ਅਧਿਆਪਕ ਦਾ ਹਰ ਸ਼ਖ਼ਸ ਦੇ ਜੀਵਨ ’ਚ ਅਹਿਮ ਰੋਲ ਹੁੰਦਾ ਹੈ। ਮਾਤਾ-ਪਿਤਾ ਤੋਂ ਇਲਾਵਾ ਅਧਿਆਪਕ ਹੀ ਅਜਿਹਾ ਇਨਸਾਨ ਹੈ, ਜੋ ਆਪਣੇ ਵਿਦਿਆਰਥੀਆਂ ਦੇ ਉਜਵਲ ਭਵਿੱਖ ਬਾਰੇ ਸੋਚਦਾ ਹੈ। ਪਦਾਰਥਵਾਦੀ ਯੁੱਗ ਦੇ ਇਸ ਦੌਰ ’ਚ ਅਧਿਆਪਕ ਅਜਿਹਾ ਮਨੁੱਖੀ ਮੁਜੱਸਮਾ ਹੈ, ਜੋ ਆਪਣੇ ਪੜ੍ਹਾਏ ਬਾਲਾਂ ਨੂੰ ਜ਼ਿੰਦਗੀ ਦੀਆਂ ਹਰ ਖੇਤਰ ’ਚ ਬੁਲੰਦੀਆਂ ਛੂਹਣ ਵਾਸਤੇ ਪ੍ਰੇਰਿਤ ਕਰਦਾ ਹੈ।
ਅਧਿਆਪਕ ਦਾ ਹਰ ਸ਼ਖ਼ਸ ਦੇ ਜੀਵਨ ’ਚ ਅਹਿਮ ਰੋਲ ਹੁੰਦਾ ਹੈ। ਮਾਤਾ-ਪਿਤਾ ਤੋਂ ਇਲਾਵਾ ਅਧਿਆਪਕ ਹੀ ਅਜਿਹਾ ਇਨਸਾਨ ਹੈ, ਜੋ ਆਪਣੇ ਵਿਦਿਆਰਥੀਆਂ ਦੇ ਉਜਵਲ ਭਵਿੱਖ ਬਾਰੇ ਸੋਚਦਾ ਹੈ। ਪਦਾਰਥਵਾਦੀ ਯੁੱਗ ਦੇ ਇਸ ਦੌਰ ’ਚ ਅਧਿਆਪਕ ਅਜਿਹਾ ਮਨੁੱਖੀ ਮੁਜੱਸਮਾ ਹੈ, ਜੋ ਆਪਣੇ ਪੜ੍ਹਾਏ ਬਾਲਾਂ ਨੂੰ ਜ਼ਿੰਦਗੀ ਦੀਆਂ ਹਰ ਖੇਤਰ ’ਚ ਬੁਲੰਦੀਆਂ ਛੂਹਣ ਵਾਸਤੇ ਪ੍ਰੇਰਿਤ ਕਰਦਾ ਹੈ। ਉਹ ਅਧਿਆਪਨ ਕਲਾ ’ਚ ਪ੍ਰਪੱਕ ਹੁੰਦਾ ਹੈ। ਉਹ ਆਪਣੇ ਆਦਰਸ਼ਾਂ ਦੀ ਲੋਅ ਦਾ ਚਾਨਣ ਵਿਦਿਆਰਥੀਆਂ ਨੂੰ ਵੰਡਦਾ ਜਾਂਦਾ ਹੈ। ਯਕੀਨਨ ਸਫਲ ਹੋਇਆ ਹਰ ਮਨੁੱਖ ਆਪ-ਮੁਹਾਰੇ ਹੀ ਆਪਣੇ ਅਧਿਆਪਕ ਅੁੱਗੇ ਝੁਕ ਜਾਂਦਾ ਹੈ। ਆਪਣੇ ਜੀਵਨ ਦੇ ਪੰਧ ’ਚ ਮਿਲੇ ਆਦਰਸ਼ ਅਧਿਆਪਕਾਂ ਨੂੰ ਆਪਣੇ ਅਧਿਆਪਨ ਜੀਵਨ ਦੇ ਅੰਤ ਤਕ ਭੁਲਾਉਣਾ ਅਸੰਭਵ ਹੁੰਦਾ ਹੈ। ਅਧਿਆਪਕ ਨੂੰ ਰਾਸ਼ਟਰ ਦਾ ਨਿਰਮਾਤਾ ਆਖਿਆ ਜਾਂਦਾ ਹੈ ਕਿਉਂਕਿ ਉਹ ਦੇਸ਼, ਕੌਮ ਤੇ ਨਰੋਏ ਸਮਾਜ ਦਾ ਉਸਰਈਆ ਹੁੰਦਾ ਹੈ। ਆਪਣੇ ਸਾਰਥਿਕ ਯਤਨਾਂ ਤੇ ਉਪਰਾਲਿਆਂ ਨਾਲ ਅਧਿਆਪਕ ਕੇਵਲ ਗਿਆਨ ਦੇ ਚਾਨਣ ਦੀ ਲੋਅ ਹੀ ਨਹੀਂ ਵੰਡਦਾ ਸਗੋਂ ਉਹ ਆਪਣੇ ਵਿਦਿਆਰਥੀਆਂ ਦੇ ਜੀਵਨ ’ਚ ਚੌਤਰਫਾ ਨਿਖਾਰ ਲਿਆਉਣ ਹਿੱਤ ਤੱਤਪਰ ਰਹਿੰਦਾ ਹੈ। ਨੈਤਿਕ, ਸਮਾਜਿਕ, ਧਾਰਮਿਕ ਸਿੱਖਿਆਵਾਂ ਦੀ ਵਿਗਿਆਨਕ ਪਹੁੰਚ ਤੇ ਉਸਾਰੂ ਸੋਚਾਂ ਨਾਲ ਲੈਸ ਅਧਿਆਪਕ ਆਪਣੇ ਕਿੱਤੇ ਦੀ ਸੁਹਿਰਦ ਸੇਵਾ ਦੇ ਨਾਲ-ਨਾਲ ਵਿਦਿਆਰਥੀਆਂ ਦੀ ਸਰਬਪੱਖੀ ਸ਼ਖ਼ਸੀਅਤ ਨੂੰ ਹੋਰ ਉਘਾੜਦਾ ਹੈ। ਹਰ ਸਾਲ 5 ਸਤੰਬਰ ਨੂੰ ਅਧਿਆਪਕ ਦਿਵਸ ਮਨਾਇਆ ਜਾਂਦਾ ਹੈ। ਇਸ ਦੀ ਸ਼ੁਰੂਆਤ 1962 ’ਚ ਦੇਸ਼ ਦੇ ਪਹਿਲੇ ਉਪ-ਰਾਸ਼ਟਰਪਤੀ ਤੇ ਭਾਰਤ ਰਾਤਨ ਡਾ. ਸਰਵਪੱਲੀ ਰਾਧਾ ਕ੍ਰਿਸ਼ਨਨ ਦੇ ਸਨਮਾਨ ’ਚ ਕੀਤੀ ਗਈ ਸੀ। ਹਰ ਵਿਦਿਆਰਥੀ ਆਦਰਸ਼ ਅਧਿਆਪਕ ਦੀ ਤੁਲਨਾ ਉਸ ਨਾਲ ਕਰਦਾ ਹੈ ਤੇ ਚਾਹੁੰਦਾ ਹੈ ਕਿ ਉਸ ਨੂੰ ਵੀ ਅਜਿਹਾ ਗੁਰੂ ਮਿਲੇ ਪਰ ਇਸ ਲਈ ਸਾਨੂੰ ਵੀ ਆਦਰਸ਼ ਵਿਦਿਆਰਥੀ ਬਣਨ ਦੀ ਜ਼ਰੂਰਤ ਹੁੰਦੀ ਹੈ।
ਸੇਵਾ ਸੰਕਲਪ ਨਾਲ ਹੋ ਜੋੜਦਾ
