ਤਿੱਥ-ਤਿਉਹਾਰ ਲੋਕ ਜੀਵਨ ਦਾ ਸੱਚਾ-ਸੁੱਚਾ ਪ੍ਰਗਟਾਵਾ ਹੁੰਦੇ ਹਨ। ਇਨ੍ਹਾਂ ਦਾ ਸਬੰਧ ਸਾਡੇ ਸਾਂਝੇ ਵਲਵਲਿਆਂ ਨਾਲ ਹੁੰਦਾ ਹੈ। ਖ਼ਾਸ-ਖ਼ਾਸ ਮੌਕਿਆਂ ’ਤੇ ਸਾਂਝੇ ਰੂਪ ’ਚ ਕੀਤੀਆਂ ਜਾਂਦੀਆਂ ਵਿਸ਼ੇਸ਼ ਵਿਧੀਆਂ ਤੇ ਕਿਰਿਆਵਾਂ ਹੀ ਤਿੱਥ-ਤਿਉਹਾਰਾਂ ਦਾ ਰੂਪ ਧਾਰਨ ਕਰ ਲੈਂਦੀਆਂ ਹਨ। ਉਂਜ ਭਾਰਤ ਮੇਲਿਆਂ ਤੇ ਤਿਉਹਾਰਾਂ ਦਾ ਦੇਸ਼ ਹੈ। ਇੱਥੇ ਤਿਉਹਾਰਾਂ ਦਾ ਕਾਫ਼ਲਾ ਲਗਾਤਾਰ ਤੁਰਿਆ ਹੀ ਰਹਿੰਦਾ ਹੈ।
ਤਿੱਥ-ਤਿਉਹਾਰ ਲੋਕ ਜੀਵਨ ਦਾ ਸੱਚਾ-ਸੁੱਚਾ ਪ੍ਰਗਟਾਵਾ ਹੁੰਦੇ ਹਨ। ਇਨ੍ਹਾਂ ਦਾ ਸਬੰਧ ਸਾਡੇ ਸਾਂਝੇ ਵਲਵਲਿਆਂ ਨਾਲ ਹੁੰਦਾ ਹੈ। ਖ਼ਾਸ-ਖ਼ਾਸ ਮੌਕਿਆਂ ’ਤੇ ਸਾਂਝੇ ਰੂਪ ’ਚ ਕੀਤੀਆਂ ਜਾਂਦੀਆਂ ਵਿਸ਼ੇਸ਼ ਵਿਧੀਆਂ ਤੇ ਕਿਰਿਆਵਾਂ ਹੀ ਤਿੱਥ-ਤਿਉਹਾਰਾਂ ਦਾ ਰੂਪ ਧਾਰਨ ਕਰ ਲੈਂਦੀਆਂ ਹਨ। ਉਂਜ ਭਾਰਤ ਮੇਲਿਆਂ ਤੇ ਤਿਉਹਾਰਾਂ ਦਾ ਦੇਸ਼ ਹੈ। ਇੱਥੇ ਤਿਉਹਾਰਾਂ ਦਾ ਕਾਫ਼ਲਾ ਲਗਾਤਾਰ ਤੁਰਿਆ ਹੀ ਰਹਿੰਦਾ ਹੈ। ਭਾਰਤੀ ਇਨ੍ਹਾਂ ਨੂੰ ਬੜੀ ਧੂਮਧਾਮ ਨਾਲ ਮਨਾਉਂਦੇ ਹਨ। ਕੁਝ ਤਿਉਹਾਰਾਂ ਦਾ ਸਬੰਧ ਇਤਿਹਾਸ ਤੇ ਧਰਮ ਨਾਲ ਹੁੰਦਾ ਹੈ ਅਤੇ ਕੁਝ ਮੌਸਮੀ ਹੁੰਦੇ ਹਨ। ਸਾਡੇ ਦੇਸ਼ ’ਚ ਇਹ ਜਿੰਨੀ ਖ਼ੁਸ਼ੀ ਨਾਲ ਮਨਾਏ ਜਾਂਦੇ ਹਨ, ਓਨੇ ਹੋਰ ਕਿਤੇ ਨਹੀਂ ਮਨਾਏ ਜਾਂਦੇ। ਇਨ੍ਹਾਂ ਵਿੱਚੋਂ ਹੀ ਪ੍ਰਮੁੱਖ ਦੀਵਾਲੀ ਭਾਰਤ ਦਾ ਕੌਮੀ ਤਿਉਹਾਰ ਹੈ। ਇਹ ਸਰਬ-ਸਾਂਝਾ ਤਿਉਹਾਰ ਹੈ, ਜੋ ਭਾਰਤ ’ਚ ਕਿਸੇ ਨਾ ਕਿਸੇ ਰੂਪ ਵਿਚ ਮਨਾਇਆ ਜਾਂਦਾ ਹੈ। ਦੇਸੀ ਮਹੀਨੇ ਕੱਤਕ ’ਚ ਹਨੇਰੀ ਰਾਤ ਨੂੰ ਦੀਵਿਆਂ ਦੀ ਰੋਸ਼ਨੀ ਨਾਲ ਹਨੇਰੇ ਨੂੰ ਦੂਰ ਕੀਤਾ ਜਾਂਦਾ ਹੈ।
ਦੀਵਿਆਂ ਦਾ ਤਿਉਹਾਰ
ਦੀਵਾਲੀ ਸ਼ਬਦ ਦੀਪਾਵਲੀ ਜਾਂ ਦੀਪਮਾਲਾ ਤੋਂ ਬਣਿਆ ਹੈ, ਜਿਸ ਦਾ ਅਰਥ ਹੈ ਦੀਵਿਆਂ ਦੀਆਂ ਪਾਲਾਂ/ਕਤਾਰਾਂ/ਮਾਲਾ। ਦੀਵਾਲੀ ਦੀ ਰਾਤ ਲੋਕ ਆਪਣੇ ਘਰਾਂ ਦੀਆਂ ਕੰਧਾਂ, ਬਨੇਰਿਆਂ ਤੇ ਗੇਟਾਂ ਉੱਤੇ ਦੀਵੇ, ਮੋਮਬੱਤੀਆਂ ਜਾਂ ਬਿਜਲੀ ਦੇ ਬੱਲਬਾਂ ਦੀਆਂ ਲੜੀਆਂ ਲਗਾਉਂਦੇ ਹਨ। ਇਸ ਲਈ ਦੀਵਾਲੀ ਦਾ ਤਿਉਹਾਰ ਦੀਵਿਆਂ ਦਾ ਤਿਉਹਾਰ ਬਣ ਗਿਆ ਹੈ। ਇਸ ਦਾ ਸਬੰਧ ਭਾਰਤ ਦੇ ਧਾਰਮਿਕ ਅਤੇ ਇਤਿਹਾਸਕ ਵਿਰਸੇ ਨਾਲ ਹੈ। ਇਸ ਦਿਨ ਦੀ ਉਡੀਕ ਬੜੀ ਬੇਸਬਰੀ ਨਾਲ ਕੀਤੀ ਜਾਂਦੀ ਹੈ।
ਬੰਦੀਛੋੜ ਦਿਵਸ
ਦੀਵਾਲੀ ਦੁਸਹਿਰੇ ਤੋਂ 20 ਦਿਨਾਂ ਬਾਅਦ ਮਨਾਈ ਜਾਂਦੀ ਹੈ। ਇਸ ਦਿਨ ਆਯੁੱਧਿਆ ਦੇ ਰਾਜਾ ਸ੍ਰੀ ਰਾਮ ਚੰਦਰ ਜੀ 14 ਵਰ੍ਹਿਆਂ ਦਾ ਬਨਵਾਸ ਕੱਟ ਕੇ ਵਾਪਸ ਆਏ ਸਨ। ਇਸ ਕਰਕੇ ਆਯੁੱਧਿਆ ਵਾਸੀਆਂ ਨੇ ਉਨ੍ਹਾਂ ਦੇ ਆਉਣ ਦੀ ਖ਼ੁਸ਼ੀ ’ਚ ਘਿਉ ਦੇ ਦੀਵੇ ਬਾਲੇ ਸਨ। ਜੈਨ ਸੰਪ੍ਰਦਾਇ ਦੇ ਗੁਰੂ ਭਗਵਾਨ ਮਹਾਵੀਰ ਨੂੰ ਇਸ ਦਿਨ ਨਿਰਵਾਣ ਦੀ ਪ੍ਰਾਪਤੀ ਹੋਈ ਸੀ। ਇਸ ਕਰਕੇ ਜੈਨ ਸੰਪ੍ਰਦਾਇ ਦੇ ਲੋਕ ਦੀਵਾਲੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਉਂਦੇ ਹਨ। ਸਿੱਖ ਧਰਮ ’ਚ ਇਹ ਤਿਉਹਾਰ ਬੰਦੀਛੋੜ ਦਿਵਸ ਦੇ ਰੂਪ ’ਚ ਮਨਾਇਆ ਜਾਂਦਾ ਹੈ। ਸਿੱਖਾਂ ਦੇ ਛੇਵੇਂ ਗੁਰੂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਗਵਾਲੀਅਰ ਦੇ ਕਿਲ੍ਹੇ ਤੋਂ 52 ਪਹਾੜੀ ਰਾਜਿਆਂ ਨੂੰ ਕੈਦ ਤੋਂ ਛੁਡਵਾਇਆ ਸੀ ਤੇ ਦੀਵਾਲੀ ਵਾਲੇ ਦਿਨ ਗੁਰੂ ਹਰਿਗੋਬਿੰਦ ਸਾਹਿਬ ਜੀ ਅੰਮ੍ਰਿਤਸਰ ਪਹੁੰਚੇ ਸਨ। ਲੋਕਾਂ ਨੇ ਦੇਸੀ ਘਿਓ ਦੇ ਦੀਵੇ ਜਗਾ ਕੇ ਰੋਸ਼ਨੀਆਂ ਕੀਤੀਆਂ, ਉਦੋਂ ਤੋਂ ਦੀਵਾਲੀ ਦੇ ਤਿਉਹਾਰ ਨੂੰ ‘ਬੰਦੀਛੋੜ ਦਿਵਸ’ ਵਜੋਂ ਮਨਾਇਆ ਜਾਣ ਲੱਗਿਆ।
ਦੇਖਣ ਵਾਲੀ ਹੁੰਦੀ ਅੰਮ੍ਰਿਤਸਰ ਦੀ ਦੀਵਾਲੀ
ਨਿਰਸੰਦੇਹ ਦੀਵਾਲੀ ਸਾਰੇ ਭਾਰਤ ’ਚ ਮਨਾਈ ਜਾਂਦੀ ਹੈ ਪਰ ਅੰਮ੍ਰਿਤਸਰ ਦੀ ਦੀਵਾਲੀ ਵਿਸ਼ੇਸ਼ ਤੌਰ ’ਤੇ ਦੇਖਣਯੋਗ ਹੁੰਦੀ ਹੈ। ਸ੍ਰੀ ਹਰਿਮੰਦਰ ਸਾਹਿਬ ਨੂੰ ਵਿਸ਼ੇਸ਼ ਤੌਰ ’ਤੇ ਸਜਾਇਆ ਜਾਂਦਾ ਹੈ। ਚਾਰ ਚੁਫ਼ੇਰੇ ਜਗਮਗ-ਜਗਮਗ ਹੁੰਦੀ ਹੈ। ਸ਼ਾਮ ਨੂੰ ਹਰਿਮੰਦਰ ਸਾਹਿਬ ਵਿਖੇ ਹੁੰਦੀ ਦੀਪਮਾਲਾ ਨੂੰ ਦੇਖਣ ਲਈ ਲੋਕ ਦੇਸ਼-ਵਿਦੇਸ਼ ਤੋਂ ਆਉਂਦੇ ਹਨ। ਸਰੋਵਰ ਦੇ ਚਾਰੇ ਪਾਸੇ ਜਗਦੇ ਹੋਏ ਦੀਵਿਆਂ ਦਾ ਨਜ਼ਾਰਾ ਅਦੁੱਤੀ ਦ੍ਰਿਸ਼ ਪੇਸ਼ ਕਰਦਾ ਹੈ, ਜੋ ਸਾਰਿਆਂ ਦੇ ਮਨ ਨੂੰ ਮੋਹ ਲੈਂਦਾ ਹੈ। ਇਸੇ ਲਈ ਤਾਂ ਕਹਿੰਦੇ ਹਨ :
ਦਾਲ-ਰੋਟੀ ਘਰ ਦੀ, ਦੀਵਾਲੀ ਅੰਬਰਸਰ ਦੀ।
ਕੀਤੀ ਜਾਂਦੀ ਲੱਛਮੀ ਮਾਤਾ ਦੀ ਪੂਜਾ
