ਦੁਨੀਆ ’ਚ ਕੋਈ ਵੀ ਵਿਅਕਤੀ ਅਜਿਹਾ ਨਹੀਂ ਹੁੰਦਾ, ਜੋ ਸਫਲ ਨਾ ਹੋਣਾ ਚਾਹੁੰਦਾ ਹੋਵੇ। ਸਾਡੇ ਜੀਵਨ ਦਾ ਆਖ਼ਰੀ ਮੁਕਾਮ ਹੀ ਸਫਲਤਾ ਹੁੰਦਾ ਹੈ ਤੇ ਸਾਰੇ ਇਸ ਨੂੰ ਹਾਸਿਲ ਕਰਨਾ ਪਸੰਦ ਕਰਦੇ ਹਨ। ਬਚਪਨ ’ਚ ਅਸੀਂ ਸਾਰੇ ਸੱਪ ਅਤੇ ਪੌੜੀ ਵਾਲੀ ਖੇਡ ਬਹੁਤ ਚਾਅ ਨਾਲ ਖੇਡਦੇ ਸੀ। ਜਦੋਂ ਅਸੀ ਆਖ਼ਰੀ ਪੜਾਅ ਦੇ ਨਜ਼ਦੀਕ ਪਹੁੰਚ ਜਾਂਦੇ ਸਨ ਤਾਂ ਸਾਨੂੰ ਇੰਝ ਜਾਪਦਾ ਸੀ ਕਿ ਅਸੀਂ ਪੂਰੀ ਖੇਡ ਜਿੱਤ ਲਈ ਹੈ ਪਰੰਤੂ ਉਸੇ ਹੀ ਪਲ਼ ਸਾਨੂੰ ਸੱਪ ਕੱਟ ਲੈਂਦਾ ਹੈ। ਠੀਕ ਉਸੇ ਤਰ੍ਹਾਂ ਹੀ ਸਫਲਤਾ ਦੀ ਪੌੜੀ ਹੁੰਦੀ ਹੈ, ਜਿਸ ਨੂੰ ਚੜ੍ਹਨ ਲਈ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਨ੍ਹਾਂ ਔਕੜਾਂ ਨੂੰ ਪਾਰ ਕਰ ਕੇ ਹੀ ਅਸੀਂ ਜ਼ਿੰਦਗੀ ਦੀ ਖੇਡ ਦੇ ਜੇਤੂ ਬਣ ਸਕਦੇ ਹਾਂ। ਸਫਲਤਾ ਕਹਿਣ ਨੂੰ ਤਾਂ ਸਿਰਫ਼ ਚਾਰ ਅੱਖਰਾਂ ਦਾ ਇਕ ਸ਼ਬਦ ਹੈ, ਜਿਸ ਨੂੰ ਬੋਲਣਾ ਤੇ ਲਿਖਣਾ ਬਹੁਤ ਸੌਖਾ ਹੈ ਪਰ ਹਕੀਕਤ ’ਚ ਪ੍ਰਾਪਤ ਕਰਨਾ ਬਹੁਤ ਔਖਾ ਹੈ। ਸੰਸਾਰ ’ਚ ਅਜਿਹਾ ਕੋਈ ਵਿਅਕਤੀ ਨਹੀਂ, ਜਿਸ ਨੇ ਕਦੇ ਕੋਈ ਸੁਪਨਾ ਨਾ ਵੇਖਿਆ ਹੋਵੇ। ਜੋ ਇਨਸਾਨ ਸੁਪਨੇ ਵੇਖਦਾ ਹੈ, ਉਸ ਸੁਪਨੇ ਨੂੰ ਪੂਰਾ ਕਰਨ ਲਈ ਦਿਨ-ਰਾਤ ਮਿਹਨਤ ਵੀ ਕਰਦਾ ਹੈ। ਜਦੋਂ ਉਹ ਆਪਣੇ ਟੀਚਿਆਂ ਨੂੰ ਪੂਰਾ ਕਰ ਲੈਂਦਾ ਹੈ ਤਾਂ ਉਹੀ ਸੁਪਨਾ ਸਾਡੀ ਸਫਲਤਾ ਬਣ ਜਾਂਦਾ ਹੈ।

