ਸਮਰ ਕੈਂਪ ਯਾਨੀ ਗਰਮੀਆਂ ਦੀਆਂ ਛੁੱਟੀਆਂ ’ਚ ਕੁਝ ਸਿੱਖਣ-ਸਿਖਾਉਣ ਲਈ ਲਗਾਏ ਜਾਣ ਵਾਲੇ ਕੈਂਪ। ਇਨ੍ਹਾਂ ’ਚ ਬੱਚਿਆਂ ਨੂੰ ਬਹੁਤ ਸਾਰੀਆਂ ਗਤਵਿਧੀਆਂ, ਜਿਵੇਂ ਗੀਤ-ਸੰਗੀਤ, ਚਿੱਤਕਾਰੀ, ਅਬੈਕਸ, ਨਵੀਆਂ-ਨਵੀਆਂ ਤਕਨੀਕਾਂ, ਕੰਪਿਊਟਰ ਆਦਿ ਹਫ਼ਤੇ-ਦਸ ਦਿਨਾਂ ’ਚ ਸਿਖਾਇਆ ਜਾਂਦਾ ਹੈ। ਅੱਜ-ਕੱਲ੍ਹ ਹਰ ਗਲੀ-ਮੁਹੱਲੇ ’ਚ ਛੋਟੀਆਂ-ਵੱਡੀਆਂ ਸਾਰੀਆਂ ਸੰਸਥਾਵਾਂ ’ਚ ਇਹ ਕੈਂਪ ਆਯੋਜਿਤ ਕੀਤੇ ਜਾਂਦੇ ਹਨ

ਸਮਰ ਕੈਂਪ ਯਾਨੀ ਗਰਮੀਆਂ ਦੀਆਂ ਛੁੱਟੀਆਂ ’ਚ ਕੁਝ ਸਿੱਖਣ-ਸਿਖਾਉਣ ਲਈ ਲਗਾਏ ਜਾਣ ਵਾਲੇ ਕੈਂਪ। ਇਨ੍ਹਾਂ ’ਚ ਬੱਚਿਆਂ ਨੂੰ ਬਹੁਤ ਸਾਰੀਆਂ ਗਤਵਿਧੀਆਂ, ਜਿਵੇਂ ਗੀਤ-ਸੰਗੀਤ, ਚਿੱਤਕਾਰੀ, ਅਬੈਕਸ, ਨਵੀਆਂ-ਨਵੀਆਂ ਤਕਨੀਕਾਂ, ਕੰਪਿਊਟਰ ਆਦਿ ਹਫ਼ਤੇ-ਦਸ ਦਿਨਾਂ ’ਚ ਸਿਖਾਇਆ ਜਾਂਦਾ ਹੈ। ਅੱਜ-ਕੱਲ੍ਹ ਹਰ ਗਲੀ-ਮੁਹੱਲੇ ’ਚ ਛੋਟੀਆਂ-ਵੱਡੀਆਂ ਸਾਰੀਆਂ ਸੰਸਥਾਵਾਂ ’ਚ ਇਹ ਕੈਂਪ ਆਯੋਜਿਤ ਕੀਤੇ ਜਾਂਦੇ ਹਨ ਪਰ ਕੀ ਇਹ ਸਹੀ ਹੈ? ਇਕ ਪਾਸੇ ਤਾਂ ਗਰਮੀ ਦੇ ਕਹਿਰ ਤੋਂ ਬਚਣ ਲਈ ਛੁੱਟੀਆਂ ਦੀ ਮੰਗ ਕੀਤੀ ਜਾਂਦੀ ਹੈ ਤੇ ਇਹ ਛੁੱਟੀਆਂ ਤਾਂ ਹਰ ਸਾਲ ਹੁੰਦੀਆਂ ਵੀ ਹਨ ਗਰਮੀ ਤੋਂ ਬਚਾਅ ਦੇ ਲਈ। ਦੂਜੇ ਪਾਸੇ ਛੁੱਟੀਆਂ ਹੋ ਜਾਣ ’ਤੇ ਅਸੀਂ ਬੱਚਿਆਂ ਨੂੰ ਉਸੇ ਗਰਮੀ ਦਾ ਪ੍ਰਕੋਪ ਝੱਲਣ ਲਈ ਭੇਜ ਦਿੰਦੇ ਹਾਂ ਕੈਂਪਾਂ ਵਿਚ।
