ਹਰ ਬੱਚੇ ਲਈ ਮਾਂ ਅਨਮੋਲ ਹੁੰਦੀ ਹੈ। ਸਹੀ ਮਾਅਨਿਆਂ ’ਚ ਮਾਂ ਦੀ ਮਮਤਾ ਤੇ ਮਹਿਮਾ ਨੂੰ ਸ਼ਬਦਾਂ ’ਚ ਬਿਆਨ ਨਹੀਂ ਕੀਤਾ ਜਾ ਸਕਦਾ, ਉਸ ਨੂੰ ਸਿਰਫ਼ ਮਹਿਸੂਸ ਕੀਤਾ ਜਾ ਸਕਦਾ ਹੈ। ਮਾਂ ਦੁਨੀਆ ਦੇ ਹਰ ਇਨਸਾਨ ਲਈ ਖ਼ਾਸ ਹੰੁਦੀ ਹੈ। ਉਹ ਆਪਣੇ ਬੱਚੇ ਦਾ ਕਿੰਨਾ ਖ਼ਿਆਲ ਰੱਖਦੀ ਹੈ, ਉਸ ਦੀ ਹਰ ਜ਼ਰੂਰਤ ਨੂੰ ਪੂਰਾ ਕਰਦੀ ਹੈ। ਖ਼ੁਦ ਭੁੱਖੀ ਰਹਿ ਕੇ ਆਪਣੇ ਬੱਚਿਆਂ ਨੂੰ ਖੁਆਉਂਦੀ ਹੈ। ਇਸ ਲਈ ਮਾਂ ਦਾ ਰੁਤਬਾ ਦੁਨੀਆ ’ਚ ਸਭ ਤੋਂ ਉੱਚਾ ਹੈ।

ਹਰ ਬੱਚੇ ਲਈ ਮਾਂ ਅਨਮੋਲ ਹੁੰਦੀ ਹੈ। ਸਹੀ ਮਾਅਨਿਆਂ ’ਚ ਮਾਂ ਦੀ ਮਮਤਾ ਤੇ ਮਹਿਮਾ ਨੂੰ ਸ਼ਬਦਾਂ ’ਚ ਬਿਆਨ ਨਹੀਂ ਕੀਤਾ ਜਾ ਸਕਦਾ, ਉਸ ਨੂੰ ਸਿਰਫ਼ ਮਹਿਸੂਸ ਕੀਤਾ ਜਾ ਸਕਦਾ ਹੈ। ਮਾਂ ਦੁਨੀਆ ਦੇ ਹਰ ਇਨਸਾਨ ਲਈ ਖ਼ਾਸ ਹੁੰਦੀ ਹੈ। ਉਹ ਆਪਣੇ ਬੱਚੇ ਦਾ ਕਿੰਨਾ ਖ਼ਿਆਲ ਰੱਖਦੀ ਹੈ, ਉਸ ਦੀ ਹਰ ਜ਼ਰੂਰਤ ਨੂੰ ਪੂਰਾ ਕਰਦੀ ਹੈ। ਖ਼ੁਦ ਭੁੱਖੀ ਰਹਿ ਕੇ ਆਪਣੇ ਬੱਚਿਆਂ ਨੂੰ ਖੁਆਉਂਦੀ ਹੈ। ਇਸ ਲਈ ਮਾਂ ਦਾ ਰੁਤਬਾ ਦੁਨੀਆ ’ਚ ਸਭ ਤੋਂ ਉੱਚਾ ਹੈ। ਮਾਂ ਤੋਂ ਬਿਨਾਂ ਅਸੀਂ ਆਪਣੀ ਜ਼ਿੰਦਗੀ ਦੀ ਕਲਪਨਾ ਵੀ ਨਹੀਂ ਕਰ ਸਕਦੇ। ਇਕ ਮਾਂ ਹੀ ਹੈ, ਜੋ ਸਾਨੂੰ ਸੰਸਾਰ ’ਚ ਲਿਆਉਂਦੀ ਹੈ, ਉਂਗਲੀ ਫੜ ਕੇ ਚੱਲਣਾ ਸਿਖਾਉਂਦੀ ਹੈ। ਜ਼ਿੰਦਗੀ ਦੇ ਹਰ ਕਦਮ ’ਤੇ ਨਾਲ ਰਹਿ ਕੇ ਮੰਜ਼ਿਲ ਤਕ ਪਹੁੰਚਾਉਣ ’ਚ ਮਦਦ ਕਰਦੀ ਹੈ। ਮਾਂ ਨੂੰ ਵਿਸ਼ੇਸ਼ ਅਹਿਸਾਸ ਦਿਵਾਉਣ ਲਈ ਮਈ ਮਹੀਨੇ ਦੇ ਦੂਜੇ ਐਤਵਾਰ ਨੂੰ ਮਾਂ ਦਿਵਸ ਮਨਾਇਆ ਜਾਂਦਾ ਹੈ। ਇਸ ਦਿਨ ਤੁਹਾਡਾ ਵੀ ਫ਼ਰਜ਼ ਬਣਦਾ ਹੈ ਕਿ ਆਪਣੀ ਮਾਂ ਲਈ ਕੁਝ ਖ਼ਾਸ ਕਰੋ। ਮਾਂ ਦਾ ਦਿਲ ਇੰਨਾ ਵਿਸ਼ਾਲ ਹੁੰਦਾ ਹੈ ਕਿ ਉਹ ਸਾਡੀ ਵੱਡੀ ਤੋਂ ਵੱਡੀ ਗ਼ਲਤੀ ਨੂੰ ਵੀ ਹੱਸ ਕੇ ਨਜ਼ਰ-ਅੰਦਾਜ਼ ਕਰ ਦਿੰਦੀ ਹੈ ਤੇ ਸਾਡੇ ਥੋੜ੍ਹੇ ਜਿਹੇ ਪਿਆਰ ਬਦਲੇ ਮਮਤਾ ਦਾ ਸਾਗਰ ਉਛਾਲ ਦਿੰਦੀ ਹੈ। ਇਸ ਲਈ ਮਾਂ ਦੇ ਸਤਿਕਾਰ ’ਚ ਹਰ ਦਿਨ ਮਾਂ ਦਿਵਸ ਹੋਣਾ ਚਾਹੀਦਾ ਹੈ।
