ਵਿਦਿਆਰਥੀ ਕਿਸੇ ਵੀ ਦੇਸ਼ ਦਾ ਭਵਿੱਖ ਹੁੰਦੇ ਹਨ। ਉਨ੍ਹਾਂ ਦੀ ਨਵੀ ਤੇ ਆਧੁਨਿਕ ਸੋਚ, ਉਤਸ਼ਾਹ ਤੇ ਬਦਲਾਅ ਲਿਆਉਣ ਦੀ ਤਾਕਤ ਨੂੰ ਜੇ ਸਹੀ ਦਿਸ਼ਾ ਤੇ ਮਜ਼ਬੂਤ ਸਾਥ ਮਿਲ ਜਾਵੇ ਤਾਂ ਉਨ੍ਹਾਂ ਦੀ ਤਾਕਤ ਤੇ ਸੋਚ ਨਾਲ ਹੀ ਧਰਤੀ ਦੇ ਰੁੱਖੇਪਣ ਨੂੰ ਖ਼ਤਮ ਕੀਤਾ ਜਾ ਸਕਦਾ ਹੈ। ਆਉਣ ਵਾਲੇ ਸਮੇਂ ’ਚ ਧਰਤੀ ਕਿਹੋ ਜਿਹੀ ਹੋਵੇਗੀ, ਉਹ ਸਾਡੇ ਅੱਜ ਦੇ ਕਰਮ ’ਤੇ ਨਿਰਭਰ ਕਰਦਾ ਹੈ।

ਆਧੁਨਿਕ ਯੁੱਗ ’ਚ ਮਨੁੱਖ ਨੇ ਤਰੱਕੀ ਦੀਆਂ ਉਚਾਈਆਂ ਨੂੰ ਛੂਹ ਲਿਆ ਹੈ। ਵਿਗਿਆਨ ਤੇ ਤਕਨਾਲੋਜੀ ਦੇ ਖੇਤਰ ’ਚ ਹੋਈਆਂ ਉਪਲੱਬਧੀਆਂ ਨੇ ਜਿੱਥੇ ਜੀਵਨ ਨੂੰ ਸੌਖਾ ਬਣਾਇਆ ਹੈ, ਉੱਥੇ ਵਾਤਾਵਰਨ ’ਤੇ ਇਸ ਦੇ ਮਾੜੇ ਪ੍ਰਭਾਵ ਸਪੱਸ਼ਟ ਦਿਖਾਈ ਦੇ ਰਹੇ ਹਨ। ਗਲੋਬਲ ਵਾਰਮਿੰਗ, ਹਵਾ ਤੇ ਪਾਣੀ ਦਾ ਪ੍ਰਦੂਸ਼ਣ, ਜੰਗਲਾਂ ਦੀ ਕਟਾਈ, ਜਲਵਾਯੂ ਪਰਿਵਰਤਨ ਤੇ ਕੁਦਰਤੀ ਸਾਧਨਾਂ ਦੀ ਘੱਟਦੀ ਉਪਲੱਬਧਤਾ ਇਹ ਸਾਰੇ ਸੰਕੇਤ ਹਨ ਕਿ ਧਰਤੀ ਸੰਕਟ ’ਚ ਹੈ। ਧਰਤੀ ਦੀ ਇਸ ਗੰਭੀਰ ਸਥਿਤੀ ’ਚ ਸਭ ਤੋਂ ਵੱਡਾ ਸਵਾਲ ਹੈ ਕਿ ਭਵਿੱਖ ’ਚ ਧਰਤੀ ਨੂੰ ਬਚਾਏਗਾ ਕੌਣ? ਇਸ ਦਾ ਸਪੱਸ਼ਟ ਉੱਤਰ ਹੈ ‘ਅੱਜ ਦੇ ਵਿਦਿਆਰਥੀ’।
ਦੇਸ਼ ਦਾ ਭਵਿੱਖ ਹੁੰਦੇ ਵਿਦਿਆਰਥੀ
