ਪਿਆਰੇ ਬੱਚਿਓ! ਕੀ ਤੁਸੀਂ ਇਸ ਸਾਲ ਵਿਚ ਕਲਾਸ ਹੀਰੋ, ਮਾਪਿਆਂ ਦੀਆਂ ਅੱਖਾਂ ਦੇ ਤਾਰੇ ਤੇ ਸਮਾਜ ਦਾ ਸਿਤਾਰਾ ਬਣਨਾ ਚਾਹੁੰਦੇ ਹੋ? ਕੀ ਤੁਸੀਂ ਜ਼ਿੰਦਗੀ ਦੇ ਹਰ ਪਹਿਲੂ ਵਿਚ ਉੱਤਮ ਹੋਣਾ ਚਾਹੁੰਦੇ ਹੋ, ਭਾਵੇਂ ਉਹ ਅਕਾਦਮਿਕ ਹੋਵੇ, ਖੇਡਾਂ ਹੋਣ ਜਾਂ ਸਿਹਤ? ਤੁਸੀਂ ਜ਼ਰੂਰ ਇਨ੍ਹਾਂ ਸੁਪਨਿਆਂ ਨੂੰ ਆਸਾਨੀ ਨਾਲ ਪੂਰਾ ਕਰ ਸਕਦੇ ਹੋ, ਬਸ ਤੁਹਾਨੂੰ ਕੁਝ ਗੱਲਾਂ ਵੱਲ ਧਿਆਨ ਦੇਣ ਦੀ ਲੋੜ ਹੈ।

ਪਿਆਰੇ ਬੱਚਿਓ! ਕੀ ਤੁਸੀਂ ਇਸ ਸਾਲ ਵਿਚ ਕਲਾਸ ਹੀਰੋ, ਮਾਪਿਆਂ ਦੀਆਂ ਅੱਖਾਂ ਦੇ ਤਾਰੇ ਤੇ ਸਮਾਜ ਦਾ ਸਿਤਾਰਾ ਬਣਨਾ ਚਾਹੁੰਦੇ ਹੋ? ਕੀ ਤੁਸੀਂ ਜ਼ਿੰਦਗੀ ਦੇ ਹਰ ਪਹਿਲੂ ਵਿਚ ਉੱਤਮ ਹੋਣਾ ਚਾਹੁੰਦੇ ਹੋ, ਭਾਵੇਂ ਉਹ ਅਕਾਦਮਿਕ ਹੋਵੇ, ਖੇਡਾਂ ਹੋਣ ਜਾਂ ਸਿਹਤ? ਤੁਸੀਂ ਜ਼ਰੂਰ ਇਨ੍ਹਾਂ ਸੁਪਨਿਆਂ ਨੂੰ ਆਸਾਨੀ ਨਾਲ ਪੂਰਾ ਕਰ ਸਕਦੇ ਹੋ, ਬਸ ਤੁਹਾਨੂੰ ਕੁਝ ਗੱਲਾਂ ਵੱਲ ਧਿਆਨ ਦੇਣ ਦੀ ਲੋੜ ਹੈ। ਇਸ ਸਾਲ ਪਹਿਲਾ ਸਵਾਲ ਜੋ ਤੁਹਾਨੂੰ ਖ਼ੁਦ ਤੋਂ ਪੁੱਛਣਾ ਚਾਹੀਦਾ ਹੈ, ਉਹ ਹੈ, ‘ਮੈਨੂੰ ਸਭ ਤੋਂ ਵੱਧ ਖ਼ੁਸ਼ੀ ਕਿਸ ਗੱਲ ਵਿਚ ਮਿਲਦੀ ਹੈ’? ਮੈਨੂੰ ਆਪਣੇ ਖ਼ਾਲੀ ਸਮੇਂ ਵਿਚ ਕੀ ਕਰਨ ’ਚ ਮਜ਼ਾ ਆਉਂਦਾ ਹੈ? ਵੱਡਾ ਹੋ ਕੇ ਮੈਨੂੰ ਕੀ ਕਰਨਾ ਪਸੰਦ ਹੈ? ਇੱਕ ਵਾਰ ਜਦੋਂ ਤੁਹਾਨੂੰ ਇਨ੍ਹਾਂ ਸਵਾਲਾਂ ਦੇ ਜਵਾਬ ਮਿਲ ਜਾਣਗੇ ਤਾਂ ਤੁਹਾਡੇ ਸੁਪਨਿਆਂ ਨੂੰ ਪੂਰਾ ਕਰਨ ਦਾ ਰਸਤਾ ਆਪਣੇ ਆਪ ਖੁੱਲ੍ਹ ਜਾਵੇਗਾ।
ਸਿਹਤ ਦਾ ਖ਼ਿਆਲ ਰੱਖੋ
ਸਿਹਤਮੰਦ ਸਰੀਰ ਵਿਚ ਹੀ ਸਿਹਤਮੰਦ ਮਨ ਰਹਿੰਦਾ ਹੈ। ਜੇ ਤੁਸੀਂ ਸਿਹਤਮੰਦ ਤੇ ਊਰਜਾਵਾਨ ਹੋ ਤਾਂ ਤੁਸੀਂ ਬਿਹਤਰ ਸੋਚੋਗੇ, ਬਿਹਤਰ ਪੜ੍ਹਾਈ ਕਰੋਗੇ, ਹੋਰ ਸਿੱਖੋਗੇ ਤੇ ਹਮੇਸ਼ਾ ਖ਼ੁਸ਼ ਰਹੋਗੇ। ਜਿਵੇਂ ਇਕ ਕਾਰ ਨੂੰ ਸਹੀ ਬਾਲਣ ਦੀ ਲੋੜ ਹੁੰਦੀ ਹੈ, ਉਸੇ ਤਰ੍ਹਾਂ ਸਾਡੇ ਸਰੀਰ ਨੂੰ ਵੀ ਸਹੀ ਭੋਜਨ ਦੀ ਲੋੜ ਹੁੰਦੀ ਹੈ। ਇਸ ਲਈ ਨਿਯਮਿਤ ਤੌਰ ’ਤੇ ਫਲ ਤੇ ਹਰੀਆਂ ਸਬਜ਼ੀਆਂ ਖਾਓ। ਹਰ ਰੰਗ ਦੇ ਫਲ ਅਤੇ ਸਬਜ਼ੀਆਂ ਖਾਣ ਦੀ ਆਦਤ ਬਣਾਓ। ਪ੍ਰੋਟੀਨ ਲਈ ਦਾਲਾਂ, ਦੁੱਧ, ਦਹੀਂ ਤੇ ਪਨੀਰ ਖਾਓ। ਪੀਜ਼ਾ, ਬਰਗਰ ਅਤੇ ਚਿਪਸ ਨੂੰ ਆਦਤ ਨਾ ਬਣਨ ਦਿਉ।
ਸਰੀਰਕ ਤੌਰ ’ਤੇ ਸਰਗਰਮ ਰਹੋ
ਸਕੂਲ ਵਿਚ ਸਿਰਫ਼ ਸਰੀਰਕ ਸਿੱਖਿਆ ਦੀਆਂ ਕਲਾਸਾਂ ਵਿਚ ਜਾਣਾ ਹੀ ਕਾਫ਼ੀ ਨਹੀਂ ਹੈ। ਹਰ ਰੋਜ਼ ਘੱਟੋ-ਘੱਟ ਇਕ ਘੰਟਾ ਬਾਹਰ ਖੇਡਣ ’ਚ ਬਿਤਾਓ। ਦੌੜਨਾ, ਕੁੱਦਣਾ, ਕ੍ਰਿਕਟ ਖੇਡਣਾ, ਫੁੱਟਬਾਲ ਜਾਂ ਸਾਈਕਲਿੰਗ, ਇਹ ਸਾਰੇ ਕਸਰਤ ਦੇ ਹੀ ਰੂਪ ਹਨ। ਇਹ ਤੁਹਾਡੇ ਸਰੀਰ ਨੂੰ ਮਜ਼ਬੂਤ ਬਣਾਉਂਦੇ ਹਨ ਤੇ ਤਣਾਅ ਤੋਂ ਰਾਹਤ ਦਿੰਦੇ ਹਨ। ਨਾਲ ਹੀ ਹਰ ਰੋਜ਼ ਵੱਧ ਤੋਂ ਵੱਧ ਪਾਣੀ ਪੀਣ ਦੀ ਆਦਤ ਪਾਓ। ਇਹ ਤੁਹਾਡੇ ਮਨ ਨੂੰ ਤਾਜ਼ਗੀ ਦਿੰਦਾ ਹੈ ਤੇ ਪੇਟ ਨੂੰ ਸਾਫ਼ ਰੱਖਦਾ ਹੈ।
