ਸਿੱਖਿਆ ਕਿਸੇ ਵੀ ਬੱਚੇ ਦੇ ਜੀਵਨ ਦੀ ਨੀਂਹ ਹੁੰਦੀ ਹੈ। ਜਿਵੇਂ ਮਜ਼ਬੂਤ ਨੀਂਹ ਬਿਨਾਂ ਇਮਾਰਤ ਖੜ੍ਹੀ ਨਹੀਂ ਰਹਿ ਸਕਦੀ, ਉਸੇ ਤਰ੍ਹਾਂ ਚੰਗੀ ਸਿੱਖਿਆ ਬਿਨਾਂ ਬੱਚੇ ਦਾ ਸਰਬਪੱਖੀ ਵਿਕਾਸ ਸੰਭਵ ਨਹੀਂ। ਅੱਜ ਦਾ ਯੁੱਗ ਬਦਲ ਗਿਆ ਹੈ ਅਤੇ ਇਸ ਦੇ ਨਾਲ ਹੀ ਸਿੱਖਿਆ ਦਾ ਸਰੂਪ ਤੇ ਉਸ ਦੀ ਮਹੱਤਤਾ ਵੀ ਬਦਲ ਗਈ ਹੈ।

ਸਿੱਖਿਆ ਕਿਸੇ ਵੀ ਬੱਚੇ ਦੇ ਜੀਵਨ ਦੀ ਨੀਂਹ ਹੁੰਦੀ ਹੈ। ਜਿਵੇਂ ਮਜ਼ਬੂਤ ਨੀਂਹ ਬਿਨਾਂ ਇਮਾਰਤ ਖੜ੍ਹੀ ਨਹੀਂ ਰਹਿ ਸਕਦੀ, ਉਸੇ ਤਰ੍ਹਾਂ ਚੰਗੀ ਸਿੱਖਿਆ ਬਿਨਾਂ ਬੱਚੇ ਦਾ ਸਰਬਪੱਖੀ ਵਿਕਾਸ ਸੰਭਵ ਨਹੀਂ। ਅੱਜ ਦਾ ਯੁੱਗ ਬਦਲ ਗਿਆ ਹੈ ਅਤੇ ਇਸ ਦੇ ਨਾਲ ਹੀ ਸਿੱਖਿਆ ਦਾ ਸਰੂਪ ਤੇ ਉਸ ਦੀ ਮਹੱਤਤਾ ਵੀ ਬਦਲ ਗਈ ਹੈ। ਅੱਜ ਦੀ ਸਿੱਖਿਆ ਸਿਰਫ਼ ਕਿਤਾਬੀ ਗਿਆਨ ਤੱਕ ਸੀਮਤ ਨਹੀਂ ਸਗੋਂ ਬੱਚੇ ਦੇ ਸਰੀਰਕ, ਮਾਨਸਿਕ, ਸਮਾਜਿਕ ਤੇ ਨੈਤਿਕ ਵਿਕਾਸ ’ਚ ਅਹਿਮ ਭੂਮਿਕਾ ਨਿਭਾਉਂਦੀ ਹੈ।
ਮਾਨਸਿਕ ਤੇ ਬੌਧਿਕ ਵਿਕਾਸ
ਅੱਜ ਦੀ ਸਿੱਖਿਆ ਦਾ ਮੁੱਖ ਉਦੇਸ਼ ਬੱਚੇ ਦੀ ਸੋਚਣ-ਸਮਝਣ ਦੀ ਸ਼ਕਤੀ ਨੂੰ ਵਧਾਉਣਾ ਹੈ। ਨਵੀਂ ਸਿੱਖਿਆ ਨੀਤੀ 2020 ਰੱਟਾ ਪ੍ਰਣਾਲੀ ਦੀ ਥਾਂ ਸਮਝ, ਤਰਕ ਤੇ ਰਚਨਾਤਮਕਤਾ ’ਤੇ ਜ਼ੋਰ ਦਿੰਦੀ ਹੈ। ਗਣਿਤ, ਵਿਗਿਆਨ ਅਤੇ ਭਾਸ਼ਾਵਾਂ ਰਾਹੀਂ ਬੱਚੇ ਦੀ ਤਰਕ-ਸ਼ਕਤੀ ਵਿਕਸਿਤ ਹੁੰਦੀ ਹੈ। ਕੋਡਿੰਗ, ਰੋਬੋਟਿਕਸ ਤੇ ਪ੍ਰਾਜੈਕਟ ਆਧਾਰਿਤ ਪੜ੍ਹਾਈ ਨਾਲ ਬੱਚੇ ਸਮੱਸਿਆਵਾਂ ਨੂੰ ਹੱਲ ਕਰਨਾ ਸਿੱਖਦੇ ਹਨ। ਇਹ ਮਾਨਸਿਕ ਵਿਕਾਸ ਉਨ੍ਹਾਂ ਨੂੰ ਭਵਿੱਖ ਦੀਆਂ ਚੁਣੌਤੀਆਂ ਲਈ ਤਿਆਰ ਕਰਦਾ ਹੈ।