ਤੈਅ ਕਰੋ ਟੀਚਾ

ਕਾਮਯਾਬੀ ਹਾਸਿਲ ਕਰਨ ਲਈ ਜ਼ਿੰਦਗੀ ’ਚ ਕਿਸੇ ਟੀਚੇ ਦਾ ਹੋਣਾ ਬਹੁਤ ਜ਼ਰੂਰੀ ਹੈ। ਬਿਨਾਂ ਕਿਸੇ ਟੀਚੇ ਤੋਂ ਮੰਜ਼ਿਲ ’ਤੇ ਪਹੁੰਚਣਾ ਮੁਸ਼ਕਿਲ ਹੁੰਦਾ ਹੈ। ਇਸ ਲਈ ਕੋਈ ਟੀਚਾ ਮਿੱਥ ਕੇ ਉਸ ’ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ।

ਗ਼ਲਤੀਆਂ ਤੋਂ ਸਿੱਖੋ

ਸਾਨੂੰ ਆਪਣੇ ਸੁਪਨੇ ਸਾਕਾਰ ਕਰਨ ਲਈ ਸਖ਼ਤ ਮਿਹਨਤ ਦੇ ਨਾਲ-ਨਾਲ ਸਮੇ ਦਾ ਵੀ ਸਹੀ ਉਪਯੋਗ ਕਰਨ ਦੀ ਜ਼ਰੂਰਤ ਹੁੰਦੀ ਹੈ। ਸਫਲਤਾ ਵੀ ਸਿਰਫ਼ ਉਨ੍ਹਾਂ ਨੂੰ ਹੀ ਮਿਲਦੀ ਹੈ, ਜੋ ਮਿਹਨਤ ਕਰਨ ’ਚ ਯਕੀਨ ਰੱਖਦੇ ਹਨ। ਜੇ ਵਾਰ-ਵਾਰ ਮਿਹਨਤ ਕਰਨ ਦੇ ਬਾਵਜੂਦ ਅਸੀਂ ਅਸਫਲ ਹੰੁਦੇ ਹਾਂ ਤਾਂ ਨਿਰਾਸ਼ ਹੋਣ ਦੀ ਬਜਾਇ ਸਾਨੂੰ ਕੀਤੀਆਂ ਗ਼ਲਤੀਆਂ ਵਿਚ ਸੁਧਾਰ ਕਰ ਕੇ ਦੁਬਾਰਾ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿਉਕਿ ਅਸਫਲਤਾ ਵੀ ਸਫਲਤਾ ਦਾ ਹੀ ਹਿੱਸਾ ਹੁੰਦੀ ਹੈ।

ਸਫਲਤਾ ਦੇ ਵੱਖ-ਵੱਖ ਅਰਥ

ਹਰ ਵਿਅਕਤੀ ਲਈ ਸਫਲਤਾ ਦੇ ਅਲੱਗ-ਅਲੱਗ ਅਰਥ ਹਨ। ਕੋਈ ਇਸ ਨੂੰ ਵੱਧ ਤੋਂ ਵੱਧ ਪੈਸਾ ਕਮਾਉਣ ਦੇ ਰੂਪ ਵਿਚ ਵੇਖਦਾ ਹੈ ਅਤੇ ਕੋਈ ਵਿਅਕਤੀ ਸਮਾਜ ’ਚ ਨਾਂ ਬਣਾਉਣ ਲਈ ਮਿਹਨਤ ਕਰਦਾ ਹੈ। ਜਦੋਂ ਅਸੀਂ ਕੋਈ ਸੁਪਨਾ ਦੇਖਿਆ ਹੋਵੇ ਤੇ ਉਸ ਨੂੰ ਪਾਉਣ ਲਈ ਦਿਨ-ਰਾਤ ਮਿਹਨਤ ਕਰਨ ਤੋਂ ਬਾਅਦ ਜਦਂੋ ਮੰਜ਼ਿਲ ਮਿਲਦੀ ਹੈ ਤਾਂ ਜੋ ਸੁਆਦ ਤੇ ਸਕੂਨ ਮਿਲਦਾ ਹੈ, ਉਹੀ ਅਸਲੀ ਸਫਲਤਾ ਹੈ।

