਧਿਆਨ ਨਾਲ ਵੇਖੀਏ ਤਾਂ ਇਨ੍ਹਾਂ ਵਿੱਚੋਂ ਸਾਨੂੰ ਪਹਿਲਾ ਤੇ ਪ੍ਰਮੁੱਖ ਕਾਰਨ ਸਿੱਖਿਆ ਅਧਿਕਾਰ ਐਕਟ ਦਾ ਲਾਗੂ ਹੋਣਾ ਹੈ। ਇਸ ਐਕਟ ’ਚ ਸਪੱਸ਼ਟ ਸ਼ਬਦਾਂ ਵਿਚ ਲਿਖਿਆ ਹੈ ਕਿ ਕਿਸੇ ਵੀ ਵਿਦਿਆਰਥੀ ਨੂੰ ਅੱਠਵੀਂ ਜਮਾਤ ਤਕ ਫੇਲ੍ਹ ਨਹੀਂ ਕੀਤਾ ਜਾ ਸਕਦਾ ਭਾਵੇਂ ਉਹ ਸਕੂਲ ’ਚ ਆਉਂਦਾ ਜਾਂ ਨਹੀਂ। ਇਸ ਐਕਟ ਦੀ ਇਕ ਮੱਦ ਵਿਚ ਸਾਫ਼ ਲਿਖਿਆ ਹੋਇਆ ਹੈ ਕਿ ਭਾਵੇਂ ਕੋਈ ਵਿਦਿਆਰਥੀ ਸਾਰਾ ਸਾਲ ਸਕੂਲ ਨਾ ਆਵੇ ਪਰ ਉਸ ਦਾ ਨਾਂ ਸਕੂਲ ’ਚੋਂ ਨਹੀਂ ਕੱਟਿਆ ਜਾ ਸਕਦਾ ਹੈ ਤੇ ਨਾ ਹੀ ਉਸ ਨੂੰ ਫੇਲ੍ਹ ਕੀਤਾ ਜਾ ਸਕਦਾ ਹੈ। ਕਹਿਣ ਦਾ ਭਾਵ ਸਕੂਲ ਵਿਚ ਦਾਖ਼ਲ ਹਰ ਵਿਦਿਆਰਥੀ ਨੂੰ ਅੱਠਵੀਂ ਜਮਾਤ ਤਕ ਬਿਨਾਂ ਫੇਲ੍ਹ ਕੀਤਿਆਂ ਅਗਲੀ ਜਮਾਤ ਵਿੱਚ ਪ੍ਰਮੋਟ ਕਰਨਾ ਲਾਜ਼ਮੀ ਹੈ।
ਸਾਲਾਨਾ ਪ੍ਰੀਖਿਆਵਾਂ ਨੂੰ ਗੰਭੀਰਤਾ ਨਾਲ ਨਹੀਂ ਲੈਂਦੇ
ਜਦੋਂ ਵਿਦਿਆਰਥੀ ਨੂੰ ਇਸ ਗੱਲ ਦਾ ਪਤਾ ਲੱਗ ਜਾਂਦਾ ਹੈ ਕਿ ਉਸ ਨੇ ਪਾਸ ਤਾਂ ਹੋ ਹੀ ਜਾਣਾ ਹੈ ਭਾਵੇਂ ਉਹ ਸਕੂਲ ਵਿਚ ਹਾਜ਼ਰ ਹੋਵੇ ਜਾਂ ਨਾ ਤਾਂ ਫਿਰ ਉਹ ਸਕੂਲ ਕਿਉਂ ਆਵੇਗਾ?ਇਸ ਤੋਂ ਇਲਾਵਾ ਜਦੋਂ ਕਿਸੇ ਵਿਦਿਆਰਥੀ ਨੂੰ ਆਪਣੇ ਸਲਾਨਾ ਨਤੀਜੇ ਦਾ ਪਹਿਲਾਂ ਹੀ ਪਤਾ ਹੋਵੇ ਕਿ ਉਸ ਨੇ ਪਾਸ ਤਾਂ ਹਰ ਹਾਲਤ ਵਿਚ ਹੋ ਹੀ ਜਾਣਾ ਹੈ ਤਾਂ ਫਿਰ ਉਸ ਦਾ ਨਤੀਜੇ ਵਾਲੇ ਦਿਨ ਨੂੰ ਉਡੀਕਣ ਦਾ ਚਾਅ ਤੇ ਉਤਾਵਲਾਪਣ ਤਾਂ ਆਪਣੇ ਆਪ ਹੀ ਘਟ ਜਾਂਦਾ ਹੈ। ਇੱਥੇ ਹੀ ਬੱਸ ਨਹੀਂ। ਇਸ ਤੋਂ ਇਲਾਵਾ ਦੂਜਾ ਇਸ ਐਕਟ ਤਹਿਤ ਨਿੱਤ ਹੁੰਦੇ ਪੇਪਰ ਤੇ ਟੈਸਟਾਂ ਨੇ ਵਿਦਿਆਰਥੀਆਂ ਅੰਦਰ ਪੇਪਰਾਂ ਦਾ ਡਰ ਹੀ ਖ਼ਤਮ ਕਰ ਦਿੱਤਾ ਹੈ। ਹਰ ਮਹੀਨੇ ਕੋਈ ਨਾ ਕੋਈ ਆਨਲਾਈਨ ਜਾਂ ਆਫਲਾਈਨ ਪੇਪਰ ਹੋਣ ਕਰਕੇ ਹੁਣ ਵਿਦਿਆਰਥੀ ਸਾਲਾਨਾ ਪ੍ਰੀਖਿਆਵਾਂ ਨੂੰ ਵੀ ਜ਼ਿਆਦਾ ਗੰਭੀਰਤਾ ਨਾਲ ਨਹੀਂ ਲੈਂਦੇ। ਉਨ੍ਹਾਂ ਲਈ ਪੇਪਰ ਹੁਣ ਡਰ ਜਾਂ ਹਊਆ ਨਾ ਹੋ ਕੇ ਆਮ ਜਿਹੀ ਗੱਲ ਬਣ ਕੇ ਰਹਿ ਗਏ ਹਨ।
ਸਿੱਖਿਆ ਪ੍ਰਣਾਲੀ
ਇਸ ਤੋਂ ਬਿਨਾਂ ਸਾਡੀ ਸਿੱਖਿਆ ਪ੍ਰਣਾਲੀ ਵੀ ਵਿਦਿਆਰਥੀਆਂ ਦੀ ਆਪਣੇ ਨਤੀਜੇ ਪ੍ਰਤੀ ਉਤਸੁਕਤਾ ਤੇ ਖਿੱਚ ਘੱਟ ਕਰਨ ਲਈ ਕੁਝ ਹੱਦ ਤੱਕ ਜ਼ਿੰਮੇਵਾਰ ਹੈ। ਅਸੀਂ ਵੇਖਦੇ ਹਾਂ ਕਿ ਸਾਡੀ ਸਿੱਖਿਆ ਪ੍ਰਣਾਲੀ ਵਿਚ ਹਰ ਸਾਲ ਹੋ ਰਹੇ ਨਵੇਂ ਪ੍ਰਯੋਗਾਂ ਨੇ ਵੀ ਵਿਦਿਆਰਥੀਆਂ ’ਤੇ ਅਸਰ ਪਾਇਆ ਹੈ। ਕਦੇ ਸਮੈਸਟਰ ਪ੍ਰਣਾਲੀ ਤੇ ਕਦੇ ਸਾਲਾਨਾ ਪ੍ਰੀਖਿਆ ਪ੍ਰਣਾਲੀ ਵਿਦਿਆਰਥੀਆਂ ਅੰਦਰ ਲੈਅ ਤੇ ਇਕਸਾਰਤਾ ਨਹੀਂ ਬਣਨ ਦੇ ਰਹੀ। ਇਹ ਗੱਲ ਆਮ ਹੀ ਵੇਖਣ ਵਿਚ ਆਉਂਦੀ ਹੈ ਕਿ ਜੇ ਵਿਦਿਆਰਥੀ ਇਕ ਸਾਲ ਸਮੈਸਟਰ ਪ੍ਰਣਾਲੀ ਅਧੀਨ ਪ੍ਰੀਖਿਆ ਦਿੰਦੇ ਹਨ ਤਾਂ ਅਗਲੇ ਸਾਲ ਨਵੀਂ ਪ੍ਰਣਾਲੀ ਆ ਜਾਂਦੀ ਹੈ। ਇਸ ਤਰ੍ਹਾਂ ਫਿਰ ਹਰ ਸਾਲ ਵਿਦਿਆਰਥੀਆ ਨੂੰ ਨਵੀਂ ਪ੍ਰਣਾਲੀ ਦੇ ਅਨੁਸਾਰ ਪੜ੍ਹਨ ਤੇ ਪ੍ਰੀਖਿਆ ਦੇਣ ਵਿਚ ਦਿੱਕਤ ਪੇਸ਼ ਆਉਂਦੀ ਹੈ।
ਹਰ ਵਿਦਿਆਰਥੀ ਕੋਲ ਘਰ ਪਹੁੰਚ ਜਾਂਦਾ ਨਤੀਜਾ
