- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਧਿਆਪਕਾਂ ਦੀ ਜ਼ਿੰਮੇਵਾਰੀ ਸਿਰਫ਼ ਕਿਤਾਬੀ ਗਿਆਨ ਦੇਣ ਤੱਕ ਸੀਮਤ ਨਹੀਂ ਹੁੰਦੀ ਸਗੋਂ ਉਹ ਵਿਦਿਆਰਥੀਆਂ ਦੇ ਚਰਿੱਤਰ ਨਿਰਮਾਤਾ ਵੀ ਹੁੰਦੇ ਹਨ। ਇਕ ਚੰਗਾ ਅਧਿਆਪਕ ਨਵੇਂ ਵਿਦਿਆਰਥੀਆਂ ਨੂੰ ਪਿਆਰ ਅਤੇ ਹਮਦਰਦੀ ਨਾਲ ਸਵੀਕਾਰ ਕਰਦਾ ਹੈ ਤਾਂ ਜੋ ਉਹ ਸਕੂਲ ਦੇ ਮਾਹੌਲ ਵਿਚ ਖ਼ੁਦ ਨੂੰ ਸਹਿਜ ਮਹਿਸੂਸ ਕਰ ਸਕਣ।

ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਸਰਕਾਰੀ ਸਕੂਲਾਂ ’ਚ ਵਿਦਿਆਰਥੀਆਂ ਦੀ ਗਿਣਤੀ ਵਧਾਉਣ ਲਈ ਸਮੂਹ ਸਕੂਲ ਮੁਖੀਆਂ ਤੇ ਅਧਿਆਪਕਾਂ ਨੂੰ ਪ੍ਰੇਰਿਤ ਕੀਤਾ ਜਾ ਰਿਹਾ ਹੈ। ਇਸ ਮੁਹਿੰਮ ਤਹਿਤ ਅਧਿਆਪਕ ਆਪਣੇ ਸਾਥੀਆਂ ਨਾਲ ਮਿਲ ਕੇ ਸਕੂਲਾਂ ਦੇ ਨਾਲ ਲੱਗਦੇ ਪਿੰਡਾਂ, ਕਸਬਿਆਂ ਤੇ ਸ਼ਹਿਰਾਂ ਵਿਚ ਜਾ ਕੇ ਮਾਪਿਆਂ ਨੂੰ ਆਪਣੇ ਬੱਚਿਆਂ ਦਾ ਦਾਖ਼ਲਾ ਨੇੜਲੇ ਸਰਕਾਰੀ ਸਕੂਲਾਂ ’ਚ ਕਰਵਾਉਣ ਲਈ ਜਾਗਰੂਕ ਕਰ ਰਹੇ ਹਨ। ਅਧਿਆਪਕਾਂ ਦੀ ਪ੍ਰੇਰਣਾ ਸਦਕਾ ਬਹੁਤ ਸਾਰੇ ਵਿਦਿਆਰਥੀ ਸਰਕਾਰੀ ਸਕੂਲਾਂ ’ਚ ਦਾਖ਼ਲਾ ਲੈ ਰਹੇ ਹਨ। ਨਵੇਂ ਸਕੂਲ ’ਚ ਦਾਖ਼ਲ ਹੋਣ ਵਾਲੇ ਬੱਚਿਆਂ ਦੇ ਮਨਾਂ ਵਿਚ ਨਵੀਆਂ ਉਮੀਦਾਂ, ਨਵੇਂ ਦੋਸਤਾਂ, ਨਵੇਂ ਅਧਿਆਪਕਾਂ ਅਤੇ ਨਵੇਂ ਮਾਹੌਲ ਨੂੰ ਲੈ ਕੇ ਖ਼ਾਸ ਉਤਸ਼ਾਹ ਹੁੰਦਾ ਹੈ।