ਸਮੇਂ ਦਾ ਸਦਉਪਯੋਗ

ਸਫਲਤਾ ਦੀ ਪੌੜੀ ਚੜ੍ਹਨ ਲਈ ਸਮੇਂ ਦਾ ਸਹੀ ਇਸਤੇਮਾਲ ਅਹਿਮ ਭੂਮਿਕਾ ਨਿਭਾਉਂਦਾ ਹੈ। ਜਦੋਂ ਸਮਾਂ ਬੀਤ ਜਾਂਦਾ ਹੈ ਤਾਂ ਉਸ ਨੂੰ ਵਾਪਿਸ ਨਹੀਂ ਮੋੜਿਆ ਜਾ ਸਕਦਾ। ਇਸ ਲਈ ਸਮੇਂ ਦੇ ਮਹੱਤਵ ਨੂੰ ਸਮਝ ਕੇ ਹਰ ਕੰਮ ਦਾ ਨਿਸ਼ਚਿਤ ਸਮੇਂ ’ਤੇ ਹੋਣਾ ਬਹੁਤ ਜ਼ਰੂਰੀ ਹੈ, ਤਾਂ ਹੀ ਅਸੀਂ ਸੁਖੀ ਤੇ ਸਫਲ ਜੀਵਨ ਦੀ ਕਲਪਨਾ ਕਰ ਸਕਦੇ ਹਾਂ।

ਸ਼ਕਤੀ ਦਾ ਕੰਮ ਕਰਦੀ ਹੈ ਪ੍ਰੇਰਨਾ

ਜ਼ਿੰਦਗੀ ’ਚ ਹਰ ਵਿਅਕਤੀ ਕਿਸੇ ਸਫਲ ਵਿਅਕਤੀ ਨੂੰ ਆਪਣਾ ਪ੍ਰੇਰਨਾਸ੍ਰੋਤ ਮੰਨਦਾ ਹੈ, ਜੋ ਉਸ ਨੂੰ ਸਹੀ ਰਸਤੇ ਉਤੇ ਚੱਲਣ ’ਚ ਮਦਦ ਕਰਦਾ ਹੈ। ਪ੍ਰੇਰਨਾ ਇਕ ਸ਼ਕਤੀ ਦੀ ਤਰ੍ਹਾਂ ਕੰਮ ਕਰਦੀ ਹੈ, ਜੋ ਇਨਸਾਨ ਵਿਚ ਜੋਸ਼ ਭਰਦੀ ਹੈ ਅਤੇ ਆਸ ਦੀ ਕਿਰਨ ਜਗਾਉਂਦੀ ਹੈ। ਇਸ ਤੋਂ ਇਲਾਵਾ ਪ੍ਰੇਰਨਾ ਤੋਂ ਸਾਨੂੰ ਇਮਾਨਦਾਰੀ ਤੇ ਸਮਰਪਣ ਨਾਲ ਕੰਮ ਕਰਨ ਦੀ ਊਰਜਾ ਵੀ ਮਿਲਦੀ ਹੈ।

