ਬੱਚੇ ਕੱਚੇ ਭਾਂਡੇ ਵਰਗੇ ਹੁੰਦੇ ਹਨ, ਜਿਨ੍ਹਾਂ ਨੂੰ ਕੋਈ ਵੀ ਆਕਾਰ ਤੇ ਸ਼ਕਲ ਦਿੱਤੀ ਜਾ ਸਕਦੀ ਹੈ। ਮਹੱਤਵਪੂਰਨ ਇਹ ਹੈ ਕਿ ਉਹ ਕਿਸ ਤਰ੍ਹਾਂ ਦੇ ਹੱਥਾਂ ਵਿਚ ਹੈ। ਬੱਚਿਆਂ ਨੂੰ ਕਿਸੇ ਵੀ ਤਰ੍ਹਾਂ ਦਾ ਬਣਾਇਆ ਜਾ ਸਕਦਾ ਹੈ। ਬਹੁਤ ਕੁਝ ਬਦਲ ਗਿਆ, ਇਸ ਨਾਲ ਬੱਚਿਆਂ ਦੇ ਪਾਲਣ-ਪੋਸ਼ਣ ਤੇ ਪਰਿਵਾਰਾਂ ਵਿਚ ਵੀ ਤਬਦੀਲੀ ਆ ਗਈ। ਮਾਪੇ ਬੱਚਿਆਂ ਨੂੰ ਮਿਹਨਤ ਕਰ ਕੇ ਪੜ੍ਹਾਉਂਦੇ ਪਰ ਬੱਚੇ ਉੱਚ ਅਹੁਦਿਆਂ ’ਤੇ ਪਹੁੰਚ ਕੇ ਉਨ੍ਹਾਂ ਨੂੰ ਨਾਲ ਰੱਖਣ ਵਿਚ ਬੇਇੱਜ਼ਤੀ ਮਹਿਸੂਸ ਕਰਦੇ ਹਨ। ਅਜਿਹੇ ’ਚ ਉਹ ਦਾਦੇ-ਦਾਦੀ ਦੀ ਥਾਂ ਬੱਚਿਆਂ ਨੂੰ ਨੌਕਰਾਂ ਕੋਲ ਛੱਡਣਾ ਬਿਹਤਰ ਸਮਝਦੇ ਹਨ।

ਬੱਚਿਆਂ ਵੱਲ ਧਿਆਨ ਦੇਣਾ ਮਾਪਿਆਂ ਦਾ ਫ਼ਰਜ਼

ਜਦੋਂ ਬੱਚੇ ਦਾਦੇ-ਦਾਦੀ ਕੋਲ ਹੁੰਦੇ ਹਨ ਤਾਂ ਉਹ ਸੁਰੱਖਿਅਤ ਹੱਥਾਂ ਵਿਚ ਹੁੰਦੇ ਹਨ। ਬੱਚਿਆਂ ਦੇ ਖਾਣ-ਪੀਣ ਦਾ ਖ਼ਾਸ ਧਿਆਨ ਰੱਖਿਆ ਜਾਂਦਾ ਹੈ। ਬੱਚਿਆਂ ਵੱਲ ਧਿਆਨ ਦੇਣਾ ਮਾਪਿਆਂ ਦਾ ਫ਼ਰਜ਼ ਹੈ। ਬੱਚੇ ਜੇ ਘਰ ਵਿਚ ਹਨ ਤਾਂ ਟੈਲੀਵਿਜ਼ਨ ’ਤੇ ਕਿਸ ਤਰ੍ਹਾਂ ਦੇ ਪ੍ਰੋਗਰਾਮ ਵੇਖ ਰਹੇ ਹਨ ਉੱਤੇ ਨਜ਼ਰ ਜ਼ਰੂਰ ਰੱਖਣੀ ਚਾਹੀਦੀ ਹੈ। ਅੱਜ-ਕੱਲ੍ਹ ਬੱਚਿਆਂ ਦੇ ਹੱਥਾਂ ਵਿਚ ਮੋਬਾਈਲ ਦੇ ਦਿੱਤੇ ਜਾਂਦੇ ਹਨ, ਉਹ ਕੀ ਵੇਖਦੇ ਹਨ, ਜ਼ਰੂਰ ਵੇਖਣਾ ਚਾਹੀਦਾ ਹੈ। ਬੱਚਿਆਂ ਦੇ ਖਾਣ-ਪੀਣ ਵੱਲ ਧਿਆਨ ਦੇਣਾ ਚਾਹੀਦਾ ਹੈ। ਅੱਜ-ਕੱਲ੍ਹ ਬੱਚਿਆਂ ਨੂੰ ਚਿਪਸ, ਕੋਲਡ ਡਰਿੰਕ ਅਤੇ ਫਾਸਟ ਫੂਡ ’ਤੇ ਲਗਾ ਦਿੱਤਾ ਜਾਂਦਾ ਹੈ। ਇਹੀ ਕਾਰਨ ਹੈ ਕਿ ਬਹੁਤ ਛੋਟੀ ਉਮਰ ’ਚ ਬੱਚੇ ਸ਼ੂਗਰ, ਬਲੱਡ ਪ੍ਰੈਸ਼ਰ ਅਤੇ ਹੋਰ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ।

ਦਿਉ ਸੁਖਾਵਾਂ ਮਾਹੌਲ

ਇਕ ਹੋਰ ਬਹੁਤ ਵੱਡੀ ਸਮੱਸਿਆ ਹੈ ਕਿ ਛੋਟੇ ਜਿਹੇ ਬੱਚੇ ਨੂੰ ਆਪਣੀ ਮਾਂ ਬੋਲੀ ਦੀ ਥਾਂ ਅੰਗਰੇਜ਼ੀ ਵਿਚ ਹੀ ਸਾਰਾ ਕੁਝ ਸਿਖਾਇਆ ਜਾਂਦਾ ਹੈ। ਮਾਪਿਆਂ ਨੂੰ ਲਗਦਾ ਹੈ ਕਿ ਬੱਚੇ ਅੰਗਰੇਜ਼ੀ ਬੋਲਣਗੇ ਤਾਂ ਹੀ ਉਹ ਕੁਝ ਕਰ ਸਕਦੇ ਹਨ ਪਰ ਅਜਿਹਾ ਕਰਨ ਨਾਲ ਬੱਚੇ ’ਤੇ ਮਾਨਸਿਕ ਦਬਾਅ ਪੈਂਦਾ ਹੈ। ਜਿਹੜੇ ਬੱਚੇ ਆਪਣੀ ਮਾਂ ਬੋਲੀ ਤੋਂ ਦੂਰ ਹੁੰਦੇ ਹਨ, ਉਹ ਕਿਸੇ ਵੀ ਤਰ੍ਹਾਂ ਵਧੇਰੇ ਬੁੱਧੀਮਾਨ ਨਹੀਂ ਹੋ ਸਕਦੇ। ਬੱਚਿਆਂ ਨੂੰ ਬਹੁਤ ਸੁਖਾਵਾਂ ਮਾਹੌਲ ਦੇਣਾ ਚਾਹੀਦਾ ਹੈ ਤਾਂ ਜੋ ਬੱਚੇ ਮਾਨਸਿਕ ਦਬਾਅ ਤੇ ਤਣਾਅ ਹੇਠ ਨਾ ਆਉਣ।