ਵਿਦਿਆਰਥੀ ਕਿਸੇ ਵੀ ਦੇਸ਼ ਦਾ ਭਵਿੱਖ ਹੁੰਦੇ ਹਨ। ਉਨ੍ਹਾਂ ਦੀ ਨਵੀ ਤੇ ਆਧੁਨਿਕ ਸੋਚ, ਉਤਸ਼ਾਹ ਤੇ ਬਦਲਾਅ ਲਿਆਉਣ ਦੀ ਤਾਕਤ ਨੂੰ ਜੇ ਸਹੀ ਦਿਸ਼ਾ ਤੇ ਮਜ਼ਬੂਤ ਸਾਥ ਮਿਲ ਜਾਵੇ ਤਾਂ ਉਨ੍ਹਾਂ ਦੀ ਤਾਕਤ ਤੇ ਸੋਚ ਨਾਲ ਹੀ ਧਰਤੀ ਦੇ ਰੁੱਖੇਪਣ ਨੂੰ ਖ਼ਤਮ ਕੀਤਾ ਜਾ ਸਕਦਾ ਹੈ। ਆਉਣ ਵਾਲੇ ਸਮੇਂ ’ਚ ਧਰਤੀ ਕਿਹੋ ਜਿਹੀ ਹੋਵੇਗੀ, ਉਹ ਸਾਡੇ ਅੱਜ ਦੇ ਕਰਮ ’ਤੇ ਨਿਰਭਰ ਕਰਦਾ ਹੈ। ਜੇ ਅੱਜ ਨੂੰ ਸੰਭਾਲਾਂਗੇ ਤਾਂ ਹੀ ਆਉਣ ਵਾਲਾ ਕੱਲ੍ਹ ਸੰਭਲੇਗਾ। ਮਹਾਤਮਾ ਗਾਂਧੀ ਜੀ ਦਾ ਕਥਨ ਇੱਥੇ ਬਿਲਕੁਲ ਢੁੱਕਵਾਂ ਹੈ, ‘ਤੁਸੀਂ ਉਹ ਬਦਲਾਅ ਬਣੋ, ਜੋ ਤੁਸੀਂ ਦੁਨੀਆ ਵਿਚ ਦੇਖਣਾ ਚਾਹੁੰਦੇ ਹੋ।’ ਅਮਰੀਕੀ ਵਾਤਾਵਰਣ ਪ੍ਰੇਮੀ ਲੈਸਟਰ ਬਰਾਊਨ ਅਨੁਸਾਰ ਅਸੀਂ ਭਵਿੱਖ ਨੂੰ ਵਿਰਾਸਤ ’ਚ ਨਹੀ ਲੈਂਦੇ ਸਗੋਂ ਅਸੀਂ ਇਸ ਨੂੰ ਬਣਾਉਂਦੇ ਹਾਂ।
ਵਾਤਾਵਰਣ ਸੁਰੱਖਿਆ ਲਈ ਸਿੱਖਿਆ ਹੈ ਮਹੱਤਵਪੂਰਨ ਸਾਧਨ
ਸਿੱਖਿਆ ਵਾਤਾਵਰਣ ਸੁਰੱਖਿਆ ਲਈ ਸਭ ਤੋਂ ਵੱਧ ਮਹੱਤਵਪੂਰਨ ਸਾਧਨ ਹੈ ਤੇ ਵਿਦਿਆਰਥੀ ਇਸ ਸਾਧਨ ਦੀ ਵਰਤੋਂ ਕਰ ਕੇ ਹੀ ਵਾਤਵਰਣ ਨੂੰ ਸੰਭਾਲ ਸਕਦੇ ਹਨ। ਸਕੂਲ ’ਚ ਸ਼ੁਰੂ ਕੀਤੇ ਗਏ ਇਸ ਅਹਿਮ ਵਿਸ਼ੇ ਨੂੰ ਅਹਿਮੀਅਤ ਦੇ ਕੇ ਵਿਦਿਆਰਥੀਆਂ ਅੰਦਰ ਕੁਦਰਤ ਪ੍ਰਤੀ ਪਿਆਰ, ਵਾਤਾਵਰਣ ਦੀ ਸੰਭਾਲ ਦੀ ਜ਼ਿੰਮੇਵਾਰੀ ਦੇ ਭਾਵ ਪੈਦਾ ਕੀਤੇ ਜਾ ਸਕਦੇ ਹਨ। ‘ਨੇਚਰ ਕਲੱਬ’, ‘ਈਕੋ ਕਲਬ’ ਤੇ ‘ਗ੍ਰੀਨ ਮੁਹਿੰਮ’ ਰਾਹੀਂ ਬੱਚੇ ਪ੍ਰਯੋਗਾਤਮਕ ਤਜਰਬਾ ਹਾਸਲ ਕਰਦੇ ਹਨ। ਉਦਾਹਰਨ ਵਜੋਂ ਕਈ ਸਕੂਲਾਂ ’ਚ ਵਿਦਿਆਰਥੀਆਂ ਨੇ ਕੂੜੇ ਦੀ ਛਟਾਈ, ਰੀਸਾਈਕਲਿੰਗ ਤੇ ਕੰਪੋਸਟਿੰਗ ਨੂੰ ਅਪਣਾਇਆ ਹੈ, ਜਿਸ ਨਾਲ ਕਚਰੇ ਦੀ ਸਮੱਸਿਆ ਹੱਲ ਹੋਈ ਹੈ। ਸਕੂਲਾਂ ’ਚ ਪਏ ਨੀਲੇ, ਹਰੇ, ਲਾਲ ਅਤੇ ਕਾਲੇ ਕੂੜੇਦਾਨਾਂ ਨੇ ਵਿਦਿਆਰਥੀਆਂ ਨੂੰ ਸਫ਼ਾਈ ਦੀ ਮਹੱਤਤਾ ਤੇ ਕੂੜੇ ਦੀ ਛਟਾਈ ਦੇ ਲਾਭਾਂ ਤੋਂ ਚੰਗੀ ਤਰ੍ਹਾਂ ਜਾਣੂ ਕਰਵਾ ਦਿੱਤਾ ਹੈ।
ਵਾਤਾਵਰਣ ਦੀ ਸੰਭਾਲ ਲਈ ਜ਼ਰੂਰੀ ਕਦਮ
ਵਿਦਿਆਰਥੀ ਆਪਣੇ ਰੋਜ਼ਾਨਾ ਜੀਵਨ ’ਚ ਕਈ ਤਰੀਕਿਆਂ ਨਾਲ ਧਰਤੀ ਦੀ ਸੰਭਾਲ ’ਚ ਯੋਗਦਾਨ ਪਾ ਸਕਦੇ ਹਨ, ਜਿਵੇਂ ਪਲਾਸਟਿਕ ਦੀ ਵਰਤੋਂ ਤੋਂ ਪਰਹੇਜ਼ ਕਰ ਕੇ, ਰੁੱਖ ਲਗਾ ਕੇ, ਰੁੱਖ ਬਚਾ ਕੇ, ਪਾਣੀ ਦੀ ਬੱਚਤ ਕਰ ਕੇ, ਬਿਜਲੀ ਦੀ ਬੱਚਤ ਕਰ ਕੇ ਤੇ ਸਫ਼ਾਈ ਰੱਖ ਕੇ ਆਦਿ। ਇਹ ਸਾਰੇ ਕਦਮ ਵਾਤਾਵਰਣ ਦੀ ਸੰਭਾਲ ਲਈ ਜ਼ਰੂਰੀ ਹਨ। ਪੰਜਾਬ ਦੇ ਕਈ ਪਿੰਡਾਂ ’ਚ ਵਿਦਿਆਰਥੀਆਂ ਵੱਲੋਂ ਚਲਾਈਆਂ ਗਈਆਂ ਸਫ਼ਾਈ ਤੇ ਪਲਾਸਟਿਕ ਮੁਕਤ ਮੁਹਿੰਮਾਂ ਨੇ ਸਮਾਜ ਵਿਚ ਵੱਡਾ ਬਦਲਾਅ ਲਿਆਂਦਾ ਹੈ।
ਜਨਮ ਦਿਨ ’ਤੇ ਲਗਾਓ ਇਕ ਰੁੱਖ
ਦਰੱਖ਼ਤ ਲਗਾਉਣਾ ਵਾਤਾਵਰਣ ਦੀ ਸਰੁੱਖਿਆ ਦਾ ਤੋਂ ਪ੍ਰਭਾਵਸ਼ਾਲੀ ਤਰੀਕਾ ਹੈ। ‘ਇਕ ਵਿਦਿਆਰਥੀ ਇਕ ਦਰੱਖ਼ਤ’ ਦੀ ਸੋਚ ਨਾਲ ਲੱਖਾਂ ਦਰੱਖ਼ਤ ਲੱਗ ਸਕਦੇ ਹਨ। ਆਪਣੇ ਹਰ ਜਨਮ ਦਿਨ ’ਤੇ ਇਕ ਦਰੱਖ਼ਤ ਲਗਾਉਣ ਦੀ ਆਦਤ ਨਾਲ ਕਈ ਲੱਖ ਦਰਖ਼ਤ ਇਕ ਹੀ ਦਿਨ ’ਚ ਲੱਗ ਜਾਣਗੇ। ਇਨ੍ਹਾਂ ਦੀ ਸੰਭਾਲ ਕਰਨ ਦੀ ਆਦਤ ਨਾਲ ਵਿਦਿਆਰਥੀਆਂ ’ਚ ਜ਼ਿੰਮੇਵਾਰੀ ਦੀ ਭਾਵਨਾ ਆਵੇਗੀ। ਕੁਦਰਤ ਨਾਲ ਪਿਆਰ ਕਾਦਰ ਨਾਲ ਪਿਆਰ ਕਰਨਾ ਹੁੰਦਾ ਹੈ, ਜਿਸ ਨਾਲ ਵਿਦਿਆਰਥੀ ਚੰਗੇ ਰਾਹ ਦੇ ਪਾਂਧੀ ਬਨਣਗੇ। ਚੰਗਾ ਵਾਤਾਵਰਣ ਤੇ ਚੰਗੀ ਸੋਚ ਚੰਗੇ ਚਰਿੱਤਰ ਨੂੰ ਜਨਮ ਦਿੰਦੇ ਹਨ। ਰੁੱਖ ਲਗਾ ਕੇ ਉਨ੍ਹਾਂ ਦੀ ਦੇਖਭਾਲ ਤੇ ਸੰਭਾਲ ਕਰਨੀ ਵਿਦਿਆਰਥੀਆਂ ’ਚ ਕੁਦਰਤ ਨਾਲ ਪਿਆਰ ਤੇ ਅਪਣੱਤ ਦੀ ਭਾਵਨਾ ਨੂੰ ਜਨਮ ਦਿੰਦੀ ਹੈ।
ਪਾਣੀ ਦੀ ਸਮਝੋ ਮਹੱਤਤਾ
ਜਲ ਸੁਰੱਖਿਆ ਦੀ ਮਹੱਤਤਾ ਬਹੁਤ ਵੱਧ ਗਈ ਹੈ। ਧਰਤੀ ਦੇ ਪਾਣੀ ਦਾ ਡੂੰਘਾ ਹੋ ਰਿਹਾ ਸੰਕਟ ਆਉਣ ਵਾਲੇ ਮਾੜੇ ਸਮੇਂ ਵੱਲ ਸੰਕੇਤ ਕਰਦਾ ਹੈ। ਪਾਣੀ ਹੀ ਜੀਵਨ ਹੈ, ਦੇ ਆਦਰਸ਼ ਨੂੰ ਸਮਝਾਉਂਦਿਆਂ ਬੱਚਿਆਂ ਨੂੰ ਪਾਣੀ ਦੀ ਬੱਚਤ ਤੇ ਇਸ ਦੇ ਸਹੀ ਇਸਤੇਮਾਲ ਲਈ ਜਾਗਰੂਕ ਕਰਨਾ ਜ਼ਰੂਰੀ ਹੋ ਗਿਆ ਹੈ। ਮੀਂਹ ਦੇ ਪਾਣੀ ਨੂੰ ਇਕੱਠਾ ਕਰਨਾ (ਰੇਨ ਵਾਟਰ ਹਾਰਵੈਸਟਿੰਗ), ਏਸੀ ਜਾਂ ਆਰਓ ਦੇ ਵੇਸਟ ਪਾਣੀ ਦੀ ਵਰਤੋਂ ਘਰੇਲੂ ਕੰਮਾਂ ’ਚ ਕਰਨਾ, ਸਕੂਲ ਦੀ ਸਫ਼ਾਈ ਜਾਂ ਪੌਦਿਆ ਲਈ ਕਰਨਾ ਆਦਿ ਪਾਣੀ ਦੀ ਬੱਚਤ ਵੱਲ ਸ਼ਲਾਘਾਯੋਗ ਕਦਮ ਹਨ। ਸਾਫ਼ ਤੇ ਹਰੇ-ਭਰੇ ਵਾਤਾਵਰਣ ਦਾ ਸੁਪਨਾ ਦੇਖਣਾ ਤੇ ਉਸ ਨੂੰ ਪੂਰਾ ਕਰਨ ਲਈ ਜੱਦੋ-ਜਹਿਦ ਕਰਨੀ ਸਭ ਦਾ ਸੁਪਨਾ ਹੋਣਾ ਚਾਹੀਦਾ ਹੈ ਕਿਉਂਕਿ ਜੇ ਸੁਪਨਾ ਦੇਖਾਂਗੇ ਤਾਂ ਹੀ ਪੂਰਾ ਕਰਨ ਦੇ ਯਤਨ ਵੀ ਕਰਾਂਗੇ, ਜਿਵੇਂ ਸਾਬਕਾ ਰਾਸ਼ਟਰਪਤੀ ਮਰਹੂਮ ਡਾ. ਅਬਦੁਲ ਕਲਾਮ ਨੇ ਕਿਹਾ ਕਿ ਸੁਪਨੇ ਉਹ ਹਨ, ਜੋ ਤੁਹਾਨੂੰ ਸੌਣ ਨਹੀ ਦਿੰਦੇ।