ਸਫਲਤਾ ਦਾ ਕੋਈ ਸ਼ਾਰਟਕੱਟ ਨਹੀਂ ਹੰੁਦਾ

ਸਫਲ ਹੋਣ ਲਈ ਸਖ਼ਤ ਮਿਹਨਤ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ। ਦੁਨੀਆ ’ਚ ਕਈ ਲੋਕ ਅਜਿਹੇ ਹੁੰਦੇ ਹਨ, ਜੋ ਆਪਣੀ ਕਿਸਮਤ ਨਾਲ ਹੀ ਲੈ ਕੇ ਪੈਦਾ ਹੁੰਦੇ ਹਨ ਪਰ ਉਨ੍ਹਾਂ ਨੂੰ ਵੀ ਸਫਲ ਹੋਣ ਲਈ ਸਖ਼ਤ ਇਮਤਿਹਾਨਾਂ ਵਿੱਚੋਂ ਲੰਘਣਾ ਪੈਂਦਾ ਹੈ। ਸਫਲਤਾ ਦਾ ਕੋਈ ਸ਼ਾਰਟਕੱਟ ਨਹੀਂ ਹੁੰਦਾ। ਸਫਲਤਾ ਉਨ੍ਹਾਂ ਨੂੰ ਹੀ ਮਿਲਦੀ ਹੈ, ਜੋ ਦਿ੍ਰੜ੍ਹ ਇਰਾਦੇ ਨਾਲ ਆਪਣੇ ਟੀਚਾ ਦਾ ਪਿੱਛਾ ਕਰਦੇ ਹਨ। ਸਫਲਤਾ ਦਾ ਲਾਭ ਉਨ੍ਹਾਂ ਨੂੰ ਨਹੀ ਮਿਲਦਾ, ਜੋ ਸੁਪਨੇ ਤਾਂ ਵੇਖਦੇ ਹਨ ਪਰ ਉਸ ਸੁਪਨੇ ਨੂੰ ਪਾਉਣ ਲਈ ਕਰਨਾ ਕੁਝ ਨਹੀਂ ਚਾਹੁੰਦੇ।

ਸਫਲ ਵਿਅਕਤੀ ਬਣਦੇ ਹਨ ਉਦਾਹਰਨ

ਸਫਲਤਾ ਇਨਸਾਨ ’ਚ ਆਤਮ-ਵਿਸ਼ਵਾਸ ਭਰਦੀ ਹੈ ਅਤੇ ਜੀਵਨ ਨੂੰ ਖ਼ੁਸ਼ਹਾਲ ਬਣਾਉਂਦੀ ਹੈ। ਸਫਲ ਵਿਅਕਤੀ ਕਿਸੇ ਜਾਣ-ਪਛਾਣ ਦਾ ਮੁਥਾਜ਼ ਨਹੀਂ ਹੁੰਦਾ, ਉਸ ਦਾ ਹਰ ਥਾਂ ਸਨਮਾਨ ਹੁੰਦਾ ਹੈ। ਉਸ ਲਈ ਅਨੇਕਾਂ ਹੋਰ ਮੌਕਿਆਂ ਦੇ ਦਰਵਾਜ਼ੇ ਖੁੱਲ੍ਹ ਜਾਂਦੇ ਹਨ, ਜਿਸ ਨਾਲ ਉਨ੍ਹਾਂ ਨੂੰ ਅੱਗੇ ਵਧਣ ’ਚ ਹੋਰ ਮਦਦ ਮਿਲਦੀ ਹੈ। ਇਸ ਤੋਂ ਇਲਾਵਾ ਸਫਲ ਲੋਕ ਸਮਾਜ ’ਚ ਦੂਜਿਆਂ ਲਈ ਵੀ ਉਦਾਹਰਨ ਬਣਦੇ ਹਨ।

