ਨਵਾਂ ਸਾਲ ਸਿਰਫ਼ ਕੈਲੰਡਰ ਬਦਲਣ ਦਾ ਨਾਂ ਨਹੀਂ ਸਗੋਂ ਇਹ ਵਿਦਿਆਰਥੀ ਜੀਵਨ ਵਿਚ ਨਵੀਂ ਸੋਚ, ਨਵੇਂ ਟੀਚਿਆਂ ਤੇ ਨਵੀਂ ਦਿਸ਼ਾ ਦੀ ਸ਼ੁਰੂਆਤ ਦਾ ਪ੍ਰਤੀਕ ਹੈ। ਨਵਾਂ ਸਾਲ ਹਰ ਇਕ ਦੇ ਜੀਵਨ ਵਿਚ ਨਵੀਆਂ ਆਸਾਂ, ਨਵੇਂ ਸੁਪਨੇ ਤੇ ਨਵੀਂ ਊਰਜਾ ਲੈ ਕੇ ਆਉਂਦਾ ਹੈ। ਇਹ ਸਮਾਂ ਆਪਣੇ ਜੀਵਨ ਨੂੰ ਨਵੀਂ ਦਿਸ਼ਾ ਦੇਣ ਤੇ ਖ਼ੁਦ ਨੂੰ ਬਿਹਤਰ ਬਣਾਉਣ ਦਾ ਹੁੰਦਾ ਹੈ।

ਨਵਾਂ ਸਾਲ ਸਿਰਫ਼ ਕੈਲੰਡਰ ਬਦਲਣ ਦਾ ਨਾਂ ਨਹੀਂ ਸਗੋਂ ਇਹ ਵਿਦਿਆਰਥੀ ਜੀਵਨ ਵਿਚ ਨਵੀਂ ਸੋਚ, ਨਵੇਂ ਟੀਚਿਆਂ ਤੇ ਨਵੀਂ ਦਿਸ਼ਾ ਦੀ ਸ਼ੁਰੂਆਤ ਦਾ ਪ੍ਰਤੀਕ ਹੈ। ਨਵਾਂ ਸਾਲ ਹਰ ਇਕ ਦੇ ਜੀਵਨ ਵਿਚ ਨਵੀਆਂ ਆਸਾਂ, ਨਵੇਂ ਸੁਪਨੇ ਤੇ ਨਵੀਂ ਊਰਜਾ ਲੈ ਕੇ ਆਉਂਦਾ ਹੈ। ਇਹ ਸਮਾਂ ਆਪਣੇ ਜੀਵਨ ਨੂੰ ਨਵੀਂ ਦਿਸ਼ਾ ਦੇਣ ਤੇ ਖ਼ੁਦ ਨੂੰ ਬਿਹਤਰ ਬਣਾਉਣ ਦਾ ਹੁੰਦਾ ਹੈ। ਵਿਦਿਆਰਥੀ ਜੀਵਨ ’ਚ ਵੀ ਨਵੇਂ ਸਾਲ ਦੀ ਆਪਣੀ ਖ਼ਾਸ ਅਹਿਮੀਅਤ ਹੈ। ਵਿਦਿਆਰਥੀ ਜੀਵਨ ਮਨੁੱਖੀ ਜੀਵਨ ਦੀ ਸਭ ਤੋਂ ਮਹੱਤਵਪੂਰਨ ਅਵਸਥਾ ਹੁੰਦੀ ਹੈ, ਜਿਸ ਦੌਰਾਨ ਭਵਿੱਖ ਦੀ ਨੀਂਹ ਰੱਖੀ ਜਾਂਦੀ ਹੈ। ਵਿਦਿਆਰਥੀ ਜੀਵਨ ਬੁਨਿਆਦ ਦਾ ਸਮਾਂ ਹੁੰਦਾ ਹੈ ਤੇ ਨਵਾਂ ਸਾਲ ਇਸ ਬੁਨਿਆਦ ਨੂੰ ਮਜ਼ਬੂਤ ਕਰਨ ਦਾ ਸੁਨੇਹਾ ਦਿੰਦਾ ਹੈ। ਇਹ ਵਿਦਿਆਰਥੀਆਂ ਨੂੰ ਸਿਰਫ਼ ਪੜ੍ਹਾਈ ਹੀ ਨਹੀਂ ਸਗੋਂ ਚੰਗਾ ਇਨਸਾਨ ਬਣਨ ਦਾ ਵੀ ਸੰਦੇਸ਼ ਦਿੰਦਾ ਹੈ।
ਸਮਾਜ ਦੇ ਵਿਕਾਸ ’ਚ ਯੋਗਦਾਨ
ਜਿਵੇਂ ਹੀ ਪੁਰਾਣਾ ਸਾਲ ਵਿਦਾ ਲੈਂਦਾ ਹੈ, ਅਸੀਂ ਨਵੇਂ ਸਾਲ ਦਾ ਖ਼ੁਸ਼ੀ ਨਾਲ ਸਵਾਗਤ ਕਰਦੇ ਹਾਂ। ਇਹ ਵਿਦਿਆਰਥੀਆਂ ਲਈ ਖ਼ੁਦ ਨਾਲ ਨਵਾਂ ਵਾਅਦਾ ਕਰਨ ਦਾ ਮੌਕਾ ਬਣਦਾ ਹੈ, ਜੋ ਨਵੇਂ ਹੌਸਲੇ ਨਵੀਂ ਸ਼ੁਰੂਆਤ ਦਾ ਪ੍ਰਤੀਕ ਹੈ। ਜੇ ਵਿਦਿਆਰਥੀ ਦ੍ਰਿੜ ਨਿਸ਼ਚੇ ਅਤੇ ਹਾਂ-ਪੱਖੀ ਸੋਚ ਨਾਲ ਅੱਗੇ ਵਧਣ, ਤਾਂ ਉਹ ਆਪਣੇ ਸੁਪਨਿਆਂ ਨੂੰ ਸਾਕਾਰ ਕਰ ਕੇ ਦੇਸ਼ ਤੇ ਸਮਾਜ ਦੇ ਵਿਕਾਸ ਵਿਚ ਮਹੱਤਵਪੂਰਨ ਯੋਗਦਾਨ ਪਾ ਸਕਦੇ ਹਨ।
ਮੁਲਾਂਕਣ ਕਰਨ ਦਾ ਉਚਿਤ ਸਮਾਂ
ਮੁਲਾਂਕਣ ਦਾ ਅਰਥ ਹੈ ਆਪਣੇ ਆਪ ਦੀ ਜਾਂਚ ਕਰਨਾ। ਨਵਾਂ ਸਾਲ ਵਿਦਿਆਰਥੀਆਂ ਲਈ ਆਪਣੇ ਬੀਤੇ ਸਾਲ ਦੀ ਪੜ੍ਹਾਈ, ਆਦਤਾਂ ਤੇ ਵਿਹਾਰ ਦਾ ਗੰਭੀਰ ਮੁਲਾਂਕਣ ਕਰਨ ਦਾ ਸਭ ਤੋਂ ਉਚਿਤ ਸਮਾਂ ਹੁੰਦਾ ਹੈ। ਇਸ ਰਾਹੀਂ ਵਿਦਿਆਰਥੀ ਸਮਝ ਸਕਦੇ ਹਨ ਕਿ ਉਹ ਕਿਹੜੇ ਵਿਸ਼ਿਆਂ ਵਿਚ ਕਮਜ਼ੋਰ ਰਹੇ ਤੇ ਕਿਹੜੀਆਂ ਆਦਤਾਂ ਉਨ੍ਹਾਂ ਦੀ ਤਰੱਕੀ ਵਿਚ ਰੁਕਾਵਟ ਬਣੀਆਂ। ਉਹ ਵੇਖਣ ਕਿ ਪਿਛਲੇ ਸਾਲ ਵਿਚ ਕਿੱਥੇ ਮਿਹਨਤ ’ਚ ਕਮੀ ਰਹਿ ਗਈ ਅਤੇ ਨਵੇਂ ਸਾਲ ਵਿਚ ਕਿਵੇਂ ਉਹ ਆਪਣੀ ਕਾਰਗੁਜ਼ਾਰੀ ਨੂੰ ਬਿਹਤਰ ਬਣਾ ਸਕਦੇ ਹਨ। ਮੁਲਾਂਕਣ ਵਿਦਿਆਰਥੀ ਨੂੰ ਆਪਣੀਆਂ ਗ਼ਲਤੀਆਂ ਨੂੰ ਮੰਨਣ ਤੇ ਉਨ੍ਹਾਂ ਤੋਂ ਸਿੱਖਣ ਦੀ ਸਮਝ ਦਿੰਦਾ ਹੈ। ਮੁਲਾਂਕਣ ਵਿਦਿਆਰਥੀ ਜੀਵਨ ਵਿਚ ਸਿਰਫ਼ ਕਮਜ਼ੋਰੀਆਂ ਹੀ ਨਹੀਂ ਵਿਖਾਉਂਦਾ ਸਗੋਂ ਉਨ੍ਹਾਂ ਨੂੰ ਦੂਰ ਕਰਨ ਦਾ ਰਾਹ ਵੀ ਵਿਖਾਉਂਦਾ ਹੈ। ਨਵੇਂ ਸਾਲ ’ਚ ਕੀਤਾ ਗਿਆ ਸਹੀ ਮੁਲਾਂਕਣ ਵਿਦਿਆਰਥੀ ਦੇ ਭਵਿੱਖ ਨੂੰ ਸਫਲਤਾ ਵੱਲ ਲਿਜਾਂਦਾ ਹੈ।
ਸੰਕਲਪ ਲੈਣ ਦੀ ਲੋੜ
ਵਿਦਿਆਰਥੀਆਂ ਨੂੰ ਚਾਹੀਦਾ ਹੈ ਕਿ ਨਵੇਂ ਸਾਲ ਦੇ ਨਾਲ-ਨਾਲ ਕੁਝ ਨਵੇਂ ਸੰਕਲਪ ਵੀ ਲੈਣ ਤਾਂ ਜੋ ਆਪਣੇ ਜੀਵਨ ਨੂੰ ਬਿਹਤਰ ਤੇ ਉੱਜਵਲ ਬਣਾ ਸਕਣ, ਜਿਵੇਂ ਸਾਲ ਦੀ ਸ਼ੁਰੂਆਤ ਵਿਚ ਆਪਣੇ ਛੋਟੇ ਤੇ ਵੱਡੇ ਟੀਚੇ ਤੈਅ ਕਰਨਾ। ਹਰ ਰੋਜ਼ ਸਮੇਂ ਸਿਰ ਪੜ੍ਹਾਈ ਕਰਨੀ ਤੇ ਕੰਮ ਨੂੰ ਕੱਲ੍ਹ ’ਤੇ ਨਾ ਟਾਲਣਾ, ਸਮਾਂ ਸਭ ਤੋਂ ਕੀਮਤੀ ਸੰਪਤੀ ਹੋਣ ਕਾਰਨ ਇਸ ਦੀ ਯੋਜਨਾਬੱਧ ਵਰਤੋਂ ਕਰਨੀ, ਅਨੁਸ਼ਾਸਨ ਤੇ ਨਿਯਮਾਂ ਦੀ ਪਾਲਣਾ ਕਰਨਾ, ਅਧਿਆਪਕਾਂ ਤੇ ਮਾਪਿਆਂ ਦਾ ਆਦਰ ਕਰਨਾ, ਉਨ੍ਹਾਂ ਦੀ ਰਹਿਨੁਮਾਈ ਨੂੰ ਮੰਨਣਾ ਤੇ ਕਦਰ ਕਰਨੀ, ਮੋਬਾਈਲ ਤੇ ਸੋਸ਼ਲ ਮੀਡੀਆ ਦੀ ਸੀਮਤ ਵਰਤੋਂ ਕਰਨੀ, ਸਾਫ਼-ਸੁਥਰੇ ਵਾਤਾਵਰਨ ਤੇ ਸਮਾਜਿਕ ਕੰਮਾਂ ਵਿਚ ਯੋਗਦਾਨ ਪਾਉਣਾ, ਖ਼ੁਦ ’ਤੇ ਭਰੋਸਾ ਰੱਖ ਕੇ ਟੀਚਿਆਂ ਵੱਲ ਅੱਗੇ ਵਧਣਾ, ਮੁਸ਼ਕਲ ਹਾਲਾਤਾਂ ਤੋਂ ਡਰਨ ਦੀ ਬਜਾਏ ਹੱਲ ਲੱਭਣ ਦੀ ਕੋਸ਼ਿਸ਼ ਕਰਨੀ, ਦੇਸ਼ ਦੀ ਤਰੱਕੀ ਵਿਚ ਆਪਣਾ ਯੋਗਦਾਨ ਪਾਉਣ ਦੀ ਸੋਚ ਵਿਕਸਿਤ ਕਰਨੀ ਆਦਿ ਸੰਕਲਪ ਅਪਣਾਉਣ ਦੀ ਲੋੜ ਹੈ।
ਪਰਿਵਾਰ ਤੇ ਅਧਿਆਪਕਾਂ ਦਾ ਯੋਗਦਾਨ