ਦਿਮਾਗ਼ ਨੂੰ ਤੇਜ਼ ਕਰੋ
ਬੁੱਧੀਮਾਨ ਹੋਣ ਦਾ ਮਤਲਬ ਸਿਰਫ਼ ਚੰਗੇ ਨੰਬਰ ਪ੍ਰਾਪਤ ਕਰਨਾ ਨਹੀਂ ਹੁੰਦਾ। ਇਹ ਉਤਸੁਕ ਹੋਣ, ਚੀਜ਼ਾਂ ਨੂੰ ਸਮਝਣ ਤੇ ਸਮੱਸਿਆਵਾਂ ਨੂੰ ਹੱਲ ਕਰਨਾ ਸਿੱਖਣ ਬਾਰੇ ਹੈ। ਤੁਹਾਡਾ ਸਭ ਤੋਂ ਵੱਡਾ ਹਥਿਆਰ ਉਤਸੁਕਤਾ ਹੋਣਾ ਚਾਹੀਦਾ ਹੈ, ‘ਕਿਉਂ ਤੇ ਕਿਵੇਂ’ ਪੁੱਛਣਾ ਚਾਹੀਦਾ ਹੈ। ਕਦੇ ਵੀ ਸਵਾਲ ਪੁੱਛਣਾ ਬੰਦ ਨਾ ਕਰੋ। ਆਪਣੇ ਮਾਪਿਆਂ ਅਤੇ ਅਧਿਆਪਕਾਂ ਨੂੰ ਪੁੱਛੋ। ਬਹੁਤ ਸਾਰੀਆਂ ਕਿਤਾਬਾਂ ਪੜ੍ਹੋ। ਪੜ੍ਹਾਈ ਨੂੰ ਮਜ਼ੇਦਾਰ ਬਣਾਓ, ਸਜ਼ਾ ਨਹੀਂ। ਇਸ ਨੂੰ ਇੱਕ ਦਿਲਚਸਪ ਖੇਡ ਵਾਂਗ ਸਮਝੋ।
ਨਵੀਆਂ ਚੀਜ਼ਾਂ ਸਿੱਖੋ
ਪੇਂਟਿੰਗ, ਸੰਗੀਤ, ਕੋਡਿੰਗ ਜਾਂ ਕੋਈ ਨਵੀਂ ਭਾਸ਼ਾ, ਜੋ ਵੀ ਤੁਸੀਂ ਚਾਹੁੰਦੇ ਹੋ, ਸਿੱਖੋ। ਨਵੇਂ ਹੁਨਰ ਸਿੱਖਣਾ ਤੁਹਾਡੇ ਦਿਮਾਗ਼ ਦੇ ਨਵੇਂ ਹਿੱਸਿਆਂ ਨੂੰ ਸਰਗਰਮ ਕਰਦਾ ਹੈ। ਪੜ੍ਹਨਾ ਤੁਹਾਡੀ ਕਲਪਨਾ ਨੂੰ ਵਧਾਉਂਦਾ ਹੈ ਤੇ ਤੁਹਾਨੂੰ ਚੁਸਤ ਬਣਾਉਂਦਾ ਹੈ। ਇਕ ਵੱਡੀ ਪੌੜੀ ਚੜ੍ਹਨ ਲਈ ਤੁਹਾਨੂੰ ਛੋਟੇ ਕਦਮ ਚੁੱਕਣ ਦੀ ਲੋੜ ਹੈ। ਜੇ ਤੁਹਾਡਾ ਟੀਚਾ ਕਿਤਾਬ ਪੜ੍ਹਨਾ ਹੈ ਤਾਂ ਇਕ ਦਿਨ ਵਿਚ ਸਿਰਫ਼ ਪੰਜ ਪੰਨੇ ਪੜ੍ਹਨ ਦਾ ਫ਼ੈਸਲਾ ਕਰੋ। ਛੋਟੇ ਟੀਚਿਆਂ ਨੂੰ ਪੂਰਾ ਕਰਨ ਨਾਲ ਤੁਹਾਨੂੰ ਬਹੁਤ ਖ਼ੁਸ਼ੀ ਮਿਲਦੀ ਹੈ।