ਸ਼ਖ਼ਸੀਅਤ ਦਾ ਵਿਕਾਸ
ਸਕੂਲ ਸਿਰਫ਼ ਪੜ੍ਹਾਈ ਦੀ ਥਾਂ ਨਹੀਂ ਸਗੋਂ ਸ਼ਖ਼ਸੀਅਤ ਘੜਨ ਦੀ ਵਰਕਸ਼ਾਪ ਹੈ। ਅੱਜ ਦੇ ਸਕੂਲਾਂ ਵਿਚ ਡਿਬੇਟ, ਭਾਸ਼ਣ, ਨਾਟਕ ਅਤੇ ਖੇਡਾਂ ਰਾਹੀਂ ਬੱਚੇ ਦੇ ਅੰਦਰ ਛੁਪੀ ਪ੍ਰਤਿਭਾ ਨੂੰ ਬਾਹਰ ਕੱਢਿਆ ਜਾਂਦਾ ਹੈ। ਗਰੁੱਪ ਐਕਟੀਵਿਟੀਜ਼ ਨਾਲ ਬੱਚੇ ਟੀਮ ਵਿਚ ਕੰਮ ਕਰਨਾ, ਅਗਵਾਈ ਕਰਨਾ ਤੇ ਆਪਣੇ ਵਿਚਾਰ ਖੁੱਲ੍ਹ ਕੇ ਰੱਖਣਾ ਸਿੱਖਦੇ ਹਨ। ਇਸ ਨਾਲ ਉਨ੍ਹਾਂ ਦਾ ਆਤਮ-ਵਿਸ਼ਵਾਸ ਵਧਦਾ ਹੈ ਤੇ ਝਿਜਕ ਦੂਰ ਹੁੰਦੀ ਹੈ।
ਸਮਾਜਿਕ ਤੇ ਭਾਵਨਾਤਮਕ ਵਿਕਾਸ
ਅੱਜ ਦੀ ਸਿੱਖਿਆ ਬੱਚੇ ਨੂੰ ਚੰਗਾ ਇਨਸਾਨ ਬਣਾਉਣ ’ਤੇ ਜ਼ੋਰ ਦਿੰਦੀ ਹੈ। ਨੈਤਿਕ ਸਿੱਖਿਆ, ਮੁੱਲ ਆਧਾਰਿਤ ਪਾਠਕ੍ਰਮ ਅਤੇ ਸਹਿ-ਪਾਠਕ੍ਰਮ ਗਤੀਵਿਧੀਆਂ ਰਾਹੀਂ ਬੱਚਿਆਂ ਵਿਚ ਇਮਾਨਦਾਰੀ, ਸਹਿਯੋਗ, ਹਮਦਰਦੀ ਤੇ ਸਹਿਣਸ਼ੀਲਤਾ ਵਰਗੇ ਗੁਣ ਪੈਦਾ ਕੀਤੇ ਜਾਂਦੇ ਹਨ। ਸਕੂਲ ਵਿਚ ਵੱਖ-ਵੱਖ ਧਰਮਾਂ, ਜਾਤਾਂ ਅਤੇ ਪਿਛੋਕੜਾਂ ਦੇ ਬੱਚੇ ਇਕੱਠੇ ਪੜ੍ਹਦੇ ਹਨ, ਜਿਸ ਨਾਲ ਉਨ੍ਹਾਂ ਵਿਚ ਏਕਤਾ ਅਤੇ ਭਾਈਚਾਰੇ ਦੀ ਭਾਵਨਾ ਮਜ਼ਬੂਤ ਹੁੰਦੀ ਹੈ।
ਹੁਨਰ ਵਿਕਾਸ ਤੇ ਰੁਜ਼ਗਾਰ
ਪੁਰਾਣੀ ਸਿੱਖਿਆ ਸਿਰਫ਼ ਡਿਗਰੀ ਦਿੰਦੀ ਸੀ ਪਰ ਅੱਜ ਦੀ ਸਿੱਖਿਆ ਹੁਨਰ ਦਿੰਦੀ ਹੈ। ਸਕਿੱਲ ਇੰਡੀਆ ਵਰਗੇ ਪ੍ਰੋਗਰਾਮਾਂ ਤਹਿਤ ਸਕੂਲਾਂ ਵਿਚ ਹੀ ਵੋਕੇਸ਼ਨਲ ਟ੍ਰੇਨਿੰਗ, ਕੰਪਿਊਟਰ ਸਿੱਖਿਆ ਅਤੇ ਏਆਈ ਵਰਗੇ ਨਵੇਂ ਵਿਸ਼ੇ ਪੜ੍ਹਾਏ ਜਾ ਰਹੇ ਹਨ। ਇਸ ਨਾਲ ਬੱਚਾ 12ਵੀਂ ਪਾਸ ਕਰਦਿਆਂ ਹੀ ਕਿਸੇ ਨਾ ਕਿਸੇ ਹੁਨਰ ਵਿਚ ਨਿਪੁੰਨ ਹੋ ਜਾਂਦਾ ਹੈ ਅਤੇ ਆਪਣੇ ਪੈਰਾਂ 'ਤੇ ਖੜ੍ਹਾ ਹੋ ਸਕਦਾ ਹੈ।
ਤਕਨੀਕੀ ਵਿਕਾਸ
ਅੱਜ ਦਾ ਬੱਚਾ ਡਿਜੀਟਲ ਯੁੱਗ ਦਾ ਬੱਚਾ ਹੈ। ਸਮਾਰਟ ਕਲਾਸਾਂ, ਟੈਬਲੈਟ, ਈ-ਲਰਨਿੰਗ ਅਤੇ ਇੰਟਰਨੈੱਟ ਨੇ ਸਿੱਖਿਆ ਨੂੰ ਰੌਚਕ ਬਣਾ ਦਿੱਤਾ ਹੈ। ਯੂਟਿਊਬ ਅਤੇ ਅਨਲਾਈਨ ਕੋਰਸਾਂ ਨਾਲ ਬੱਚਾ ਕਲਾਸ ਤੋਂ ਬਾਹਰ ਵੀ ਸਿੱਖ ਸਕਦਾ ਹੈ। ਇਸ ਨਾਲ ਉਸ ਦੀ ਤਕਨੀਕੀ ਸਮਝ ਵਧਦੀ ਹੈ, ਜੋ ਅੱਜ ਦੇ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ।
ਚੁਣੌਤੀਆਂ
ਇਸ ਦੇ ਨਾਲ ਹੀ ਸਾਨੂੰ ਇਹ ਵੀ ਮੰਨਣਾ ਪਵੇਗਾ ਕਿ ਅੱਜ ਦੀ ਸਿੱਖਿਆ ਸਾਹਮਣੇ ਕਈ ਚੁਣੌਤੀਆਂ ਹਨ। ਮੋਬਾਈਲ ਦੀ ਲਤ, ਖੇਡਾਂ ਦੀ ਘਾਟ ਅਤੇ ਅੰਕਾਂ ਦੀ ਦੌੜ ਨੇ ਬੱਚਿਆਂ ’ਤੇ ਦਬਾਅ ਵਧਾ ਦਿੱਤਾ ਹੈ। ਇਸ ਲਈ ਮਾਪਿਆਂ ਅਤੇ ਅਧਿਆਪਕਾਂ ਨੂੰ ਮਿਲ ਕੇ ਬੱਚੇ ਦੇ ਸੰਤੁਲਿਤ ਵਿਕਾਸ ਵੱਲ ਧਿਆਨ ਦੇਣਾ ਚਾਹੀਦਾ ਹੈ। ਅੱਜ ਦੀ ਸਿੱਖਿਆ ਬੱਚੇ ਦਾ ਸਿਰਫ਼ ਦਿਮਾਗ ਹੀ ਨਹੀਂ ਸਗੋਂ ਦਿਲ ਅਤੇ ਹੱਥ ਵੀ ਤਰਾਸ਼ਦੀ ਹੈ। ਇਹ ਉਸ ਨੂੰ ਚੰਗਾ ਨਾਗਰਿਕ, ਸਫਲ ਪੇਸ਼ੇਵਰ ਅਤੇ ਸਭ ਤੋਂ ਵੱਧ ਚੰਗਾ ਇਨਸਾਨ ਬਣਾਉਂਦੀ ਹੈ। ਜੇ ਅਸੀਂ ਸਿੱਖਿਆ ਨੂੰ ਸਹੀ ਦਿਸ਼ਾ ਦੇਈਏ ਤਾਂ ਸਾਡੇ ਬੱਚੇ ਹੀ ਸਾਡੇ ਦੇਸ਼ ਦਾ ਭਵਿੱਖ ਸੰਵਾਰਨਗੇ। ਇਸ ਲਈ ਕਿਹਾ ਜਾਂਦਾ ਪੜ੍ਹੋਗੇ ਤਾਂ ਵਧੋਗੇ।
ਰੁਪਿੰਦਰ ਕੌਰ