ਹੁਨਰ ’ਚ ਚੰਗੀ ਤਰ੍ਹਾਂ ਪ੍ਰਪੱਕ ਹੋਵੇਗਾ ਬੱਚਾ
ਜਿਨ੍ਹਾਂ ਸਕੂਲੀ ਸੰਸਥਾਵਾਂ ਵਿਚ ਇਹ ਕੈਂਪ ਲਗਾਏ ਜਾਂਦੇ ਹਨ, ਚਾਹੀਦਾ ਤਾਂ ਇਹ ਹੈ ਕਿ ਜੋ ਗਤੀਵਿਧੀਆਂ ਕੈਂਪ ਵਿਚ ਇਕ ਹਫ਼ਤੇ ਜਾਂ 10 ਦਿਨਾਂ ’ਚ ਸਿਖਾਉਣ ਦਾ ਦਾਅਵਾ ਕੀਤਾ ਜਾਂਦਾ ਹੈ, ਉਹ ਗਤੀਵਿਧੀਆਂ ਲਈ ਸਕੂਲ ਸਮੇਂ ਵਿੱਚੋਂ ਹੀ ਰੋਜ਼ਾਨਾ ਅੱਧਾ ਘੰਟਾ ਜਾਂ ਘੰਟਾ ਲਗਾਉਣਾ ਚਾਹੀਦਾ ਹੈ। ਇਸ ਤਰ੍ਹਾਂ ਕਰਨ ਨਾਲ ਬੱਚਾ ਆਪਣੇ ਹੁਨਰ ’ਚ ਚੰਗੀ ਤਰ੍ਹਾਂ ਪ੍ਰਪੱਕ ਹੋ ਜਾਵੇਗਾ, ਆਤਮ-ਵਿਸ਼ਵਾਸੀ ਬਣੇਗਾ। ਇਸ ’ਚ ਕੋਈ ਸ਼ੱਕ ਨਹੀਂ ਕਿ ਸਿਖਾਉਣ ਵਾਲਾ ਬੱਚਿਆਂ ਨੂੰ ਸਿਖਾਉਣ ’ਚ ਆਪਣਾ ਪੂਰਾ ਜ਼ੋਰ ਲਗਾਉਂਦਾ ਹੈ ਪਰ ਹਫ਼ਤੇ ’ਚ ਹਰ ਗਤੀਵਿਧੀ ਨੂੰ ਇਕ-ਇਕ ਦਿਨ ਵਿਚ ਕਰ ਕੇ ਪ੍ਰਪੱਕਤਾ ਤਾਂ ਹਾਸਿਲ ਨਹੀਂ ਕੀਤੀ ਜਾ ਸਕਦੀ। ਕਾਬਲੀਅਤ ਜਾਂ ਸੰਪੂਰਨਤਾ ਤਾਂ ਰੋਜ਼ਾਨਾ ਅਭਿਆਸ ਨਾਲ ਹੀ ਆਉਂਦੀ ਹੈ।
ਮਾਪਿਆਂ ਵੱਲੋਂ ਸਮਾਂ ਦੇਣਾ