ਭਾਵੇਂ ਦੀਵਾਲੀ ਵਾਲੇ ਦਿਨ ਹਰ ਧਾਰਮਿਕ ਸਥਾਨ ’ਤੇ ਪਾਠ-ਪੂਜਾ ਹੁੰਦੀ ਹੈ ਪਰ ਇਸ ਰਾਤ ਲੋਕ ਆਪਣੇ-ਆਪਣੇ ਘਰਾਂ ’ਚ ਵਿਸ਼ੇਸ਼ ਤੌਰ ’ਤੇ ਲੱਛਮੀ ਮਾਤਾ ਦੀ ਪੂਜਾ ਕਰਦੇ ਹਨ ਤੇ ਦਾਨ-ਪੁੰਨ ਵੀ ਕਰਦੇ ਹਨ। ਰਾਤ ਨੂੰ ਲੋਕ ਪਟਾਕੇ ਚਲਾਉਂਦੇ, ਮਠਿਆਈਆਂ ਖਾਂਦੇ ਹਨ। ਇਹ ਪੰਜ ਦਿਨਾਂ ਤਕ ਚੱਲਣ ਵਾਲਾ ਮੁੱਖ ਤਿਉਹਾਰ ਹੈ, ਜਿਸ ਦੇ ਹਰ ਦਿਨ ਦੀ ਆਪਣੀ ਮਹੱਤਤਾ ਅਤੇ ਰੀਤੀ-ਰਿਵਾਜ ਹੁੰਦੇ ਹਨ। ਇਨ੍ਹਾਂ ਨੂੰ ਧਨਤੇਰਸ, ਛੋਟੀ ਦੀਵਾਲੀ, ਦੀਵਾਲੀ (ਮੁੱਖ ਦਿਨ), ਗੌਵਰਧਨ ਪੂਜਾ ਅਤੇ ਭਾਈ ਦੂਜ ਦੇ ਰੂਪ ’ਚ ਮਨਾਇਆ ਜਾਂਦਾ ਹੈ। ਹਰ ਸੂਬੇ ਜਾਂ ਖੇਤਰ ’ਚ ਦੀਵਾਲੀ ਮਨਾਉਣ ਦੇ ਕਾਰਨ ਤੇ ਤਰੀਕੇ ਵੱਖਰੇ ਹਨ ਪਰ ਸਾਰੀਆਂ ਥਾਵਾਂ ’ਤੇ ਇਹ ਤਿਉਹਾਰ ਕਈ ਪੀੜ੍ਹੀਆਂ ਤੋਂ ਮਨਾਏ ਜਾਂਦੇ ਹਨ। ਲੋਕਾਂ ’ਚ ਦੀਵਾਲੀ ਦੀ ਬਹੁਤ ਉਮੰਗ ਹੁੰਦੀ ਹੈ। ਨਵੀਆਂ ਕਾਮਨਾਵਾਂ ਨਾਲ ਸਬੰਧਿਤ ਇਹ ਤਿਉਹਾਰ ਮੌਸਮੀ ਤਿਉਹਾਰ ਵੀ ਮੰਨਿਆ ਜਾਂਦਾ ਹੈ। ਰੁੱਤ ਦੀ ਬਦਲੀ ਹੋਣ ਕਰਕੇ ਪਹਿਲੇ ਸਮਿਆਂ ’ਚ ਲੋਕ ਘਰਾਂ ਦੇ ਅੰਦਰ ਸੌਣਾ ਸ਼ੁਰੂ ਕਰ ਦਿੰਦੇ ਸਨ। ਘਰ ਕੱਚੇ ਹੁੰਦੇ ਸਨ, ਇਸ ਕਰਕੇ ਅੰਦਰ ਦੀ ਸਿੱਲ੍ਹ ਤੇ ਕੀੜੇ-ਮਕੌੜਿਆਂ ਤੋਂ ਬਚਣ ਲਈ ਸਾਫ਼-ਸਫ਼ਾਈ ਕਰਦੇ ਸਨ। ਇਹ ਰਵਾਇਤ ਹੁਣ ਵੀ ਚੱਲੀ ਆ ਰਹੀ ਹੈ। ਲੋਕ ਉਸੇ ਤਰ੍ਹਾਂ ਨਾਲ ਆਪਣੇ ਘਰਾਂ ਨੂੰ ਸਾਫ਼ ਕਰਦੇ ਹਨ।
ਬੱਚੇ ਬਣਨ ਗੁਣਵਾਨ
