ਪਿਆਰੇ ਬੱਚਿਓ! ਤੁਸੀਂ ਗੂਗਲ ਬਾਰੇ ਤਾਂ ਸੁਣਿਆ ਹੀ ਹੋਵੇਗਾ। ਆਓ ਅੱਜ ਇਸ ਦੇ ਇਤਿਹਾਸ ਬਾਰੇ ਜਾਣੀਏ। ਸੋਚੋ ਕਿ ਜੇ ਤੁਹਾਡੇ ਕੋਲ ਕੋਈ ਜਾਦੂ ਦੀ ਕਿਤਾਬ ਹੋਵੇ, ਜਿਸ ਤੋਂ ਤੁਸੀਂ ਕੁਝ ਵੀ ਪੁੱਛੋ ਤੇ ਉਹ ਤੁਹਾਨੂੰ ਤੁਰੰਤ ਸਹੀ ਜਵਾਬ ਦੇ ਦੇਵੇ, ਕੀ ਇਹ ਕਮਾਲ ਨਹੀਂ ਹੋਵੇਗਾ? ਇਸ ਤਰ੍ਹਾਂ ਗੂਗਲ ਡਿਜੀਟਲ ਜਹਾਨ ਦਾ ਰਾਹ ਹੈ।
ਪਿਆਰੇ ਬੱਚਿਓ! ਤੁਸੀਂ ਗੂਗਲ ਬਾਰੇ ਤਾਂ ਸੁਣਿਆ ਹੀ ਹੋਵੇਗਾ। ਆਓ ਅੱਜ ਇਸ ਦੇ ਇਤਿਹਾਸ ਬਾਰੇ ਜਾਣੀਏ। ਸੋਚੋ ਕਿ ਜੇ ਤੁਹਾਡੇ ਕੋਲ ਕੋਈ ਜਾਦੂ ਦੀ ਕਿਤਾਬ ਹੋਵੇ, ਜਿਸ ਤੋਂ ਤੁਸੀਂ ਕੁਝ ਵੀ ਪੁੱਛੋ ਤੇ ਉਹ ਤੁਹਾਨੂੰ ਤੁਰੰਤ ਸਹੀ ਜਵਾਬ ਦੇ ਦੇਵੇ, ਕੀ ਇਹ ਕਮਾਲ ਨਹੀਂ ਹੋਵੇਗਾ? ਇਸ ਤਰ੍ਹਾਂ ਗੂਗਲ ਡਿਜੀਟਲ ਜਹਾਨ ਦਾ ਰਾਹ ਹੈ। ਸਿਰਫ਼ ਕੁਝ ਸੈਕਿੰਡਾਂ ’ਚ ਦੁਨੀਆ ਦੇ ਹਜ਼ਾਰਾਂ ਪੰਨਿਆਂ ਦਾ ਸਾਰ ਤਰਤੀਬਵਾਰ ਕਰ ਕੇ ਸਕਰੀਨ ’ਤੇ ਪੇਸ਼ ਕਰ ਦਿੰਦਾ ਹੈ। ਅੱਜ ਤੋਂ ਤਕਰੀਬਨ 27 ਸਾਲ ਪਹਿਲਾਂ ਅਮਰੀਕਾ ਵਿਖੇ ਦੋ ਨੌਜਵਾਨਾਂ ਨੇ ਐਸਾ ਹੀ ਸੁਪਨਾ ਦੇਖਿਆ ਸੀ ਕਿ ਕੋਈ ਅਜਿਹਾ ਤਰੀਕਾ ਹੋਵੇ ਤਾਂ ਜੋ ਇੰਟਰਨੈੱਟ ਉੱਪਰ ਉਪਲੱਬਧ ਜਾਣਕਾਰੀ ਨੂੰ ਲੱਭਿਆ ਜਾ ਸਕੇ। ਗੂਗਲ ਦੀ ਖੋਜ ਦੋ ਦੋਸਤਾਂ ਲੈਰੀ ਪੇਜ ਤੇ ਸਰਜੇਈ ਬਿਨ ਨੇ ਸੰਯੁਕਤ ਰੂਪ ’ਚ 4 ਸਤੰਬਰ 1998 ਵਿਚ ਕੀਤੀ ਪ੍ਰੰਤੂ ਗੂਗਲ ਪਿਛਲੇ ਕੁਝ ਸਾਲਾਂ ਤੋਂ ਆਪਣਾ ਜਨਮ ਦਿਨ 27 ਸਤੰਬਰ ਨੂੰ ਮਨਾਉਂਦਾ ਆ ਰਿਹਾ ਹੈ। ਇਹ ਦੋਵੇਂ ਦੋਸਤ ਉਸ ਸਮੇਂ ਅਮਰੀਕਾ ਦੀ ਸਟੈਨਫੋਰਡ ਯੂਨੀਵਰਸਿਟੀ ’ਚ ਪੀਐਚ.ਡੀ ਦੀ ਪੜ੍ਹਾਈ ਕਰ ਰਹੇ ਸਨ।
ਕਿਵੇਂ ਹੋਂਦ ’ਚ ਆਇਆ ਨਾਂ
ਇਸ ਦੇ ਖੋਜਕਾਰਾਂ ਨੇ ਪਹਿਲਾ ਇਸ ਦਾ ਨਾਂ ‘ਬੈਕਰਬ’ ਰੱਖਿਆ ਸੀ ਪਰ ਜਲਦੀ ਹੀ ਉਨ੍ਹਾਂ ਨੂੰ ਇਹ ਨਾਂ ਕੋਈ ਖ਼ਾਸ ਪਸੰਦ ਨਾ ਆਇਆ। ਫਿਰ ਉਨ੍ਹਾਂ ਵੱਲੋਂ ਇਸ ਸਰਚ ਇੰਜਣ ਦਾ ਨਾਮਕਰਨ ਗਣਿਤ ਦੇ ਸ਼ਬਦ GOOGOL ਤੋਂ ਕੀਤਾ, ਜਿਸ ਦਾ ਅਰਥ 1 ਤੋਂ ਬਾਅਦ 100 ਜ਼ੀਰੋਆਂ ਹੁੰਦਾ ਹੈ। ਉਨ੍ਹਾਂ ਨੇ ਇਹ ਸ਼ਬਦ ਬਹੁਤ ਵੱਡੀ ਮਾਤਰਾ ’ਚ ਜਾਣਕਾਰੀ ਇਕੱਠੀ ਕਰਨ ਅਤੇ ਪ੍ਰਦਾਨ ਕਰਨ ਦੇ ਲਿਹਾਜ਼ ਨਾਲ ਰੱਖਿਆ ਪ੍ਰੰਤੂ ਜਦੋਂ ਇਸ ਦੀ ਇੰਟਰਨੈੱਟ ਉਪਰ ਰਜਿਸਟ੍ਰੇਸ਼ਨ ਕਰਨ ਲੱਗੇ ਤਾਂ GOOGOL ਦੇ ਸਥਾਨ ’ਤੇ ਉਨ੍ਹਾਂ GOOGLE ਲਿਖਿਆ ਅਤੇ ਇਹ ਸ਼ਬਦ ਦੋਵਾਂ ਖੋਜਕਾਰਾਂ ਨੂੰ ਢੁੱਕਵਾ ਲੱਗਿਆ। ਇਸ ਤਰ੍ਹਾਂ ਗੂਗਲ ਨਾਂ ਹੋਂਦ ’ਚ ਆਇਆ। ਸਨ ਮਾਈਕ੍ਰੋਸਿਸਟਮਜ਼ ਦੇ ਸਹਿ-ਸੰਸਥਾਪਕ ਐਂਡੀ ਬੇਚਟੋਲਸ਼ਾਈਮ ਵੱਲੋਂ ਗੂਗਲ ਨੂੰ ਅਗਸਤ 1998 ਵਿਚ $100,000 ਦੇ ਨਿਵੇਸ਼ ਦੁਆਰਾ ਫੰਡ ਦਿੱਤਾ ਗਿਆ ਸੀ। ਗੂਗਲ ਨੇ 1998 ਵਿਚ ਤਿੰਨ ਹੋਰ ਨਿਵੇਸ਼ਕਾਂ ਐਮਾਜ਼ਾਨ ਡਾਟ ਕਾਮ ਦੇ ਸੰਸਥਾਪਕ ਜੈਫ ਬੇਜੋਸ, ਸਟੈਨਫੋਰਡ ਯੂਨੀਵਰਸਿਟੀ ਦੇ ਕੰਪਿਊਟਰ ਵਿਗਿਆਨ ਦੇ ਪ੍ਰੋਫੈਸਰ ਡੇਵਿਡ ਚੈਰੀਟਨ ਅਤੇ ਉੱਦਮੀ ਰਾਮ ਸ਼੍ਰੀਰਾਮ ਤੋਂ ਪੈਸੇ ਪ੍ਰਾਪਤ ਕੀਤੇ। ਇਨ੍ਹਾਂ ਸ਼ੁਰੂਆਤੀ ਨਿਵੇਸ਼ਕਾਂ, ਦੋਸਤਾਂ ਦੇ ਸਹਿਯੋਗ ਨਾਲ ਗੂਗਲ ਨੇ ਲਗਪਗ 1,000,000 ਡਾਲਰ ਇਕੱਠੇ ਕੀਤੇ, ਜਿਸ ਕਾਰਨ ਉਨ੍ਹਾਂ ਨੇ ਮੇਨਲੋ ਪਾਰਕ, ਕੈਲੀਫੋਰਨੀਆ ’ਚ ਆਪਣਾ ਦਫਤਰ ਖੋਲ੍ਹਿਆ।
ਸੁਪਨੇ ਦੀ ਸ਼ੁਰੂਆਤ
ਉਸ ਵੇਲੇ ਇੰਟਰਨੈੱਟ ਤਾਂ ਸੀ ਪਰ ਬਹੁਤ ਬੇਤਰਤੀਬਾ ਸੀ। ਸੋਚੋ ਤੁਹਾਡੇ ਕੋਲ ਖਿਡੌਣਿਆਂ ਦਾ ਵੱਡਾ ਸੰਦੂਕ ਹੈ, ਜਿਸ ਵਿਚ ਸਭ ਕੁਝ ਐਵੇਂ ਹੀ ਭਰਿਆ ਪਿਆ ਹੈ। ਜੇ ਤੁਹਾਨੂੰ ਸਿਰਫ਼ ਪੀਲੇ ਰੰਗ ਦੀ ਕਾਰ ਚਾਹੀਦੀ ਹੈ, ਤਾਂ ਤੁਹਾਨੂੰ ਪੂਰਾ ਡੱਬਾ ਖੰਗਾਲਣਾ ਪਵੇਗਾ, ਜੋ ਔਖਾ ਕੰਮ ਹੋਵੇਗਾ। ਇਸੇ ਤਰ੍ਹਾਂ ਇੰਟਰਨੈੱਟ ’ਤੇ ਵੀ ਲੱਖਾਂ-ਕਰੋੜਾਂ ਸਫ਼ੇ ਸਨ ਪਰ ਸਹੀ ਜਾਣਕਾਰੀ ਲੱਭਣੀ ਬਹੁਤ ਔਖੀ ਸੀ। ਲੈਰੀ ਤੇ ਸਰਜੇਈ ਨੇ ਸੋਚਿਆ, ‘ਅਸੀਂ ਇਕ ਅਜਿਹਾ ਸਰਚ ਇੰਜਣ ਬਣਾਈਏ, ਜੋ ਇੰਟਰਨੈੱਟ ਤੋਂ ਸਭ ਤੋਂ ਸਹੀ ਤੇ ਉਪਯੋਗੀ ਜਾਣਕਾਰੀ ਲੋਕਾਂ ਤੱਕ ਪਹੁੰਚਾ ਦੇਵੇ।’ ਇਹ ਉਨ੍ਹਾਂ ਦੇ ਸੁਪਨੇ ਦੀ ਸ਼ੁਰੂਆਤ ਸੀ।