ਕਿਸੇ ਵੀ ਸਕੂਲ ਵਿਚ ਨਵੇਂ ਆਏ ਵਿਦਿਆਰਥੀਆਂ ਦੀ ਸਭ ਤੋਂ ਪਹਿਲੀ ਜ਼ਿੰਮੇਵਾਰੀ ਅਨੁਸ਼ਾਸਨ ਅਪਣਾਉਣਾ ਅਤੇ ਸਕੂਲ ਦੇ ਨਿਯਮਾਂ ਦੀ ਪਾਲਣਾ ਕਰਨਾ ਹੁੰਦੀ ਹੈ। ਇਸ ਦੇ ਨਾਲ ਹੀ ਅਧਿਆਪਕਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਵਿਦਿਆਰਥੀਆਂ ਨੂੰ ਸਹੀ ਮਾਰਗ-ਦਰਸ਼ਨ ਦੇਣ, ਆਪਣੇ ਅਧਿਆਪਕਾਂ ਅਤੇ ਸਹਿਪਾਠੀਆਂ ਦਾ ਸਤਿਕਾਰ ਕਰਨਾ ਸਿਖਾਉਣ ਤੇ ਉਨ੍ਹਾਂ ਵਿੱਚ ਆਤਮ-ਵਿਸ਼ਵਾਸ ਪੈਦਾ ਕਰਨ। ਸਾਰੇ ਵਿਦਿਆਰਥੀਆਂ ਨਾਲ ਸਮਾਨ ਵਿਹਾਰ ਕਰਦੇ ਹੋਏ ਉਨ੍ਹਾਂ ਨੂੰ ਸਮੇਂ ਦਾ ਪਾਬੰਦ ਬਣਾਉਣ, ਸਕੂਲ ਦਾ ਕੰਮ ਨਿਯਮਿਤ ਕਰਨ ਅਤੇ ਸਕੂਲ ਦੀ ਸੰਪਤੀ ਦੀ ਸੰਭਾਲ ਕਰਨ ਲਈ ਪ੍ਰੇਰਿਤ ਕਰਨ। ਇਸ ਤੋਂ ਇਲਾਵਾ ਵਿਦਿਆਰਥੀਆਂ ਵਿਚ ਆਪਸੀ ਪਿਆਰ, ਸਹਿਯੋਗ ਅਤੇ ਮਿਲਵਰਤਣ ਦੀ ਭਾਵਨਾ ਪੈਦਾ ਕਰਨਾ ਵੀ ਬਹੁਤ ਜ਼ਰੂਰੀ ਹੈ।
ਅਧਿਆਪਕਾਂ ਦੀ ਜ਼ਿੰਮੇਵਾਰੀ ਸਿਰਫ਼ ਕਿਤਾਬੀ ਗਿਆਨ ਦੇਣ ਤੱਕ ਸੀਮਤ ਨਹੀਂ ਹੁੰਦੀ ਸਗੋਂ ਉਹ ਵਿਦਿਆਰਥੀਆਂ ਦੇ ਚਰਿੱਤਰ ਨਿਰਮਾਤਾ ਵੀ ਹੁੰਦੇ ਹਨ। ਇਕ ਚੰਗਾ ਅਧਿਆਪਕ ਨਵੇਂ ਵਿਦਿਆਰਥੀਆਂ ਨੂੰ ਪਿਆਰ ਅਤੇ ਹਮਦਰਦੀ ਨਾਲ ਸਵੀਕਾਰ ਕਰਦਾ ਹੈ ਤਾਂ ਜੋ ਉਹ ਸਕੂਲ ਦੇ ਮਾਹੌਲ ਵਿਚ ਖ਼ੁਦ ਨੂੰ ਸਹਿਜ ਮਹਿਸੂਸ ਕਰ ਸਕਣ। ਹਰ ਬੱਚੇ ਦੀ ਯੋਗਤਾ ਨੂੰ ਪਛਾਣ ਕੇ ਉਸ ਨੂੰ ਅੱਗੇ ਵਧਣ ਲਈ ਪ੍ਰੇਰਿਤ ਕਰਨਾ ਅਧਿਆਪਕ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ। ਜਦੋਂ ਅਧਿਆਪਕ ਤੇ ਵਿਦਿਆਰਥੀ ਦੋਵੇਂ ਆਪਣੀਆਂ ਜ਼ਿੰਮੇਵਾਰੀਆਂ ਨੂੰ ਇਮਾਨਦਾਰੀ ਨਾਲ ਨਿਭਾਉਂਦੇ ਹਨ, ਉਦੋਂ ਹੀ ਚੰਗੇ ਤੇ ਸਿਹਤਮੰਦ ਵਿੱਦਿਅਕ ਸਮਾਜ ਦੀ ਸਿਰਜਣਾ ਸੰਭਵ ਹੁੰਦੀ ਹੈ।
- ਦੀਦਾਰ ਸਿੰਘ