ਸੰਭਾਲ ਦਾ ਲਵੋ ਪ੍ਰਣ
ਵਾਤਾਵਰਣ ਸਬੰਧੀ ਦਿਨ ਮਨਾਉਣਾ ਵੀ ਵਿਦਿਆਰਥੀਆ ’ਚ ਜਾਗਰੁਕਤਾ ਪੈਦਾ ਕਰਨ ਦਾ ਵਧੀਆ ਮਾਧਿਅਮ ਹੈ। ਹਰ ਸਾਲ 5 ਜੂਨ ਨੂੰ ਵਿਸ਼ਵ ਵਾਤਾਵਰਣ ਦਿਵਸ ਮਨਾਇਆ ਜਾਂਦਾ ਹੈ, ਜਿਸ ਵਿਚ ਵਿਦਿਆਰਥੀ ਰੈਲੀਆਂ, ਪੋਸਟਰ ਮੁਕਾਬਲੇ, ਕਵਿਤਾ ਉਚਾਰਣ ਆਦਿ ਮੁਕਾਬਲਿਆਂ ਵਿਚ ਹਿੱਸਾ ਲੈਂਦੇ ਹਨ। 2 ਫਰਵਰੀ ਨੂੰ ਵਿਸ਼ਵ ਵੈਟਲੈਂਡ ਦਿਵਸ, 22 ਅਪ੍ਰੈਲ ਨੂੰ ਧਰਤੀ ਦਿਵਸ, 22 ਮਾਰਚ ਨੂੰਵਿਸ਼ਵ ਜਲ ਦਿਵਸ, 21 ਮਾਰਚ ਨੂੰ ਵਿਸ਼ਵ ਜੰਗਲ ਦਿਵਸ ਵਰਗੇ ਦਿਨ ਮਨਾਉਣੇ ਵਿਦਿਆਰਥੀਆਂ ਵਿਚ ਵਾਤਾਵਰਣ, ਧਰਤੀ ’ਤੇ ਦਰੱਖ਼ਤਾਂ ਪ੍ਰਤੀ ਜਾਗਰੂਕਤਾ ਫੈਲਾਉਣ ਦੇ ਵਧੀਆ ਮੌਕੇ ਹੁੰਦੇ ਹਨ। ਇਸ ਦਿਨ ਜ਼ਰੂਰ ਹਰ ਇਕ ਵਿਦਿਆਰਥੀ ਇਕ-ਇਕ ਪੌਦਾ ਲਗਾਵੇ ਤੇ ਉਸ ਦੀ ਸੰਭਾਲ ਦਾ ਪ੍ਰਣ ਕਰੇ।
ਸੋਸ਼ਲ ਮੀਡੀਆ ਬਣਿਆ ਸ਼ਕਤੀਸ਼ਾਲੀ ਸਾਧਨ
ਇਸ ਡਿਜੀਟਲ ਯੁੱਗ ’ਚ ਸੋਸ਼ਲ ਮੀਡੀਆ ਸ਼ਕਤੀਸ਼ਾਲੀ ਸਾਧਨ ਬਣ ਗਿਆ ਹੈ। ਵਿਦਿਆਰਥੀ ਇਸ ਦਾ ਸਹੀ ਇਸਤੇਮਾਲ ਕਰ ਕੇ ਵਾਤਾਵਰਣ ਸਬੰਧੀ ਸੰਦੇਸ਼ ਇਕ ਹੀ ਸਮੇਂ ’ਤੇ ਦੂਰ-ਦੂਰ ਤੱਕ ਪਹੁੰਚਾ ਸਕਦੇ ਹਨ। ‘ਸੇਵ ਅਰਥ’ ਅਤੇ ‘ਗੋ ਗ੍ਰੀਨ’ ਵਰਗੀਆਂ ਮੁਹਿੰਮਾਂ ਵਿਚ ਵਿਦਿਆਰਥੀ ਦੀ ਭੂਮਿਕਾ ਮਹਤੱਵਪੂਰਨ ਹੈ। ਸਮਾਜ ’ਚ ਬਦਲਾਅ ਲਈ ਹਰ ਇਕ ਵਿਅਤਕੀ ਦੀ ਭੂਮਿਕਾ ਮਹਤੱਵਪੂਰਨ ਹੁੰਦੀ ਹੈ ਪਰ ਵਿਦਿਆਰਥੀ ਇਸ ’ਚ ਅਗਵਾਈ ਕਰ ਸਕਦੇ ਹਨ। ਉਹ ਆਪਣੇ ਘਰ ਤੇ ਸਮਾਜ ਵਿੱਚ ਜਾਗਰੂਕਤਾ ਫੈਲਾ ਕੇ ਵੱਡੀ ਲਹਿਰ ਦੀ ਸ਼ੁਰੂਆਤ ਕਰ ਸਕਦੇ ਹਨ। ਛੋਟੇ-ਛੋਟੇ ਕਦਮ ਵੱਡੇ ਬਦਲਾਅ ਲਿਆ ਸਕਦੇ ਹਨ।
