Moral Values : ਜ਼ਿੰਦਗੀ ਦਾ ਆਧਾਰ ਹੈ ਨੈਤਿਕਤਾ
ਨੈਤਿਕ ਕਦਰਾਂ-ਕੀਮਤਾਂ ਜ਼ਿੰਦਗੀ ਦੇ ਪੰਧ ਨੂੰ ਸਫਲ ਬਣਾਉਣ ’ਚ ਅਹਿਮ ਰੋਲ ਅਦਾ ਕਰਦੀਆਂ ਹਨ। ਜੇ ਅਸੀਂ ਇਨ੍ਹਾਂ ਦੀ ਪਾਲਣਾ ਕਰਦੇ ਹਾਂ ਤਾਂ ਬਹੁਤ ਸਾਰੀਆਂ ਸਮੱਸਿਆਵਾਂ ਦੇ ਹੱਲ ਖ਼ੁਦ ਨਿਕਲ ਆਉਂਦੇ ਹਨ। ਬੱਚੇ ਬਹੁਤ ਕੁਝ ਵੇਖ ਕੇ ਹੀ ਸਿੱਖਦੇ ਹਨ। ਅੱਜ ਜੋ ਸਮਾਜਿਕ ਅਸੰਤੁਲਨ ਹੈ, ਮਾੜੀਆਂ ਘਟਨਾਵਾਂ ਵੱਧ ਰਹੀਆਂ ਹਨ, ਸਦਾਚਾਰਕ ਕੀਮਤਾਂ ’ਚ ਗਿਰਾਵਟ ਆ ਰਹੀ ਹੈ।
Publish Date: Sun, 23 May 2021 11:15 AM (IST)
Updated Date: Sun, 23 May 2021 11:18 AM (IST)
ਨੈਤਿਕਤਾ ਜ਼ਿੰਦਗੀ ਦਾ ਆਧਾਰ ਹੈ। ਨੈਤਿਕ ਕਦਰਾਂ-ਕੀਮਤਾਂ ਮਨੁੱਖੀ ਜੀਵਨ ਨੂੰ ਸੁਖੀ ਤੇ ਖ਼ੁੁਸ਼ਹਾਲ ਬਣਾਉਂਦੀਆਂ ਹਨ। ਉੱਚੀਆਂ ਕਦਰਾਂ-ਕੀਮਤਾਂ ਉਸਾਰੂ, ਆਦਰਸ਼ ਅਤੇ ਚੰਗੇ ਸਮਾਜ ਦੀ ਸਿਰਜਣਾ ਕਰਦੀਆਂ ਹਨ। ਸਦਾ ਸੱਚ ਬੋਲਣਾ, ਵੱਡਿਆਂ ਦਾ ਸਤਿਕਾਰ, ਛੋਟਿਆਂ ਨਾਲ ਪਿਆਰ, ਇਮਾਨਦਾਰੀ, ਸਹਿਣਸ਼ੀਲਤਾ, ਸਹਿਯੋਗ ਦੀ ਭਾਵਨਾ, ਸਾਦਗੀ ਆਦਿ ਸਭ ਨੈਤਿਕ ਗੁਣ ਹਨ ਅਤੇ ਬੱਚਿਆਂ ਨੂੰ ਅਜਿਹੇ ਗੁਣਾਂ ਦੇ ਧਾਰਨੀ ਬਣਾਉਣਾ ਬਹੁਤ ਜ਼ਰੂਰੀ ਹੈ।
ਸਦਾਚਾਰਕ ਨਿਯਮਾਂ ਨੂੰ ਬਣਾਓ ਜ਼ਿੰਦਗੀ ਦਾ ਹਿੱਸਾ