ਲੋਕਾਂ ਦੀ ਪਸੰਦ ਬਣਿਆ ਗੂਗਲ
ਹੌਲੀ-ਹੌਲੀ ਗੂਗਲ ਨੇ ਲੋਕਾਂ ਦੇ ਦਿਲ ਜਿੱਤ ਲਏ। ਲੋਕ ਕਹਿੰਦੇ ਸਨ, ਜੋ ਵੀ ਲੱਭਣਾ ਹੋਵੇ, ਗੂਗਲ ’ਤੇ ਜਾਓ।’ ਇਸ ਤਰ੍ਹਾਂ ਗੂਗਲ ਸ਼ਬਦ ਇੰਟਰਨੈੱਟ ਉੱਪਰ ਲੱਭਣ ਲਈ ਇਕ ਕਿਰਿਆ ਬਣ ਗਿਆ। ਅੱਜ ਗੂਗਲ ਨੂੰ ਨਵੀਨਤਾ ਤੇ ਵਿਕਾਸ ਦਾ ਥੰਮ੍ਹ ਮੰਨਿਆ ਜਾਂਦਾ ਹੈ। ਗੂਗਲ ਸਰਚ ਇੰਜਣ ਤੋਂ ਲੈ ਕੇ ਸਮਾਰਟਫੋਨ ਦੇ ਐਂਡਰਾਇਡ ਆਪਰੇਟਿੰਗ ਸਿਸਟਮ ਤਕ ਛਾਇਆ ਹੋਇਆ ਹੈ। ਦੁਨੀਆ ਦੀ ਬਹੁਗਿਣਤੀ ਗੂਗਲ ਦੇ ਐਪਸ ਅਤੇ ਸਾਫਟਵੇਅਰ ’ਤੇ ਪੂਰੀ ਤਰ੍ਹਾਂ ਨਿਰਭਰ ਹੈ।
ਇੰਟਰਨੈੱਟ ’ਤੇ ਦਬਦਬਾ
ਗੂਗਲ ਸਰਚ ਇੰਜਣ ਦਾ ਇੰਟਰਨੈੱਟ ਉੱਪਰ ਦਬਦਬਾ ਇਸ ਅੰਕੜੇ ਤੋਂ ਸਹਿਜੇ ਹੀ ਲਗਾਇਆ ਜਾ ਸਕਦਾ ਹੈ ਕਿ ਕੁੱਲ ਸਰਚ ਕੀਤੇ ਜਾਣ ਵਾਲੇ ਡਾਟੇ ਦਾ ਤਕਰੀਬਨ 90 ਫ਼ੀਸਦੀ ਸਿਰਫ਼ ਗੂਗਲ ਉਪਰ ਹੀ ਸਰਚ ਕੀਤਾ ਜਾਂਦਾ ਹੈ। ਗੂਗਲ ਦੀ ਇਸ ਲੋਕਪ੍ਰਿਯਤਾ ਕਾਰਨ ਹੀ 2006 ਵਿਚ ਗੂਗਲ ਸ਼ਬਦ ਨੂੰ ਆਕਸਫੋਰਡ ਸ਼ਬਦਕੋਸ਼ ’ਚ ਸ਼ਾਮਿਲ ਕੀਤਾ ਗਿਆ।
ਹੋਰ ਸੇਵਾਵਾਂ
