ਅੱਜ ਦੇ ਦੌਰ ’ਚ ਜਿੱਥੇ ਮੋਬਾਈਲ ਹਰ ਉਮਰ ਵਰਗ ਦੇ ਲੋਕਾਂ ਦੀ ਜ਼ਰੂਰਤ ਬਣ ਚੁੱਕਿਆ ਹੈ, ਉੱਥੇ ਛੋਟੇ ਬੱਚਿਆਂ ’ਚ ਇਸ ਦੀ ਵੱਧ ਰਹੀ ਵਰਤੋਂ ਡਾਹਢੀ ਚਿੰਤਾ ਦਾ ਵਿਸ਼ਾ ਹੈ। ਤਕਨੀਕ ਦੇ ਇਸ ਯੁੱਗ ’ਚ ਮੋਬਾਈਲ ਬੱਚਿਆਂ ਦਾ ਅਜਿਹਾ ਸਾਥੀ ਬਣ ਗਿਆ ਹੈ, ਜਿਸ ਦੇ ਮਾਰੂ ਸਿੱਟੇ ਭਵਿੱਖ ’ਚ ਬੱਚੇ ਦੀ ਸ਼ਖ਼ਸੀਅਤ ਲਈ ਮਾੜੇ ਸਾਬਿਤ ਹੋ ਸਕਦੇ ਹਨ।
ਅੱਜ ਦੇ ਦੌਰ ’ਚ ਜਿੱਥੇ ਮੋਬਾਈਲ ਹਰ ਉਮਰ ਵਰਗ ਦੇ ਲੋਕਾਂ ਦੀ ਜ਼ਰੂਰਤ ਬਣ ਚੁੱਕਿਆ ਹੈ, ਉੱਥੇ ਛੋਟੇ ਬੱਚਿਆਂ ’ਚ ਇਸ ਦੀ ਵੱਧ ਰਹੀ ਵਰਤੋਂ ਡਾਹਢੀ ਚਿੰਤਾ ਦਾ ਵਿਸ਼ਾ ਹੈ। ਤਕਨੀਕ ਦੇ ਇਸ ਯੁੱਗ ’ਚ ਮੋਬਾਈਲ ਬੱਚਿਆਂ ਦਾ ਅਜਿਹਾ ਸਾਥੀ ਬਣ ਗਿਆ ਹੈ, ਜਿਸ ਦੇ ਮਾਰੂ ਸਿੱਟੇ ਭਵਿੱਖ ’ਚ ਬੱਚੇ ਦੀ ਸ਼ਖ਼ਸੀਅਤ ਲਈ ਮਾੜੇ ਸਾਬਿਤ ਹੋ ਸਕਦੇ ਹਨ। ਬੱਚੇ ਨੂੰ ਸਕੂਲ ’ਚ ਦਾਖ਼ਲ ਕਰਵਾਏ ਜਾਣ ਤੋਂ ਪਹਿਲਾਂ ਹੀ ਛੋਟੇ-ਛੋਟੇ ਬੱਚੇ ਮੋਬਾਈਲ ਦੀ ਲਤ ਦਾ ਸ਼ਿਕਾਰ ਹੋ ਰਹੇ ਹਨ।
ਮਾਪਿਆਂ ਲਈ ਪੈਦਾ ਹੋ ਜਾਂਦੀ ਪਰੇਸ਼ਾਨੀ
ਰੋਟੀ ਖਾਣ ਮੌਕੇ ਜ਼ਿਆਦਾਤਰ ਬੱਚਿਆਂ ਦੇ ਹੱਥਾਂ ’ਚ ਮੋਬਾਈਲ ਦੇਖਣ ਨੂੰ ਮਿਲ ਰਿਹਾ ਹੈ, ਜੋ ਉਨ੍ਹਾਂ ਦੀ ਸਿਹਤ ’ਤੇ ਮਾੜਾ ਅਸਰ ਪਾਉਣ ਦੇ ਨਾਲ-ਨਾਲ ਅੱਖਾਂ ਦੀਆਂ ਬਿਮਾਰੀਆਂ ਦਾ ਕਾਰਨ ਵੀ ਬਣ ਰਿਹਾ ਹੈ। ਸ਼ੁਰੂ ’ਚ ਤਾਂ ਮਾਪੇ ਰੋਂਦੇ ਬੱਚੇ ਨੂੰ ਚੁੱਪ ਕਰਵਾਉਣ ਤੇ ਰੋਟੀ ਖਵਾਉਣ ਮੌਕੇ ਮੋਬਾਈਲ ਫੜਾ ਦਿੰਦੇ ਹਨ ਪਰ ਇਸ ਦੀ ਆਦਤ ਬਣ ਜਾਣ ਮਗਰੋਂ ਖ਼ੁਦ ਮਾਪਿਆਂ ਲਈ ਪਰੇਸ਼ਾਨੀ ਪੈਦਾ ਹੋ ਜਾਂਦੀ ਹੈ। ਖ਼ੁਦ ਫੋਨ ’ਚ ਖੁੱਭੇ ਰਹਿਣ ਵਾਲੇ ਮਾਪੇ ਆਪਣੇ ਬੱਚਿਆਂ ਨੂੰ ਇਸ ਆਦਤ ਤੋਂ ਰੋਕਣ ’ਚ ਅਸਮਰੱਥ ਨਜ਼ਰ ਆ ਰਹੇ ਹਨ। ਬਜਾਏ ਇਸ ਦੇ ਕਿ ਬੱਚਿਆਂ ਨੂੰ ਚੰਗੇ ਸਾਹਿਤ ਵਾਲੀਆਂ ਕਿਤਾਬਾਂ ਪੜ੍ਹਨ ਲਈ ਪ੍ਰੇਰਿਤ ਕੀਤਾ ਜਾਵੇ। ਮਾਪੇ ਉਨ੍ਹਾਂ ਨੂੰ ਕਾਰਟੂਨਾਂ ਤੇ ਹੋਰ ਐਪਲੀਕੇਸ਼ਨਾਂ ਦੀ ਰੰਗੀਨ ਦੁਨੀਆ ’ਚ ਧਕੇਲ ਰਹੇ ਹਨ। ਸਵੇਰੇ ਜਾਗਣ ਤੋਂ ਲੈ ਕੇ ਰਾਤ ਸੌਣ ਵੇਲੇ ਤਕ ਖ਼ੁਦ ਕੈਂਸਰ ਦਾ ਬਣ ਸਕਦਾ ਕਾਰਨ ਮਾਪਿਆਂ ਵੱਲੋਂ ਲਗਾਤਾਰ ਮੋਬਾਈਲ ਫੋਨ ਦੀ ਕੀਤੀ ਜਾ ਰਹੀ ਵਰਤੋਂ ਬੱਚਿਆਂ ’ਤੇ ਮਾੜਾ ਅਸਰ ਪਾ ਰਹੀ ਹੈ। ਮਾਹਿਰ ਦੱਸਦੇ ਹਨ ਕਿ ਬੱਚਿਆਂ ਦੀਆਂ ਹੱਡੀਆਂ ਵਿਚਲਾ ਬੋਨ ਮੈਰੋ ਮੋਬਾਈਲ ਫੋਨ ਵਿੱਚੋਂ ਨਿਕਲਣ ਵਾਲੀਆਂ ਬਿਜਲੀ ਚੁੰਬਕੀ ਤਰੰਗਾਂ ਨੂੰ ਦਸ ਗੁਣਾਂ ਵੱਧ ਸੋਖਦਾ ਹੈ। ਸਰੀਰ ਦੇ ਸੰਵੇਦਨਸ਼ੀਲ ਅੰਗਾਂ ਨੇੜੇ ਮੋਬਾਈਲ ਲਗਾਤਾਰ ਪਿਆ ਰਹਿਣਾ ਵੀ ਨੁਕਸਾਨਦਾਇਕ ਹੈ, ਜੋ ਬੱਚੇ ਦੇ ਦਿਮਾਗ਼ ਅੰਦਰ ਕੈਂਸਰ ਤਕ ਦਾ ਕਾਰਨ ਬਣ ਸਕਦਾ ਹੋ। ਮਾਹਿਰਾਂ ਦੀ ਇਹ ਵੀ ਰਾਏ ਹੈ ਕਿ ਰਾਤ ਨੂੰ ਸੌਣ ਵੇਲੇ ਮੋਬਾਈਲ ਨੇੜੇ ਰੱਖਣਾ ਨੁਕਸਾਨਦਾਇਕ ਹੈ ਕਿਉਂਕਿ ਇਸ ਵਿੱਚੋਂ ਨਿਕਲਣ ਵਾਲੀਆਂ ਤਰੰਗਾਂ ਸਰੀਰ ਲਈ ਖ਼ਤਰਨਾਕ ਹੁੰਦੀਆਂ ਹਨ ।
ਸੌਣ ਤੋਂ ਪਹਿਲਾਂ ਮੋਬਾਈਲ ਚਲਾਉਣ ਦੇ ਆਦੀ
ਇਕ ਅਧਿਐਨ ’ਚ ਪਾਇਆ ਕਿ ਪੰਜ ਸਾਲ ਤਕ ਦੇ 98.7 ਫ਼ੀਸਦੀ ਬੱਚੇ ਮੋਬਾਈਲ ਗੈਜੇਟਸ ਦੇ ਆਦੀ ਹਨ। ਮਾਹਿਰਾਂ ਨੇ ਲਖਨਊ ਤੇ ਨੇੜਲੇ ਜ਼ਿਲ੍ਹਿਆਂ ਵਿਚ ਦੋ ਤੋਂ ਪੰਜ ਸਾਲ ਤਕ ਦੇ 660 ਬੱਚਿਆਂ ਤੇ ਉਨ੍ਹਾਂ ਦੇ ਮਾਪਿਆਂ ਦਾ ਸਰਵੇਖਣ ਕੀਤਾ। ਉਨ੍ਹਾਂ ਦੱਸਿਆ ਕਿ ਇਸ ਸਰਵੇਖਣ ਵਿਚ 98.7 ਫ਼ੀਸਦੀ ਬੱਚਿਆਂ ਵਿਚ ਮੋਬਾਈਲ ਉੱਤੇ ਬਿਤਾਇਆ ਗਿਆ ਸਮਾਂ ਇਕ ਘੰਟੇ ਤੋਂ ਵੱਧ ਸੀ। ਮੋਬਾਈਲ ਫੋਨਾਂ ਤੇ ਟੀਵੀ ’ਤੇ ਬੱਚਿਆਂ ਦਾ ਸਕਰੀਨ ਸਮਾਂ ਔਸਤਨ ਪੰਜ ਘੰਟੇ ਪ੍ਰਤੀ ਦਿਨ ਰਿਕਾਰਡ ਕੀਤਾ ਗਿਆ ਸੀ। ਇਸ ਦੌਰਾਨ ਉਨ੍ਹਾਂ ਦੇ ਮਾਪਿਆਂ ਦਾ ਸਕਰੀਨ ਸਮਾਂ ਔਸਤਨ 6.4 ਘੰਟੇ ਰਿਹਾ। ਲਗਪਗ 60 ਫ਼ੀਸਦੀ ਬੱਚੇ ਸੌਣ ਤੋਂ ਪਹਿਲਾਂ ਮੋਬਾਈਲ ਫੋਨ ਜਾਂ ਟੈਬਲੇਟ ਦੀ ਵਰਤੋਂ ਕਰਨ ਦੇ ਆਦੀ ਹਨ।
ਸਰੀਰਕ ਤੇ ਮਾਨਸਿਕ ਵਿਕਾਸ ’ਚ ਰੁਕਾਵਟ
ਵਿਸ਼ਵ ਸਿਹਤ ਸੰਗਠਨ, ਅਮਰੀਕਨ ਅਕੈਡਮੀ ਆਫ ਪੀਡੀਆਟ੍ਰਿਕਸ ਅਨੁਸਾਰ ਬੱਚਿਆਂ ਨੂੰ ਦੋ ਸਾਲ ਦੀ ਉਮਰ ਤੋਂ ਪਹਿਲਾਂ ਸਕਰੀਨਾਂ ਯਾਨੀ ਮੋਬਾਈਲ ਤੇ ਹੋਰ ਗੈਜੇਟਸ ਦੇ ਸੰਪਰਕ ਵਿਚ ਨਹੀਂ ਆਉਣ ਦਿੱਤਾ ਜਾਣਾ ਚਾਹੀਦਾ। ਪੰਜ ਸਾਲ ਤਕ ਦੇ ਬੱਚਿਆਂ ਦਾ ਸਕਰੀਨ ਟਾਈਮ ਇਕ ਘੰਟੇ ਤੋਂ ਘੱਟ ਹੋਣਾ ਚਾਹੀਦਾ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਵਧੇਰੇ ਸਕਰੀਨ ਟਾਈਮ ਕਾਰਨ ਬੱਚਿਆਂ ਨੂੰ ਸਰੀਰਕ ਅਤੇ ਮਾਨਸਿਕ ਵਿਕਾਸ ’ਚ ਦੇਰੀ, ਮੋਟਾਪਾ, ਸ਼ੂਗਰ, ਘੱਟ ਬਲੱਡ ਪ੍ਰੈਸ਼ਰ, ਮੂਡ ’ਚ ਬਦਲਾਅ ਆਦਿ ਵਰਗੀਆਂ ਸਮੱਸਿਆਵਾਂ ਹੁੰਦੀਆਂ ਹਨ ।
ਖ਼ਤਰੇ ਦੀ ਘੰਟੀ
ਮੋਬਾਈਲ ਫੋਨ ਦੀ ਜ਼ਿਆਦਾ ਵਰਤੋਂ ਨਾਲ ਨਿਕਲਣ ਵਾਲੇ ਅਜਿਹੇ ਖ਼ਤਰਨਾਕ ਸਿੱਟੇ ਛੋਟੇ ਬੱਚਿਆਂ ਦੇ ਭਵਿੱਖ ਲਈ ਖ਼ਤਰੇ ਦੀ ਘੰਟੀ ਹਨ। ਅਜਿਹੇ ਮੌਕੇ ਮਾਪਿਆਂ ਤੇ ਅਧਿਆਪਕਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਸਿਰਫ਼ ਜ਼ਰੂਰੀ ਹਾਲਾਤ ’ਚ ਹੀ ਛੋਟੇ ਬੱਚਿਆਂ ਨੂੰ ਮੋਬਾਇਲ ਫੋਨ ਦੀ ਵਰਤੋਂ ਬਾਰੇ ਪ੍ਰੇਰਿਤ ਕਰਨ।
• ਕੇਪੀ ਸਿੰਘ