ਮਮਤਾ ਨੇ ਬਚਪਨ ਤੋਂ ਹੀ ਤਕਲੀਫ਼ਾਂ ਸਹੀਆਂ ਪਰ ਉਸ ਨੇ ਹਿੰਮਤ ਤੇ ਪੜ੍ਹਾਈ ਦਾ ਸਾਥ ਨਹੀਂ ਛੱਡਿਆ। ਮਿਹਨਤ ਨਾਲ ਉਹ ਵੱਡੀ ਅਫ਼ਸਰ ਬਣੀ ਤੇ ਹੋਰ ਧੀਆਂ ਲਈ ਪ੍ਰੇਰਣਾ। ਕਹਾਣੀ ਦੱਸਦੀ ਹੈ ਕਿ ਹੌਸਲੇ ਤੇ ਸਿੱਖਿਆ ਨਾਲ ਹਰ ਸੁਪਨਾ ਪੂਰਾ ਕੀਤਾ ਜਾ ਸਕਦਾ ਹੈ...

ਇਕ ਹਨੇਰੀ ਸ਼ਾਮ, ਬਾਹਰ ਜ਼ੋਰਦਾਰ ਬਾਰਿਸ਼, ਜਿਵੇਂ ਰੱਬ ਵੀ ਉਸ ਦਾ ਦੁੱਖ ਦੇਖ ਕੇ ਰੋ ਰਿਹਾ ਸੀ। ਰਾਤ ਦੀ ਵੀਰਾਨਗੀ ’ਚ ਉਸ ਖ਼ਾਮੋਸ਼ ਔਰਤ ਦਾ ਦਿਲ ਕੁਰਲਾ ਰਿਹਾ ਸੀ। ਉਸ ਦੀਆਂ ਅੱਖਾਂ ਵਿਚਲਾ ਪਾਣੀ ਡੈਮ ਦੇ ਖੁੱਲ੍ਹੇ ਬੰਨ੍ਹ ਵਾਂਗ ਵਗ ਰਿਹਾ ਸੀ। ਦੁੱਖਾਂ ’ਚ ਡੁੱਬੀ ਮਮਤਾ ਰੋ-ਰੋ ਕੇ ਵਾਰਿਸ ਸ਼ਾਹ ਨੂੰ ਪੁਕਾਰ ਰਹੀ ਸੀ। ਉਸ ਨੂੰ ਆਪਣੀ ਗੱਲ ਸੁਣਾਉਣ ਲਈ ਆਪਣੇ ਕੋਲ ਬੁਲਾ ਰਹੀ ਸੀ ਤੇ ਵਾਰਿਸ ਸ਼ਾਹ ਜਿਵੇਂ ਦੂਰ ਬੈਠਾ ਸਭ ਸੁਣ ਰਿਹਾ ਸੀ। ਨਾਲ ਹੀ ਚੇਤੇ ਕਰ ਰਿਹਾ ਸੀ ਉਸ ਸ਼ਾਇਰਾ ਨੂੰ, ਜਿਸ ਨੇ ਅੱਜ ਤੋਂ ਪੌਣੀ ਸਦੀ ਪਹਿਲਾਂ ਮਮਤਾ ਵਾਂਗ ਹੀ ਆਪਣੀ ਕਵਿਤਾ ਰਾਹੀਂ ਉਸ ਨੂੰ ਪੁਕਾਰਿਆ ਸੀ। ਇਸ ਵਾਰ ਵਾਰਿਸ ਰਹਿ ਨਾ ਸਕਿਆ, ਮਮਤਾ ਕੋਲ ਆ ਹੀ ਪੁੱਜਾ।
ਭਿੱਜੀਆਂ-ਸੁੱਜੀਆਂ ਅੱਖਾਂ, ਖਿੱਲਰੇ ਵਾਲ ਤੇ ਮੈਲੇ ਕੱਪੜਿਆਂ ’ਚ ਬੈਠੀ ਮਮਤਾ ਉਸ ਨੂੰ ਦੇਖਦਿਆਂ ਸਾਰ ਝਰਨੇ ਵਾਂਗ ਫੁੱਟ ਪਈ। ਵਾਰਿਸ ਸ਼ਾਹ ਨੇ ਉਸ ਦੇ ਸਿਰ ’ਤੇ ਹੱਥ ਰੱਖਿਆ ਤੇ ਕਿਹਾ, ‘ਮੇਰੀਏ ਧੀਏ! ਮੈਨੂੰ ਦੱਸ ਕੀ ਹੋਇਆ ? ਆ ਗਿਆ ਹਾਂ ਮੈਂ।’ ਇਹ ਸੁਣਦਿਆਂ ਮਮਤਾ ਆਪਣੇ ਜੀਵਨ ਦੀ ਵਾਰਤਾ ਸੁਣਾਉਣ ਲੱਗ ਪਈ। ਕਹਿਣ ਲੱਗੀ, ‘ਮੈਂ ਆਪਣੀ ਮਾਂ ਦੀ ਕੁੱਖੋਂ ਜਦੋਂ ਜੰਮੀ ਸੀ ਤਾਂ ਮੇਰੇ ਪਿਓ ਨੇ ਲਾਹਨਤ ਪਾਈ ਕਿ ਮੱਝ ਮੋਈ ਧੀ ਸੂਈ।’ ਮੇਰੀ ਵਿਚਾਰੀ ਮਾਂ ਨੇ ਲੜ-ਮਰ ਕੇ ਮੈਨੂੰ ਜਿਉਂਦੀ ਤਾਂ ਰੱਖ ਲਿਆ ਪਰ ਸਾਰੀ ਉਮਰ ਦੇ ਮੇਹਣੇ ਵੀ ਉਸ ਨੇ ਪੱਲੇ ਬੰਨ੍ਹ ਲਏ। ਮੈਨੂੰ ਨਾ ਕੋਈ ਖਿਡਾਉਂਦਾ ਨਾ ਹੀ ਕੋਈ ਲਾਡ ਲਡਾਉਂਦਾ ਸੀ। ਤਿੰਨ-ਚਾਰ ਸਾਲ ਦੀ ਹੋਈ ਤਾਂ ਦੇਖਦੀ ਸੀ ਕਿ ਬਾਪੂ ਤਾਂ ਮੇਰੇ ਵੱਲ ਵੇਖ ਕੇ ਵੀ ਰਾਜ਼ੀ ਨਹੀਂ ਸੀ। ਮੇਰੀ ਮਾਂ ਤੇ ਮੇਰੇ ਮਾਮਾ ਜੀ ਕਾਫ਼ੀ ਪੜ੍ਹੇ-ਲਿਖੇ ਸਨ। ਸਿਰਫ਼ ਇਹੋ ਦੋ ਜਣੇ ਮੇਰਾ ਮੋਹ ਕਰਦੇ ਅਤੇ ਧਿਆਨ ਰੱਖਦੇ।
ਮਾਂ ਦੱਸਦੀ ਸੀ ਕਿ ਮੇਰੇ ਮਗਰੋਂ ਇਕ ਹੋਰ ਧੀ ਹੋਈ ਸੀ ਪਰ ਪਾਪੀ ਦਾਦਕਿਆਂ ਨੇ ਉਸ ਨੂੰ ਨਹਿਰ ’ਚ ਸੁੱਟ ਦਿੱਤਾ ਸੀ। ਮੈਂ ਜਦੋਂ ਛੇ ਸਾਲ ਦੀ ਸੀ ਤਾਂ ਸਾਡੇ ਘਰ ਮੇਰਾ ਭਰਾ ਹੋਇਆ। ਉਸ ਦਾ ਨਾਂ ਸੀ ਗੁਰਮੀਤ। ਗੁਰਮੀਤ ਨੂੰ ਸਾਰੇ ਲਾਡ ਲਡਾਉਂਦੇ । ਉਸ ਨੂੰ ਨਵੀਆਂ ਖੇਡਾਂ, ਕੱਪੜੇ ਸਭ ਕੁਝ ਮਿਲਦਾ। ਬਾਪੂ ਜੀ ਉਸ ਨੂੰ ਬਹੁਤ ਪਿਆਰ ਕਰਦੇ ਸਨ। ਸਵੇਰੇ-ਸਵੇਰੇ ਮੇਰੇ ਮੱਥੇ ਲੱਗ ਜਾਣ ਨੂੰ ਤਾਂ ਉਹ ਬਦਸ਼ਗਨ ਸਮਝਦੇ ਸਨ। ਮਾਂ ਵੀ ਵੀਰੇ ਨੂੰ ਜ਼ਿਆਦਾ ਮੋਹ ਕਰਨ ਲੱਗ ਪਈ ਸੀ। ਹੌਲੀ-ਹੌਲੀ ਵੱਡੇ ਹੁੰਦੇ ਗਏ ਤਾਂ ਇਹ ਵਿਤਕਰਾ ਰੂਹ ਨੂੰ ਖਾਣ ਲੱਗ ਪਿਆ। ਹਰ ਰੋਜ਼ ਮੈਂ ਇਕੱਲਿਆਂ ਬੈਠ ਕੇ ਰੋਂਦੀ ਸੀ। ਸ਼ੁਕਰ ਹੈ ਕਿ ਮਾਮਾ ਜੀ ਨੇ ਬਾਪੂ ਨਾਲ ਲੜ ਕੇ ਮੈਨੂੰ ਪੜ੍ਹਨ ਲਾ ਦਿੱਤਾ। ਉਹ ਮੈਨੂੰ ਉਸ ਨਰਕ ’ਚੋਂ ਬਾਹਰ ਲੈ ਗਏ। ਪੜ੍ਹਾਈ ਨੂੰ ਹੁਣ ਮੈਂ ਜੀਵਨ ਦਾ ਉਦੇਸ਼ ਬਣਾ ਲਿਆ ਸੀ। ਦਸ ਜਮਾਤਾਂ ਔਖਿਆਂ-ਸੌਖਿਆਂ ਪਿਓ ਨਾਲ ਲੜਦਿਆਂ ਪਹਿਲੇ ਦਰਜੇ ਵਿਚ ਪਾਸ ਕਰ ਲਈਆਂ। ਅੱਗੇ ਮੈਨੂੰ ਪੜ੍ਹਨ ਨਾ ਦਿੱਤਾ ਤੇ ਘਰ ਵਾਪਸ ਬੁਲਾ ਲਿਆ ਗਿਆ। ਬਹੁਤ ਕੁੱਟਦੇ ਸੀ। ਬਾਪੂ ਜੀ ਤਾਂ ਸ਼ਰਾਬ ਪੀ ਕੇ ਕੱਚ ਦੀ ਬੋਤਲ ਕਈ ਵਾਰ ਮੇਰੀ ਬਾਂਹ ’ਤੇ ਮਾਰ ਕੇ ਹੀ ਤੋੜ ਦਿੰਦੇ ਸਨ। ਕੱਚ ਖੁੱਭਣ ਦੇ ਨਿਸ਼ਾਨ ਅਜੇ ਵੀ ਗਏ ਨਹੀਂ। ਭਰਾ ਵੀ ਨਸ਼ੇ ਕਰਨ ਲੱਗ ਪਿਆ ਪਰ ਮੈਂ ਸਮਝ ਚੁੱਕੀ ਸੀ ਕਿ ਪੜ੍ਹਾਈ ਬਿਨਾਂ ਮੇਰਾ ਕੁਝ ਨਹੀਂ ਬਣੇਗਾ। ਮੈਂ ਇੱਕ ਦਿਨ ਲੜ ਕੇ ਮਾਮਾ ਜੀ ਦੇ ਘਰ ਆ ਗਈ। ਮੈਨੂੰ ਲੈਣ ਤਾਂ ਆਏ ਸਨ ਮਾਤਾ ਜੀ ਪਰ ਮਾਮਾ ਜੀ ਨੇ ਗੱਲ ਸੰਭਾਲ ਲਈ। ਮੈਂ ਫਿਰ ਤੋਂ ਪੜ੍ਹਾਈ ਸ਼ੁਰੂ ਕੀਤੀ ਤੇ ਬਾਰ੍ਹਵੀਂ ਪਾਸ ਕਰ ਲਈ ਅਤੇ ਕਾਲਜ ਜਾਣ ਲੱਗ ਪਈ। ਮੇਰੇ ਪਰਿਵਾਰ ਵਾਲੇ ਤਾਂ ਹੁਣ ਮੈਨੂੰ ਮਰੀ ਹੋਈ ਸਮਝ ਚੁੱਕੇ ਸਨ।
ਮੈਂ ਕਾਲਜ ’ਚ ਲਾਅ ਕਰ ਰਹੀ ਸੀ। ਇਸ ਸਾਲ ਮੇਰੇ ਨਾਲ ਬਹੁਤ ਮਾੜੀ ਘਟਨਾ ਵਾਪਰੀ। ਕਾਲਜ ਵਿਚਲੀਆਂ ਅੱਖਾਂ ਮੈਨੂੰ ਬਿਨਾਂ ਕਿਸੇ ਕਸੂਰ ਤੋਂ ਵੀ ਅੱਖਾਂ ਝੁਕਾਉਣ ਲਈ ਮਜਬੂਰ ਕਰ ਦਿੰਦੀਆਂ ਸਨ। ਉਸ ਦਿਨ ਤਾਂ ਅੱਖਾਂ ਨੇ ਹੱਦ ਕਰ ਦਿੱਤੀ। ਹੱਥ ਵੀ ਨਾਲ ਰਲ ਗਏ। ਸੋਚਿਆ ਮਾਮੀ ਜੀ ਨੂੰ ਦੱਸੂਗੀ ਪਰ ਜਦੋਂ ਮੈਂ ਉਹਨਾਂ ਨੂੰ ਦੱਸਿਆ ਤਾਂ ਉਨ੍ਹਾਂ ਨੇ ਮੈਨੂੰ ਹੀ ਘਰੋਂ ਕੱਢ ਦਿੱਤਾ। ਮੇਰੀ ਗੱਲ ਸੁਣੀ ਹੀ ਨਹੀਂ। ਕਹਿੰਦੇ ਅਸੀਂ ਨਹੀਂ ਰੱਖਣਾ ਕਿਸੇ ਦੀ ਜੂਠ ਨੂੰ। ਪਤਾ ਨਹੀਂ ਕਿਉਂ.ਮਾਮਾ ਜੀ ਵੀ ਕੁਝ ਨਾ ਬੋਲ ਸਕੇ ਉਸ ਦਿਨ। ਸੜਕਾਂ ’ਤੇ ਰੁਲਦੀ ਫਿਰਦੀ ਹਾਂ, ਅੱਖਾਂ ਮੈਨੂੰ ਖਾ ਰਹੀਆਂ ਨੇ... ਵਾਰਿਸ ਸ਼ਾਹ, ਕੋਈ ਹੱਲ ਦੱਸ। ਮੈਂ ਤਾਂ ਮਰ ਜਾਣਾ, ਏਡਾ ਦਿਲ ਨਹੀਂ ਹੈ ਮੇਰਾ। ਤੂੰ ਤਾਂ ਧੀਆਂ ਦਾ ਦਰਦ ਪਛਾਣਦਾ ਏ।’ ਵਾਰਿਸ ਸ਼ਾਹ ਤਰਸ ਭਰੀਆਂ ਅੱਖਾਂ ਨਾਲ ਮਮਤਾ ਵੱਲ ਵੇਖ ਕੇ ਉਸ ਦੇ ਮੋਢੇ ’ਤੇ ਹੱਥ ਰੱਖ ਕੇ ਉਸ ਨੂੰ ਪੁੱਛਦਾ ਹੈ, ‘ਤੇਰੀ ਕੀ ਇੱਛਾ ਹੈ’? ਮਮਤਾ ਜਿਵੇਂ ਹਨੇਰੇ ਵਿੱਚੋਂ ਜਵਾਬ ਲੱਭਦੀ ਹੋਈ ਉਸ ਵਿਚ ਹੀ ਖੋਹ ਗਈ ਅਤੇ ਫਿਰ ਇਕਦਮ ਸਾਰਾ ਕੁਝ ਸੁਣਾ ਗਈ। ਕਹਿੰਦੀ, ‘ਮੈਂ ਅੱਗੇ ਪੜ੍ਹ ਕੇ ਚੰਗੀ ਨੌਕਰੀ ਹਾਸਲ ਕਰਨਾ ਚਾਹੁੰਦੀ ਹਾਂ। ਵਾਰਿਸ ਨੇ ਉਸ ਵੱਲ ਮੱਠੀ ਜਿਹੀ ਮੁਸਕਾਨ ਦੇ ਕੇ ਕਿਹਾ,‘ਤੂੰ ਬਹੁਤ ਸਮਰੱਥ ਹੈ। ਰੁਕਣਾ ਕਦੇ ਹੱਲ ਨਹੀਂ। ਇਨ੍ਹਾਂ ਮੁਸੀਬਤਾਂ ਦਾ ਪਹਾੜ ਸਰ ਕਰ ਕੇ ਆਪਣਾ ਸੁਪਨਾ ਪੂਰਾ ਕਰ। ਹੀਰ ਲਿਖਦਿਆਂ ਵੀ ਮੇਰੀ ਇੱਛਾ ਇਹੋ ਰਹੀ ਸੀ ਕਿ ਕੁੜੀਆਂ ਇਹ ਸਮਾਜੀ-ਝੰਜਟਾਂ ’ਚੋਂ ਬਾਹਰ ਨਿਕਲ ਕੇ ਕਾਮਯਾਬੀ ਪ੍ਰਾਪਤ ਕਰਨ। ਤੂੰ ਸਹੀ ਰਾਹ ਚੁਣਿਐਂ ਧੀਏ, ਅੱਗੇ ਵਧੀ ਚੱਲ। ਜਿੱਥੇ ਏਨਾ ਸੰਘਰਸ਼ ਕਰ ਲਿਆ, ਉੱਥੇ ਥੋੜ੍ਹਾ ਹੋਰ ਸਹੀ। ਇਹ ਸਮਾਜੀ ਰੀਤੀ-ਰਿਵਾਜਾਂ ਨੂੰ ਬਦਲਣ ਦੀ ਹੁਣ ਲੋੜ ਹੈ। ਮੈਨੂੰ ਤੇਰੇ ਤੇ ਤੇਰੀ ਹਿੰਮਤ ’ਤੇ ਪੂਰਾ ਯਕੀਨ ਹੈ।’