ਗੂਗਲ ਨੇ ਸਿਰਫ਼ ਖੋਜ ਤਕ ਹੀ ਖ਼ੁਦ ਨੂੰ ਸੀਮਤ ਨਹੀਂ ਕੀਤਾ ਸਗੋਂ ਉਸ ਨੇ ਖੋਜ ਦੇ ਨਾਲ-ਨਾਲ ਹੋਰ ਸੇਵਾਵਾਂ ਵੀ ਸ਼ੁਰੂ ਕੀਤੀਆਂ, ਜਿਵੇਂ ਜੀਮੇਲ (2004) ਦੁਨੀਆ ਦਾ ਸਭ ਤੋਂ ਮਸ਼ਹੂਰ ਈਮੇਲ ਸੇਵਾ, ਗੂਗਲ ਮੈਪਜ਼ (2005) ਰਸਤਾ ਦਿਖਾਉਣ ਲਈ, ਗੂਗਲ ਅਰਥ-ਧਰਤੀ ਨੂੰ ਅਕਾਸ਼ ਤੋਂ ਵੇਖਣ ਲਈ, ਐਂਡਰਾਇਡ (2005 ’ਚ ਖ਼ਰੀਦਿਆ) ਅੱਜ ਦੇ ਜ਼ਿਆਦਾਤਰ ਮੋਬਾਈਲਾਂ ਦਾ ਆਪ੍ਰੇਟਿੰਗ ਸਿਸਟਮ, ਗੂਗਲ ਟ੍ਰਾਂਸਲੇਟ (2006) ਇਕ ਭਾਸ਼ਾ ਨੂੰ ਦੂਜੀ ਵਿਚ ਅਨੁਵਾਦ ਕਰਨ ਲਈ, ਯੂਟਿਊਬ (2006 ’ਚ ਖ਼ਰੀਦਿਆ) ਵੀਡੀਓ ਦੇਖਣ, ਸਿੱਖਣ ਤੇ ਸਾਂਝਾ ਕਰਨ ਲਈ ਆਦਿ। ਕੋਰੋਨਾ ਕਾਲ ’ਚ ਵੀ ਇਸ ਦੀਆਂ ਆਨਲਾਈਨ ਸੇਵਾਵਾਂ, ਜਿਵੇਂ ਗੂਗਲ ਮੀਟ ਤੇ ਗੂਗਲ ਕਲਾਸਰੂਮ ਵਿਦਿਆਰਥੀਆਂ ਤੇ ਅਧਿਆਪਕਾਂ ਲਈ ਵਰਦਾਨ ਸਾਬਿਤ ਹੋਈਆਂ ਹਨ।
ਰੰਗੀਲੇ ਡੂਡਲਜ਼
ਗੂਗਲ ਡੂਡਲ ਗੂਗਲ ਦੇ ਹੋਮਪੇਜਾਂ ’ਤੇ ਲੋਗੋ ਦੀ ਇਕ ਵਿਸ਼ੇਸ਼ ਅਸਥਾਈ ਤਬਦੀਲੀ ਹੈ, ਜਿਸ ਦਾ ਉਦੇਸ਼ ਛੁੱਟੀਆਂ, ਸਮਾਗਮਾਂ, ਪ੍ਰਾਪਤੀਆਂ ਅਤੇ ਇਤਿਹਾਸਕ ਸ਼ਖ਼ਸੀਅਤਾਂ ਨੂੰ ਯਾਦ ਕਰਨਾ ਹੈ। ਪਹਿਲਾਂ ਗੂਗਲ ਡੂਡਲ ਬਲੈਕ ਰੌਕ ਸਿਟੀ ਵਿਚ ਲੰਬੇ ਸਮੇਂ ਤੋਂ ਚੱਲ ਰਹੇ ਸਾਲਾਨਾ ਬਰਨਿੰਗ ਮੈਨ ਪ੍ਰੋਗਰਾਮ ਦੇ 1998 ਦੇ ਐਡੀਸ਼ਨ ਦਾ ਸਨਮਾਨ ਕਰਦਾ ਸੀ। 2024 ਤਕ ਡੂਡਲਸ ਟੀਮ ਨੇ ਦੁਨੀਆ ਭਰ ਵਿੱਚ ਗੂਗਲ ਦੇ ਹੋਮਪੇਜਾਂ ਲਈ 5,000 ਤੋਂ ਵੱਧ ਡੂਡਲ ਬਣਾਏ ਸਨ।