ਬੱਚਿਆਂ ਲਈ ਦੀਵਾਲੀ ਦਾ ਤਿਉਹਾਰ ਸਿਰਫ਼ ਪਟਾਕੇ ਚਲਾਉਣ ਦਾ ਹੀ ਸੱਬਬ ਨਹੀਂ ਹੈ ਸਗੋਂ ਉਨ੍ਹਾਂ ਨੂੰ ਇਸ ਤਿਉਹਾਰ ਤੋਂ ਗੁਣਵਾਨ ਬਣਨ ਦੀ ਪ੍ਰੇਰਨਾ ਲੈਣੀ ਚਾਹੀਦੀ ਹੈ। ਆਲਸ ਛੱਡ ਕੇ ਆਪਣੀ ਪੜ੍ਹਾਈ ਨਿੱਠ ਕੇ ਕਰਨ ਦਾ ਇਰਾਦਾ ਪੱਕਾ ਕਰਨਾ ਚਾਹੀਦਾ ਹੈ। ਹੁਣ ਤੋਂ ਹੀ ਔਕੜਾਂ ਦੇ ਹਨੇਰੇ ਨੂੰ ਮਿਹਨਤ ਤੇ ਹੌਸਲੇ ਨਾਲ ਦੂਰ ਕਰਨ ਦੀ ਚੰਗੀ ਆਦਤ ਪਾ ਲੈਣੀ ਚਾਹੀਦੀ ਹੈ। ਮਨੁੱਖੀ ਸਿਹਤ ਤੇ ਵਾਤਾਵਰਨ ਦੀ ਸੁਰੱਖਿਆ ਲਈ ਸਾਨੂੰ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣ ਦਾ ਪ੍ਰਣ ਕਰਨਾ ਚਾਹੀਦਾ ਹੈ। ਇਸ ਨਾਲ ਵਾਤਾਵਰਨ ਤੇ ਆਵਾਜ਼ ਪ੍ਰਦੂਸ਼ਣ ਨੂੰ ਬਹੁਤ ਹੱਦ ਤੱਕ ਠੱਲ੍ਹ ਪਵੇਗੀ। ਮਨੁੱਖਾਂ ਦੇ ਨਾਲ-ਨਾਲ ਜੀਵ-ਜੰਤੂਆਂ ਤੇ ਪਸ਼ੂ-ਪਰਿੰਦਿਆਂ ਲਈ ਸਿਹਤਮੰਦ ਵਾਤਾਵਰਨ ਤਿਆਰ ਹੋਵੇਗਾ। ਗੁਰਬਾਣੀ ਦੇ ਫੁਰਮਾਨ ‘ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ’ ਦੇ ਉਪਦੇਸ਼ ਨੂੰ ਸਵੀਕਾਰ ਕਰਦਿਆਂ ਪ੍ਰਦੂਸ਼ਣ ਅਤੇ ਧੂੰਏਂ ਰਹਿਤ ਗ੍ਰੀਨ ਦੀਵਾਲੀ ਮਨਾਉਣ ਦਾ ਪ੍ਰਣ ਕਰਨਾ ਚਾਹੀਦਾ ਹੈ।
ਸਿਹਤ ਨਾਲ ਖਿਲਵਾੜ
ਇਸ ਦਿਨ ਸਭ ਤੋਂ ਵੱਧ ਵਿਕਰੀ ਮਠਿਆਈ ਦੀ ਹੁੰਦੀ ਹੈ। ਦੁਕਾਨਦਾਰ, ਵਪਾਰੀ ਪੈਸੇ ਕਮਾਉਣ ਲਈ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਦੇ ਹਨ। ਮਠਿਆਈ ਬਣਾਉਣ ਲਈ ਜ਼ਹਿਰੀਲੇ ਕੈਮੀਕਲ ਆਦਿ ਪਾ ਕੇ ਜ਼ਹਿਰ ਵੇਚਦੇ ਹਨ, ਜੋ ਕਿ ਸਭ ਤੋਂ ਵੱਡਾ ਪਾਪ ਕਰਦੇ ਹਨ। ਸਰਕਾਰ ਭਾਵੇਂ ਅਜਿਹੇ ਅਨਸਰਾਂ ਦਾ ਪਰਦਾਫਾਸ਼ ਕਰ ਰਹੀ ਹੈ ਪਰ ਫਿਰ ਵੀ ਸਾਨੂੰ ਇਨ੍ਹਾਂ ਦਿਨ ’ਚ ਨਕਲੀ ਮਠਿਆਈਆਂ ਤੋਂ ਬਚਣਾ ਚਾਹੀਦਾ ਹੈ। ਸਮਝਦਾਰੀ ਤੋਂ ਕੰਮ ਲੈ ਕੇ ਅਸੀਂ ਇਸ ਮਿੱਠੇ ਜ਼ਹਿਰ ਤੋਂ ਬਚ ਸਕਦੇ ਹਾਂ। ਮਿਲਾਵਟਖੋਰੀ ਵਿਰੁੱਧ ਆਵਾਜ਼ ਵੀ ਉਠਾਉਣੀ ਚਾਹੀਦੀ ਹੈ।
ਪੱਖਪਾਤ ਦੇ ਹਨੇਰੇ ਨੂੰ ਕਰਦਾ ਦੂਰ
ਆਖ਼ਰ ਇਹੀ ਕਿਹਾ ਜਾ ਸਕਦਾ ਹੈ ਕਿ ਦੀਵਾਲੀ ਸਿਰਫ਼ ਇਕ ਤਿਉਹਾਰ ਨਹੀਂ ਹੈ ਸਗੋਂ ਇਹ ਜੀਵਨ ’ਚ ਪਿਆਰ ਅਤੇ ਬੁਰਾਈ ਉੱਤੇ ਚੰਗਿਆਈ ਦੀ ਜਿੱਤ ਦਾ ਜਸ਼ਨ ਹੈ। ਇਹ ਵਿਭਿੰਨ ਪਿਛੋਕੜਾਂ ਤੇ ਭਾਈਚਾਰਿਆਂ ਦੇ ਲੋਕਾਂ ਨੂੰ ਖ਼ੁਸ਼ੀ ਤੇ ਏਕਤਾ ਦੀ ਭਾਵਨਾ ਨਾਲ ਨੇੜੇ ਲਿਆਉਂਦਾ ਹੈ। ਭਾਵੇਂ ਤਿਉਹਾਰ ਦੀਆਂ ਪ੍ਰੰਪਰਾਵਾਂ ਤੇ ਰੀਤੀ-ਰਿਵਾਜ ਵੱਖੋ-ਵੱਖਰੇ ਹੁੰਦੇ ਹਨ ਪਰ ਇਸ ਦਾ ਮੂਲ ਤੱਤ ਉਹੀ ਰਹਿੰਦਾ ਹੈ ਰੋਸ਼ਨੀ ਤੇ ਖ਼ੁਸ਼ੀ ਦਾ ਫੈਲਣਾ। ਦੀਵਾਲੀ ਪ੍ਰਤੀਬਿੰਬ, ਨਵੀਨੀਕਰਨ ਤੇ ਪਰਿਵਾਰ ਅਤੇ ਦੋਸਤਾਂ ਨਾਲ ਬੰਧਨ ਨੂੰ ਮਜ਼ਬੂਤ ਕਰਨ ਦਾ ਸਮਾਂ ਹੈ। ਸਮੁੱਚੇ ਤੌਰ ’ਤੇ ਇਹ ਸਾਡਾ ਖ਼ੁਸ਼ੀਆਂ ਭਰਿਆ ਤੇ ਸਾਂਝਾਂ ਦਾ ਤਿਉਹਾਰ ਹੈ। ਇਹ ਤਿਉਹਾਰ ਸਾਨੂੰ ਬਾਹਰੋਂ ਹੀ ਰੋਸ਼ਨ ਨਹੀਂ ਕਰਦਾ ਸਗੋਂ ਅੰਦਰੋਂ ਵੀ ਵੈਰ-ਵਿਰੋਧ ਤੇ ਪੱਖਪਾਤ ਦੇ ਹਨੇਰੇ ਨੂੰ ਦੂਰ ਕਰਦਾ ਹੈ।
• ਪ੍ਰਕਾਸ਼ ਸਿੰਘ ਗਿੱਲ