ਆਦਰਸ਼ ਅਧਿਆਪਕ ਅਧਿਆਪਨ ਨੂੰ ਕੇਵਲ ਕਿੱਤਾ ਨਾ ਮੰਨਦਿਆਂ ਇਸ ਨੂੰ ਸੇਵਾ ਸੰਕਲਪ ਨਾਲ ਜੋੜਦਾ ਹੈ। ਅਜੋਕੇ ਦੌਰ ’ਚ ਅਧਿਆਪਕ ਦੀ ਭੂਮਿਕਾ ਹੋਰ ਵੀ ਮਹੱਤਵਪੂਰਨ ਹੋ ਗਈ ਹੈ ਕਿਉਂਕਿ ਨੌਜਵਾਨਾਂ ਦਾ ਵਧੇਰੇ ਰੁਝਾਨ ਨਸ਼ਿਆਂ ਤੇ ਡਿੱਗਦੀਆਂ ਸਮਾਜਿਕ ਕਦਰਾਂ-ਕੀਮਤਾਂ ਵੱਲ ਹੋ ਤੁਰਿਆ ਹੈ। ਅਜਿਹੇ ਹਾਲਾਤ ’ਚ ਵਿਦਿਆਰਥੀਆਂ ਨੂੰ ਉੱਚ ਨੈਤਿਕ-ਕਦਰਾਂ ਕੀਮਤਾਂ ਨਾਲ ਜੋੜਦਿਆਂ ਉਨ੍ਹਾਂ ਦੀ ਸਰਬਪੱਖੀ ਸ਼ਖ਼ਸੀਅਤ ਨੂੰ ਉਸਾਰਨ ਵਾਲਾ ਅਧਿਆਪਕ ਕਿਸੇ ਦੈਵੀ ਸ਼ਕਤੀ ਤੋਂ ਘੱਟ ਨਹੀ।
ਅਧਿਆਪਕ ਆਪਣੇ ਵਿਦਿਆਰਥੀਆਂ ਨੂੰ ਸਿਰਫ਼ ਰੁਜ਼ਗਾਰ ਦੇ ਯੋਗ ਹੀ ਨਹੀਂ ਬਣਾਉਂਦਾ ਸਗੋਂ ਉਨ੍ਹਾਂ ’ਚ ਨੈਤਿਕ ਕਦਰਾਂ-ਕੀਮਤਾਂ ਦੇ ਗੁਣ ਵੀ ਭਰਦਾ ਹੈ, ਤਾਂ ਜੋ ਉਸ ਦੇ ਵਿਦਿਆਰਥੀ ਦੇਸ਼ ਦੇ ਸੁਨਹਿਰੇ ਭਵਿੱਖ ’ਚ ਆਪਣਾ ਯੋਗਦਾਨ ਪਾਉਣ ਦੇ ਸਮਰੱਥ ਹੁੰਦਿਆਂ ਦੇਸ਼ ਵਿਚ ਫੈਲੀਆਂ ਅਨੇਕਾਂ ਕੁਰੀਤੀਆਂ ਮਸਲਨ ਭ੍ਰਿਸ਼ਟਾਚਾਰ, ਗ਼ਰੀਬੀ, ਭੁੱਖਮਰੀ, ਫਿਰਕਾਪ੍ਰਸਤੀ, ਜਾਤੀਵਾਦ ਦੇ ਖ਼ਿਲਾਫ ਲੜਨ ਦੇ ਯੋਗ ਹੋ ਸਕਣ।
ਭਵਿੱਖ ਦੀ ਰੱਖਦਾ ਨੀਂਹ
ਅਧਿਆਪਨ ਵਿਸ਼ਵ ਦਾ ਸਭ ਤੋਂ ਪ੍ਰਭਾਵਸ਼ਾਲੀ ਕਾਰਜ ਹੈ। ਅਧਿਆਪਕ ਬੱਚੇ ਦੇ ਭਵਿੱਖ ਦੀ ਨੀਂਹ ਰੱਖਦਾ ਹੈ ਤੇ ਉਨ੍ਹਾਂ ਨੂੰ ਜ਼ਿੰਮੇਵਾਰ ਨਾਗਰਿਕ ਬਣਾਉਣ ’ਚ ਸਹਾਈ ਹੁੰਦਾ ਹੈ। ਅਧਿਆਪਕਾਂ ਵੱਲੋਂ ਦਿੱਤੀ ਗਈ ਸਿੱਖਿਆ ਬੱਚਿਆਂ ਦੇ ਭਵਿੱਖ ਨੂੰ ਉਜਾਗਰ ਕਰਦੀ ਹੈ। ਚੰਗੇ ਸਮਾਜ ਦੇ ਨਿਰਮਾਣ ’ਚ ਅਧਿਆਪਕਾਂ ਦੀ ਅਹਿਮ ਭੂਮਿਕਾ ਹੁੰਦੀ ਹੈ। ਇਸ ਦਿਨ ਪੂਰੇ ਦੇਸ਼ ’ਚ ਭਾਰਤ ਸਰਕਾਰ ਵੱਲੋਂ ਸਭ ਤੋਂ ਵਧੀਆ ਅਧਿਆਪਕਾਂ ਨੂੰ ਰਾਸ਼ਟਰਪਤੀ ਦੁਆਰਾ ਪੁਰਸਕਾਰ ਦਿੱਤਾ ਜਾਂਦਾ ਹੈ। ਸੂਬਾ ਸਰਕਾਰਾਂ ਵੀ ਆਪਣੇ-ਆਪਣੇ ਸੂਬਿਆਂ ਦੇ ਸਰਵੋਤਮ ਅਧਿਆਪਕਾਂ ਨੂੰ ਸਨਮਾਨਿਤ ਕਰਦੀਆਂ ਹਨ ਕਿਉਂਕਿ ਆਦਰਸ਼ ਅਧਿਆਪਕ ਹੀ ਸਮਾਜ ’ਚ ਉੱਚ ਆਦਰਸ਼ ਸਥਾਪਿਤ ਕਰਨ ਵਾਲੀ ਸਖ਼ਸੀਅਤ ਹੁੰਦੀ ਹੈ।
ਜ਼ਿੰਮਵਾਰੀ ਨਾਲ ਨਿਭਾ ਰਿਹਾ ਆਪਣਾ ਫ਼ਰਜ਼
ਬਦਲਦੇ ਸਮੇਂ ਦੇ ਸੰਦਰਭ ’ਚ ਅਧਿਆਪਕ ਨੂੰ ਟੀਚਰ ਦੀ ਬਜਾਏ ਫੈਸੀਲੀਟੇਟਰ ਜਾਂ ਇੰਸਪੀਰੇਟਰ ਵਜੋਂ ਵੇਖਿਆ ਜਾਣ ਲੱਗਾ ਹੈ। ਅਧਿਆਪਕ ਆਪਣੇ ਵਿਦਿਆਰਥੀਆਂ ਨੂੰ ਸਮਾਜਿਕ ਕਦਰਾਂ-ਕੀਮਤਾਂ ਜਾਂ ਆਲੇ-ਦੁਆਲੇ ਪ੍ਰਤੀ ਚੇਤੰਨ ਕਰਨ ਦਾ ਕਾਰਜ ਜ਼ਿੰਮੇਵਾਰੀ ਨਾਲ ਨਿਭਾ ਰਿਹਾ ਹੈ। ਅਧਿਆਪਨ ਦਾ ਕਾਰਜ ਕਮਾਈ ਦਾ ਸਾਧਨ ਨਾ ਹੋ ਕੇ ਇਕ ਬਖ਼ਸ਼ਿਸ਼ ਹੈ। ਜਦੋਂ ਇਕ ਅਧਿਆਪਕ ਅਧਿਆਪਨ ਕਿੱਤੇ ਨੂੰ ਸੇਵਾ ਰੂਪ ਸਮਝਦਾ ਹੋਇਆਂ ਵਿਦਿਆਰਥੀਆਂ ’ਚ ਇਮੀਟੇਸ਼ਨ ਜਾਂ ਨਕਲ ਦੇ ਸਿਧਾਂਤ ਰਾਹੀਂ ਵਿਚਰਦਿਆਂ ਆਪਣੀ ਪੂਰੀ ਵਾਹ ਲਗਾਉਂਦਾ ਹੈ ਤਾਂ ਉਸ ਅੱਗੇ ਮਨ ਮਸਤਕ ਆਪ-ਮੁਹਾਰੇ ਝੁਕ ਜਾਂਦਾ ਹੈ। ਅਧਿਆਪਕ ਦੀ ਸ਼ਖ਼ਸੀਅਤ, ਰਹਿਣੀ-ਬਹਿਣੀ ਵਿਦਿਆਰਥੀਆਂ ਦੇ ਮਨ ਨੂੰ ਖ਼ੂਬ ਟੁੰਬਦੀ ਹੈ। ਅਧਿਆਪਕ ਆਪਣਾ ਜੀਵਨ ਵਿਦਿਆਰਥੀਆਂ ਦੇ ਲੇਖੇ ਲਗਾਉਂਦਾ ਹੈ।
ਉਸਾਰੂ ਢੰਗ ਨਾਲ ਨਿਭਾ ਸਕਣ ਭੂਮਿਕਾ
ਅਜੋਕੇ ਮਹਿੰਗਾਈ ਦੇ ਯੁੱਗ ਚ ਅਧਿਆਪਕਾਂ ਨੂੰ ਬਣਦਾ ਮਾਣ ਸਨਮਾਨ ਅਤੇ ਉਜਰਤਾਂ ਦਾ ਨਾਂ ਮਿਲਣਾ ਅਧਿਆਪਕਾਂ ਪ੍ਰਤੀ ਸਮਾਜ ਦੀ ਬੇਰੁਖੀ ਨੂੰ ਦਰਸਾਉਂਦਾ ਹੈ। ਸਰਕਾਰਾਂ ਨੂੰ ਅਧਿਆਪਕਾਂ ਪ੍ਰਤੀ ਫ਼ਰਾਖਦਿਲੀ ਵਿਖਾਉਂਦਿਆਂ ਨਰਮ ਰਵੱਈਆ ਅਪਣਾਉਣਾ ਚਾਹੀਦਾ ਹੈ, ਤਾਂ ਜੋ ਉਹ ਦੇਸ਼ ਨਿਰਮਾਣ ’ਚ ਆਪਣੀ ਭੂਮਿਕਾ ਹੋਰ ਉਸਾਰੂ ਢੰਗ ਨਾਲ ਨਿਭਾ ਸਕਣ।
ਦਿਖਾਉਂਦੇ ਹਨ ਸਫਲਤਾ ਦਾ ਰਾਹ
ਕਈ ਵਾਰ ਅਧਿਆਪਕ ਤੁਹਾਨੂੰ ਗ਼ਲਤੀਆਂ ’ਤੇ ਡਾਂਟਦਾ ਵੀ ਹੈ ਪਰ ਤੁਹਾਡੀ ਸਫਲਤਾ ’ਤੇ ਅਧਿਆਪਕ ਨੂੰ ਵੀ ਓਨੀ ਹੀ ਖ਼ੁਸ਼ੀ ਹੁੰਦੀ ਹੈ, ਜਿੰਨੀ ਤੁਹਾਨੂੰ ਖ਼ੁਦ ਨੂੰ ਹੁੰਦੀ ਹੈ। ਅੱਜ-ਕੱਲ੍ਹ ਜ਼ਿਆਦਾਤਰ ਅਧਿਆਪਕ ਬੱਚਿਆਂ ਨੂੰ ਕਿਤਾਬੀ ਗਿਆਨ ਦੇਣ ਤਕ ਹੀ ਸੀਮਤ ਹਨ। ਉਨ੍ਹਾਂ ਕੋਲ ਵਿਦਿਆਰਥੀਆਂ ਦੇ ਨਿੱਜੀ ਜੀਵਨ ਬਾਰੇ ਜਾਣਨ ਦਾ ਸਮਾਂ ਨਹੀਂ ਹੁੰਦਾ ਪਰ ਫਿਰ ਵੀ ਕੁਝ ਅਧਿਆਪਕ ਅਜਿਹੇ ਹੁੰਦੇ ਹਨ, ਜੋ ਅਧਿਆਪਨ ਨੂੰ ਸਿਰਫ਼ ਕਿੱਤਾ ਨਾ ਸਮਝਦੇ ਹੋਏ ਇਸ ਨੂੰ ਜ਼ਿੰਮੇਵਾਰੀ ਨਾਲ ਨਿਭਾਉਂਦੇ ਹਨ। ਉਹ ਵਿਦਿਆਰਥੀਆਂ ਨੂੰ ਚੁਣੌਤੀਆਂ ਨਾਲ ਲੜਨ ਲਈ ਤਿਆਰ ਕਰਦੇ ਹਨ ਤੇ ਉਨ੍ਹਾਂ ਨੂੰ ਸਫਲਤਾ ਦਾ ਰਾਹ ਦਿਖਾਉਂਦੇ ਹਨ।
- ਮਾ. ਹਰਭਿੰਦਰ ਸਿੰਘ ਮੁੱਲਾਂਪੁਰ