ਭਾਰਤ ਦਾ ਮਾਣ ਸੁੰਦਰ ਪਿਚਾਈ
ਭਾਰਤਵੰਸ਼ੀ ਸੁੰਦਰ ਪਿਚਾਈ ਗੂਗਲ ਦੇ ਮੌਜੂਦਾ ਸੀਈਓ ਹਨ। ਇਹ ਸਾਨੂੰ ਦੱਸਦਾ ਹੈ ਕਿ ਕੋਈ ਵੀ ਬੱਚਾ ਚਾਹੇ ਉਹ ਦੁਨੀਆ ਦੇ ਕਿਸੇ ਵੀ ਕੋਨੇ ’ਚ ਜੰਮਿਆ ਹੋਵੇ, ਜੇ ਉਸ ਦੇ ਸੁਪਨੇ ਵੱਡੇ ਹਨ ਤੇ ਮਿਹਨਤ ਸੱਚੀ ਹੈ ਤਾਂ ਉਹ ਦੁਨੀਆ ਬਦਲ ਸਕਦਾ ਹੈ।
ਜੈਮਿਨੀ ਏਆਈ ਚੈਟਬੋਟ ਦੀ ਆਮਦ
ਜੈਮਿਨੀ ਏਆਈ (ਪਹਿਲਾਂ ਬਾਰਡ) ਗੂਗਲ ਏਆਈ ਦੁਆਰਾ ਵਿਕਸਤ ਜਨਰੇਟਿਵ ਆਰਟੀਫੀਸ਼ੀਅਲ ਇੰਟੈਲੀਜੈਂਸ ਚੈਟਬੋਟ ਹੈ। ਇਸੇ ਨਾਂ ਦੇ ਵੱਡੇ ਭਾਸ਼ਾ ਮਾਡਲ (ਐੱਲਐੱਲਐੱਮ) ਦੇ ਅਧਾਰ ’ਤੇ ਇਸ ਨੂੰ ਫਰਵਰੀ 2024 ਵਿਚ ਲਾਂਚ ਕੀਤਾ ਗਿਆ ਸੀ। ਇਸ ਦਾ ਪੂਰਵਗਾਮੀ, ਬਾਰਡ, ਓਪਨਏਆਈ ਦੇ ਚੈਟਜੀਪੀਟੀ ਦੇ ਉਭਾਰ ਦੇ ਜਵਾਬ ਵਿਚ ਮਾਰਚ 2023 ਵਿਚ ਲਾਂਚ ਕੀਤਾ ਗਿਆ ਸੀ। ਗੂਗਲ ਇਸ ਨੂੰ ਵੱਧ ਤੋਂ ਵੱਧ ਮਸ਼ੀਨੀ ਲਿਆਕਤ ਨਾਲ ਸਮਝਦਾਰ ਬਣਾਉਣ ਲਈ ਕਾਰਜਸ਼ੀਲ ਹੈ।
ਬੱਚਿਆਂ ਲਈ ਸਿੱਖਿਆ
ਸੁਪਨੇ ਵੇਖੋ : ਹਰ ਵੱਡੀ ਖੋਜ ਇਕ ਛੋਟੇ ਸੁਪਨੇ ਨਾਲ ਸ਼ੁਰੂ ਹੁੰਦੀ ਹੈ।
ਮਿਹਨਤ ਕਰੋ : ਸਫਲਤਾ ਆਸਾਨੀ ਨਾਲ ਨਹੀਂ ਮਿਲਦੀ। ਮਿਹਨਤ ਕਰਦੇ ਜਾਓ, ਫਿਰ ਇਕ ਦਿਨ ਇਹ ਤੁਹਾਡੇ ਕਦਮ ਚੁੰਮੇਗੀ।
ਸਵਾਲ ਪੁੱਛੋ : ਨਵੀਂ ਸੋਚ ਹਮੇਸ਼ਾ ਕਿਉਂ ਜਾਂ ਕਿਵੇਂ ਪੁੱਛਣ ਨਾਲ ਹੀ ਆਉਂਦੀ ਹੈ।