ਨੈਤਿਕ ਕਦਰਾਂ-ਕੀਮਤਾਂ ਜ਼ਿੰਦਗੀ ਦੇ ਪੰਧ ਨੂੰ ਸਫਲ ਬਣਾਉਣ ’ਚ ਅਹਿਮ ਰੋਲ ਅਦਾ ਕਰਦੀਆਂ ਹਨ। ਜੇ ਅਸੀਂ ਇਨ੍ਹਾਂ ਦੀ ਪਾਲਣਾ ਕਰਦੇ ਹਾਂ ਤਾਂ ਬਹੁਤ ਸਾਰੀਆਂ ਸਮੱਸਿਆਵਾਂ ਦੇ ਹੱਲ ਖ਼ੁਦ ਨਿਕਲ ਆਉਂਦੇ ਹਨ। ਬੱਚੇ ਬਹੁਤ ਕੁਝ ਵੇਖ ਕੇ ਹੀ ਸਿੱਖਦੇ ਹਨ। ਅੱਜ ਜੋ ਸਮਾਜਿਕ ਅਸੰਤੁਲਨ ਹੈ, ਮਾੜੀਆਂ ਘਟਨਾਵਾਂ ਵੱਧ ਰਹੀਆਂ ਹਨ, ਸਦਾਚਾਰਕ ਕੀਮਤਾਂ ’ਚ ਗਿਰਾਵਟ ਆ ਰਹੀ ਹੈ, ਇਸ ਦਾ ਸਾਰਾ ਦੋਸ਼ ਨਵੀਂ ਪੀੜ੍ਹੀ ਨੂੰ ਦੇਣ ਲੱਗਿਆਂ ਸੋਚਣਾ ਪਵੇਗਾ ਕਿ ਅਸੀਂ ਜੋ ਬੀਜਿਆ ਸੀ, ਉਹੀ ਵੱਢ ਰਹੇ ਹਾਂ। ਕਿਤੇ ਨਾ ਕਿਤੇ ਮਾਪੇ, ਅਧਿਆਪਕ ਤੇ ਸਮਾਜ ਵੀ ਇਸ ਲਈ ਜ਼ਿੰਮੇਵਾਰ ਹੈ। ਇਸ ਲਈ ਨੈਤਿਕਤਾ ਆਪਣੇ ਘਰਾਂ ਤੋਂ ਸ਼ੁਰੂ ਕਰਨੀ ਪਵੇਗੀ, ਸਮਾਜ ਨੂੰ ਬਦਲਣ ਤੋਂ ਪਹਿਲਾਂ ਆਪਣੇ ਆਪ ਨੂੰ ਬਦਲਣਾ ਪਵੇਗਾ। ਨੈਤਿਕ ਸਦਾਚਾਰਕ ਨਿਯਮਾਂ ਨੂੰ ਜੀਵਨ ਦਾ ਹਿੱਸਾ ਬਣਾਉਣ ਦੀ ਕੋਸ਼ਿਸ਼ ਕਰੋ।
ਬਚਪਨ ਤੋਂ ਦਿਉ ਸਿੱਖਿਆ
ਬੱਚੇ ਦਾ ਮਨ ਬਹੁਤ ਕੋਮਲ ਹੁੰਦਾ ਹੈ। ਅਸੀਂ ਉਸ ਨੂੰ ਜਿਸ ਪਾਸੇ ਵੀ ਮੋੜ ਲਈਏ, ਮੁੜ ਜਾਵੇਗਾ। ਇਸ ਲਈ ਜੇ ਅਸੀਂ ਚਾਹੁੰਦੇ ਹਾਂ ਕਿ ਸਾਡਾ ਬੱਚਾ ਵੱਡਾ ਹੋ ਕੇ ਇਕ ਚੰਗਾ ਇਨਸਾਨ ਬਣੇ ਤਾਂ ਕੁਝ ਨੈਤਿਕ ਕਦਰਾਂ-ਕੀਮਤਾਂ ਦੀ ਸਿੱਖਿਆ ਬੱਚਿਆਂ ਨੂੰ ਬਚਪਨ ਤੋਂ ਹੀ ਦੇਣੀ ਚਾਹੀਦੀ ਹੈ। ਬਚਪਨ ’ਚ ਬੱਚੇ ਨੂੰ ਸਹੀ-ਗ਼ਲਤ ਦੀ ਕੁਝ ਸਮਝ ਨਹੀਂ ਹੁੰਦੀ, ਇਸ ਲਈ ਮਾਂ-ਬਾਪ ਦਾ ਫ਼ਰਜ਼ ਬਣਦਾ ਹੈ ਕਿ ਉਹ ਬੱਚੇ ਦਾ ਸਹੀ ਮਾਰਗ-ਦਰਸ਼ਨ ਕਰਨ। ਕਦੇ ਵੀ ਬੱਚੇ ਦੀ ਗ਼ਲਤੀ ਨੂੰ ਲੁਕੋ ਕੇ ਉਸ ਨੂੰ ਉਤਸ਼ਾਹਿਤ ਨਾ ਕਰੋ ਸਗੋਂ ਉਸ ਨੂੰ ਆਪਣੀ ਗ਼ਲਤੀ ਸਵੀਕਾਰ ਕਰਨਾ ਸਿਖਾਓ। ਬੱਚੇ ਨੂੰ ਹਮੇਸ਼ਾ ਸੱਚ ਦਾ ਮਾਰਗ ਚੁਣਨ ਲਈ ਪ੍ਰੇਰਿਤ ਕਰੋ।
ਮੁਸੀਬਤਾਂ ਨਾਲ ਸਿਖਾਓ ਲੜਨਾ
ਬੱਚਿਆਂ ਨੂੰ ਅਨੁਸ਼ਾਸਨ ’ਚ ਰਹਿਣਾ ਸਿਖਾਓ ਤਾਂ ਜੋ ਉਹ ਜ਼ਿੰਦਗੀ ’ਚ ਅੱਗੇ ਵੱਧ ਸਕਣ। ਸਫਲਤਾ ਨਾਂਹ-ਪੱਖੀ ਵਿਚਾਰਾਂ ਨਾਲ ਨਹੀਂ ਮਿਲਦੀ, ਇਸ ਲਈ ਉਨ੍ਹਾਂ ਨੂੰ ਆਸ਼ਾਵਾਦੀ ਬਣਾਓ। ਈਰਖਾ ਅਤੇ ਕ੍ਰੋਧ ਵੀ ਮਨੁੱਖ ਨੂੰ ਅੱਗੇ ਨਹੀਂ ਵਧਣ ਦਿੰਦੇ, ਇਸ ਕਰਕੇ ਬੱਚਿਆਂ ਨੂੰ ਪਿਆਰ ਦਾ ਮਹੱਤਵ ਸਮਝਾਓ। ਸਾਦਗੀ ਤੋਂ ਬਿਨਾਂ ਕੋਈ ਪ੍ਰਭਾਵਸ਼ਾਲੀ ਸ਼ਖ਼ਸੀਅਤ ਨਹੀਂ ਉਪਜਦੀ। ਸੋ ਉਨ੍ਹਾਂ ਨੂੰ ਸਾਦਗੀ ਭਰਪੂਰ ਜੀਵਨ ਜਿਊਣਾ ਸਿਖਾਓ। ਨਫ਼ਰਤ ਨੂੰ ਨਫ਼ਰਤ ਤੇ ਪਿਆਰ ਨੂੰ ਹਮੇਸ਼ਾ ਪਿਆਰ ਮਿਲਦਾ ਹੈ। ਇਸੇ ਲਈ ਬੱਚਿਆਂ ਨੂੰ ਪਿਆਰ ਵੰਡਣਾ ਸਿਖਾਓ।