ਇਹ ਹਮੇਸ਼ਾ ਸੁਣਨ ’ਚ ਆਇਆ ਹੈ ਕਿ ਜੇ ਜ਼ਿੰਦਗੀ ’ਚ ਤੁਸੀਂ ਕੁਝ ਪਾਉਣਾ ਚਾਹੁੰਦੇ ਹੋ ਤਾਂ ਉਸ ਲਈ ਕੁਝ ਖੋਹਣ ਲਈ ਵੀ ਤਿਆਰ ਰਹਿਣਾ ਪਵੇਗਾ। ਇਹ ਗੱਲ ਸਫਲ ਹੋਣ ਲਈ ਵੀ ਬਿਲਕੁਲ ਢੁੱਕਵੀਂ ਹੈ। ਜ਼ਿੰਦਗੀ ’ਚ ਸਫਲ ਹੋਣ ਲਈ ਆਲਸੀ ਵਿਹਾਰ ਤਿਆਗਣਾ ਪਵੇਗਾ। ਜਦੋਂ ਅਸੀਂ ਕਾਮਯਾਬੀ ਹਾਸਿਲ ਕਰ ਲੈਂਦੇ ਹਾਂ ਤਾਂ ਇਸ ਦੇ ਨਤੀਜੇ ਸਾਡੇ ਅੰਦਰ ਖ਼ੁਸ਼ੀ ਭਰ ਦਿੰਦੇ ਹਨ।

ਅਸਫਲਤਾ ਤੋਂ ਨਾ ਹੋਵੋ ਨਿਰਾਸ਼

ਇਕ ਚੰਗਾ ਵਿਅਕਤੀ, ਜਿਸ ਵਿਚ ਸਿੱਖਣ ਦੀ ਕਲਾ ਹੋਵੇ ਅਤੇ ਸਮੇਂ ਦੀ ਕਦਰ ਕਰਦਾ ਹੋਵੇ, ਉਹੀ ਆਪਣੀ ਸਖ਼ਤ ਮਿਹਨਤ ਨਾਲ ਸਫਲਤਾ ਪ੍ਰਾਪਤ ਕਰ ਸਕਦਾ ਹੈ। ਇਸ ਸਾਰੀ ਪ੍ਰਕਿਰਿਆ ’ਚ ਸਬਰ ਦੀ ਬਹੁਤ ਲੋੜ ਹੁੰਦੀ ਹੈ, ਜੋ ਨਿਸ਼ਚਿਤ ਹੀ ਸਾਨੂੰ ਸਫਲਤਾ ਦੇ ਨਾਲ-ਨਾਲ ਖ਼ੁਸ਼ੀ ਵੀ ਪ੍ਰਦਾਨ ਕਰਦਾ ਹੈ। ਕੀ ਤੁਸੀ ਕਦੇ ਕੀੜੀਆਂ ਨੂੰ ਭੋਜਨ ਦਾ ਟੁਕੜਾ ਲਿਜਾਂਦਿਆਂ ਵੇਖਿਆ ਹੈ? ਕਈ ਵਾਰ ਟੁਕੜਾ ਭਾਰੀ ਹੋਣ ਕਾਰਨ ਉਹ ਉਸ ਨੂੰ ਚੱੁਕ ਨਹੀ ਸਕਦੀਆਂ ਪਰ ਉਹ ਕਦੇ ਨਿਰਾਸ਼ ਨਹੀਂ ਹੁੰਦੀਆਂ ਤੇ ਅੰਤ ਤਕ ਕੋਸ਼ਿਸ਼ ਕਰਦੀਆਂ ਹਨ। ਅਖ਼ੀਰ ਉਹ ਸਫਲ ਹੋ ਵੀ ਜਾਂਦੀਆਂ ਹਨ। ਬੱਸ ਇਸੇ ਤਰ੍ਹਾਂ ਦੀਆਂ ਉਦਾਹਰਨਾਂ ਤੋਂ ਸਿੱਖਿਆ ਲੈ ਕੇ ਸਾਨੂੰ ਵੀ ਲਗਾਤਾਰ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਹੈ, ਜਦੋਂ ਤਕ ਸਫਲਤਾ ਸਾਡੇ ਕਦਮ ਨਹੀਂ ਚੁੰਮ ਲੈਂਦੀ।

- ਲਖਵੀਰ ਕੌਰ

Posted By: Harjinder Sodhi