ਦੋਸਤੀ ਦੀ ਤਾਕਤ : ਲੈਰੀ ਤੇ ਸਰਜੇਈ ਦੀ ਦੋਸਤੀ ਹੀ ਉਨ੍ਹਾਂ ਦੀ ਸਫਲਤਾ ਦਾ ਰਾਜ਼ ਸੀ।
ਦੁਨੀਆ ਬਦਲੋ : ਤੁਹਾਡੇ ਛੋਟੇ-ਛੋਟੇ ਕੰਮ ਵੀ ਕੱਲ੍ਹ ਨੂੰ ਵੱਡੇ ਬਦਲਾਅ ਦਾ ਕਾਰਨ ਬਣ ਸਕਦੇ ਹਨ।
ਵਾਦ-ਵਿਵਾਦ
ਗੂਗਲ ਦੇ ਨਾਲ ਸਮੇਂ-ਸਮੇਂ ਉਪਰ ਕਈ ਪ੍ਰਕਾਰ ਦੇ ਵਾਦ-ਵਿਵਾਦ ਵੀ ਜੁੜਦੇ ਰਹੇ ਹਨ। ਸ਼ਾਇਦ ਇਸ ਕਰਕੇ ਹੀ ਕਈ ਦੇਸ਼ਾ ’ਚ ਇਸ ਉਪਰ ਪਾਬੰਦੀ ਵੀ ਲਗਾਈ ਗਈ ਹੈ। ਚੀਨ ਵੀ ਇਕ ਅਜਿਹਾ ਦੇਸ਼ ਹੈ, ਜਿਸ ਨੇ 2010 ਤੋਂ ਗੂਗਲ ਦੀਆਂ ਤਕਰੀਬਨ ਸਾਰੀਆਂ ਸੇਵਾਵਾਂ ਉਪਰ ਪਾਬੰਦੀਆ ਲਗਾਈਆਂ ਹੋਈਆਂ ਹਨ। ਟੈਕਸ ਤੋਂ ਬਚਣਾ, ਖੋਜ ਨਿਰਪੱਖਤਾ, ਕਾਪੀਰਾਈਟ, ਖੋਜ ਨਤੀਜਿਆਂ ਦੀ ਸੈਂਸਰਸ਼ਿਪ ਤੇ ਸਮੱਗਰੀ, ਗੋਪਨੀਯਤਾ, ਦੂਜਿਆਂ ਦੀ ਬੌਧਿਕ ਸੰਪਤੀ ਦੀ ਵਰਤੋਂ ਵਰਗੇ ਮੁੱਦਿਆਂ ’ਤੇ ਗੂਗਲ ਦੀ ਆਲੋਚਨਾ ਹੁੰਦੀ ਰਹੀ ਹੈ ਤੇ ਪਿਛਲੇ ਸਮੇਂ ਵਿਚ ਵੱਖ-ਵੱਖ ਅਦਾਲਤਾਂ ਦੁਆਰਾ ਗੂਗਲ ਨੂੰ ਭਾਰੀ ਜੁਰਮਾਨਾ ਵੀ ਲਗਾਇਆ ਗਿਆ ਹੈ। ਚਿੰਤਾ ਹੈ ਕਿ ਇਸਦੇ ਅੰਕੜਿਆਂ ਦਾ ਸੰਗ੍ਰਹਿ ਆਮ ਲੋਕਾਂ ਦੀ ਗੋਪਨੀਯਤਾ ਲਈ ਵੀ ਵੱਡਾ ਖ਼ਤਰਾ ਹੈ।
ਗੂਗਲ ਦੀ ਗੁਪਤ ਅੱਖ