ਆਖ਼ਰ ਇਹੀ ਕਿਹਾ ਜਾ ਸਕਦਾ ਹੈ ਕਿ ਧਰਤੀ ਸਾਡੀ ਜਾਇਦਾਦ ਨਹੀਂ ਸਗੋਂ ਅਸੀਂ ਇਸ ਦੇ ਰਖਵਾਲੇ ਹਾਂ। ਸਾਨੂੰ ਆਉਣ ਵਾਲੀਆਂ ਪੀੜ੍ਹੀਆਂ ਲਈ ਇਸ ਨੂੰ ਸੁੰਦਰ ਤੇ ਸੁਰੱਖਿਅਤ ਰੱਖਣਾ ਚਾਹੀਦਾ ਹੈ। ਜੇ ਵਿਦਿਆਰਥੀ ਇਸ ਜ਼ਿੰਮੇਵਾਰੀ ਨੂੰ ਸਮਝ ਕੇ ਅੱਗੇ ਵਧਣ ਤਾਂ ਭਵਿੱਖ ਵਿਚ ਧਰਤੀ ਸੱਚਮੱਚ ਉਹੋ ਜਿਹੀ ਹੋਵੇਗੀ, ਜਿਹੋ ਜਿਹੀ ਕਦੇ ਸਾਨੂੰ ਗੁਰੂ ਨਾਨਕ ਦੇਵ ਜੀ ਨੇ ਸੌਂਪੀ ਸੀ। ਇਹ ਅਜਿਹਾ ਤੋਹਫ਼ਾ ਹੈ, ਜੋ ਸਾਨੂੰ ਸਾਡੇ ਬਜ਼ੁਰਗਾਂ ਤੋਂ ਮਿਲਿਆ ਤੇ ਜੋ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਦੇਣਾ ਹੈ। ਗੁਰੂ ਨਾਨਕ ਦੇਵ ਜੀ ਦੇ ਸਲੋਕ ‘ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ” ਨੂੰ ਜੇ ਵਿਦਿਆਰਥੀ ਆਪਣੇ ਜੀਵਨ ਦਾ ਆਧਾਰ ਬਣਾ ਲੈਣਗੇ ਤਾਂ ਇਸ ਤੋਹਫ਼ੋ ਨੂੰ ਹੋਰ ਵੀ ਖ਼ੂਬਸੂਰਤ ਬਣਾ ਕੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਦਿੱਤਾ ਜਾ ਸਕਦਾ ਹੈ। ਇਹੀ ਸੋਚ ਸਾਡੀ ਧਰਤੀ ਨੂੰ ਬਚਾ ਸਕਦੀ ਹੈ ਤੇ ਸਾਨੂੰ ਇਕ ਚੰਗਾ ਨਾਗਰਿਕ ਬਣਾ ਸਕਦੀ ਹੈ। ਆਓ ਰਲ ਕੇ ਹੰਭਲਾ ਮਾਰੀਏ ਤੇ ਇਸ ਜ਼ਿੰਮੇਵਾਰੀ ਨੂੰ ਰਲ ਕੇ ਨਿਭਾਈਏ।
- ਰੀਤੂ ਪਾਲ