ਹਮੇਸ਼ਾ ਖ਼ੁਸ਼ ਰਹੋ
ਖ਼ੁਸ਼ੀ ਅੰਦਰੋਂ ਆਉਂਦੀ ਹੈ। ਤੁਸੀਂ ਭਾਵੇਂ ਕਿੰਨੇ ਵੀ ਹੁਸ਼ਿਆਰ ਜਾਂ ਸਫਲ ਕਿਉਂ ਨਾ ਹੋਵੋ, ਜੇ ਤੁਸੀਂ ਖ਼ੁਸ਼ ਨਹੀਂ ਹੋ, ਤਾਂ ਸਭ ਕੁਝ ਅਧੂਰਾ ਹੈ। ਅਜਿਹਾ ਕਰਨ ਲਈ ਸੌਣ ਤੋਂ ਪਹਿਲਾਂ ਹਰ ਰੋਜ਼ ਤਿੰਨ ਚੀਜ਼ਾਂ ਬਾਰੇ ਸੋਚੋ, ਜਿਨ੍ਹਾਂ ਲਈ ਤੁਸੀਂ ਧੰਨਵਾਦੀ ਹੋ। ਜਿਵੇਂ ਤੁਹਾਡਾ ਪਰਿਵਾਰ, ਤੁਹਾਡੇ ਦੋਸਤ, ਸੁਆਦੀ ਭੋਜਨ ਜਾਂ ਤੁਹਾਡਾ ਖਿਡੌਣਾ। ਇਹ ਛੋਟੀ ਜਿਹੀ ਆਦਤ ਤੁਹਾਨੂੰ ਸਕਾਰਾਤਮਿਕ ਮਹਿਸੂਸ ਕਰਵਾਏਗੀ। ਨਾਲ ਹੀ ਦੂਜਿਆਂ ਦੀ ਮਦਦ ਕਰੋ। ਛੋਟੇ-ਛੋਟੇ ਕੰਮਾਂ ਵਿਚ ਆਪਣੇ ਪਰਿਵਾਰ ਦੀ ਮਦਦ ਕਰੋ।
ਸਫਲਤਾ ਲਈ ਫਾਰਮੂਲੇ ਦੀ ਪਾਲਣਾ ਕਰੋ
ਸਫਲਤਾ ਦਾ ਮਤਲਬ ਹਮੇਸ਼ਾ ਪਹਿਲਾਂ ਖ਼ਤਮ ਕਰਨਾ ਨਹੀਂ ਹੁੰਦਾ। ਸਫਲਤਾ ਦਾ ਮਤਲਬ ਹੈ ਆਪਣੀ ਪੂਰੀ ਸਮਰੱਥਾ ਤਕ ਪਹੁੰਚਣਾ ਅਤੇ ਆਪਣੇ ਟੀਚਿਆਂ ਨੂੰ ਪ੍ਰਾਪਤ ਕਰਨਾ। ਇਸ ਲਈ ਅਨੁਸ਼ਾਸਨ ਜ਼ਰੂਰੀ ਹੈ। ਪਹਿਲਾਂ ਜਾਣੋ ਕਿ ਤੁਸੀਂ ਕੀ ਪ੍ਰਾਪਤ ਕਰਨਾ ਚਾਹੁੰਦੇ ਹੋ। ਆਪਣੇ ਟੀਚੇ ਨੂੰ ਪ੍ਰਾਪਤ ਕਰਨ ਲਈ ਆਪਣੀ ਯਾਤਰਾ ਨੂੰ ਛੋਟੇ ਕਦਮਾਂ ਵਿਚ ਵੰਡੋ। ਹਰ ਛੋਟਾ ਕਦਮ ਤੁਹਾਨੂੰ ਆਪਣੇ ਟੀਚੇ ਦੇ ਨੇੜੇ ਲੈ ਜਾਵੇਗਾ। ਭਾਵੇਂ ਤੁਸੀਂ ਕਈ ਵਾਰ ਅਸਫਲ ਵੀ ਹੋ ਜਾਵੋ, ਕਦੇ ਵੀ ਹਾਰ ਨਾ ਮੰਨੋ। ਚੈਂਪੀਅਨ ਉਹ ਹੁੰਦੇ ਹਨ, ਜੋ ਹਰ ਵਾਰ ਡਿੱਗਣ ਤੋਂ ਪਿੱਛੋਂ ਉੱਠ ਜਾਂਦੇ ਹਨ।
