ਅਜੋਕੇ ਸਮੇਂ ’ਚ ਲੋਕਾਂ ਦੀ ਜੀਵਨਸ਼ੈਲੀ ’ਚ ਬਹੁਤ ਤਬਦੀਲੀ ਆਈ ਹੈ। ਜਿੱਥੇ ਕੰਮ ਤੇ ਪਰਿਵਾਰਕ ਜ਼ਿੰਮੇਵਾਰੀਆਂ ਨੌਜਵਾਨਾਂ ਤੇ ਬਜ਼ੁਰਗਾਂ ਵਿਚ ਚਿੰਤਾ ਦਾ ਕਾਰਨ ਬਣੀਆਂ ਹੋਈਆਂ ਹਨ, ਉੱਥੇ ਹੁਣ ਬੱਚੇ ਵੀ ਆਪਣੀ ਜੀਵਨਸ਼ੈਲੀ ਨੂੰ ਲੈ ਕੇ ਚਿੰਤਤ ਹੋਣ ਲੱਗੇ ਹਨ। ਪਿਛਲੇ ਕੁਝ ਸਮੇਂ ਤੋਂ ਬੱਚਿਆਂ ’ਚ ਮਾਨਸਿਕ ਸਮੱਸਿਆਵਾਂ ਦੇ ਕਈ ਮਾਮਲੇ ਦੇਖਣ ਨੂੰ ਮਿਲ ਰਹੇ ਹਨ।

ਅਜੋਕੇ ਸਮੇਂ ’ਚ ਲੋਕਾਂ ਦੀ ਜੀਵਨਸ਼ੈਲੀ ’ਚ ਬਹੁਤ ਤਬਦੀਲੀ ਆਈ ਹੈ। ਜਿੱਥੇ ਕੰਮ ਤੇ ਪਰਿਵਾਰਕ ਜ਼ਿੰਮੇਵਾਰੀਆਂ ਨੌਜਵਾਨਾਂ ਤੇ ਬਜ਼ੁਰਗਾਂ ਵਿਚ ਚਿੰਤਾ ਦਾ ਕਾਰਨ ਬਣੀਆਂ ਹੋਈਆਂ ਹਨ, ਉੱਥੇ ਹੁਣ ਬੱਚੇ ਵੀ ਆਪਣੀ ਜੀਵਨਸ਼ੈਲੀ ਨੂੰ ਲੈ ਕੇ ਚਿੰਤਤ ਹੋਣ ਲੱਗੇ ਹਨ। ਪਿਛਲੇ ਕੁਝ ਸਮੇਂ ਤੋਂ ਬੱਚਿਆਂ ’ਚ ਮਾਨਸਿਕ ਸਮੱਸਿਆਵਾਂ ਦੇ ਕਈ ਮਾਮਲੇ ਦੇਖਣ ਨੂੰ ਮਿਲ ਰਹੇ ਹਨ। ਪੜ੍ਹਾਈ ਦਾ ਡਰ ਤੇ ਮਾਪਿਆਂ ਦੀਆਂ ਉਮੀਦਾਂ ਨੂੰ ਪੂਰਾ ਕਰਨ ਦਾ ਬੋਝ ਅੱਜ-ਕੱਲ੍ਹ ਬੱਚਿਆਂ ਦੀ ਮਾਨਸਿਕ ਸਿਹਤ ਨੂੰ ਪ੍ਰਭਾਵਿਤ ਕਰ ਰਿਹਾ ਹੈ। ਬੱਚਿਆਂ ਦੇ ਬਿਹਤਰ ਵਿਕਾਸ ਲਈ ਉਨ੍ਹਾਂ ਦੀ ਮਾਨਸਿਕ ਸਿਹਤ ਬਹੁਤ ਜ਼ਰੂਰੀ ਜਾਪਦੀ ਹੈ। ਕਈ ਵਾਰ ਹਾਲਾਤਾਂ ਕਾਰਨ ਉਹ ਚੀਜ਼ਾਂ ਪ੍ਰਤੀ ਬਹੁਤ ਨਾਂਹ-ਪੱਖੀ ਹੋ ਜਾਂਦੇ ਹਨ। ਅਜਿਹੀ ਸਥਿਤੀ ’ਚ ਮਾਪਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਆਪਣੇ ਬੱਚੇ ਦੀ ਨਾਂਹ-ਪੱਖੀ ਸੋਚ ਨੂੰ ਵਧਣ-ਫੁੱਲਣ ਨਾ ਦੇਣ ਤੇ ਸਮੇਂ ਸਿਰ ਉਸ ਨੂੰ ਸਕਾਰਾਤਮਿਕਤਾ ਵੱਲ ਲਿਜਾਣ ਕਿਉਂਕਿ ਇਹ ਭਵਿੱਖ ’ਚ ਉਨ੍ਹਾਂ ਨੂੰ ਬਹੁਤ ਪ੍ਰਭਾਵਿਤ ਕਰ ਸਕਦਾ ਹੈ।
ਸਮਝੋ ਬੱਚਿਆਂ ਦੀਆਂ ਸਮੱਸਿਆਵਾਂ
ਅਕਸਰ ਦੇਖਿਆ ਗਿਆ ਹੈ ਕਿ ਬੱਚਿਆਂ ਦੀ ਨਾਂਹ-ਪੱਖੀ ਸੋਚ ਨੂੰ ਦੇਖ ਕੇ ਜਾਂ ਤਾਂ ਮਾਪੇ ਉਨ੍ਹਾਂ ਨੂੰ ਝਿੜਕਣਾ ਸ਼ੁਰੂ ਕਰ ਦਿੰਦੇ ਹਨ ਜਾਂ ਫਿਰ ਉਨ੍ਹਾਂ ਨੂੰ ਸਮਝਾਉਣਾ ਸ਼ੁਰੂ ਕਰ ਦਿੰਦੇ ਹਨ। ਇਸ ਸਥਿਤੀ ਨਾਲ ਨਜਿੱਠਣ ਲਈ ਇਹ ਬਹੁਤ ਜ਼ਰੂਰੀ ਹੈ ਕਿ ਤੁਸੀਂ ਪਹਿਲਾਂ ਆਪਣੇ ਬੱਚੇ ਦੀ ਸਮੱਸਿਆ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਅਜਿਹੇ ’ਚ ਸਭ ਤੋਂ ਪਹਿਲਾਂ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਜਾਣੋ ਤੇ ਬੱਚਿਆਂ ਦਾ ਪੱਖ ਸੁਣ ਕੇ ਉਨ੍ਹਾਂ ਨੂੰ ਹਾਂ-ਪੱਖੀ ਤਰੀਕੇ ਨਾਲ ਸਮਝਾਓ।
ਫ਼ਰਕ ਸਿਖਾਓ
ਅਕਸਰ ਬੱਚੇ ਨਾਂਹ-ਪੱਖੀ ਤੇ ਹਾਂ-ਪੱਖੀ ਚੀਜ਼ਾਂ ਵਿਚ ਫ਼ਰਕ ਕਰਨ ਵਿਚ ਅਸਮਰੱਥ ਹੁੰਦੇ ਹਨ। ਅਜਿਹੀ ਸਥਿਤੀ ’ਚ ਉਹ ਅਣਜਾਣੇ ਵਿਚ ਨਕਾਰਾਤਮਿਕਤਾ ਵੱਲ ਜਾਣਾ ਸ਼ੁਰੂ ਕਰ ਦਿੰਦੇ ਹਨ। ਬੱਚਿਆਂ ਨੂੰ ਅਜਿਹਾ ਕਰਨ ਤੋਂ ਰੋਕਣ ਲਈ ਉਨ੍ਹਾਂ ਨੂੰ ਨਾਂਹ-ਪੱਖੀ ਤੇ ਹਾਂ-ਪੱਖੀ ਚੀਜ਼ਾਂ ਵਿਚ ਅੰਤਰ ਸਮਝਾਉਣਾ ਜ਼ਰੂਰੀ ਹੈ। ਤੁਸੀਂ ਚੰਗੇ ਤੇ ਮਾੜੇ ਦੀ ਪਛਾਣ ਕਰ ਕੇ ਉਨ੍ਹਾਂ ਨੂੰ ਹਾਂ-ਪੱਖੀ ਬਣਾ ਸਕਦੇ ਹੋ।
ਖ਼ੁਦ ਨੂੰ ਰੱਖੋ ਪਾਜ਼ੇਟਿਵ
ਬੱਚੇ ਅਕਸਰ ਘਰ ਵਿਚ ਮੌਜੂਦ ਆਪਣੇ ਮਾਤਾ-ਪਿਤਾ ਜਾਂ ਬਜ਼ੁਰਗਾਂ ਨੂੰ ਦੇਖ ਕੇ ਚੀਜ਼ਾਂ ਸਿੱਖਦੇ ਹਨ। ਅਜਿਹੇ ’ਚ ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਬੱਚਾ ਚੰਗਾ ਬਣੇ ਤਾਂ ਇਹ ਬਹੁਤ ਜ਼ਰੂਰੀ ਹੈ ਕਿ ਤੁਸੀਂ ਵੀ ਉਨ੍ਹਾਂ ਸਾਹਮਣੇ ਪਾਜ਼ੇਟਿਵ ਰਹਿਣ ਦੀ ਕੋਸ਼ਿਸ਼ ਕਰੋ। ਜਦੋਂ ਵੀ ਤੁਸੀਂ ਬੱਚਿਆਂ ਨਾਲ ਸਮਾਂ ਬਿਤਾਉਂਦੇ ਹੋ, ਤਾਂ ਧਿਆਨ ਰੱਖੋ ਕਿ ਉਨ੍ਹਾਂ ਸਾਹਮਣੇ ਖਾਮੀਆਂ ਲੱਭਣ ਤੋਂ ਬਚੋ ਅਤੇ ਹਾਂ-ਪੱਖੀ ਪਹਿਲੂਆਂ ਨੂੰ ਉਜਾਗਰ ਕਰੋ।
ਚੰਗੀਆਂ ਚੀਜ਼ਾਂ ਵੱਲ ਧਿਆਨ ਖਿੱਚਣਾ
ਜਿਨ੍ਹਾਂ ਬੱਚਿਆਂ ਦੀ ਸੋਚ ਨਾਂਹ-ਪੱਖੀ ਹੋਣ ਲੱਗਦੀ ਹੈ, ਉਨ੍ਹਾਂ ਨੂੰ ਅਕਸਰ ਹਰ ਚੀਜ਼ ਵਿਚ ਬੁਰਾਈ ਨਜ਼ਰ ਆਉਂਦੀ ਹੈ। ਅਜਿਹੀ ਸਥਿਤੀ ’ਚ ਉਨ੍ਹਾਂ ਦਾ ਧਿਆਨ ਚੰਗੀਆਂ ਚੀਜ਼ਾਂ ਵੱਲ ਖਿੱਚਣ ਦੀ ਕੋਸ਼ਿਸ਼ ਕਰੋ।
- ਹਰਪ੍ਰੀਤ ਕੌਰ (ਰੱਲਾ)