ਵਿਸਾਖੀ ਦਾ ਤਿਉਹਾਰ ਪੰਜਾਬ ਲਈ ਸਿਰਫ਼ ਧਾਰਮਿਕ ਅਹਿਮੀਅਤ ਹੀ ਨਹੀਂ ਰੱਖਦਾ ਸਗੋਂ ਇਸ ਦੀ ਆਰਥਿਕ ਤੌਰ ’ਤੇ ਵੀ ਕਾਫ਼ੀ ਅਹਿਮੀਅਤ ਹੈ। ਭਾਰਤ ਮੇਲਿਆਂ ਤੇ ਤਿਉਹਾਰਾਂ ਦਾ ਦੇਸ਼ ਹੈ। ਇਨ੍ਹਾਂ ਦਾ ਮਨੁੱਖੀ ਜੀਵਨ ਨਾਲ ਅਨਿੱਖੜਵਾਂ ਸਬੰਧ ਹੈ। ਪੰਜਾਬੀ ਸੱਭਿਆਚਾਰ, ਇਤਿਹਾਸ ਤੇ ਧਾਰਮਿਕ ਵਿਰਸੇ ਨਾਲ ਜੁੜੇ ਮੇਲਿਆਂ ਵਿੱਚੋਂ ਵਿਸਾਖੀ ਦੇ ਤਿਉਹਾਰ ਦੀ ਅਹਿਮ ਥਾਂ ਹੈ।

ਵਿਸਾਖੀ ਦਾ ਤਿਉਹਾਰ ਪੰਜਾਬ ਲਈ ਸਿਰਫ਼ ਧਾਰਮਿਕ ਅਹਿਮੀਅਤ ਹੀ ਨਹੀਂ ਰੱਖਦਾ ਸਗੋਂ ਇਸ ਦੀ ਆਰਥਿਕ ਤੌਰ ’ਤੇ ਵੀ ਕਾਫ਼ੀ ਅਹਿਮੀਅਤ ਹੈ। ਭਾਰਤ ਮੇਲਿਆਂ ਤੇ ਤਿਉਹਾਰਾਂ ਦਾ ਦੇਸ਼ ਹੈ। ਇਨ੍ਹਾਂ ਦਾ ਮਨੁੱਖੀ ਜੀਵਨ ਨਾਲ ਅਨਿੱਖੜਵਾਂ ਸਬੰਧ ਹੈ। ਪੰਜਾਬੀ ਸੱਭਿਆਚਾਰ, ਇਤਿਹਾਸ ਤੇ ਧਾਰਮਿਕ ਵਿਰਸੇ ਨਾਲ ਜੁੜੇ ਮੇਲਿਆਂ ਵਿੱਚੋਂ ਵਿਸਾਖੀ ਦੇ ਤਿਉਹਾਰ ਦੀ ਅਹਿਮ ਥਾਂ ਹੈ। ਇਹ ਹਾੜੀ ਦੀ ਫ਼ਸਲ ਨਾਲ ਜੁੜਿਆ ਵਾਢੀ ਦਾ ਤਿਉਹਾਰ ਹੈ। ਖੇਤਾਂ ਵਿਚ ਪੱਕ ਚੁੱਕੀ ਸੋਨੇ ਰੰਗੀ ਕਣਕ ਦੀ ਫ਼ਸਲ ਨੂੰ ਦੇਖ ਕੇ ਕਿਸਾਨ ਆਪਣੇ ਸੁਪਨਿਆਂ ਨੂੰ ਹਕੀਕਤ ’ਚ ਤਬਦੀਲ ਹੁੰਦਿਆਂ ਮਹਿਸੂਸ ਕਰਦਾ ਹੈ। ਮੌਸਮ ਨਾਲ ਸਬੰਧਤ ਹੋਣ ਕਰਕੇ ਚਿਰਾਂ ਤੋਂ ਇਹ ਪੰਜਾਬੀਆਂ ਦਾ ਸਰਵ-ਸਾਂਝਾ ਤਿਉਹਾਰ ਹੈ। ਪੰਜਾਬ ਅਤੇ ਹਰਿਆਣਾ ਦੇ ਕਿਸਾਨ ਸਰਦੀਆਂ ਦੀ ਫਸਲ ਕੱਟ ਲੈਣ ਤੋਂ ਬਾਅਦ ਨਵੇਂ ਸਾਲ ਦੀਆਂ ਖ਼ੁਸ਼ੀਆਂ ਮਨਾਉਂਦੇ ਹਨ।
ਹਾੜੀ ਦੀ ਫ਼ਸਲ ਕੱਟਣ ਦੀ ਸ਼ੁਰੂਆਤ
