ਆਖ਼ਰ ਵਧੀਆ ਸਕੂਲ ਦੀ ਅਸਲ ਪਰਿਭਾਸ਼ਾ ਕੀ ਹੈ? ਲੱਗਦਾ ਸਿਰਫ਼ ਦਿਖਾਵੇ ਲਈ ਅਸੀਂ ਬੱਚਿਆ ਨੂੰ ਵੱਡੇ ਸਕੂਲਾਂ ਦੇ ਨਾਂ ’ਤੇ ਉਨ੍ਹਾਂ ਨੂੰ ਮਿਲਣ ਵਾਲੀਆਂ ਜ਼ਰੂਰੀ ਚੀਜ਼ਾਂ ਨਜ਼ਰ-ਅੰਦਾਜ਼ ਕਰ ਰਹੇ ਹਾਂ। ਮੁੱਢਲੀ ਸਿੱਖਿਆ ਤਾਂ ਘਰ ਹੀ ਦੇ ਸਕਦਾ ਹੈ। ਮੇਰੇ ਹਿਸਾਬ ’ਚ ਘਰ ਤੋਂ ਵਧੀਆ ਕੋਈ ਸਕੂਲ ਨਹੀਂ ਤੇ ਨਾ ਹੀ ਮਾਪਿਆਂ ਤੋਂ ਚੰਗਾ ਕੋਈ ਅਧਿਆਪਕ।
ਅਜੋਕਾ ਸਮਾਂ ਅਗਾਂਹਵਧੂ ਯੁੱਗ ਹੈ। ਹਰ ਕੋਈ ਚਾਹੁੰਦਾ ਹੈ ਕਿ ਮੇਰਾ ਬੱਚਾ ਪੜ੍ਹ-ਲਿਖ ਕੇ ਵਧੀਆਂ ਅਫ਼ਸਰ ਜਾਂ ਕਾਮਯਾਬ ਇਨਸਾਨ ਬਣੇ। ਇਸ ਲਈ ਬੱਚੇ ਨੂੰ ਗਿਆਨ ਦੇਣ ਲਈ ਸਭ ਤੋਂ ਪਹਿਲਾਂ ਸਕੂਲ ਦੀ ਚੋਣ ਕੀਤੀ ਜਾਂਦੀ ਹੈ। ਮਾਪਿਆ ਵੱਲੋਂ ਭਾਵੇਂ ਬੱਚੇ ਨੂੰ ਵਧੀਆ ਸਕੂਲ ’ਚ ਪਾਉਣ ਦੀ ਕੋਸ਼ਿਸ ਕੀਤੀ ਜਾਂਦੀ ਹੈ ਪਰ ਕਈ ਵਾਰ ਅਸੀਂ ਵਧੀਆ ਦੇ ਚੱਕਰ ’ਚ ਸਕੂਲ ਦੀ ਚੋਣ ਘਰ ਤੋਂ ਜ਼ਿਆਦਾ ਦੂਰ ਕਰ ਲੈਣ ਕਾਰਨ ਬੱਚੇ ਦੇ ਸਰੀਰਕ ਤੇ ਬੌਧਿਕ ਵਿਕਾਸ ਵੱਲ ਧਿਆਨ ਹੀ ਨਹੀਂ ਦਿੰਦੇ। ਇਸ ਲਈ ਸਕੂਲ ਦੀ ਚੋਣ ਬੱਚੇ ਦੀ ਸੁਵਿਧਾ ਅਨੁਸਾਰ ਕਰਨੀ ਜ਼ਰੂਰੀ ਹੈ ਨਾ ਕਿ ਦੇਖੋਦੇਖੀ। ਬਹੁਤ ਸਾਰੀਆਂ ਗੱਲਾਂ ਹਨ, ਜਿਨ੍ਹਾਂ ਨੂੰ ਸਮਝਣਾ ਸਿਰਫ਼ ਇਕ ਅਧਿਆਪਕ ਲਈ ਹੀ ਨਹੀਂ ਸਗੋਂ ਇਕ ਮਾਪੇ ਹੋਣ ਨਾਤੇ ਮਾਂ ਤੇ ਬਾਪ ਦੋਵਾਂ ਲਈ ਬਹੁਤ ਜ਼ਰੂਰੀ ਹੈ।
ਜ਼ਰੂਰੀ ਹਨ ਤਿੰਨ ਚੀਜ਼ਾਂ
ਛੋਟੇ ਬੱਚਿਆਂ ਲਈ ਸਭ ਤੋਂ ਜ਼ਰੂਰੀ ਤਿੰਨ ਚੀਜ਼ਾਂ ਹਨ ਸੌਣਾ, ਖਾਣਾ ਤੇ ਖੇਡਣਾ। ਇਹ ਜ਼ਰੂਰਤਾਂ ਉਦੋਂ ਹੀ ਪੂਰੀਆਂ ਹੋ ਸਕਦੀਆਂ ਹਨ, ਜੇ ਆਪਾਂ ਸਕੂਲ ਨੇੜੇ ਚੁਣੀਏ। ਅੱਜ-ਕੱਲ੍ਹ ਮੁਕਾਬਲੇ ਦਾ ਯੁੱਗ ਬਣ ਗਿਆ ਹੈ, ਜਿਸ ਵਿਚ ਅਸੀਂ ਸੋਚਦੇ ਹਾਂ ਕਿ ਬੱਚੇ ਲਈ ਸਭ ਤੋਂ ਵਧੀਆ ਤੇ ਮਹਿੰਗਾ ਸਕੂਲ ਚੁਣੀਏ। ਚਾਹੇ ਉਹ ਘਰ ਤੋਂ ਦੂਰ ਹੋਵੇ ਜਾਂ ਦੂਜੇ ਸ਼ਹਿਰ ਵਿਚ। ਕਈ ਵਾਰ ਭਵਿੱਖ ਦੀ ਚਿੰਤਾਂ ਕਰਦੇ-ਕਰਦੇ ਆਪਾਂ ਬੱਚਿਆਂ ਦਾ ਅੱਜ ਵੀ ਖ਼ਰਾਬ ਕਰ ਦਿੰਦੇ ਹਾਂ।