ਮਮਤਾ ਹੌਸਲੇ ਭਰੀ ਮੁਸਕਾਨ ਦਿੰਦੀ ਅੱਖਾਂ ਵਿਚ ਪਾਣੀ ਲੈ ਕੇ ਖੜ੍ਹੀ ਹੋ ਗਈ ਅਤੇ ਆਪਣੇ ਅੰਦਰ ਬਲਦੀ ਚਾਨਣ ਦੀ ਚਿਣਗ਼ ਨੂੰ ਮਹਿਸੂਸ ਕਰਨ ਲੱਗ ਪਈ। ਹੁਣ ਲੋਕ ਮਮਤਾ ਨੂੰ ਸਲੂਟ ਮਾਰ ਕੇ ਲੰਘਦੇ ਨੇ। ਵੱਡੇ ਤੋਂ ਵੱਡੇ ਅਫ਼ਸਰ ਦੱਬ ਜਾਂਦੇ ਨੇ ਹੁਣ। ਦੱਬਣ ਵੀ ਕਿਉਂ ਨਾ? ਉਸ ਹੀਰ ਨੇ ਤਿੰਨ ਸਾਲ ਪੜ੍ਹਾਈ ਕਰ ਕੇ ਆਈਏਐੱਸ ਦਾ ਇਮਤਿਹਾਨ ਅੱਵਲ ਦਰਜੇ ’ਚ ਰਹਿ ਕੇ ਪਾਸ ਕਰ ਲਿਆ ਤੇ ਹੁਣ ਵੱਡੇ ਅਹੁਦੇ ’ਤੇ ਬੈਠੀ ਹੈ ਪਰ ਉਹਦੇ ਫ਼ਿਕਰ ਹਾਲੇ ਮੁੱਕੇ ਨਹੀਂ। ਉਹ ਫ਼ਿਕਰਮੰਦ ਹੈ ਉਨ੍ਹਾਂ ਧੀਆਂ ਲਈ, ਜਿਨ੍ਹਾਂ ਨੂੰ ਮਾਪੇ ਬੇਦਖ਼ਲ ਕਰ ਦਿੰਦੇ ਨੇ, ਫ਼ੋਕੇ ਰੀਤੀ-ਰਿਵਾਜਾਂ ਵਿਚ ਬੰਨ੍ਹ ਦਿੰਦੇ ਨੇ, ਗੰਦੀ ਸੋਚ ਨਾਲ ਕੁਚਲ ਦਿੰਦੇ ਨੇ, ਮੁੰਡਿਆਂ ਤੋਂ ਘੱਟ ਸਮਝਦੇ ਨੇ ,ਰੂੜੀ ’ਤੇ ਸੁੱਟ ਦਿੰਦੇ ਹਨ ਜਾਂ ਪੜ੍ਹਾਈ ਕਰਵਾਉਣ ਤੋਂ ਇਨਕਾਰ ਕਰ ਦਿੰਦੇ ਨੇ। ਸੋਚ ਰਹੀ ਹਾਂ ਕਿ ਉਨ੍ਹਾਂ ਲਈ ਕਿਹੜੇ-ਕਿਹੜੇ ਉਪਰਾਲੇ ਕਰਾਂ ਤਾਂ ਜੋ ਉਹ ਉਹਦੇ ਵਾਂਗੂ ਸਮਾਜਿਕ ਸੰਘਰਸ਼ ਵਿਚ ਨਾ ਫਸਣ ਕਿਉਂਕਿ ਉਨ੍ਹਾਂ ਨੂੰ ਵੀ ਤਾਂ ਜਿਊਣ ਦਾ ਹੱਕ ਹੈ ਤੇ ਅੱਜ-ਕੱਲ੍ਹ ਮਮਤਾ ਇਸੇ ਹੀ ਮਿਸ਼ਨ ’ਤੇ ਕੰਮ ਕਰ ਰਹੀ ਹੈ।
- ਹਰਲੀਨ ਕੌਰ, ਗਿਆਰਵੀਂ,
ਬਾਬਾ ਫ਼ਰੀਦ ਪਬਲਿਕ ਸਕੂਲ, ਫ਼ਰੀਦਕੋਟ।