ਸਹਿਣਸ਼ੀਲਤਾ ਦੀ ਘਾਟ

ਬੱਚੇ ਅੱਜ-ਕੱਲ੍ਹ ਵਧੇਰੇ ਕਰਕੇ ਹਰ ਖੇਡ ਮੋਬਾਈਲ ’ਤੇ ਹੀ ਖੇਡਦੇ ਹਨ। ਬੱਚਿਆਂ ਨੂੰ ਸਰੀਰਕ ਕਸਰਤ, ਖੱੁਲ੍ਹੀ ਜਗ੍ਹਾ ’ਤੇ ਖੇਡਣ ਲੈ ਕੇ ਜ਼ਰੂਰ ਜਾਉ। ਬੱਚੇ ਜਦੋਂ ਆਪਸ ’ਚ ਖੇਡਦੇ ਹਨ ਤਾਂ ਇਕ-ਦੂਸਰੇ ਦੀ ਗੱਲ ਬਰਦਾਸ਼ਤ ਕਰਨ ਤੇ ਆਪਸੀ ਸਾਂਝ ਦਾ ਪਤਾ ਲਗਦਾ ਹੈ। ਅੱਜ ਵੱਡੀ ਸਮੱਸਿਆ ਇਹ ਹੈ ਕਿ ਬੱਚਿਆਂ ’ਚ ਸਹਿਣਸ਼ੀਲਤਾ ਹੀ ਨਹੀਂ। ਬੱਚੇ ਸਿਰਫ਼ ਆਪਣੇ ਤਕ ਹੀ ਸੀਮਤ ਹਨ। ਜਿਹੜੇ ਮਾਪੇ ਇਹ ਸੋਚਦੇ ਹਨ ਕਿ ਬੱਚਿਆਂ ਨੂੰ ਬਜ਼ੁਰਗ ਮਾਪਿਆਂ ਕੋਲ ਨਹੀਂ ਛੱਡਣਾ ਕਿਉਂਕਿ ਉਹ ਘੱਟ ਪੜ੍ਹੇ ਲਿਖੇ ਹਨ। ਹਕੀਕਤ ’ਚ ਉਹ ਆਪਣੀ ਮੂਰਖਤਾ ਨੂੰ ਵਿਖਾ ਰਹੇ ਹੁੰਦੇ ਹਨ।

ਨੈਤਿਕ ਕਦਰਾਂ-ਕੀਮਤਾਂ ਦੀ ਅਹਿਮੀਅਤ

ਬੱਚਿਆਂ ਨੂੰ ਮਹਿੰਗੇ ਖਿਡੌਣੇ, ਮਹਿੰਗੇ ਕੱਪੜੇ, ਮਹਿੰਗੀਆਂ ਕਾਰਾਂ ਦੀ ਸਹੂਲਤ ਦੇ ਕੇ ਬੱਚਿਆਂ ਨੂੰ ਨਾ ਚੰਗੀ ਸਿਹਤ ਮਿਲ ਸਕਦੀ ਹੈ ਅਤੇ ਨਾ ਨੈਤਿਕ ਕਦਰਾਂ-ਕੀਮਤਾਂ। ਬੱਚਿਆਂ ਨੂੰ ਜ਼ਿੰਦਗੀ ’ਚ ਅੱਗੇ ਜਾਣ ਅਤੇ ਸਮਾਜ ’ਚ ਜਗ੍ਹਾ ਬਣਾਉਣ ਲਈ ਨੈਤਿਕ ਕਦਰਾਂ-ਕੀਮਤਾਂ ਦੀ ਵਧੇਰੇ ਲੋੜ ਪੈਂਦੀ ਹੈ ਤੇ ਮਦਦਗਾਰ ਵੀ ਹੁੰਦੀਆਂ ਹਨ। ਬੱਚਿਆਂ ਵੱਲ ਧਿਆਨ ਦੇਣਾ ਤੇ ਆਪਣਿਆਂ ਦੇ ਹੱਥਾਂ ਵਿਚ ਰੱਖਣਾ ਹੀ ਬਿਹਤਰ ਹੈ।

- ਪ੍ਰਭਜੋਤ ਕੌਰ ਢਿੱਲੋਂ

Posted By: Harjinder Sodhi