ਪਿਆਰ, ਸਾਂਝ ਅਤੇ ਮਾਫ਼ੀ ਜ਼ਿੰਦਗੀ ਦੇ ਚਮਕੀਲੇ ਰੰਗ ਹਨ, ਜਦੋਂਕਿ ਦੁਸ਼ਮਣੀ, ਬਦਲਾ ਅਤੇ ਨਫ਼ਰਤ ਬਰਬਾਦੀ ਦੇ ਰਸਤੇ ਹਨ। ਬੱਚਿਆਂ ਨੂੰ ਪਿਆਰ ਦੇ ਰਸਤੇ ’ਤੇ ਚੱਲਣਾ ਸਿਖਾਓ। ਮੁਸੀਬਤਾਂ, ਮੁਸ਼ਕਿਲਾਂ ਤੇ ਸੰਕਟ ਸਾਨੂੰ ਮਜ਼ਬੂਤ ਬਣਾਉਂਦੇ ਹਨ, ਨਾ ਕਿ ਕਮਜ਼ੋਰ, ਇਸ ਲਈ ਉਨ੍ਹਾਂ ਨੂੰ ਮੁਸੀਬਤਾਂ ਨਾਲ ਲੜਨਾ ਸਿਖਾਓ। ਕੋਈ ਵੀ ਹੀਰਾ ਤਰਾਸ਼ੇ ਬਿਨਾਂ ਕਿਸੇ ਤਾਜ ਦਾ ਸ਼ਿੰਗਾਰ ਨਹੀਂ ਬਣ ਸਕਦਾ। ਉਸੇ ਤਰ੍ਹਾਂ ਨੈਤਿਕ ਕਦਰਾਂ-ਕੀਮਤਾਂ ਨੂੰ ਅਪਨਾਉਣ ਤੋਂ ਬਿਨਾਂ ਕੋਈ ਮਨੁੱਖ ਸਫਲ ਨਹੀਂ ਬਣ ਸਕਦਾ।
ਨੈਤਿਕ ਕਦਰਾਂ-ਕੀਮਤਾਂ ਦੀ ਮਹੱਤਤਾ
ਨੈਤਿਕ ਕਦਰਾਂ-ਕੀਮਤਾਂ ਦੀ ਸਾਡੇ ਜੀਵਨ ’ਚ ਓਨੀ ਹੀ ਮਹੱਤਤਾ ਹੈ, ਜਿੰਨੀ ਸਾਹ ਲੈਣ ਲਈ ਆਕਸੀਜਨ ਦੀ ਹੈ ਤੇ ਪਿਆਸ ਬੁਝਾਉਣ ਲਈ ਪਾਣੀ ਦੀ। ਨੈਤਿਕ ਕਦਰਾਂ-ਕੀਮਤਾਂ ਦੀ ਸਾਰਿਆਂ ਨੂੰ ਜ਼ਰੂਰਤ ਹੈ, ਭਾਵੇਂ ਉਹ ਬੱਚਾ ਹੋਵੇ, ਜਵਾਨ ਜਾਂ ਬਜ਼ੁਰਗ ਹੋਵੇ। ਨੈਤਿਕਤਾ ਦੀ ਪਾਲਣਾ ਕਰਨ ਵਾਲਾ ਸਮਝਦਾਰ ਵਿਅਕਤੀ ਹੁੰਦਾ ਹੈ, ਜੋ ਮਜ਼ਬੂਤ ਨੀਹਾਂ ਉੱਪਰ ਮਕਾਨ ਬਣਾਉਂਦਾ ਹੈ। ਭਾਵੇਂ ਇਹ ਸੱਚ ਹੈ ਕਿ ਨੈਤਿਕਤਾ ਪਹਿਲੀ ਉਮਰ ’ਚ ਸੌਖੀ ਤੇ ਅਸਾਨੀ ਨਾਲ ਸਿੱਖੀ ਜਾ ਸਕਦੀ ਹੈ ਪਰ ਇਨਸਾਨ ਸਾਰੀ ਉਮਰ ਹੀ ਸਿੱਖਦਾ ਰਹਿੰਦਾ ਹੈ।
ਕੁਦਰਤ ਨਾਲ ਕਰੋ ਪਿਆਰ
ਬੱਚਿਆਂ ਨੂੰ ਕੁਦਰਤ ਨਾਲ ਪਿਆਰ ਕਰਨਾ ਸਿਖਾਓ। ਰੁੱਖਾਂ, ਪੌਦਿਆਂ, ਪਸ਼ੂ-ਪੰਸ਼ੀਆਂ, ਜਾਨਵਰਾਂ ਦੀ ਸੰਭਾਲ ਕਰਨੀ ਸਿਖਾਓ। ਬਚਪਨ ਤੋਂ ਹੀ ਬੱਚਿਆਂ ਨੂੰ ਰਿਸ਼ਤਿਆਂ ਦੇ ਮਹੱਤਵ ਤੋਂ ਜਾਣੂ ਕਰਵਾਓ ਤਾਂ ਜੋ ਹਰ ਰਿਸ਼ਤੇ ਪ੍ਰਤੀ ਉਨ੍ਹਾਂ ਦੇ ਮਨ ’ਚ ਸਤਿਕਾਰ ਤੇ ਪ੍ਰੇਮ ਦੀ ਭਾਵਨਾ ਪੈਦਾ ਹੋਵੇ। ਕੁਝ ਹਾਸਿਲ ਕਰਨ ਲਈ ਜੀਅ ਤੋੜ ਮਿਹਨਤ ਕਰਨੀ ਪੈਂਦੀ ਹੈ, ਇਸ ਲਈ ਆਪਣੇ ਬੱਚੇ ਨੂੰ ਬਚਪਨ ਤੋਂ ਹੀ ਮਿਹਨਤੀ ਬਣਾਓ ਤਾਂ ਜੋ ਮੰਜ਼ਿਲ ਦੇ ਰਸਤੇ ਵਿਚ ਆਉਣ ਵਾਲੀ ਹਰ ਰੁਕਾਵਟ ਨੂੰ ਉਹ ਮਿਹਨਤ ਨਾਲ ਦੂਰ ਕਰ ਸਕੇ।
ਕੰਮ ਖ਼ੁਦ ਕਰਨ ਲਈ ਕਰੋ ਪ੍ਰੇਰਿਤ
ਹਰ ਕੋਈ ਕਰਤੱਵਾਂ ਨਾਲੋਂ ਵੱਧ ਮਹੱਤਵ ਅਧਿਕਾਰਾਂ ਨੂੰ ਦਿੰਦਾ ਹੈ ਪਰ ਆਪਣੇ ਬੱਚੇ ਨੂੰ ਕਰਤੱਵਾਂ ਦੇ ਮਹੱਤਵ ਤੋਂ ਜਾਣੂ ਕਰਵਾਓ ਤਾਂ ਜੋ ਉਹ ਅਧਿਕਾਰ ਮੰਗਣ ਦੇ ਨਾਲ-ਨਾਲ ਆਪਣੇ ਕਰਤੱਵਾਂ ਦਾ ਪਾਲਣ ਕਰਨਾ ਵੀ ਸਿੱਖੇ। ਆਪਣੇ ਬੱਚਿਆਂ ਨੂੰ ਹਮੇਸ਼ਾ ਦੂਜਿਆਂ ਦੀ ਸਹਾਇਤਾ ਕਰਨਾ ਸਿਖਾਓ ਤਾਂ ਜੋ ਉਹ ਚੰਗਾ ਇਨਸਾਨ ਬਣ ਸਕੇ। ਉਸ ਨੂੰ ਆਪਣੇ ਛੋਟੇ-ਛੋਟੇ ਕੰਮ ਖ਼ੁੁਦ ਕਰਨ ਲਈ ਪ੍ਰੇਰਿਤ ਕਰੋ, ਤਾਂ ਜੋ ਉਸ ਦੇ ਆਤਮ-ਵਿਸ਼ਵਾਸ ਵਿਚ ਵਾਧਾ ਹੋ ਸਕੇ। ਬੱਚੇ ਨੂੰ ਮਿਲਵਰਤਨ, ਪ੍ਰੇਮ-ਭਾਵ ਤੇ ਸਹਿਣਸ਼ੀਲਤਾ ਦੇ ਗੁਣ ਬਚਪਨ ’ਚ ਹੀ ਸਿਖਾਉਣੇ ਚਾਹੀਦੇ ਹਨ।
- ਜਸਪ੍ਰੀਤ ਕੌਰ ਸੰਘਾ