ਬੱਚਿਆਂ ਦੇ ਮਾਂ ਲਈ ਅਹਿਸਾਸ
ਇਸ ਦੁਨੀਆ ’ਤੇ ਆਉਣ ਤੋਂ ਪਹਿਲਾਂ ਹੀ ਸਾਡਾ ਰਿਸ਼ਤਾ ਮਾਂ ਨਾਲ ਜੁੜ ਜਾਂਦਾ ਹੈ। ਜ਼ਿੰਦਗੀ ਦੇ ਇਸ ਸਫ਼ਰ ’ਚ ਮਾਂ ਹੀ ਸਾਡੀ ਪਹਿਲੀ ਗੁਰੂ ਤੇ ਦੋਸਤ ਹੁੰਦੀ ਹੈ। ਮਾਂ ਦੇ ਪਿਆਰ ਤੇ ਕੁਰਬਾਨੀਆਂ ਨੂੰ ਇਕ ਦਿਨ ’ਚ ਬਿਆਨਣਾ ਬਹੁਤ ਔਖਾ ਹੈ ਪਰ ਇਸ ਗੁੰਝਲਦਾਰ ਦੁਨੀਆ ’ਚ ਉਲਝੇ ਅਸੀਂ ਮਾਂ ਪ੍ਰਤੀ ਆਪਣੀਆਂ ਭਾਵਨਾਵਾਂ ਨੂੰ ਦਰਸਾਉਣ ਵਿਚ ਕਿਤੇ ਨਾ ਕਿਤੇ ਪਿੱਛੇ ਰਹਿ ਜਾਂਦੇ ਹਾਂ। ਸ਼ਾਇਦ ਇਸੇ ਕਰਕੇ ਮਾਂ ਦਿਵਸ ਮਨਾਇਆ ਜਾਂਦਾ ਹੈ, ਤਾਂ ਜੋ ਅਸੀਂ ਆਪਣੀਆਂ ਮਾਵਾਂ ਨੂੰ ਬਣਦਾ ਮਾਣ-ਸਤਿਕਾਰ ਦੇ ਸਕੀਏ ਤੇ ਉਨ੍ਹਾਂ ਪ੍ਰਤੀ ਆਪਣੀਆਂ ਭਾਵਨਾਵਾਂ ਪ੍ਰਗਟ ਕਰ ਸਕੀਏ। ਮਾਂ ਦੇ ਆਸ਼ੀਰਵਾਦ ’ਚ ਉਹ ਤਾਕਤ ਹੁੰਦੀ ਹੈ, ਜਿਸ ਨਾਲ ਅਸੀਂ ਆਪਣੀ ਮੰਜ਼ਿਲ ਤਕ ਪਹੁੰਚਣ ’ਚ ਸਫਲ ਹੁੰਦੇ ਹਾਂ। ਮਾਂ ਦਿਵਸ ਮੁਬਾਰਕ।
- ਜੈਸਮੀਨ, ਮੋਰਿੰਡਾ
---------
ਵੈਸੇ ਤਾਂ ਮਾਂ ਸਾਰਿਆਂ ਨੂੰ ਪਿਆਰੀ ਹੁੰਦੀ ਹੈ, ਉਸੇ ਤਰ੍ਹਾਂ ਮੇਰੀ ਮਾਂ ਵੀ ਸਭ ਤੋਂ ਚੰਗੀ ਦੋਸਤ ਤੇ ਪਹਿਲੀ ਅਧਿਆਪਕ ਹੈ। ਮੇਰੇ ਲਈ ਸਾਹਸ ਤੇ ਹੌਸਲੇ ਦੀ ਸਭ ਤੋਂ ਵੱਡੀ ਉਦਾਹਰਨ ਹੈ। ਕਿੱਤੇ ਵਜੋਂ ਅਧਿਆਪਕਾ ਉਹ ਮੈਨੂੰ ਪੜ੍ਹਨ ਤੇ ਕੁਝ ਨਵਾਂ ਕਰਨ ਲਈ ਪ੍ਰੇਰਿਤ ਕਰਦੀ ਰਹਿੰਦੀ ਹੈ। ਮੈਂ ਜਦੋਂ ਸਕੂਲੋਂ ਘਰ ਵਾਪਸ ਆਉਂਦਾ ਹਾਂ ਤਾਂ ਸਾਰਾ ਦਿਨ ਕੀ-ਕੀ ਕੀਤਾ, ਮਾਂ ਨੂੰ ਹੀ ਦੱਸਦਾ ਹਾਂ। ਮੰਮੀ ਮੇਰੀਆਂ ਗੱਲਾਂ ਨੂੰ ਖ਼ੁਸ਼ ਹੋ ਕੇ ਸੁਣਦੀ ਹੈ। ਮੇਰੀਆਂ ਜੋ ਗੱਲਾਂ ਉਨ੍ਹਾਂ ਨੂੰ ਚੰਗੀਆਂ ਨਹੀਂ ਲੱਗਦੀਆਂ, ਉੱਥੋਂ ਡਾਂਟ ਕੇ ਪਿਆਰ ਨਾਲ ਸਮਝਾਉਂਦੇ ਹਨ ਤੇ ਜ਼ਿੰਦਗੀ ’ਚ ਅੱਗੇ ਵਧਣ ਲਈ ਪ੍ਰੇਰਦੇ ਹਨ। ਦੁਆ ਕਿ ਹਰ ਜਨਮ ਉਹੀ ਮੇਰੀ ਮਾਂ ਹੋਵੇ।