ਹਰ ਚੀਜ਼ ਦੇ ਦੋ ਪੱਖ ਨਾਂਹ-ਪੱਖੀ ਤੇ ਹਾਂ-ਪੱਖੀ ਹੁੰਦੇ ਹਨ। ਹਰ ਚੀਜ਼ ਨੂੰ ਹਾਂ-ਪੱਖੀ ਪੱਖ ਤੋਂ ਹੀ ਦੇਖਣਾ ਚਾਹੀਦਾ ਹੈ। ਸਕਾਰਤਮਕ ਪੱਖ ਤੋਂ ਦੇਖੀਏ ਤਾਂ ਸਮਰ ਕੈਂਪ ਦੇ ਬਹੁਤ ਸਾਰੇ ਫ਼ਾਇਦੇ ਹੋ ਸਕਦੇ ਹਨ, ਜੇ ਉਹ ਸਹੀ ਭਾਵਨਾ ਨਾਲ ਲਗਾਏ ਜਾਣ। ਸਹੀ ਭਾਵਨਾ ਤੋਂ ਭਾਵ ਹੈ ਕਿ ਵਧੀਆ ਤੇ ਉਸਾਰੂ ਸੋਚ ਨਾਲ ਟੀਚਾ ਮਿੱਥ ਕੇ ਕੈਂਪ ਲਗਾਉਣਾ। ਬੱਚਾ ਜੋ ਵੀ ਗਤੀਵਿਧੀਆਂ ਕੈਂਪ ’ਚ ਸਿੱਖ ਕੇ ਆਇਆ ਹੈ, ਉਨ੍ਹਾਂ ਗਤੀਵਿਧੀਆਂ ਲਈ ਘਰ ਵਿਚ ਵੀ ਬੱਚਿਆਂ ਨੂੰ ਸਮਾਂ ਦਿੱਤਾ ਜਾਵੇ। ਘਰ ’ਚ ਸਮਾਂ ਦੇਣਾ ਯਾਨੀ ਮਾਪਿਆਂ ਦੁਆਰਾ ਸਮਾਂ ਦੇਣਾ। ਅਜਿਹਾ ਕਰਨ ਨਾਲ ਬੱਚਾ ਜੋ ਸਿੱਖ ਕੇ ਆਇਆ ਹੈ, ਉਸ ਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਵਿਚ ਵਰਤ ਸਕੇਗਾ। ਜਿਸ ਦਿਨ ਸਿੱਖਿਆ ਹੋਇਆ ਕੰਮ ਬੱਚੇ ਨੂੰ ਰੋਜ਼ਾਨਾ ਜੀਵਨ ਵਿਚ ਵਰਤਣਾ ਆ ਗਿਆ ਤਾਂ ਸਮਝੋ ਸਿੱਖਿਆ ਹੋਇਆ ਸਫਲ ਹੈ।
ਕੁਝ ਨਾ ਕੁਝ ਨਵਾਂ ਸਿੱਖਣਾ
ਗ਼ਲਤ ਭਾਵਨਾ ਰੱਖ ਕੇ ਕੈਂਪ ਨਹੀਂ ਲਗਾਉਣੇ ਚਾਹੀਦੇ। ਗ਼ਲਤ ਭਾਵਨਾ ਤੋਂ ਭਾਵ ਹੈ ਕਿ ਸਿਰਫ਼ ਇਹ ਸੋਚ ਰੱਖਣਾ ਕਿ ਘਰ ਵਿਚ ਵੀ ਬੱਚੇ ਨੇ ਤੰਗ ਹੀ ਕਰਨਾ ਹੈ, ਚੰਗਾ ਹੈ ਕਿ ਦੋ ਜਾਂ ਤਿੰਨ ਘੰਟੇ ਕਿਤੇ ਬਿਤਾ ਆਵੇ। ਇਸ ਤਰ੍ਹਾਂ ਦੀ ਸੋਚ ਨਾਲ ਲਗਾਏ ਕੈਂਪ ਤਾਂ ਸਮੇਂ ਤੇ ਪੈਸੇ ਦੀ ਬਰਬਾਦੀ ਤੋਂ ਬਿਨਾਂ ਕੁਝ ਵੀ ਨਹੀਂ। ਸੋ ਸਹੀ ਭਾਵਨਾ ਨਾਲ ਕੀਤੇ ਕਿਸੇ ਵੀ ਕੰਮ ਦੇ ਸਿੱਟੇ ਹਮੇਸ਼ਾ ਫਲਦਾਇਕ ਹੀ ਨਿਕਲਦੇ ਹਨ। ਗਰਮੀ ਦੀਆਂ ਛੁੱਟੀਆਂ ਅਜਿਹਾ ਕੀਮਤੀ, ਗੁਣਵਾਨ ਤੇ ਖੁੱਲ੍ਹਾ ਸਮਾਂ ਹੁੰਦਾ ਹੈ, ਜੋ ਅਸੀਂ ਆਪਣੇ ਬੱਚਿਆਂ ਨਾਲ ਖੁੱਲ੍ਹ ਕੇ ਮਾਣ ਸਕਦੇ ਹਾਂ। ਅੱਜ-ਕੱਲ੍ਹ ਹਰ ਮਾਂ ਬਾਪ ਚਾਹੁੰਦੇ ਹਨ ਕਿ ਸਾਡਾ ਬੱਚਾ ਇੰਨੀਆਂ ਛੁੱਟੀਆਂ ਵਿਹਲਾ ਨਾ ਰਹੇ, ਉਹ ਕੁਝ ਨਾ ਕੁਝ ਨਵਾਂ ਸਿੱਖੇ।
ਬਜ਼ੁਰਗਾਂ ਨਾਲ ਬੈਠਣ ਲਈ ਕਹੋ
ਮਾਤਾ-ਪਿਤਾ ਘਰ ’ਚ ਵੀ ਬੱਚਿਆਂ ਨਾਲ ਸਾਰੀਆਂ ਛੁੱਟੀਆਂ ਹੀ ਸਮਰ ਕੈਂਪ ਦੀ ਤਰ੍ਹਾਂ ਬਿਤਾ ਸਕਦੇ ਹਨ, ਜਿਵੇਂ ਬੱਚਿਆਂ ਨੂੰ ਹੱਲਾਸ਼ੇਰੀ ਦੇ ਕੇ ਰਸੋਈ ਵਿਚਲੇ ਛੋਟੇ-ਛੋਟੇ ਕੰਮਾਂ ਵਿਚ ਉਨ੍ਹਾਂ ਦੀ ਮਦਦ ਲੈਣੀ, ਇਕੱਠਿਆਂ ਬੈਠ ਕੇ ਵੱਖ-ਵੱਖ ਖੇਡਾਂ ਜਿਵੇਂ ਕੈਰਮ, ਲੂਡੋ, ਸ਼ਤਰੰਜ ਆਦਿ ਖੇਡਣਾ। ਆਪਣੇ ਖਿਡੌਣਿਆਂ ਵਿੱਚੋਂ ਟੁੱਟੀਆਂ ਚੀਜ਼ਾਂ ਅਲੱਗ ਕਰ ਕੇ ਉਨ੍ਹਾਂ ਤੋਂ ਕੁਝ ਵਧੀਆ ਬਣਾਉਣ ਵਿਚ ਬੱਚਿਆਂ ਦੀ ਮਦਦ ਕਰਨੀ। ਜੇ ਬੱਚੇ ਫੋਨ ਵਿਚ ਰੁਚੀ ਰੱਖਦੇ ਹਨ ਤਾਂ ਉਨ੍ਹਾਂ ਕੋਲ ਬੈਠੋ ਤੇ ਫੋਨ ’ਤੇ ਵੀ ਬੱਚਾ ਬਹੁਤ ਕੁਝ ਘਰ ਬੈਠਿਆਂ ਹੀ ਸਿੱਖ ਸਕਦਾ ਹੈ। ਘਰ ਵਿਚਲੇ ਬਜ਼ੁਰਗਾਂ ਨਾਲ ਕੁਝ ਸਮਾਂ ਬੈਠਣ ਲਈ ਕਹੋ, ਇਸ ਤਰ੍ਹਾਂ ਬੱਚੇ ਨੈਤਿਕ ਕਦਰਾਂ-ਕੀਮਤਾਂ ਨਾਲ ਭਰਪੂਰ ਹੋਣਗੇ। ਸ਼ਾਮ ਨੂੰ ਕੁਝ ਸਮਾਂ ਬੱਚਿਆਂ ਨਾਲ ਬਾਹਰ ਖੁੱਲ੍ਹੀ ਹਵਾ ਵਿਚ ਬਿਤਾਓ, ਜਿੱਥੇ ਬੱਚੇ ਸਾਈਕਲ ਚਲਾਉਣ ਜਾਂ ਆਪਣੇ ਸਾਥੀਆਂ ਨਾਲ ਖੇਡਣ। ਇਸ ਤਰ੍ਹਾਂ ਕਰ ਕੇ ਬੱਚਿਆਂ ਦਾ ਸਮਾਜਿਕ, ਬੌਧਿਕ, ਸਰੀਰਕ, ਮਾਨਸਿਕ ਤੇ ਭਾਵਨਾਤਮਿਕ ਵਿਕਾਸ ਹੋਵੇਗਾ। ਸਿਰਫ ਆਪਣਾ ਸਮਾਂ ਬਚਾਉਣ ਦੀ ਸੋਚ ਨਾਲ ਬੱਚਿਆਂ ਨੂੰ ਸਮਰ ਕੈਂਪ ’ਤੇ ਭੇਜਣਾ ਸਹੀ ਨਹੀਂ ਸਗੋਂ ਗਰਮੀਆਂ ਵਿਚ ਬੱਚਿਆਂ ਨਾਲ ਹੀ ਆਪਣਾ ਸਮਾਂ ਖ਼ਰਚ ਕਰੋ ਤਾਂ ਜੋ ਉਹ ਸਾਰੀਆਂ ਛੁੱਟੀਆਂ ਨੂੰ ਹੀ ਸਮਰ ਕੈਂਪ ਦੀ ਤਰ੍ਹਾਂ ਮਾਣ ਸਕਣ।
ਜ਼ਬਰਦਸਤੀ ਨਾ ਕੀਤੀ ਜਾਵੇ
ਕੁਝ ਬੱਚੇ ਖ਼ੁਦ ਹੀ ਬੜੇ ਸ਼ੌਕ ਨਾਲ ਕੈਂਪ ਲਗਾਉਂਦੇ ਹਨ ਤੇ ਕੁਝ ਬੱਚਿਆਂ ਦੇ ਮਾਤਾ-ਪਿਤਾ ਜ਼ੋਰ ਜ਼ਬਰਦਸਤੀ ਨਾਲ ਕੈਂਪ ਲਗਾਉਂਦੇ ਹਨ। ਸੋ ਜੇ ਬੱਚਾ ਸਮਰ ਕੈਂਪ ਲਗਾਉਣ ਦਾ ਇੱਛੁਕ ਹੋਵੇ, ਫਿਰ ਹੀ ਉਸ ਨੂੰ ਕੈਂਪ ਲਗਵਾਇਆ ਜਾਵੇ। ਜੋ ਨਹੀਂ ਲਗਾਉਣਾ ਚਾਹੁੰਦਾ, ਉਸ ’ਤੇ ਇਹ ਭਾਰ ਥੋਪਿਆ ਨਾ ਜਾਵੇ। ਇੱਛਾ ਸ਼ਕਤੀ ਨਾਲ ਕੀਤੇ ਕੰਮ ਸਾਰਥਿਕ ਨਤੀਜੇ ਦਿੰਦੇ ਹਨ।
- ਪਰਮਿੰਦਰ ਕੌਰ