ਜਦੋ ਵੀ ਕਈ ਨਵੀਂ ਵੈੱਬਸਾਈਟ ਇੰਟਰਨੈਟ ਉਪਰ ਸ਼ੁਰੂ ਹੁੰਦੀ ਹੈ, ਗੂਗਲ ਆਪਣੇ ਬੋਟਸ ਅਤੇ ਕਰਾਅਲ ਜ਼ਰੀਏ ਉਸ ਉਪਰ ਪਈ ਸੂਚਨਾ ਨੂੰ ਇਕੱਤਰ ਕਰ ਕੇ ਆਪਣੇ ਡਾਟਾਬੇਸ ਵਿਚ ਇਕੱਠਾ ਕਰ ਲੈਂਦਾ ਹੈ ਅਤੇ ਲੋੜ ਪੈਣ ’ਤੇ ਆਪਣੇ ਯੂਜ਼ਰਜ਼ ਨੂੰ ਮੁਹੱਈਆਂ ਕਰਵਾਉਂਦਾ ਹੈ। ਤੁਹਾਡੀ ਇੰਟਰਨੈੱਟ ਉਪਰ ਹਰ ਗਤੀਵਿਧੀ ਉਪਰ ਗੂਗਲ ਆਪਣੀ ਗੁੱਝੀ ਅੱਖ ਰੱਖਦਾ ਹੈ ਤੇ ਤੁਹਾਨੂੰ ਉਹੋ ਜਿਹੀ ਹੀ ਸੂਚਨਾ ਉਪਲੱਬਧ ਕਰਵਾਉਂਦਾ ਰਹਿੰਦਾ ਹੈ। ਅੱਜ ਗੂਗਲ ਦੇ ਮਾਧਿਅਮ ਰਾਹੀਂ ਬੜੀ ਆਸਾਨੀ ਨਾਲ ਕੋਈ ਵੀ ਸੂਚਨਾ ਪ੍ਰਾਪਤ ਕਰ ਸਕਦੇ ਹਾਂ। ਲੋੜ ਹੈ ਇਨ੍ਹਾਂ ਆਧੁਨਿਕ ਸਹੂਲਤਾਂ ਨੂੰ ਹਾਂ-ਪੱਖੀ ਸੋਚ ਰਾਹੀਂ ਆਪਣੇ ਅਤੇ ਸਮਾਜ ਦੀ ਬਿਹਤਰੀ ਲਈ ਵਰਤਣ ਦੀ। ਵਿਦਿਆਰਥੀ ਇਨ੍ਹਾਂ ਸਹੂਲਤਾਂ ਦਾ ਉਪਯੋਗ ਆਪਣੀ ਪੜ੍ਹਾਈ ਲਿਖਾਈ ਵਿਚ ਨਿਪੁੰਨਤਾ ਹਾਸਿਲ ਕਰ ਕੇ ਆਪਣੇ ਸੁਨਹਿਰੀ ਭਵਿੱਖ ਦੀ ਨੀਂਹ ਰੱਖ ਸਕਦੇ ਹਨ।
ਇਹ ਕਹਾਣੀ ਸਿਰਫ਼ ਗੂਗਲ ਦੇ ਇਤਿਹਾਸ ਬਾਰੇ ਨਹੀਂ ਹੈ। ਇਹ ਬੱਚਿਆਂ ਨੂੰ ਦੱਸਦੀ ਹੈ ਕਿ ਸੁਪਨੇ ਵੇਖੋ, ਉਹਨਾਂ ’ਤੇ ਵਿਸ਼ਵਾਸ ਕਰੋ, ਦੋਸਤਾਂ ਨਾਲ ਮਿਲ ਕੇ ਮਿਹਨਤ ਕਰੋ। ਛੋਟਾ-ਜਿਹਾ ਵਿਚਾਰ ਵੀ ਇਕ ਦਿਨ ਪੂਰੀ ਦੁਨੀਆ ਦੀ ਦਿਸ਼ਾ ਬਦਲ ਸਕਦਾ ਹੈ। ਦੋ ਦੋਸਤਾਂ ਦਾ ਇਕ ਛੋਟਾ ਜਿਹਾ ਸੁਪਨਾ ਅੱਜ ਦੁਨੀਆ ਉੱਪਰ ਰਾਜ ਕਰ ਰਿਹਾ ਹੈ।
- ਜਗਜੀਤ ਸਿੰਘ ਗਣੇਸ਼ਪੁਰ