ਵਿਸਾਖੀ ਸ਼ਬਦ ਵਿਸਾਖ ਤੋਂ ਬਣਿਆ ਹੈ। ਜਿਵੇਂ ਨਾਂ ਤੋਂ ਹੀ ਸਪੱਸ਼ਟ ਹੈ ਕਿ ਵਿਸਾਖੀ ਦਾ ਤਿਉਹਾਰ ਦੇਸੀ ਮਹੀਨੇ ‘ਵਿਸਾਖ’ ’ਚ ਮਨਾਇਆ ਜਾਂਦਾ ਹੈ। ਸੂਰਜ ਦੇ ਹਿਸਾਬ ਨਾਲ ਵਿਸਾਖ ਮਹੀਨੇ ਦੇ ਪਹਿਲੇ ਦਿਨ ਵਿਸਾਖੀ ਮਨਾਉਣ ਦੀ ਰਵਾਇਤ ਚੱਲੀ ਆਉਂਦੀ ਹੈ। ਇਸ ਤਿਉਹਾਰ ਨੂੰ ਆਮ ਤੌਰ ’ਤੇ ਫ਼ਸਲ ਦੀ ਕਟਾਈ ਦੇ ਨਾਂ ਵਜੋਂ ਵੀ ਜਾਣਿਆ ਜਾਂਦਾ ਹੈ। ਇਹ ਤਿਉਹਾਰ ਅਪ੍ਰੈਲ ਮਹੀਨੇ ਦੀ 13-14 ਤਰੀਕ ਨੂੰ ਮਨਾਇਆ ਜਾਂਦਾ ਹੈ। ਇਹ ‘ਸੌਰ ਵਰ੍ਹੇ’ ਦੇ ਆਰੰਭ ਦਾ ਵੀ ਪ੍ਰਤੀਕ ਹੈ। ਕਣਕ ਹਾੜੀ ਦੇ ਸੀਜ਼ਨ ਦੀ ਮੁੱਖ ਫ਼ਸਲ ਹੈ, ਇਹ ਇਸ ਸਮੇਂ ਪੱਕ ਕੇ ਤਿਆਰ ਹੋ ਜਾਂਦੀ ਹੈ। ਜੋਬਨ ’ਤੇ ਆਈ ਕਣਕ ਦੀ ਫ਼ਸਲ ਦੇ ਸੁਨਹਿਰੀ ਸਿੱਟੇ ਜਦੋਂ ਹਵਾ ਵਿਚ ਝੂਮਦੇ ਹਨ ਤਾਂ ਕਿਸਾਨ ਦਾ ਮਨ ਖਿੜ ਉੱਠਦਾ ਹੈ, ਜਿਸ ਕਰਕੇ ਉਹ ਆਪ ਮੁਹਾਰੇ ਹੀ ਨੱਚ ਉੱਠਦਾ ਹੈ। ਇਸ ਦਿਨ ਪੰਜਾਬ ਦਾ ਕਿਸਾਨ ਆਪਣੀ ਪੱਕੀ ਫ਼ਸਲ ਨੂੰ ਵੇਖ ਕੇ ਆਨੰਦਿਤ ਹੁੰਦਾ ਹੈ ਤੇ ਕਣਕ ਦੀ ਫ਼ਸਲ ਨੂੰ ਵੱਢਣ ਦੀ ਸ਼ੁਰੂਆਤ ਕਰਦਾ ਹੈ। ਇਸ ਦਿਨ ਫ਼ਸਲ ਨੂੰ ਦਾਤੀ ਪਾਉਣ ਦਾ ਸ਼ਗਨ ਕੀਤਾ ਜਾਂਦਾ ਹੈ। ਭਰਪੂਰ ਫ਼ਸਲ ਦੀ ਪ੍ਰਾਪਤੀ ਲਈ ਸ਼ੁਕਰਾਨੇ ਵਜੋਂ ਕਿਸਾਨ ਵਿਸਾਖੀ ਮਨਾਉਂਦੇ ਹਨ। ਢੋਲੀ ਢੋਲ ’ਤੇ ਡਗਾ ਮਾਰਦਾ ਹੈ ਤੇ ਸਾਰੇ ਨੱਚ ਕੇ ਆਨੰਦ ਮਾਣਦੇ ਹਨ।
ਖ਼ਾਲਸਾ ਪੰਥ ਦੀ ਸਾਜਨਾ
ਵਿਸਾਖੀ ਦਾ ਤਿਉਹਾਰ ਪੰਜਾਬ ’ਚ ਹੀ ਨਹੀਂ ਸਗੋਂ ਦੇਸ਼ਾਂ-ਵਿਦੇਸ਼ਾਂ ’ਚ ਬੜੀ ਖ਼ੁਸ਼ੀ ਨਾਲ ਮਨਾਇਆ ਜਾਂਦਾ ਹੈ। ਇਸ ਦਿਨ ਪੰਜਾਬ ’ਚ ਕਈ ਥਾਵਾਂ ’ਤੇ ਮੇਲੇ ਲਗਦੇ ਹਨ। ਇਸ ਦਿਨ ਸਿੱਖਾਂ ਦੇ 10ਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 1699 ’ਚ ਪਵਿੱਤਰ ਸ਼ਹਿਰ ਸ੍ਰੀ ਅਨੰਦਪੁਰ ਸਾਹਿਬ ਵਿਖੇ ਪੰਜ ਪਿਆਰਿਆਂ ਨੂੰ ਅੰਮਿ੍ਰਤ ਛਕਾ ਕੇ ਖ਼ਾਲਸਾ ਪੰਥ ਦੀ ਸਾਜਨਾ ਕੀਤੀ ਸੀ। 13 ਅਪ੍ਰੈਲ 1699 ਨੂੰ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਵਿਖੇ ਭਾਰੀ ਇਕੱਠ ਕਰ ਕੇ ਖ਼ਾਲਸਾ ਪੰਥ ਦੀ ਸਿਰਜਣਾ ਕੀਤੀ ਸੀ। ਉਨ੍ਹਾਂ ਪੰਡਾਲ ’ਚੋਂ ਪੰਜ ਸਿਰਾਂ ਦੀ ਮੰਗ ਕੀਤੀ। ਪੰਜ ਸਿਦਕੀ ਯੋਧੇ ਭਾਈ ਦਯਾ ਰਾਮ, ਭਾਈ ਧਰਮ ਦਾਸ, ਭਾਈ ਮੋਹਕਮ ਚੰਦ, ਭਾਈ ਹਿੰਮਤ ਰਾਏ ਤੇ ਭਾਈ ਸਾਹਿਬ ਚੰਦ ਹਾਜ਼ਰ ਹੋਏ। ਉਨ੍ਹਾਂ ਪੰਜ ਪਿਆਰਿਆਂ ਨੂੰ ਅੰਮਿ੍ਰਤ ਛਕਾ ਕੇ ਅਤੇ ਉਨ੍ਹਾਂ ਹੱਥੋਂ ਖ਼ੁਦ ਅੰਮਿ੍ਰਤ ਛਕ ਕੇ ਗੋਬਿੰਦ ਰਾਇ ਤੋਂ ਗੋਬਿੰਦ ਸਿੰਘ ਬਣ ਕੇ ਖਾਲਸਾ ਪੰਥ ਦੀ ਨੀਂਹ ਰੱਖੀ। ਗੁਰੂ ਜੀ ਨੇ ਕਿਹਾ ਕਿ ‘ਖ਼ਾਲਸਾ ਗੁਰੂ ਵਿਚ ਹੈ ਅਤੇ ਗੁਰੂ ਖ਼ਾਲਸੇ ਵਿਚ।’ ਇਸ ਦਿਨ ਤੋਂ ਵਿਸਾਖੀ ਦਾ ਇਹ ਤਿਉਹਾਰ ਖ਼ਾਲਸਾ ਪੰਥ ਦੇ ਸਥਾਪਨਾ ਦਿਵਸ ਵਜੋਂ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਸ੍ਰੀ ਗੁਰੂ ਅਮਰਦਾਸ ਜੀ ਨੇ 1539 ਈਸਵੀ ਨੂੰ ਵਿਸਾਖੀ ਦੇ ਸ਼ੁੱਭ ਦਿਹਾੜੇ ’ਤੇ ਹੀ ਗੋਇੰਦਵਾਲ ਸਾਹਿਬ ਵਿਖੇ ਜੋੜ ਮੇਲਾ ਕਰਨ ਦੀ ਰੀਤ ਸ਼ੁਰੂ ਕੀਤੀ ਸੀ। ਲੰਗਰ ਪ੍ਰਥਾ ਸ਼ੁਰੂ ਕਰ ਕੇ ਜਾਤ-ਪਾਤ ਨੂੰ ਦੂਰ ਕਰਨ ਦਾ ਸੁਨੇਹਾ ਦਿੱਤਾ। ਭਾਵੇਂ ਵਿਸਾਖੀ ਦੇ ਤਿਉਹਾਰ ਦਾ ਸਬੰਧ ਕਣਕ ਦੀ ਫ਼ਸਲ ਪੱਕਣ ਨਾਲ ਹੈ ਪਰ ਇਸ ਦੀ ਇਤਿਹਾਸਕ ਮਹਾਨਤਾ ਕਰ ਕੇ ਇਸ ਦਿਨ ਦਾ ਮਹੱਤਵ ਹੋਰ ਵਧ ਜਾਂਦਾ ਹੈ।
ਸਾਕਾ ਜਲ੍ਹਿਆਂਵਾਲਾ ਬਾਗ਼
ਦੇਸ਼ ਭਰ ’ਚ ਵਿਸਾਖੀ ਪੁਰਬ ਜਿੱਥੇ ਪ੍ਰਾਚੀਨ ਇਤਿਹਾਸ, ਨਵੀਂ ਫ਼ਸਲ ਦੀ ਆਮਦ ਤੇ ਖ਼ਾਲਸਾ ਪੰਥ ਦੇ ਸਥਾਪਨਾ ਨਾਲ ਸਬੰਧਤ ਹੋਣ ਕਰਕੇ ਮਨਾਇਆ ਜਾਂਦਾ ਹੈ, ਉੱਥੇ ਇਸ ਨਾਲ ਅੰਮਿ੍ਰਤਸਰ ਦੇ ਜਲ੍ਹਿਆਂਵਾਲਾ ਬਾਗ਼ ਦਾ ਸਾਕਾ ਵੀ ਜੁੜਿਆ ਹੋਇਆ ਹੈ। ਵਿਸਾਖੀ ਦਾ ਇਹ ਦਿਨ ਸਾਨੂੰ ਭਾਰਤ ਦੀ ਆਜ਼ਾਦੀ ਲਈ ਮਰ ਮਿਟਣ ਵਾਲੇ ਉਨ੍ਹਾਂ ਆਜ਼ਾਦੀ ਘੁਲਾਟੀਆਂ ਦੀ ਯਾਦ ਦਿਵਾਉਂਦਾ ਹੈ, ਜਿਨ੍ਹਾਂ ਨੇ ਦੇਸ਼ ਲਈ ਆਪਣੀਆਂ ਜਾਨਾਂ ਤਕ ਵਾਰ ਦਿੱਤੀਆਂ। ਆਜ਼ਾਦੀ ਸੰਗ੍ਰਾਮ ’ਚ ਸ਼ਾਮਲ ਲੋਕ ਬਰਤਾਨਵੀ ਸਰਕਾਰ ਵੱਲੋਂ ਲਾਗੂ ਕੀਤੇ ਰੋਲਟ ਐਕਟ ਦੇ ਵਿਰੋਧ ਵਿਚ ਥਾਂ-ਥਾਂ ਜਨ ਸਭਾਵਾਂ ਕਰ ਰਹੇ ਸਨ। ਅਜਿਹੀ ਹੀ ਇਕ ਜਨਸਭਾ 13 ਅਪ੍ਰੈਲ 1919 ਨੂੰ ਸ਼ਾਮ 4 ਵਜੇ ਜਲ੍ਹਿਆਂਵਾਲਾ ਬਾਗ਼ ’ਚ ਰੱਖੀ ਗਈ ਸੀ। ਇਥੇ ਜੁੜੇ ਲੋਕ ਆਪਣੇ ਆਗੂਆਂ ਡਾ. ਸੈਫ਼-ਉਦ-ਦੀਨ ਕਿਚਲੂ ਤੇ ਡਾ. ਸੱਤਿਆਪਾਲ ਦੀ ਗਿ੍ਰਫ਼ਤਾਰੀ ਦਾ ਵਿਰੋਧ ਕਰ ਰਹੇ ਸਨ। ਬਾਗ਼ ਵਿਚ ਜਾਣ ਤੇ ਬਾਹਰ ਨਿਕਲਣ ਲਈ ਸਿਰਫ਼ ਇਕ ਛੋਟਾ ਤੇ ਤੰਗ ਰਸਤਾ ਸੀ। ਇਸ ਮੌਕੇ ਬਰਤਾਨਵੀ ਸਰਕਾਰ ਵੱਲੋਂ ਜਨਰਲ ਡਾਇਰ ਨੂੰ ਕਮਾਂਡ ਸੰਭਾਲੀ ਗਈ ਸੀ। ਜਨਰਲ ਡਾਇਰ ਨੇ ਜਲ੍ਹਿਆਂਵਾਲਾ ਬਾਗ਼ ਵਿਖੇ ਹੋਣ ਵਾਲੇ ਜਲਸੇ ਉਪਰ ਪਾਬੰਦੀ ਲਗਾ ਦਿੱਤੀ। ਜਦੋਂ 4 ਵਜੇ ਵੱਡੀ ਗਿਣਤੀ ’ਚ ਲੋਕ ਜਲ੍ਹਿਆਂਵਾਲਾ ਬਾਗ਼ ਵਿਚ ਪਹੁੰਚ ਚੁੱਕੇ ਸਨ ਤਾਂ ਬਿਨਾਂ ਕਿਸੇ ਭੜਕਾਹਟ ਤੇ ਚਿਤਾਵਨੀ ਦੇ ਜਨਰਲ ਡਾਇਰ ਨੇ ਅੰਗਰੇਜ਼ ਸਰਕਾਰ ਵਿਰੁੱਧ ਲੋਕਾਂ ’ਚ ਉੱਠ ਰਹੀ ਵਿਰੋਧ ਦੀ ਲਾਟ ਨੂੰ ਬੁਝਾਉਣ ਤੇ ਆਜ਼ਾਦੀ ਸੰਗ੍ਰਾਮ ’ਚ ਸ਼ਾਮਲ ਲੋਕਾਂ ਨੂੰ ਡਰਾਉਣ-ਧਮਕਾਉਣ ਦੇ ਮਕਸਦ ਨਾਲ ਇਕੱਤਰ ਲੋਕਾਂ ’ਤੇ ਅੰਨ੍ਹੇਵਾਹ ਗੋਲ਼ੀਆਂ ਦਾ ਮੀਂਹ ਵਰ੍ਹਾ ਕੇ ਅਣਗਿਣਤ ਲੋਕਾਂ ਨੂੰ ਮਾਰ ਦਿੱਤਾ। ਕਈ ਲੋਕਾਂ ਨੇ ਖੂਹ ਵਿਚ ਛਾਲ ਮਾਰ ਦਿੱਤੀ। ਅੱਜ ਵੀ ਜਲ੍ਹਿਆਂਵਾਲਾ ਬਾਗ਼ ’ਚ ਗੋਲ਼ੀਆਂ ਦੇ ਨਿਸ਼ਾਨ ਹਨ। ਇਸ ਕਰਕੇ ਅੰਮਿ੍ਰਤਸਰ ਵਿਚ ਮਨਾਏ ਜਾਂਦੇ ਵਿਸਾਖੀ ਪੁਰਬ ਨੂੰ ਉਸ ‘ਖ਼ੂਨੀ ਸਾਕੇ’ ਦੀ ਯਾਦ ਵਜੋਂ ਵੀ ਮਨਾਇਆ ਜਾਂਦਾ ਹੈ। ਇਸ ਖ਼ੂਨੀ ਕਾਂਡ ’ਚ ਸ਼ਹੀਦ ਹੋਏ ਲੋਕਾਂ ਨੂੰ ਸੱਚੀ ਸ਼ਰਧਾਂਜਲੀ ਇਹੀ ਹੋਵੇਗੀ ਕਿ ਅਸੀਂ ਪ੍ਰਣ ਕਰੀਏ ਕਿ ਅਜਿਹੇ ਗ਼ੈਰ-ਮਨੁੱਖੀ ਕਾਰੇ ਇਸ ਧਰਤੀ ’ਤੇ ਮੁੜ ਕਦੇ ਨਾ ਵਾਪਰਨ। ਇਸ ਸਾਕੇ ਦਾ ਬਦਲਾ ਸ਼ਹੀਦ ਊਧਮ ਸਿੰਘ ਨੇ ਪੰਜਾਬ ਦੇ ਉਸ ਵੇਲੇ ਦੇ ਲੈਫਟੀਨੈਂਟ ਗਵਰਨਰ ਮਾਈਕਲ ਓਡਵਾਇਰ ਨੂੰ ਇੰਗਲੈਂਡ ’ਚ ਮਾਰ ਕੇ ਲਿਆ।
- ਰਾਜਿੰਦਰ ਰਾਣੀ