ਵਿਦਿਆਰਥੀ ਜੀਵਨ ਮਨੁੱਖ ਦੇ ਚਰਿੱਤਰ ਤੇ ਭਵਿੱਖ ਦੀ ਨੀਂਹ ਹੁੰਦਾ ਹੈ। ਨਵਾਂ ਸਾਲ ਵਿਦਿਆਰਥੀਆਂ ਲਈ ਨਵੀਂ ਆਸ, ਨਵੀਂ ਦਿਸ਼ਾ ਤੇ ਨਵੇਂ ਟੀਚੇ ਲੈ ਕੇ ਆਉਂਦਾ ਹੈ। ਇਸ ਯਾਤਰਾ ਵਿਚ ਪਰਿਵਾਰ ਤੇ ਅਧਿਆਪਕਾਂ ਦੀ ਭੂਮਿਕਾ ਮਹੱਤਵਪੂਰਨ ਹੁੰਦੀ ਹੈ। ਪਰਿਵਾਰ ਵਿਦਿਆਰਥੀ ਦੀ ਪਹਿਲੀ ਪਾਠਸ਼ਾਲਾ ਹੁੰਦਾ ਹੈ। ਨਵੇਂ ਸਾਲ ਦੀ ਸ਼ੁਰੂਆਤ ’ਤੇ ਮਾਪੇ ਆਪਣੇ ਬੱਚਿਆਂ ਨੂੰ ਸਹੀ ਰਾਹ ਦਿਖਾਉਂਦੇ ਹਨ। ਉਹ ਉਨ੍ਹਾਂ ਨੂੰ ਅਨੁਸ਼ਾਸਨ, ਸਮੇਂ ਦੀ ਕਦਰ, ਸੱਚਾਈ ਅਤੇ ਮਿਹਨਤ ਦੀ ਸਿੱਖਿਆ ਦਿੰਦੇ ਹਨ। ਪਰਿਵਾਰ ਦਾ ਪਿਆਰ, ਸਹਾਰਾ ਤੇ ਹੌਸਲਾ ਵਿਦਿਆਰਥੀ ਨੂੰ ਆਤਮ-ਵਿਸ਼ਵਾਸ ਦਿੰਦਾ ਹੈ, ਜਿਸ ਨਾਲ ਉਹ ਨਵੇਂ ਟੀਚੇ ਨਿਰਧਾਰਤ ਕਰ ਸਕਦਾ ਹੈ। ਅਧਿਆਪਕ ਵਿਦਿਆਰਥੀ ਜੀਵਨ ਵਿਚ ਦੀਪਕ ਵਾਂਗ ਰੋਸ਼ਨੀ ਫੈਲਾਉਂਦੇ ਹਨ। ਅਧਿਆਪਕ ਸਮਾਜ ਦਾ ਸੱਚਾ ਨਿਰਮਾਤਾ ਹੁੰਦਾ ਹੈ। ਉਹ ਸਿਰਫ਼ ਵਿਦਿਆਰਥੀ ਨੂੰ ਪੜ੍ਹਾਉਂਦਾ ਹੀ ਨਹੀਂ ਸਗੋਂ ਉਸ ਦੇ ਚਰਿੱਤਰ, ਸੋਚ ਤੇ ਭਵਿੱਖ ਨੂੰ ਸੰਵਾਰਦਾ ਹੈ। ਵਿਦਿਆਰਥੀ ਜੀਵਨ ਵਿਚ ਅਧਿਆਪਕ ਦੀ ਭੂਮਿਕਾ ਮਾਰਗ-ਦਰਸ਼ਕ, ਪ੍ਰੇਰਕ ਅਤੇ ਸਹਾਇਕ ਵਜੋਂ ਬਹੁਤ ਮਹੱਤਵਪੂਰਨ ਹੁੰਦੀ ਹੈ।
ਜਦੋਂ ਪਰਿਵਾਰ ਦਾ ਸੁਨੇਹਾ ਤੇ ਅਧਿਆਪਕਾਂ ਦੀ ਸੁਚੱਜੀ ਰਹਿਨੁਮਾਈ ਮਿਲ ਕੇ ਵਿਦਿਆਰਥੀ ਨੂੰ ਸਹੀ ਰਾਹ ਦਿਖਾਉਂਦੇ ਹਨ, ਤਾਂ ਨਵਾਂ ਸਾਲ ਉਸ ਦੀ ਜ਼ਿੰਦਗੀ ਵਿਚ ਸਫਲਤਾ ਅਤੇ ਉਜਵਲ ਭਵਿੱਖ ਦੀ ਨਵੀਂ ਰੋਸ਼ਨੀ ਭਰ ਦਿੰਦਾ ਹੈ। ਇਸ ਤਰ੍ਹਾਂ ਨਵੇਂ ਸਾਲ ਵਿਚ ਪਰਿਵਾਰ ਅਤੇ ਅਧਿਆਪਕਾਂ ਦਾ ਯੋਗਦਾਨ ਵਿਦਿਆਰਥੀ ਜੀਵਨ ਨੂੰ ਅਰਥਪੂਰਨ ਅਤੇ ਮਾਅਨੇਦਾਰ ਬਣਾਉਂਦਾ ਹੈ।
- ਅੰਮ੍ਰਿਤਪਾਲ ਕੌਰ