ਹਰ ਵਿਦਿਆਰਥੀ ਨੂੰ ਆਪਣੀ ਸਫਲਤਾ ਲਈ ਚੰਗੇ ਗਿਆਨ ਦੀ ਜ਼ਰੂਰਤ ਪੈਂਦੀ ਹੈ। ਕੁਝ ਪ੍ਰਸ਼ਨਾਂ ਦੇ ਉੱਤਰ ਆਪਸੀ ਵਿਚਾਰ-ਵਟਾਂਦਰੇ ਵਿੱਚੋਂ ਮਿਲਦੇ ਹਨ। ਖੇਡਾਂ ਦੌਰਾਨ ਵਿਦਿਆਰਥੀਆਂ ਨੂੰ ਅਨੇਕਾਂ ਹੋਰਨਾਂ ਸਥਾਨਾਂ ਅਤੇ ਸਕੂਲਾਂ ਵਿਚ ਜਾਣ ਦਾ ਮੌਕਾ ਮਿਲਦਾ ਹੈ, ਜਿੱਥੇ ਉਨ੍ਹਾਂ ਨੂੰ ਆਪਣੀ ਹਮ-ਉਮਰ ਦੇ ਵਿਦਿਆਰਥੀ, ਖਿਡਾਰੀ ਮਿਲਦੇ ਹਨ।

ਕਹਾਵਤ ਹੈ ਕਿ ‘ਤੰਦਰੁਸਤ ਸਰੀਰ ਅੰਦਰ ਤੰਦਰੁਸਤ ਮਨ’ ਦਾ ਵਾਸਾ ਹੁੰਦਾ ਹੈ। ਸਿੱਖਿਆ ਦਾ ਮਕਸਦ ਸਿਰਫ਼ ਅੱਖਰ ਗਿਆਨ ਹੀ ਨਹੀਂ, ਕਿਤਾਬਾਂ ਪੜ੍ਹ ਕੇ ਕੇਵਲ ਡਿਗਰੀਆਂ ਪ੍ਰਾਪਤ ਕਰਨ ਤਕ ਹੀ ਸੀਮਤ ਨਹੀਂ, ਵਿੱਦਿਆ ਦਾ ਕੰਮ ਵਿਦਿਆਰਥੀ ਦੇ ਵਿਅਕਤੀਤਵ ਦਾ ਸਰਬਪੱਖੀ ਵਿਕਾਸ ਕਰਨਾ ਹੈ। ਚੰਗਾ ਹੋਵੇਗਾ ਜੇ ਪ੍ਰਾਇਮਰੀ ਸਕੂਲ ਤੋਂ ਹੀ ਛੋਟੇ ਬੱਚਿਆਂ ਨੂੰ ਖੇਡਾਂ ਪ੍ਰਤੀ ਚੰਗੀ ਅਗਵਾਈ ਦੇ ਕੇ ਰੁਚਿਤ ਕੀਤਾ ਜਾਵੇ, ਤਾਂ ਜੋ ਉਹ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿਚ ਵੀ ਚੰਗੀਆਂ ਮੱਲਾਂ ਮਾਰ ਸਕਣ। ਖੇਡਾਂ ਦਾ ਸਾਡੇ ਜੀਵਨ ਵਿਚ ਖ਼ਾਸ ਮਹੱਤਵ ਹੈ। ਇਨ੍ਹਾਂ ਨਾਲ ਜਿੱਥੇ ਸਰੀਰਕ ਤੇ ਮਾਨਸਿਕ ਵਿਕਾਸ ਹੁੰਦਾ ਹੈ, ਉੱਥੇ ਹੀ ਬੱਚਿਆਂ ਦਾ ਮਨੋਬਲ ਵੀ ਉੱਚਾ ਕਰਦੀਆਂ ਹਨ।
ਚੰਗੇ ਸਬੰਧਾਂ ਦੀ ਉਸਾਰੀ
ਖੇਡਾਂ ਖੇਡਣ ਨਾਲ ਨਾ ਸਿਰਫ਼ ਸਿਹਤਮੰਦ ਜੀਵਨ ਬਣਦਾ ਹੈ ਸਗੋਂ ਸਾਥੀਆਂ, ਸਹਿਪਾਠੀਆਂ, ਦੋਸਤਾਂ ਅਤੇ ਹੋਰਨਾਂ ਪਰਿਵਾਰਾਂ ਨਾਲ ਚੰਗੇ ਸਬੰਧ ਬਣਾਉਣ ਵਿਚ ਵੀ ਮਦਦ ਮਿਲਦੀ ਹੈ। ਵਿਦਿਆਰਥੀਆਂ ਦੀ ਆਪਸ ਵਿਚ ਨੇੜਤਾ ਵਧਦੀ ਹੈ ਅਤੇ ਜਾਣ-ਪਛਾਣ ਦਾ ਘੇਰਾ ਵਿਸ਼ਾਲ ਹੁੰਦਾ ਹੈ।
ਚਿੰਤਾ, ਤਣਾਅ ਤੋਂ ਮੁਕਤੀ
ਖੇਡਾਂ ਨਾਲ ਵਿਦਿਆਰਥੀ ਵੱਖ-ਵੱਖ ਕਿਸਮ ਦੇ ਲੋਕਾਂ ਨਾਲ ਵਧੇਰੇ ਨੇੜੇ ਤੋਂ ਜੁੜਦੇ ਹਨ, ਜਿਸ ਨਾਲ ਉਨ੍ਹਾਂ ਦਾ ਸਮਾਜਿਕ ਤਾਲਮੇਲ ਵਧਦਾ ਹੈ। ਸਮਾਜਿਕ ਹੁਨਰ ਮਜ਼ਬੂਤ ਹੋਣ ਨਾਲ ਵਿਦਿਆਰਥੀ ਖ਼ੁਦ ਨੂੰ ਵਧੇਰੇ ਖੁਸ਼ ਮਹਿਸੂਸ ਕਰਦੇ ਹਨ ਅਤੇ ਕਿਸੇ ਵੀ ਤਰ੍ਹਾਂ ਦੀ ਚਿੰਤਾ, ਉਦਾਸੀ ਅਤੇ ਤਣਾਅ ਤੋਂ ਮੁਕਤ ਹੋ ਜਾਂਦੇ ਹਨ।
ਅਨੁਸ਼ਾਸਨ
ਜੇ ਅਸੀਂ ਵਿਕਸਤ ਦੇਸ਼ਾਂ ਦੀ ਸਫਲਤਾ ਦੀ ਗੱਲ ਕਰੀਏ ਤਾਂ ਉਹ ਅਨੁਸ਼ਾਸਨ ਜ਼ਰੀਏ ਹੀ ਕਾਮਯਾਬ ਹੋਏ ਹਨ। ਫ਼ੌਜ ਵਿਚ ਵਧੇਰੇ ਢੁੱਕਵਾਂ ਅਨੁਸ਼ਾਸਨ ਹੁੰਦਾ ਹੈ। ਸੋ ਖੇਡਾਂ ਵਿਚ ਵਿਦਿਆਰਥੀ ਨੂੰ ਨਿਯਮਾਂ ਦਾ ਪਾਲਣ ਕਰਨਾ, ਵੱਡਿਆਂ ਦਾ ਹੁਕਮ ਮੰਨਣਾ, ਰੈਫਰੀ ਦੇ ਫ਼ੈਸਲੇ ਅੱਗੇ ਸਿਰ ਝੁਕਾਉਣਾ, ਸਹਿਣਸ਼ੀਲਤਾ, ਮਿਲਵਰਤਨ ਆਦਿ ਦਾ ਅਭਿਆਸ ਸੁੱਤੇ-ਸਿੱਧ ਹੋ ਜਾਂਦਾ ਹੈ। ਇਹ ਅਨੁਸ਼ਾਸਨ ਦੀ ਪਾਲਣਾ ਹੀ ਖਿਡਾਰੀ ਨੂੰ ਸਿਖਰਾਂ ’ਤੇ ਪਹੁੰਚਾ ਦਿੰਦੀ ਹੈ ਅਤੇ ਦੇਸ਼ ਦੇ ਚੰਗੇ ਨਾਗਰਿਕ ਬਣਾਉਂਦੀ ਹੈ।
ਸਵੈਮਾਣ ’ਚ ਵਾਧਾ