- ਤਿ੍ਰਸ਼ਾਨ ਕਾਲੜਾ, ਲੁਧਿਆਣਾ।
----------
ਮੇਰੀ ਮਾਂ ਮੇਰਾ ਆਦਰਸ਼ ਹੈ। ਕਿਹਾ ਜਾਂਦਾ ਹੈ ਕਿ ਦੁਨੀਆ ਦਾ ਸਭ ਤੋਂ ਖ਼ੂਬਸੂਰਤ ਸ਼ਬਦ ਮਾਂ ਹੈ। ਮੇਰੀ ਮਾਂ ਬੜੀ ਸਬਰ ਵਾਲੀ ਔਰਤ ਹੈ। ਉਹ ਮੈਨੂੰ ਤੇ ਮੇਰੀ ਛੋਟੀ ਭੈਣ ਨੂੰ ਬੜੇ ਪਿਆਰ ਨਾਲ ਸੰਭਾਲਦੇ ਹਨ। ਅਸੀਂ ਉਨ੍ਹਾਂ ਨੂੰ ਰਾਤ-ਰਾਤ ਭਰ ਜਾਗ ਕੇ ਬੜਾ ਤੰਗ ਕੀਤਾ ਹੈ ਪਰ ਉਨ੍ਹਾਂ ਸਾਰੀ-ਸਾਰੀ ਰਾਤ ਜਾਗ ਦੇ ਸਾਡਾ ਖ਼ਿਆਲ ਰੱਖਿਆ। ਉਹ ਸਾਡੇ ਨਾਲ-ਨਾਲ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਨੂੰ ਵੀ ਬਾਖ਼ੂਬੀ ਨਿਭਾਉਂਦੇ ਹਨ। ਅਸੀਂ ਫੁੱਲਾਂ ਵਾਂਗੂ ਖਿੜ ਜਾਂਦੇ ਹਾਂ, ਜਦੋਂ ਉਹ ਪੁੱਤ-ਪੁੱਤ ਆਖ ਬਲਾਉਂਦੀ ਹੈ।
- ਸਾਰਾ ਪਾਲ, ਨਕੋਦਰ
----------
ਮਦਰਜ਼ ਡੇਅ ਸਿਰਫ਼ ਮਾਂ ਲਈ ਨਹੀਂ ਸਗੋਂ ਬੱਚਿਆਂ ਲਈ ਵੀ ਖ਼ਾਸ ਹੁੰਦਾ ਹੈ। ਇਕ ਦਿਨ ਹੀ ਕਿਉਂ, ਮੇਰੇ ਲਈ ਤਾਂ ਹਰ ਦਿਨ ਮਦਰਜ਼ ਡੇਅ ਵਾਂਗ ਹੈ। ਮੇਰੀ ਮਾਂ ਮੇਰਾ ਆਦਰਸ਼ ਹੈ। ਮਾਂ ਦੁਨੀਆ ਦਾ ਸਭ ਤੋਂ ਪਿਆਰਾ ਸ਼ਬਦ ਹੈ। ਇਹ ਸ਼ਬਦ ਜਿੰਨਾ ਛੋਟਾ ਹੈ, ਇਸ ਦੀ ਡੂੰਘਾਈ ਇਸ ਤੋਂ ਕਿਤੇ ਜ਼ਿਆਦਾ ਹੈ। ਮੈਂ ਆਪਣੀ ਮਾਂ ਨੂੰ ਬਹੁਤ ਪਿਆਰ ਕਰਦਾ ਹਾਂ। ਉਹ ਦੁਨੀਆ ਦੀ ਸਭ ਤੋਂ ਪਿਆਰੀ ਮਾਂ ਹੈ। ਮਾਂ ਉਹ ਮਹਾਨ ਹਸਤੀ ਹੈ, ਜੋ ਦੁਨੀਆ ਬਣਾਉਂਦੀ ਹੈ। ਧਰਤੀ ’ਤੇ ਰੱਬ ਦਾ ਰੂਪ ਮਾਂ ਹੈ।
- ਅਰਸ਼, ਫਿਲੌਰ।
-------------
ਮੈਨੂੰ ਮੇਰੀ ਮਾਂ ਦੁਨੀਆ ਦੀ ਸਭ ਤੋਂ ਸੋਹਣੀ ਔਰਤ ਲੱਗਦੀ ਹੈ। ਮੇਰੀ ਮਾਂ ਨੂੰ ਵੀ ਮੇਰੇ ਤੋਂ ਸੋਹਣਾ ਕੋਈ ਨਹੀਂ ਲੱਗਦਾ। ਮੇਰੀ ਮਾਂ ਦਾ ਨਾਂ ਹਰਪ੍ਰੀਤ ਕੌਰ ਹੈ। ਉਹ ਕਦੇ-ਕਦਾਈਂ ਮੈਨੂੰ ਝਿੜਕ ਵੀ ਦਿੰਦੇ, ਜਦੋਂ ਮੈਂ ਕੋਈ ਸ਼ਰਾਰਤ ਕਰਦੀ। ਜਦੋਂ ਮੇਰੇ ਮੂੰਹੋਂ ਕਦੇ ਕਿਸੇ ਦਰਦ ਨਾਲ ‘ਹਾਏ’ ਨਿਕਲਦਾ ਤਾਂ ਉਹ ਭੱਜੀ ਆਉਂਦੀ ਤੇ ਮੈਨੂੰ ਆਪਣੀ ਛਾਤੀ ਨਾਲ ਲਾ ਲੈਂਦੀ। ਉਸੇ ਵਕਤ ਮੇਰਾ ਸਾਰਾ ਦਰਦ ਪਤਾ ਨਹੀਂ ਕਿੱਥੇ ਚਲਾ ਜਾਂਦਾ। ਮੇਰੇ ਮੂੰਹੋਂ ਦੁੱਖ ਵੇਲੇ ਸਭ ਤੋਂ ਪਹਿਲਾਂ ‘ਮਾਂ’ ਸ਼ਬਦ ਹੀ ਨਿਕਲਦਾ। ਮਾਂ ਹਮੇਸ਼ਾ ਮੈਨੂੰ ਚੰਗੇ-ਮਾੜੇ ਦੀ ਪਛਾਣ ਕਰਨ, ਅੱਗੇ ਵਧਣ ਦਾ ਜਜ਼ਬਾ, ਹੌਸਲਾ ਤੇ ਦਲੇਰੀ ਦਿੰਦੀ ਹੈ।
- ਹਰਸੀਰਤ ਕੌਰ
ਰੈਲੋਂ ਕਲਾਂ, ਰੋਪੜ
----------------
ਮੇਰੀ ਮੰਮੀ ਦਾ ਨਾਂ ਜ਼ਰੀਨਾ ਹੈ। ਮੇਰੀ ਅੰਮੀ ਮੈਨੂੰ ਬਹੁਤ ਪਿਆਰ ਕਰਦੀ। ਜਦੋਂ ਮੈਂ ਰੋਜ਼ੇ ਰੱਖਦੀ ਹਾਂ ਤਾਂ ਮੈਨੂੰ ਮਿੱਠੇ ਚੌਲ, ਸੇਵੀਆਂ ਬਣਾ ਕੇ ਦਿੰਦੀ। ਰੋਜ਼ ਮੈਨੂੰ ਸਕੂਲ ਜਾਣ ਲਈ ਤਿਆਰ ਕਰਦੀ, ਮੇਰੇ ਕੱਪੜੇ ਸੰਭਾਲ ਕੇ ਰੱਖਦੀ। ਮੈਨੂੰ ਕਦੇ ਭੁੱਖੀ ਨਹੀਂ ਰਹਿਣ ਦਿੰਦੀ। ਜਦੋਂ ਅੰਮੀ ਘਰ ਨਹੀਂ ਹੁੰਦੀ, ਮੈਨੂੰ ਘਰ ਚੰਗਾ ਨਹੀਂ ਲੱਗਦਾ। ਮੈਨੂੰ ਆਪਣੀ ਅੰਮੀ ਨਾਲ ਹੀ ਘਰ ਸੋਹਣਾ ਲੱਗਦਾ। ਮੈਨੂੰ ਆਪਣੀ ਮਾਂ ਨਾਲ ਅਥਾਹ ਪਿਆਰ ਹੈ। ਬੱਚੇ ਚਾਹੇ ਜਿੰਨੇ ਮਰਜ਼ੀ ਵੱਡੇ ਹੋ ਜਾਣ, ਮਾਂ ਲਈ ਬੱਚੇ ਹੀ ਰਹਿੰਦੇ ਹਨ।
- ਅਜ਼ਮੀ, ਚੌਥੀ
ਸਰਕਾਰੀ ਪ੍ਰਾਇਮਰੀ ਸਕੂਲ ਰੈਲੋਂ ਕਲਾਂ, ਰੋਪੜ।
------------
ਜਦੋਂ ਮੇਰੇ ਮੰਮੀ ਮੈਨੂੰ ਸਵੇਰੇ ਜਗਾਉਂਦੇ, ਮੇਰੇ ਲਈ ਉਦੋਂ ਹੀ ਦਿਨ ਚੜ੍ਹਦਾ। ਮੰਮੀ ਮੈਨੂੰ ਪ੍ਰੈੱਸ ਕੀਤੇ ਕੱਪੜੇ ਦਿੰਦੇ ਤੇ ਮੇਰੇ ਲਈ ਨਾਸ਼ਤਾ ਤਿਆਰ ਕਰ ਕੇ ਮੇਰਾ ਰੋਟੀ ਵਾਲਾ ਡੱਬਾ ਤੇ ਪਾਣੀ ਦੀ ਬੋਤਲ ਸਕੂਲ ਵਾਲੇ ਬਸਤੇ ’ਚ ਪਾਉਂਦੇ। ਉਨ੍ਹਾਂ ਨੂੰ ਹਰ ਵੇਲੇ ਆਪਣੇ ਨਾਲੋਂ ਵੱਧ ਮੇਰੀ ਫ਼ਿਕਰ ਰਹਿੰਦੀ। ਉਹ ਮੇਰੀ ਹਰ ਲੋੜ ਦਾ ਧਿਆਨ ਰੱਖਦੇ। ਜਦੋਂ ਮੈਂ ਸਕੂਲੋਂ ਘਰ ਅਉਂਦੀ ਤਾਂ ਜੇ ਮੰਮੀ ਘਰ ’ਚ ਨਜ਼ਰ ਨਾ ਆਉਣ ਤਾਂ ਮੇਰਾ ਦਿਲ ਡਰ ਜਾਂਦਾ। ਰਾਤ ਨੂੰ ਮੰਮੀ ਦੀ ਬੁੱਕਲ ’ਚ ਕਹਾਣੀਆਂ ਸੁਣਨ ਤੋਂ ਬਾਅਦ ਹੀ ਮੈਨੂੰ ਨੀਂਦ ਅਉਂਦੀ। ਆਪਣੀ ਮੰਮੀ ਤੋਂ ਬਿਨਾਂ ਮੈਂ ਜ਼ਿੰਦਗੀ ਬਾਰੇ ਕੁਝ ਵੀ ਸੋਚ ਨਹੀਂ ਸਕਦੀ।
- ਹਰਸਿਮਰਤ ਕੌਰ, ਸੱਤਵੀਂ
ਸਾਹਿਬਜ਼ਾਦਾ ਅਜੀਤ ਸਿੰਘ ਅਕੈਡਮੀ, ਰੂਪਨਗਰ।
--------------
ਮੇਰੀ ਮਾਂ, ਜਿਸ ਨੇ ਮੈਨੂੰ ਇਹ ਅਣਮੁੱਲੀ ਦਾਤ, ਇਹ ਜ਼ਿੰਦਗੀ ਉਧਾਰੀ ਦਿੱਤੀ। ਜੀਹਦੇ ਨਾਲ ਮੇਰਾ ਰਿਸ਼ਤਾ ਇਸ ਕੁੱਲ ਜਹਾਨ, ਖ਼ਲਕਤ ਤੋਂ ਪਹਿਲਾਂ ਦਾ ਹੈ। ਰੱਬੀ ਨੂਰ ਹੈ ਉਸ ਦੇ ਚਿਹਰੇ ’ਤੇ। ਮਮਤਾ ਤੇ ਸਬਰ ਨਾਲ ਉਨ੍ਹਾਂ ਦਾ ਕਣ-ਕਣ ਮਹਿਕਾਉਂਦਾ ਹੈ। ਮੈਨੂੰ ਜ਼ਿੰਦਗੀ ਦੀ ਹਰ ਮੁਸ਼ਕਿਲ, ਹਰ ਮੋੜ ’ਤੇ ਸੰਭਾਲਣ ਤੇ ਸਿੱਧੇ ਰਸਤੇ ਪਾਉਣ ਵਾਲੀ ਮਾਂ ਹੀ ਹੈ। ਮਾਂ ਦੇ ਪਿਆਰ, ਸੰਘਰਸ਼ ਤੇ ਤਿਆਗ ਦਾ ਦੇਣਾ ਮੈਂ ਉਮਰ ਭਰ ਨਹੀਂ ਦੇ ਸਕਦਾ। ਮੈਂ ਬੇਫ਼ਿਕਰ ਹਾਂ ਕਿਉਂਕਿ ਮੇਰੀ ਠੰਢੀ ਛਾਂ ਮੇਰੇ ਨਾਲ ਹੈ। ਲੋਕ ਆਖਦੇ ਨੇ ਕਿ ਮਾਂ ਰੱਬ ਦਾ ਦੂਜਾ ਰੂਪ ਹੈ ਪਰ ਮੇਰੇ ਲਈ ਰੱਬ ਤੇ ਮਾਂ ਇੱਕੋ ਹੀ ਹਨ। ਮੈਂ ਰੱਬ ਧਿਆਉਣ ਬੈਠਦਾਂ ਹਾਂ ਤਾਂ ਮੈਨੂੰ ਮੇਰੀ ਮਾਂ ਦਾ ਚਿਹਰਾ ਨਜ਼ਰੀਂ ਆਉਂਦਾ ਹੈ। ਉਹਦੀ ਬੱੁਕਲ ਵਰਗੀ ਦੁਨੀਆ ’ਤੇ ਨਿੱਘੀ ਥਾਂ ਕਿਤੇ ਨਹੀਂ ਲੱਭਣੀ।
- ਉਪਰਿੰਦਰਦੀਪ ਸਿੰਘ, ਦਸਵੀਂ
ਬਾਬਾ ਫ਼ਰੀਦ ਪਬਲਿਕ ਸਕੂਲ, ਫ਼ਰੀਦਕੋਟ।
-----------------
ਮੇਰੇ ਕੋਲ ਸ਼ਬਦ ਥੋੜ੍ਹੇ ਪੈ ਜਾਂਦੇ, ਜਦੋ ਵੀ ਮੈਂ ਮਾਂ ਬਾਰੇ ਕੁਝ ਲਿਖਣ ਦਾ ਸੋਚਦੀ ਹਾਂ। ਸਿਆਣੇ ਬਿਲਕੁਲ ਸੱਚ ਆਖਦੇ ਨੇ ਕਿ ਰੱਬ ਹਰ ਜਗ੍ਹਾ ਖ਼ੁਦ ਨਹੀਂ ਜਾ ਸਕਦਾ ਸੀ, ਇਸ ਲਈ ਉਸ ਨੇ ਮਾਂ ਨੂੰ ਬਣਾਇਆ। ਜ਼ਿੰਦਗੀ ’ਚ ਮਾਂ ਦੇ ਕਿਰਦਾਰ ਤੋਂ ਵੱਡਾ ਹੋਰ ਕੋਈ ਕਿਰਦਾਰ ਹੈ ਹੀ ਨਹੀਂ। ਉਹ ਆਪਣੇ ਸਰੀਰ ’ਚੋਂ ਇਕ ਹੋਰ ਜਾਨ ਨੂੰ ਜਨਮ ਦਿੰਦੀ ਹੈ, ਦੁਨੀਆ ਦਿਖਾਉਂਦੀ ਹੈ। ਇੰਨੇ ਦੱੁਖ-ਦਰਦ ਸਹਿ ਕੇ ਵੀ ਕੋਈ ਸ਼ਿਕਾਇਤ ਨਹੀਂ ਕਰਦੀ ਤੇ ਜ਼ਿੰਦਗੀ ਜਿਊਣ ਦਾ ਸਲੀਕਾ ਸਿਖਾਉਂਦੀ ਹੈ। ਇਕ ਮਾਂ ਹੀ ਹੈ, ਜੋ ਕਦੇ ਨਹੀਂ ਥੱਕਦੀ। ਉਸ ਨੂੰ ਕੋਈ ਛੁੱਟੀ ਨਹੀਂ ਹੰੁਦੀ ਤੇ ਬਿਨਾਂ ਤਨਖ਼ਾਹ ਲਿਆਂ ਸਾਰਾ ਦਿਨ ਘਰ ਦੇ ਕੰਮਾਂ ’ਚ ਲੱਗੀ ਰਹਿੰਦੀ ਹੈ। ਇੱਥੋ ਤਕ ਕਿ ਬਿਮਾਰ ਹੋਣ ’ਤੇ ਵੀ ਆਰਾਮ ਨਹੀਂ ਕਰਦੀ। ਆਪਣੀਆਂ ਪਰੇਸ਼ਾਨੀਆਂ ਬੱਚਿਆਂ ਤੋਂ ਲੁਕਾਉਂਦੀ ਹੈ। ਆਪਣੇ ਬੱਚਿਆਂ ਦੇ ਭਵਿੱਖ ਲਈ ਆਪਾ ਵਾਰਨ ਲਈ ਤਿਆਰ ਰਹਿਦੀ ਹੈ। ਖ਼ੁਦ ਭੁੱਖੀ ਰਹਿ ਕੇ ਬੱਚੇ ਨੂੰ ਖਵਾਉਣ ਵਾਲੀ ਮਾਂ ਹੀ ਹੁੰਦੀ ਹੈ।
- ਸ਼ਰਨਪ੍ਰੀਤ ਕੌਰ, ਜਲੰਧਰ।
--------------
ਰੱਬ ਹਰ ਜਗ੍ਹਾ ਸਾਡੇ ਨਾਲ ਨਹੀਂ ਤੁਰ ਸਕਦਾ। ਇਸੇ ਕਰਕੇ ਉਸ ਨੇ ਰੱਬ-ਰੂਪੀ ਮਾਂ ਨੂੰ ਬਣਾਇਆ ਹੈ, ਜੋ ਹਰ ਰਾਹ, ਹਰ ਕਦਮ ’ਤੇ ਸਾਡੇ ਨਾਲ ਤੁਰਦੀ ਹੈ। ਮੇਰੀ ਮਾਂ ਮੇਰੀ ਪ੍ਰੇਰਨਾਸਰੋਤ ਹੈ। ਮੇਰੀ ਤਾਕਤ, ਮਾਰਗ-ਦਰਸ਼ਕ ਤੇ ਸਭ ਤੋਂ ਵੱਡਾ ਸਹਾਰਾ ਹੈ। ਉਸ ਦੇ ਸਾਥ ਨਾਲ ਮੈਨੂੰ ਹਰ ਮੁਸ਼ਕਲ ਸੌਖੀ ਲੱਗਦੀ ਹੈ। ਸਫਲਤਾ ਪ੍ਰਾਪਤ ਕਰਨ ਲਈ ਮੇਰੀ ਮਾਂ ਨੇ ਮੈਨੂੰ ਸਿਖਾਇਆ ਹੈ ਕਿ ਪਹਿਲਾਂ ਸੋਚੋ, ਵਿਸ਼ਵਾਸ ਰੱਖੋ ਤੇ ਨੇਕੀ ਤੇ ਸੱਚਾਈ ਦੇ ਰਸਤੇ ’ਤੇ ਚੱਲਦਿਆਂ ਮਿਹਨਤ ਕਰੋ, ਕਾਮਯਾਬੀ ਜ਼ਰੂਰ ਮਿਲਦੀ ਹੈ । ਮੇਰੀ ਮਾਂ ਦੀ ਮਮਤਾ, ਪਿਆਰ ਤੇ ਉਸ ਦੇ ਤਿਆਗ ਨੂੰ ਪ੍ਰਗਟ ਕਰਨ ਦੇ ਲਈ ਇੰਨੇ ਕੁ ਸ਼ਬਦ ਵੀ ਘੱਟ ਹਨ। ਮੈਨੂੰ ਮੇਰੀ ਮਾਂ ’ਤੇ ਮਾਣ ਹੈ।
- ਦਿਲਜੋਤ ਕੌਰ, ਫ਼ਰੀਦਕੋਟ।
------------
ਇਸ ਦੁਨੀਆ ’ਤੇ ਜੇ ਕੋਈ ਸਭ ਤੋੋਂ ਵੱਧ ਸਨਮਾਨਯੋਗ ਹੈ ਤਾਂ ਉਹ ਹੈ ਮਾਂ। ਬੱਚੇ ਦੀ ਤੋਤਲੀ ਬੋਲੀ ਹੋਰ ਕੋਈ ਬੇਸ਼ੱਕ ਨਾ ਸਮਝਦਾ ਹੋਵੇ ਪਰ ਮਾਂ ਆਪਣੇ ਬੱਚੇ ਦੀ ਹਰ ਭਾਸ਼ਾ ਸਮਝਦੀ ਹੈ। ਉ ਸਨੂੰ ਬਿਨਾਂ ਆਖੇ ਵੀ ਪਤਾ ਹੁੰਦਾ ਹੈ ਕਿ ਉਸ ਦੇ ਬੱਚੇ ਨੂੰ ਕੀ ਚਾਹੀਦਾ ਹੈ। ਜਿਨ੍ਹਾਂ ਬੱਚਿਆਂ ਦੇ ਮਾਂ ਨਹੀਂ ਹੁੰਦੀ, ਉਨ੍ਹਾਂ ਦੇ ਸਿਰ ’ਤੇ ਛਾਂ ਨਹੀਂ ਹੁੰਦੀ। ਮੈਂ ਜਦ ਵੀ ਆਪਣੇ ਘਰ ਆਵਾਂ, ਤਾਂ ਸਭ ਤੋਂ ਪਹਿਲਾਂ ਆਪਣੀ ਮਾਂ ਨੂੰ ਲੱਭਦਾ ਹਾਂ। ਜਦੋਂ ਉਹ ਘਰ ਨਹੀਂ ਹੁੰਦੀ ਤਾਂ ਮੈਨੂੰ ਘਰ ਖ਼ਾਲੀ-ਖ਼ਾਲੀ ਲੱਗਦਾ ਹੈ। ਮੇਰੇ ਮੰਮੀ ਅਧਿਆਪਕ ਤੇ ਲੇਖਿਕਾ ਹਨ, ਮੈਂ ਹਮੇਸ਼ਾ ਉਨ੍ਹਾਂ ਵਰਗਾ ਬਣਨ ਦੀ ਕੋਸ਼ਿਸ਼ ਕਰਾਂਗਾ ਤੇ ਇੰਨੀ ਮਿਹਨਤ ਕਰਾਂਗਾ ਕਿ ਉਨ੍ਹਾਂ ਦੇ ਦੇਖੇ ਸੁਪਨੇ ਪੂਰੇ ਕਰ ਸਕਾਂ।
- ਨਿਸ਼ਾਨ ਸਿੰਘ, ਪਟਿਆਲਾ।
--------------
ਮੇਰੀ ਮਾਂ ਮੇਰੇ ਲਈ ਸਾਰੀ ਦੁਨੀਆ ਦੀਆਂ ਬਲਾਵਾਂ ਲੈਣ ਨੂੰ ਤਿਆਰ ਰਹਿੰਦੀ ਹੈ। ਮੇਰਾ ਚਿਹਰਾ ਦੇਖ ਕੇ ਮੇਰੀ ਮਾਂ ਦਾ ਚਿਹਰਾ ਵੀ ਖਿੜ ਜਾਂਦਾ ਹੈ। ਉਹ ਕਹਿੰਦੀ ਹੈ ਕਿ ਜਦੋਂ ਉਹ ਮੈਨੂੰ ਦੇਖਦੀ ਹੈ ਤਾਂ ਉਸ ਦੀ ਸਾਰੇ ਦਿਨ ਦੀ ਥਕਾਵਟ ਦੂਰ ਹੋ ਜਾਂਦੀ ਹੈ। ਮਾਂ ਹਮੇਸ਼ਾ ਕਹਿੰਦੀ ਹੈ ਕਿ ਮੇਰਾ ਪੁੱਤ ਦਿਨ ਦੁੱਗਣੀ ਤੇ ਰਾਤ ਚੌਗੁਣੀ ਤਰੱਕੀ ਕਰੇ। ਹੈਪੀ ਮਦਰਜ਼ ਡੇਅ।
- ਹਰਗੁਨ ਸਿੰਘ, ਪੱਟੀ।
----------------
ਮੈਂ ਜਦੋਂ ਮਾਂ ਬਾਰੇ ਕੁਝ ਲਿਖਣ ਲਈ ਬੈਠਾਂ ਤਾਂ ਸਮਝ ਨਹੀਂ ਆਇਆ ਕਿ ਇਹੋ ਜਿਹਾ ਆਪਣੀ ਮਾਂ ਬਾਰੇ ਕੀ ਲਿਖਾਂ? ਜੇ ਕੋਈ ਇਕ ਗੱਲ ਹੋਵੇ ਤਾਂ ਲਿਖਾਂ ਪਰ ਮੇਰੀ ਹਰ ਗੱਲ ਤੇ ਹਰ ਪਲ ਵਿਚ ਹੀ ਮੇਰੀ ਮਾਂ ਮੌਜੂਦ ਹੁੰਦੀ ਹੈ। ਮੈਂ ਉਸ ਲਈ ਸਿਰਫ਼ ਇਹ ਲਿਖ ਸਕਦਾ ਹੈ,‘ਸ਼ੁਕਰੀਆ! ਇਸ ਜ਼ਿੰਦਗੀ ’ਚ ਮੈਨੂੰ ਆਪਣੀ ਕੱੁਖੋਂ ਜਨਮ ਦੇਣ ਲਈ।’
- ਪ੍ਰਤੀਕ ਸਿੰਘ, ਫ਼ਰੀਦਕੋਟ।
--------------
ਮੇਰੇ ਵੱਲੋਂ ਸਾਰਿਆਂ ਨੂੰ ਮਾਂ ਦਿਵਸ ਦੀਆਂ ਮੁਬਾਰਕਾਂ। ਮੇਰੀ ਮਾਂ ਮੈਨੂੰ ਬਹੁਤ ਪਿਆਰ ਕਰਦੀ ਹੈ। ਉਹ ਸਾਰਾ ਦਿਨ ਕੰਮ ਕਰਦੀ ਹੈ ਪਰ ਕਦੇ ਨਹੀਂ ਥੱਕਦੀ ਤੇ ਫਿਰ ਵੀ ਮੇਰੇ ਨਾਲ ਖੇਡਦੀ ਹੈ। ਮੇਰੀ ਮਾਂ ਨੂੰ ਮੇਰੇ ਤੋਂ ਬਹੁਤ ਉਮੀਦਾਂ ਹਨ। ਹਰ ਮਾਂ ਚਾਹੁੰਦੀ ਹੈ ਕਿ ਉਸ ਦਾ ਬੱਚਾ ਆਪਣੇ ਪੈਰਾਂ ’ਤੇ ਖੜ੍ਹਾ ਹੋਵੇ। ਮੇਰੀ ਮਾਂ ਦਾ ਵੀ ਇਹੋ ਸੁਪਨਾ ਹੈ ਕਿ ਮੈਂ ਜ਼ਿੰਦਗੀ ’ਚ ਕਾਮਯਾਬ ਹੋਵਾਂ। ਮੈਂ ਉਸ ਦਾ ਸੁਪਨਾ ਜ਼ਰੂਰ ਪੂਰਾ ਕਰਾਂਗਾ।
