ਸਮਾਂ ਸਭ ਦੀ ਜ਼ਿੰਦਗੀ ਵਿਚ ਬਹੁਤ ਮਹੱਤਵਪੂਰਨ ਸਥਾਨ ਰੱਖਦਾ ਹੈ। ਲੰਘਿਆ ਵੇਲਾ ਕਦੇ ਵੀ ਹੱਥ ਨਹੀਂ ਆਉਂਦਾ। ਬੀਤਿਆ ਵੇਲਾ ਤਜਰਬਾ ਹੁੰਦਾ ਹੈ, ਜੋ ਸਾਨੂੰ ਕਿਸੇ ਵੀ ਕੰਮ ਨੂੰ ਕਿਵੇਂ ਕਰਨਾ ਹੈ, ਸਿਖਾਉਂਦਾ ਹੈ। ਆਉਣ ਵਾਲਾ ਕੱਲ੍ਹ ਇਕ ਉਮੀਦ ਹੁੰਦੀ ਹੈ, ਜੋ ਹਰ ਕਿਸੇ ਨੂੰ ਕੰਮ ਕਰਨ ਦੇ ਲਈ ਉਤਸ਼ਾਹ ਦਿੰਦੀ ਹੈ ਪਰ ਤਜਰਬੇ ਤੇ ਉਮੀਦ ਭਾਵ ਬੀਤੇ ਕੱਲ੍ਹ ਤੇ ਆਉਣ ਵਾਲੇ ਕੱਲ੍ਹ ਦੇ ਵਿੱਚ ਅੱਜ ਹੈ।

ਸਮਾਂ ਸਭ ਦੀ ਜ਼ਿੰਦਗੀ ਵਿਚ ਬਹੁਤ ਮਹੱਤਵਪੂਰਨ ਸਥਾਨ ਰੱਖਦਾ ਹੈ। ਲੰਘਿਆ ਵੇਲਾ ਕਦੇ ਵੀ ਹੱਥ ਨਹੀਂ ਆਉਂਦਾ। ਬੀਤਿਆ ਵੇਲਾ ਤਜਰਬਾ ਹੁੰਦਾ ਹੈ, ਜੋ ਸਾਨੂੰ ਕਿਸੇ ਵੀ ਕੰਮ ਨੂੰ ਕਿਵੇਂ ਕਰਨਾ ਹੈ, ਸਿਖਾਉਂਦਾ ਹੈ। ਆਉਣ ਵਾਲਾ ਕੱਲ੍ਹ ਇਕ ਉਮੀਦ ਹੁੰਦੀ ਹੈ, ਜੋ ਹਰ ਕਿਸੇ ਨੂੰ ਕੰਮ ਕਰਨ ਦੇ ਲਈ ਉਤਸ਼ਾਹ ਦਿੰਦੀ ਹੈ ਪਰ ਤਜਰਬੇ ਤੇ ਉਮੀਦ ਭਾਵ ਬੀਤੇ ਕੱਲ੍ਹ ਤੇ ਆਉਣ ਵਾਲੇ ਕੱਲ੍ਹ ਦੇ ਵਿੱਚ ਅੱਜ ਹੈ। ਅੱਜ ਸਾਡੀ ਜ਼ਿੰਦਗੀ ਹੈ। ਅਸੀਂ ਸਭ ਜਾਣਦੇ ਹਾਂ ਕਿ ਅੱਜ ’ਚ ਹੀ ਜਿਊਣਾ ਚਾਹੀਦਾ ਹੈ ਪਰ ਅਸੀਂ ਬੀਤੇ ਕੱਲ੍ਹ ਤੇ ਆਉਣ ਵਾਲੇ ਕੱਲ੍ਹ ਬਾਰੇ ਸੋਚ-ਸੋਚ ਕੇ ਅੱਜ ਨੂੰ ਖ਼ਰਾਬ ਕਰ ਰਹੇ ਹਾਂ ਯਾਨੀ ਜ਼ਿੰਦਗੀ ਨੂੰ ਖ਼ਰਾਬ ਕਰ ਰਹੇ ਹਾਂ। ਸੋ ਅੱਜ ਨੂੰ ਵਧੀਆ ਤਰੀਕੇ ਨਾਲ ਜਿਊਣ ਲਈ ਸਮੇਂ ਦਾ ਸਹੀ ਇਸਤੇਮਾਲ ਕਰਨਾ ਬਹੁਤ ਜ਼ਰੂਰੀ ਹੈ। ਸਮੇਂ ਦੇ ਸਹੀ ਇਸਤੇਮਾਲ ਲਈ ਸਮਾਂ ਸਾਰਣੀ ਬਹੁਤ ਜ਼ਰੂਰੀ ਹੈ। ਇਹ ਸਮਾਂ ਸਾਰਣੀ ਇਹੋ ਜਿਹੀ ਹੋਣੀ ਚਾਹੀਦੀ ਹੈ, ਜਿਸ ਨੂੰ ਦੇਖ ਕੇ ਸਮੇਂ ਦਾ ਸਦ-ਉਪਯੋਗ ਕੀਤਾ ਜਾ ਸਕੇ।
ਹਰ ਕਿਸੇ ਕੋਲ ਹਨ 24 ਘੰਟੇ
ਸਮਾਂ ਸਭ ਦੇ ਕੋਲ ਹੀ 24 ਘੰਟੇ ਦਾ ਹੁੰਦਾ ਹੈ ਪਰ ਹਰ ਕੋਈ 24 ਘੰਟਿਆਂ ਨੂੰ ਲੇਖੇ ਨਹੀਂ ਲਗਾ ਪਾਉਂਦਾ। ਲੇਖੇ ਲਾਉਣ ਤੋਂ ਭਾਵ ਹੈ ਕਿ ਜਦੋਂ ਅਸੀਂ ਰਾਤ ਨੂੰ ਸੌਣ ਲੱਗੀਏ ਤਾਂ ਉਸ ਸਮੇਂ ਅੱਜ ਦੇ ਦਿਨ ਬਾਰੇ ਸੋਚੀਏ ਕਿ ਅੱਜ ਕੀ-ਕੀ ਕੀਤਾ? ਉਸ ਸਮੇਂ ਇਹ ਅਫ਼ਸੋਸ ਨਾ ਹੋਵੇ ਕਿ ਫਲਾਣਾ ਕੰਮ ਤਾਂ ਰਹਿ ਹੀ ਗਿਆ। ਜੇ ਇਹ ਅਫਸੋਸ ਨਹੀਂ ਹੈ ਤਾਂ ਫਿਰ ਸਮਝੋ ਅੱਜ ਦਾ ਦਿਨ ਲੇਖੇ ਲੱਗ ਗਿਆ। ਸੋ ਦਿਨ ਦੇ ਸਾਰੇ ਕੰਮਾਂ ਨੂੰ ਸਮੇਂ ਸਿਰ ਕਰਨ ਲਈ ਸਮਾਂ ਸਾਰਣੀ ਬਹੁਤ ਹੀ ਜ਼ਰੂਰੀ ਹੈ। ਸਮਾਂ ਸਾਰਣੀ ਛੋਟੇ ਬੱਚੇ ਤੋਂ ਲੈ ਕੇ ਬਜ਼ੁਰਗਾਂ ਤਕ ਸਭ ਨੂੰ ਹੀ ਬਣਾਉਣੀ ਚਾਹੀਦੀ ਹੈ।
ਖੁੱਲ੍ਹੇ ਮਾਹੌਲ ਦੀ ਜ਼ਰੂਰਤ
ਦਿਨ ਲੇਖੇ ਲਗਾਉਣ ਦੀ ਜ਼ਿੰਮੇਵਾਰੀ ਸਿਰਫ਼ ਬੱਚਿਆਂ ਦੀ ਹੀ ਨਹੀਂ ਸਗੋਂ ਸਭ ਦੀ ਹੀ ਹੈ। ਵੱਡੇ ਆਪਣੀ ਸਮਾਂ ਸਾਰਣੀ ਖ਼ੁਦ ਹੀ ਬਣਾ ਸਕਦੇ ਹਨ ਪਰ ਬੱਚਿਆਂ ਦੀ ਸਮਾਂ-ਸਾਰਣੀ ਇਸ ਤਰਾਂ ਦੀ ਬਣਾਉਣੀ ਚਾਹੀਦੀ ਹੈ ਕਿ ਉਨ੍ਹਾਂ ਨੂੰ ਇੰਝ ਨਾ ਲੱਗੇ ਕਿ ਸਮੇਂ ਨੇ ਉਨ੍ਹਾਂ ਨੂੰ ਬੰਨ੍ਹ ਕੇ ਬਿਠਾ ਲਿਆ ਕਿਉਂਕਿ ਸਕੂਲ ਵਿਚ ਵੀ ਸਾਰੇ ਬੱਚੇ ਮਿੱਥੇ ਸਮੇਂ ਅਨੁਸਾਰ ਹਰ ਕੰਮ ਕਰਦੇ ਹਨ ਤੇ ਘਰ ਆ ਕੇ ਉਨ੍ਹਾਂ ਨੂੰ ਖੁੱਲ੍ਹੇ ਮਾਹੌਲ ਦੀ ਜ਼ਰੂਰਤ ਹੁੰਦੀ ਹੈ। ਉਹਨਾਂ ਨੂੰ ਖੁੱਲ੍ਹੇ ਸਮੇਂ ਅਨੁਸਾਰ ਸਭ ਕੁਝ ਕਰਨ ਦਿਉ। ਖੁੱਲ੍ਹੇ ਸਮੇਂ ਤੋਂ ਭਾਵ ਹੈ ਕਿ ਉਨ੍ਹਾਂ ਦੀ ਸਮਾਂ ਸਾਰਣੀ ਵਿਚ ਸਿਰਫ਼ ਤੇ ਸਿਰਫ਼ ਕੰਮ ਹੀ ਅੰਕਿਤ ਕੀਤੇ ਜਾਣ, ਜੋ ਉਨ੍ਹਾਂ ਦੇ ਸਰਬਪੱਖੀ ਵਿਕਾਸ ਵਿਚ ਸਹਾਈ ਹੋਣ। ਦਿਨ ਵਿਚ ਉਨ੍ਹਾਂ ਨੇ ਜੋ ਵੀ ਕਰਨਾ ਹੈ, ਉਹ ਸਾਰੇ ਕੰਮ ਸਮਾਂ-ਸਾਰਣੀ ਵਿਚ ਲਿਖੋ, ਜਿਵੇਂ ਪੜ੍ਹਾਈ,ਖੇਡਣਾ,ਕਸਰਤ,ਸਰੀਰਕ ਸਫਾਈ, ਆਲੇ-ਦੁਆਲੇ ਦੀ ਸਫ਼ਾਈ, ਬੱਚੇ ਦੀਆਂ ਰੁਚੀਆਂ, ਧਾਰਮਿਕ ਗਤੀਵਿਧੀਆਂ, ਨੈਤਿਕ ਕਦਰਾਂ-ਕੀਮਤਾਂ, ਖਾਣ-ਪੀਣ ਅਤੇ ਟੀਵੀ ਦੇਖਣਾ ਆਦਿ।
ਸਮੇਂ ਦੀ ਦਿੱਤੀ ਜਾਵੇ ਹੱਦ
ਇਹ ਸਭ ਕੁਝ ਅੰਕਿਤ ਕਰਨਾ ਇਸ ਲਈ ਜ਼ਰੂਰੀ ਹੈ, ਤਾਂ ਜੋ ਬੱਚਿਆਂ ਨੂੰ ਇਹ ਨਾ ਮਹਿਸੂਸ ਹੋਵੇ ਕਿ ਇਸ ਸਮਾਂ-ਸਾਰਣੀ ਵਿਚ ਤਾਂ ਉਨ੍ਹਾਂ ਦੇ ਮਨੋਰੰਜਨ ਲਈ ਕੁਝ ਵੀ ਨਹੀਂ ਪਰ ਇਹ ਬੱਚਿਆਂ ’ਤੇ ਛੱਡੋ ਕਿ ਉਹ ਇਹ ਸਾਰੇ ਕੰਮ ਕਿਹੜੇ ਸਮੇਂ ਜਾਂ ਕਿੰਨੇ ਸਮੇਂ ਵਿਚ ਕਰਨ। ਸਮੇਂ ਦੀ ਇਕ ਹੱਦ ਜ਼ਰੂਰ ਦਿੱਤੀ ਜਾਵੇ ਕਿ ਰਾਤ ਫਲਾਣੇ ਸਮੇਂ ਤੋਂ ਪਹਿਲਾਂ ਇਹ ਸਾਰੇ ਕੰਮ ਕਰਨੇ ਹਨ। ਨਹੀਂ ਤਾਂ ਉਹ ਆਖਣਗੇ ਕਿ ਸੌਣ ਵੇਲੇ ਕਰ ਲਵਾਂਗੇ, ਜੋ ਸਹੀ ਨਹੀਂ। ਇਹ ਸਮਾਂ-ਸਾਰਣੀ ਉਥੇ ਲਗਾਉਣੀ ਹੈ, ਜਿੱਥੇ ਬੱਚਾ ਉਸ ਨੂੰ ਵਾਰ-ਵਾਰ ਦੇਖੇ ਤੇ ਆਪਣੇ ਕੀਤੇ ਕੰਮਾਂ ’ਤੇ ਸਹੀ ਦਾ ਨਿਸ਼ਾਨ ਲਗਾਉਂਦਾ ਰਹੇ। ਹੋ ਸਕਦਾ ਹੈ ਕਿ ਉਹ ਕੁਝ ਦਿਨ ਸਾਰੇ ਕੰਮ ਨਾ ਕਰ ਪਾਵੇ ਤਾਂ ਉਸ ਨੂੰ ਝਿੜਕੋ ਨਾ ਸਗੋਂ ਕਹੋ ਕਿ ਕੋਈ ਨਾ ਕੱਲ੍ਹ ਫਿਰ ਕੋਸ਼ਿਸ਼ ਕਰਾਂਗੇ।
ਬੋਝ ਦਾ ਨਾ ਬਣੇ ਕਾਰਨ
ਜਦੋਂ ਬੱਚੇ ਹਰ ਰੋਜ਼ ਸਾਹਮਣੇ ਲੱਗੀ ਸਮਾਂ-ਸਾਰਣੀ ਦੇਖਣਗੇ, ਤਾਂ ਉਹ ਸਾਰੇ ਕੰਮਾਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਜ਼ਰੂਰ ਕਰਨਗੇ। ਕੁਝ ਬੱਚੇ ਤਾਂ ਸਮੇਂ ਦੀ ਵੰਡ ਖ਼ੁਦ ਹੀ ਕਰ ਲੈਣਗੇ। ਜੋ ਬੱਚੇ ਨਹੀਂ ਕਰ ਪਾਉਣਗੇ, ਉਨ੍ਹਾਂ ਦੀ ਮਦਦ ਉਨ੍ਹਾਂ ਦੇ ਮਾਤਾ-ਪਿਤਾ ਨੂੰ ਕਰਨੀ ਚਾਹੀਦੀ ਹੈ। ਜੇ ਫਿਰ ਵੀ ਨਹੀਂ ਕਰ ਪਾਉਣ ਤਾਂ ਬੱਚਿਆਂ ਨੂੰ ਉਨ੍ਹਾਂ ਦੀ ਸਮਾਂ ਸਾਰਣੀ ਵਿੱਚੋਂ ਕੁਝ ਕੰਮ ਘੱਟ ਵੀ ਕੀਤੇ ਜਾ ਸਕਦੇ ਹਨ। ਹੌਲੀ-ਹੌਲੀ ਕੰਮਾਂ ਵਿਚ ਵਾਧਾ ਕੀਤਾ ਜਾਵੇ ਤਾਂ ਜੋ ਬੋਝ ਘਟਾਉਣ ਲਈ ਬਣਾਈ ਗਈ ਸਮਾਂ ਸਾਰਣੀ ਹੀ ਬੱਚੇ ਲਈ ਬੋਝ ਦਾ ਕਾਰਨ ਨਾ ਬਣ ਜਾਵੇ। ਸੋ ਇਸ ਤਰ੍ਹਾਂ ਕਰਨ ਨਾਲ ਸਾਰੇ ਬੱਚੇ ਸਮੇਂ ਦਾ ਸਦ-ਉਪਯੋਗ ਕਰਨਾ ਸਿੱਖ ਜਾਣਗੇ ਅਤੇ ਚੰਗੇ ਵਿਦਿਆਰਥੀ ਤੇ ਆਗਿਆਕਾਰੀ ਬੱਚੇ ਕਹਾਉਣਗੇ ਅਤੇ ਵੱਡੇ ਹੋ ਕੇ ਦੇਸ਼ ਦੇ ਚੰਗੇ ਨਾਗਰਿਕ ਬਣਨਗੇ।
ਪਰਮਿੰਦਰ ਕੌਰ