ਖੇਡਾਂ ਰਾਹੀਂ ਵਿਦਿਆਰਥੀ ਆਪਣੇ ਰਾਹ ਵਿਚ ਆਉਣ ਵਾਲੀਆਂ ਰੁਕਾਵਟਾਂ ਤੇ ਚੁਣੌਤੀਆਂ ਨੂੰ ਪਾਰ ਕਰਨਾ ਸਿੱਖਦੇ ਹਨ। ਕਿਸੇ ਵੀ ਕਿਸਮ ਦੀਆਂ ਖੇਡਾਂ ਵਿਚ ਸ਼ਾਮਿਲ ਹੋਣ ਨਾਲ ਵਿਦਿਆਰਥੀਆਂ ਦੇ ਹੁਨਰ, ਸਵੈਮਾਣ ਅਤੇ ਤਾਕਤ ਵਿਚ ਵਾਧਾ ਹੁੰਦਾ ਹੈ।
ਸਰੀਰਕ ਤੇ
ਮਾਨਸਿਕ ਤੰਦਰੁਸਤੀ
ਖੇਡਾਂ ਬੱਚਿਆਂ ਦੀ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਲਈ ਲਾਹੇਵੰਦ ਹਨ। ਜਦੋਂ ਬੱਚੇ ਗਰਾਊਂਡ ਵਿਚ ਰੋਜ਼ਾਨਾ ਪ੍ਰੈਕਟਿਸ ਕਰਦੇ ਹਨ ਤਾਂ ਉਨ੍ਹਾਂ ਦਾ ਸਰੀਰ ਅਰੋਗ ਰਹਿੰਦਾ ਹੈ ਅਤੇ ਨਾਲ-ਨਾਲ ਮਾਨਸਿਕ ਵਿਕਾਸ ਵੀ ਹੁੰਦਾ ਰਹਿੰਦਾ ਹੈ। ਇਹ ਦਿਮਾਗ਼ੀ ਥਕਾਵਟ ਅਤੇ ਅਕੇਵੇਂ ਨੂੰ ਦੂਰ ਕਰ ਕੇ ਮਨ ਨੂੰ ਤਰੋਤਾਜ਼ਾ ਕਰ ਦਿੰਦੀਆਂ ਹਨ।
ਵਿਹਲੇ ਸਮੇਂ ਦੀ ਉਚਿਤ ਵਰਤੋਂ
ਪੜ੍ਹਾਈ ਦੇ ਨਾਲ-ਨਾਲ ਮਨੋਰੰਜਨ ਦੀ ਵੀ ਲੋੜ ਹੁੰਦੀ ਹੈ। ਸਿਲੇਬਸ ਦੀਆਂ ਕਿਤਾਬਾਂ ਪੜ੍ਹ ਕੇ ਵਿਦਿਆਰਥੀ ਬੋਰੀਅਤ ਮਹਿਸੂਸ ਕਰਨ ਲੱਗ ਪੈਂਦੇ ਹਨ। ਇਹ ਅਕੇਵਾਂ ਅਤੇ ਥਕੇਵਾਂ ਦੂਰ ਕਰਨ ਲਈ ਖੇਡਾਂ ਸਭ ਤੋਂ ਕਾਰਗਰ ਸਾਧਨ ਹਨ। ਇਹ ਵਿਦਿਆਰਥੀਆਂ ਵਿਚ ਖ਼ੁਸ਼ੀ ਉਤਪੰਨ ਕਰਦੀਆਂ ਹਨ। ਪਿੰਡਾਂ ਤੇ ਸ਼ਹਿਰਾਂ ਵਿਚ ਸ਼ਾਮ ਸਮੇਂ ਗਰਾਊਂਡਾਂ ਵਿਚ ਮੇਲੇ ਵਰਗਾ ਮਾਹੌਲ ਦੇਖਣ ਵਾਲਾ ਹੁੰਦਾ ਹੈ।
ਪੜ੍ਹਾਈ ਲਈ ਸਹਾਇਕ
ਹਰ ਵਿਦਿਆਰਥੀ ਨੂੰ ਆਪਣੀ ਸਫਲਤਾ ਲਈ ਚੰਗੇ ਗਿਆਨ ਦੀ ਜ਼ਰੂਰਤ ਪੈਂਦੀ ਹੈ। ਕੁਝ ਪ੍ਰਸ਼ਨਾਂ ਦੇ ਉੱਤਰ ਆਪਸੀ ਵਿਚਾਰ-ਵਟਾਂਦਰੇ ਵਿੱਚੋਂ ਮਿਲਦੇ ਹਨ। ਖੇਡਾਂ ਦੌਰਾਨ ਵਿਦਿਆਰਥੀਆਂ ਨੂੰ ਅਨੇਕਾਂ ਹੋਰਨਾਂ ਸਥਾਨਾਂ ਅਤੇ ਸਕੂਲਾਂ ਵਿਚ ਜਾਣ ਦਾ ਮੌਕਾ ਮਿਲਦਾ ਹੈ, ਜਿੱਥੇ ਉਨ੍ਹਾਂ ਨੂੰ ਆਪਣੀ ਹਮ-ਉਮਰ ਦੇ ਵਿਦਿਆਰਥੀ, ਖਿਡਾਰੀ ਮਿਲਦੇ ਹਨ। ਕਈ ਵਾਰ ਆਪਸੀ ਵਿਚਾਰ-ਵਟਾਂਦਰਾ ਜੀਵਨ ਲਈ ਬੜਾ ਉਸਾਰੂ ਸਿੱਧ ਹੁੰਦਾ ਹੈ। ਅਨੇਕਾਂ ਢੁੱਕਵੇਂ ਉੱਤਰ ਆਪਸੀ ਵਿਚਾਰ-ਚਰਚਾ ਵਿੱਚੋਂ ਮਿਲਦੇ ਹਨ। ਪੜ੍ਹਾਈ ਨਾਲ ਸਬੰਧਿਤ ਔਖੇ ਪ੍ਰਸ਼ਨ ਵੀ ਦੂਸਰਿਆਂ ਦੇ ਸਲਾਹ-ਮਸ਼ਵਰੇ ਨਾਲ ਹੱਲ ਹੋ ਜਾਂਦੇ ਹਨ।
ਸੋ ਖੇਡਾਂ ਵਿਦਿਆਰਥੀਆਂ ਦੇ ਵਿਕਾਸ ਦੀਆਂ ਪ੍ਰਤੀਕ ਹਨ। ਜਿਹੜੇ ਵਿਦਿਆਰਥੀਆਂ ਦੀ ਪੜ੍ਹਾਈ ਦੇ ਨਾਲ ਖੇਡਾਂ ਵਿਚ ਵਧੀਆ ਰੁਚੀ ਹੈ, ਉਹ ਬਾਹਰਲੇ ਦੇਸ਼ਾਂ ਤਕ ਵੀ ਆਪਣਾ ਝੰਡਾ ਬਰਦਾਰ ਕਰਦੇ ਹਨ। ਚੰਗਾ ਕਦਮ ਇਹ ਹੈ ਕਿ ਸਰਕਾਰ ਵੀ ਖੇਡਾਂ ਨੂੰ ਵਧੀਆ ਤਰੀਕੇ ਨਾਲ ਪ੍ਰਮੋਟ ਕਰ ਰਹੀ ਹੈ। ਖਿਡਾਰੀਆਂ ਨੂੰ ਵਿਸ਼ੇਸ਼ ਸਹੂਲਤਾਂ ਦੇ ਕੇ, ਉਨ੍ਹਾਂ ਨੂੰ ਨੌਕਰੀਆਂ ਵਿਚ ਪਹਿਲ ਦੇ ਕੇ
ਖੇਡਾਂ ਨੂੰ ਉਤਸ਼ਾਹਿਤ ਕਰ ਰਹੀ ਹੈ। ਪਿੱਛੇ ਜਿਹੇ ਚੀਨ ਵਿਚ ਹੋਈਆਂ ਖੇਡਾਂ ’ਚ ਭਾਰਤ ਮੂਹਰਲੀ ਕਤਾਰ ਦੇ ਦੇਸ਼ ਵਜੋਂ ਉਭਰਿਆ ਹੈ, ਜਿਹੜੀ ਮਾਣ ਵਾਲੀ ਮਿਸਾਲ ਹੈ। ਇਸ ਲਈ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਖੇਡਾਂ ਵੱਲ ਵੀ ਉਤਸ਼ਾਹਿਤ ਕਰਨਾ ਚਾਹੀਦਾ ਹੈ, ਤਾਂ ਜੋ ਉਹ ਭਵਿੱਖ ਵਿਚ ਚੰਗੇ ਖਿਡਾਰੀ ਬਣ ਕੇ ਸਾਡੇ ਦੇਸ਼ ਦਾ ਨਾਂ ਰੋਸ਼ਨ ਕਰ ਸਕਣ।
- ਬੇਅੰਤ ਸਿੰਘ ਮਲੂਕਾ