- ਕੀਰਤ ਸਿੰਘ, ਕਲੇਰ (ਤਰਨਤਾਰਨ)।
------------------
ਅਸੀਂ ਦੋ ਭਰਾ ਹਾਂ ਤੇ ਸਾਡੀ ਹਮੇਸ਼ਾ ਇਹੀ ਲੜਾਈ ਹੁੰਦੀ ਹੈ ਕਿ ਮਾਂ ਕੀਹਨੂੰ ਜ਼ਿਆਦਾ ਪਿਆਰ ਕਰਦੀ ਹੈ? ਮਾਂ ਕਹਿੰਦੀ ਹੈ ਕਿ ਮੈਨੂੰ ਦੋਵੇਂ ਬਰਾਬਰ ਹਨ। ਸਾਨੂੰ ਲੱਗਦਾ ਹੈ ਕਿ ਮਾਂ ਦੇ ਦਿਲ ’ਚ ਅਨਾ ਪਿਆਰ ਹੁੰਦਾ ਹੈ ਕਿ ਉਹ ਸਾਰੀ ਦੁਨੀਆ ਦੇ ਬੱਚਿਆਂ ਨੂੰ ਪਿਆਰ ਕਰ ਸਕਦੀ ਹੈ। ਉਹ ਸਵੇਰੇ ਡਿਊਟੀ ਜਾਂਦੀ ਹੈ ਤੇ ਸ਼ਾਮ ਨੂੰ ਸਾਡੇ ਨਾਲ ਸਮਾਂ ਬਿਤਾਉਂਦੀ ਹੈ। ਉਹ ਕਦੇ ਨਹੀਂ ਥੱਕਦੀ। ਸੱਚੀਂ ਮੇਰੀ ਮਾਂ ਬਹੁਤ ਪਿਆਰੀ ਹੈ। ਪੂਰੇ ਪਰਿਵਾਰ ਦਾ ਮਜ਼ਬੂਤ ਥੰਮ੍ਹ ਹੈ। ਲਵ ਯੂ ਮਾਂ।
- ਉੱਤਮਜੋਤ ਸਿੰਘ, ਅਨੰਤਜੋਤ ਸਿੰਘ (ਤਰਨਤਾਰਨ)।
--------------
ਮਾਂ ਦਾ ਹਾਸਾ ਜਿਵੇਂ ਫੁੱਲਾਂ ਦੀ ਮਹਿਕ,
ਮਾਂ ਦੀਆਂ ਗੱਲਾਂ ਜਿਵੇਂ ਘੁਲਦੀ ਮਿਸ਼ਰੀ,
ਮਾਂ ਬਿਨਾਂ ਨਾ ਦਿਨ ਚੜ੍ਹਦਾ ਨਾ ਹੁੰਦੀ ਰਾਤ,
ਪਤਾ ਨੀ ਕਿਵੇਂ ਪਿਆਰ ਨਾਲ ਸਿਖਾ ਜਾਂਦੀ ਹਰ ਬਾਤ,
ਮਾਂ ਦੀ ਬੁੱਕਲ ਜੰਨਤ ਜਾਪਦੀ,
ਗਲ਼ ਲੱਗ ਮੇਰਾ ਰੋਣਾ ਜਿਵੇਂ ਹੋ ਜਾਂਦਾ ਛੂ-ਮੰਤਰ,
ਮੈਨੂੰ ਲੱਗਦਾ ਸ਼ਾਇਦ ਕੋਈ ਜਾਦੂ ਜਾਣਦੀ ਹੈ ਮੇਰੀ ਮਾਂ।
- ਨਮਨ, ਮੋਹਾਲੀ।
-------------
ਮੇਰੀ ਮਾਂ ਬਹੁਤ ਪਿਆਰੀ ਹੈ। ਉਹ ਮੈਨੂੰ ਬਹੁਤ ਪਿਆਰ ਕਰਦੀ ਹੈ। ਮੇਰੀ ਤੇ ਮੇਰੇ ਭਰਾ ਦੀ ਹਰ ਲੋੜ ਅੇ ਇੱਛਾ ਨੂੰ ਪੂਰਾ ਕਰਨ ਦੀ ਹੋਰ ਕੋਸ਼ਿਸ਼ ਕਰਦੀ ਹੈ। ਉਹ ਕਿੱਤੇ ਵਜੋਂ ਅਧਿਆਪਕ ਹੈ ਤੇ ਮੇਰੀ ਵੀ ਪਹਿਲੀ ਅਧਿਆਪਕ ਹੈ। ਉਨ੍ਹਾਂ ਨੂੰ ਹੱਥੀਂ ਚੀਜ਼ਾਂ ਬਣਾਉਣ ਦਾ ਬਹੁਤ ਸ਼ੌਕ ਹੈ। ਕਿਸੇ ਬੱਚੇ ਕੋਲੋਂ ਉਸ ਦੀ ਮਾਂ ਦੂਰ ਨਾ ਹੋਵੇ, ਹਰ ਬੱਚੇ ਨੂੰ ਮਾਂ ਦੀ ਗੋਦੀ ਨਿੱਘ ਮਿਲਦਾ ਰਹੇ। ਰੱਬ ਮੇਰੀ ਮਾਂ ਨੂੰ ਹਰ ਖ਼ੁਸ਼ੀ ਤੇ ਸਿਹਤਮੰਦ ਜੀਵਨ ਬਖ਼ਸ਼ੇ।
- ਵਰਲੀਨ ਕੌਰ, ਬਠਿੰਡਾ