ਪ੍ਰਤਿਭਾ ਨੂੰ ਉਜਾਗਰ ਕਰੋ
ਹਰ ਸਾਲ ਵਾਂਗ ਇਸ ਸਾਲ ਵੀ ਤੁਹਾਡੇ ਕੋਲ ਆਪਣੀ ਪ੍ਰਤਿਭਾ ਵਿਖਾਉਣ ਦੇ ਬਹੁਤ ਸਾਰੇ ਮੌਕੇ ਹੋਣਗੇ। ਤੁਹਾਨੂੰ ਉਨ੍ਹਾਂ ਮੌਕਿਆਂ ਲਈ ਪਹਿਲਾਂ ਤੋਂ ਹੀ ਤਿਆਰ ਰਹਿਣਾ ਚਾਹੀਦਾ ਹੈ। ਜੇ ਤੁਸੀਂ ਕਵਿਤਾ, ਕਹਾਣੀ, ਫੀਚਰ ਆਦਿ ਲਿਖਣ ਵਿੱਚ ਦਿਲਚਸਪੀ ਰੱਖਦੇ ਹੋ ਤਾਂ ਤੁਸੀਂ ਆਪਣੇ ਮਨਪਸੰਦ ਬੱਚਿਆਂ ਦੇ ਮੈਗਜ਼ੀਨ ਜਾਂ ਹੋਰ ਅਖ਼ਬਾਰਾਂ, ਰਸਾਲਿਆਂ ਅਤੇ ਡਿਜੀਟਲ ਪਲੇਟਫਾਰਮਾਂ ਵਿਚ ਪ੍ਰਕਾਸ਼ਨ ਲਈ ਆਪਣੀਆਂ ਰਚਨਾਵਾਂ ਭੇਜ ਕੇ ਚੰਗੇ ਬਾਲ ਲੇਖਕ ਬਣ ਸਕਦੇ ਹੋ।
ਗ਼ਲਤੀਆਂ ਤੋਂ ਨਾ ਘਬਰਾਓ
ਆਪਣੀਆਂ ਗ਼ਲਤੀਆਂ ਤੋਂ ਨਾ ਡਰੋ। ਗ਼ਲਤੀਆਂ ਇਸ ਗੱਲ ਦਾ ਸਬੂਤ ਹਨ ਕਿ ਤੁਸੀਂ ਕੋਸ਼ਿਸ਼ ਕਰ ਰਹੇ ਹੋ। ਸਿਆਣੇ ਲੋਕ ਆਪਣੀਆਂ ਗ਼ਲਤੀਆਂ ਤੋਂ ਵਧੇਰੇ ਸਿੱਖਦੇ ਹਨ ਤੇ ਉਨ੍ਹਾਂ ਨੂੰ ਦੁਹਰਾਉਂਦੇ ਨਹੀਂ ਹਨ। ਗ਼ਲਤੀਆਂ ਸਾਡੀ ਜ਼ਿੰਦਗੀ ਦਾ ਅਨਿੱਖੜਵਾਂ ਅੰਗ ਹਨ। ਕਿਸੇ ਲਈ ਵੀ ਕਦੇ ਗ਼ਲਤੀ ਨਾ ਕਰਨਾ ਅਸੰਭਵ ਹੈ। ਹਾਂ, ਸਿਆਣੇ ਲੋਕ ਆਪਣੀਆਂ ਗ਼ਲਤੀਆਂ ਦੀ ਜ਼ਿੰਮੇਵਾਰੀ ਲੈਂਦੇ ਹਨ ਅਤੇ ਉਨ੍ਹਾਂ ਤੋਂ ਸਿੱਖਦੇ ਹਨ।
- ਪ੍ਰੋ. ਨਵ ਸੰਗੀਤ ਸਿੰਘ