ਅਜੋਕੇ ਡਿਜੀਟਲ ਯੁੱਗ ਨੇ ਵਿਦਿਆਰਥੀਆਂ ਦੇ ਨਾਲ ਸਾਡੀ ਸਮੁੱਚੀ ਸਿੱਖਿਆ ਪ੍ਰਣਾਲੀ ਨੂੰ ਵੀ ਪ੍ਰਭਾਵਿਤ ਕੀਤਾ ਹੈ। ਅੱਜ ਇੰਟਰਨੈੱਟ ਦੇ ਯੁੱਗ ਵਿੱਚ ਹੁਣ ਪਹਿਲਾਂ ਵਾਂਗ ਸਾਲਾਨਾ ਪ੍ਰੀਖਿਆਵਾਂ ਦੇ ਨਤੀਜੇ ਸਾਰੇ ਵਿਦਿਆਰਥੀਆਂ ਨੂੰ ਸਕੂਲ ਵਿੱਚ ਇਕੱਠੇ ਕਰਕੇ ਐਲਾਨ ਨਹੀਂ ਕੀਤੇ ਜਾਂਦੇ ਹਨ ਸਗੋਂ ਹੁਣ ਤਾਂ ਮੋਬਾਈਲ ਫੋਨ ’ਤੇ ਬਣੇ ਸਕੂਲ ਗਰੁੱਪਾਂ ਵਿਚ ਤੇ ਸਕੂਲ ਦੀ ਵੈੱਬਸਾਈਟ ’ਤੇ ਪਾ ਦਿੱਤੇ ਜਾਂਦੇ ਹਨ। ਇਸ ਤਰ੍ਹਾਂ ਮਿੰਟਾਂ ਸਕਿੰਟਾਂ ਵਿਚ ਨਤੀਜਾ ਹਰ ਵਿਦਿਆਰਥੀ ਕੋਲ ਘਰ ਹੀ ਪਹੁੰਚ ਜਾਂਦਾ ਹੈ। ਇਸ ਸਭ ਵਿੱਚ ਜਦੋਂ ਅਸੀਂ ਸਿੱਖਿਆ ਅਧਿਕਾਰ ਐਕਟ ਦੇ ਲਾਗੂ ਹੋਣ ਤੋਂ ਪਹਿਲਾਂ ਵਾਲੇ ਸਮੇਂ ’ਤੇ ਝਾਤ ਮਾਰਦੇ ਹਾਂ ਤਾਂ ਵੇਖਦੇ ਹਾਂ ਕਿ ਉਸ ਸਮੇਂ ਸਕੂਲਾਂ ਵਿਚ ਪੜ੍ਹਦੇ ਵਿਦਿਆਰਥੀ ਆਪਣੇ ਸਾਲਾਨਾ ਨਤੀਜੇ ਦੀ ਬੜੀ ਬੇਸਬਰੀ ਨਾਲ ਉਡੀਕ ਕਰਦੇ ਹੁੰਦੇ ਸਨ। ਉਨ੍ਹਾਂ ਅੰਦਰ ਆਪਣੇ ਨਤੀਜੇ ਨੂੰ ਜਾਣਨ ਦੀ ਅਜੀਬ ਜਿਹੀ ਖਿੱਚ ਤੇ ਉਤਾਵਲਾਪਣ ਹੁੰਦਾ ਸੀ। ਉਹ ਪ੍ਰੀਖਿਆ ਦੇਣ ਤੋਂ ਬਾਅਦ ਫਿਰ ਕਿਵੇਂ ਇਕ-ਇਕ ਕਰਕੇ ਦਿਨ ਗਿਣ ਕੇ ਨਤੀਜੇ ਵਾਲਾ ਦਿਨ ਲੈ ਕੇ ਆਉਂਦੇ ਸਨ। ਉਹ ਆਪਣੇ ਸਲਾਨਾ ਨਤੀਜੇ ਦੇ ਐਲਾਨ ਤੋਂ ਪਹਿਲਾਂ ਆਪਣੇ ਪਾਸ ਹੋਣ ਲਈ ਅਨੇਕਾਂ ਸੁੱਖਾਂ ਸੁੱਖਦੇ।
ਫੁੱਲਾਂ ਦੀ ਹੁੰਦੀ ਸੀ ਵਰਖਾ
ਨਤੀਜੇ ਵਾਲੇ ਦਿਨ ਬੱਚੇ ਸਵੇਰੇ ਹੀ ਸਕੂਲ ਵਿਚ ਫੁੱਲ ਲੈ ਕੇ ਆਉਂਦੇ ਤੇ ਫਿਰ ਜਦੋਂ ਉਨ੍ਹਾਂ ਨੂੰ ਆਪਣੇ ਪਾਸ ਹੋਣ ਦਾ ਪਤਾ ਲੱਗਦਾ ਤਾਂ ਉਹ ਖ਼ੁਸ਼ੀ ਵਿਚ ਅਧਿਆਪਕਾਂ ਉੱਪਰ ਫੁੱਲਾਂ ਦੀ ਵਰਖਾ ਕਰਦੇ ਸਨ। ਅੱਜ ਦੇ ਸਮੇਂ ’ਚ ਇਹ ਸਭ ਕੁਝ ਸਕੂਲਾਂ ਵਿਚ ਬਹੁਤ ਘੱਟ ਦਿਖਾਈ ਦਿੰਦਾ ਹੈ। ਅੱਜ ਸਕੂਲਾਂ ’ਚ ਦਿਖਾਵਾ ਤਾਂ ਬਹੁਤ ਵੱਧ ਗਿਆ ਹੈ ਪਰ ਵਿਦਿਆਰਥੀਆਂ ਅੰਦਰ ਉਹ ਭਾਵਨਾ ਤੇ ਉਤਸੁਕਤਾ ਕਿਤੇ ਵੀ ਦਿਖਾਈ ਨਹੀਂ ਦਿੰਦੀ। ਅੱਜ ਦੇ ਤੇਜ਼ ਰਫ਼ਤਾਰ ਤੇ ਮੁਕਾਬਲੇ ਦੇ ਯੁੱਗ ਵਿਚ ਵਿਦਿਆਰਥੀ ਪੜ੍ਹਾਈ ਦੇ ਬੋਝ ਥੱਲੇ ਦੱਬਦੇ ਜਾ ਰਹੇ ਹਨ, ਜਿਸ ਕਰਕੇ ਉਨ੍ਹਾਂ ਅੰਦਰੋਂ ਕਈ ਤਰ੍ਹਾਂ ਦੀਆਂ ਭਾਵਨਾਵਾਂ ਹੌਲੀ-ਹੌਲੀ ਮਰਦੀਆਂ ਜਾ ਰਹੀਆਂ ਹਨ।
ਵਿਦਿਆਰਥੀਆਂ ਦੇ ਅਨੁਕੂਲ ਸਿਰਜੋ ਮਾਹੌਲ
ਅੱਜ ਲੋੜ ਹੈ ਸਿੱਖਿਆ ਵਿਚ ਸਹਿਜਤਾ ਤੇ ਇਕਸਾਰਤਾ ਲਿਆਉਣ ਦੀ। ਇਸ ਲਈ ਸਰਕਾਰ, ਸਿੱਖਿਆ ਵਿਭਾਗ ਤੇ ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਵਿਦਿਆਰਥੀਆਂ ਦੇ ਅਨੁਕੂਲ ਮਾਹੌਲ ਸਿਰਜਣ ਦੀ ਕੋਸ਼ਿਸ਼ ਕਰਨ। ਇਸ ਤੋਂ ਇਲਾਵਾ ਮਾਤਾ-ਪਿਤਾ ਦਾ ਵੀ ਫ਼ਰਜ਼ ਬਣਦਾ ਹੈ ਕਿ ਉਹ ਆਪਣੇ ਅਧੂਰੇ ਰਹਿ ਗਏ ਸੁਪਨਿਆਂ ਨੂੰ ਆਪਣੇ ਬੱਚਿਆਂ ’ਤੇ ਨਾ ਥੋਪਣ ਸਗੋਂ ਉਨ੍ਹਾਂ ਨੂੰ ਆਪਣੇ ਬੱਚਿਆਂ ਦੇ ਪੜ੍ਹਨ ਲਈ ਖੁੱਲ੍ਹਾ ਤੇ ਸਾਜ਼ਗਾਰ ਵਾਤਾਵਰਣ ਦੇਣ ਦਾ ਯਤਨ ਕਰਨਾ ਚਾਹੀਦਾ ਹੈ। ਮਾਪਿਆਂ ਨੂੰ ਇਹ ਗੱਲ ਵੀ ਚੰਗੀ ਤਰ੍ਹਾਂ ਸਮਝ ਲੈਣੀ ਚਾਹੀਦੀ ਹੈ ਕਿ ਬੱਚਿਆਂ ਦੇ ਚਾਵਾਂ ਤੇ ਰੀਝਾਂ ਤੋਂ ਸੱਖਣੀ ਸਿੱਖਿਆ ਕਦੇ ਵੀ ਉਨ੍ਹਾਂ ਨੂੰ ਜ਼ਿੰਦਗੀ ਵਿਚ ਸਫ਼ਲ ਇਨਸਾਨ ਬਣਨ ’ਚ ਸਹਾਈ ਨਹੀਂ ਹੋ ਸਕਦੀ ਹੈ।
- ਮਨਜੀਤ ਮਾਨ