ਨੀਂਦ ਦਾ ਹੁੰਦਾ ਸਭ ਤੋਂ ਅਹਿਮ ਰੋਲ
ਬੱਚੇ ਦੀ ਚੰਗੀ ਸਿਹਤ ਲਈ ਨੀਂਦ ਦਾ ਸਭ ਤੋਂ ਵੱਡਾ ਰੋਲ ਹੈ ਪਰ ਸਕੂਲ ਦੀ ਦੂਰੀ ਕਰਕੇ ਬੱਚੇ ਮੁਸ਼ਕਿਲ ਨਾਲ ਹੀ ਆਪਣੀ ਨੀਂਦ ਪੂਰੀ ਕਰਦੇ ਹਨ। ਟਾਇਮ ਤੋਂ ਪਹਿਲਾਂ ਉੱਠਣ ਕਰਕੇ ਉਹ ਸਵੇਰੇ ਨਾ ਤਾਂ ਤਾਜ਼ਾ ਹੋ ਕੇ ਸਕੂਲ ਜਾਂਦੇ ਹਨ ਤੇ ਨਾ ਹੀ ਕੁਝ ਵਧੀਆ ਖਾ ਕੇ। ਅਕਸਰ ਦੇਖਿਆ ਜਾਂਦਾ ਹੈ ਕਿ ਬੱਚਾ ਸਕੂਲ ਜਾਣ ਮੌਕੇ ਵਾਹਨ ’ਚ ਹੀ ਸੌਂਦਾ ਜਾਂਦਾ ਹੈ। ਇਹ ਚੀਜ਼ਾਂ ਬਿਮਾਰੀਆਂ ਨੂੰ ਸੱਦਾ ਦੇ ਰਹੀਆਂ ਹਨ। ਸੋਚੋ ਜੇ 8 ਵਜੇ ਸਕੂਲ ਦਾ ਟਾਇਮ ਹੈ ਤਾਂ 6 ਵਜੇ ਬੱਚਾ ਬੱਸ ’ਚ ਬੈਠ ਜਾਂਦਾ ਹੈ। ਜੇ ਇਕ ਦਿਨ ’ਚ ਬੱਚਾ ਚਾਰ ਤੋਂ ਪੰਜ ਘੰਟੇ ਸਫ਼ਰ ਕਰੇਗਾ ਤਾਂ ਕੀ ਉਸ ਨੂੰ ਆਪਣੇ ਲਈ ਸਮਾਂ ਮਿਲ ਰਿਹਾ ਹੈ ਜਾਂ ਨਹੀਂ। ਸੋਚੋ, ਬੱਚਾ ਖੇਡੇਗਾ ਕਦੋਂ? ਛੋਟੀ ਉਮਰ ਵਿਚ ਸਭ ਤੋਂ ਜ਼ਰੂਰੀ ਬੱਚੇ ਦਾ ਖੇਡਣਾ ਹੈ, ਜਿਸ ਨਾਲ ਉਸ ਦੀ ਸਿਹਤ ਵੀ ਠੀਕ ਰਹੇਗੀ ਤੇ ਦਿਮਾਗ਼ ਵੀ ਚੁਸਤ ਰਹੇਗਾ। ਛੇ ਵਜੇ ਦਾ ਘਰ ਤੋਂ ਨਿਕਲਿਆ ਬੱਚਾ ਕਦੋਂ ਘਰ ਆਵੇਗਾ। ਆਉਣ ਤੋਂ ਬਾਅਦ ਫੇਰ ਸਕੂਲ ਦਾ ਕੰਮ। ਇਸ ਤਰ੍ਹਾਂ ਬੱਚੇ ਦਾ ਬੌਧਿਕ ਵਿਕਾਸ ਹੋ ਰਿਹਾ ਹੈ ਜਾਂ ਸ਼ੋਸ਼ਣ, ਇਹ ਕੋਈ ਸਮਝ ਹੀ ਨਹੀਂ ਰਿਹਾ।
ਸਕੂਲ ਦੀ ਅਸਲ ਪਰਿਭਾਸ਼ਾ
ਆਖ਼ਰ ਵਧੀਆ ਸਕੂਲ ਦੀ ਅਸਲ ਪਰਿਭਾਸ਼ਾ ਕੀ ਹੈ? ਲੱਗਦਾ ਸਿਰਫ਼ ਦਿਖਾਵੇ ਲਈ ਅਸੀਂ ਬੱਚਿਆ ਨੂੰ ਵੱਡੇ ਸਕੂਲਾਂ ਦੇ ਨਾਂ ’ਤੇ ਉਨ੍ਹਾਂ ਨੂੰ ਮਿਲਣ ਵਾਲੀਆਂ ਜ਼ਰੂਰੀ ਚੀਜ਼ਾਂ ਨਜ਼ਰ-ਅੰਦਾਜ਼ ਕਰ ਰਹੇ ਹਾਂ। ਮੁੱਢਲੀ ਸਿੱਖਿਆ ਤਾਂ ਘਰ ਹੀ ਦੇ ਸਕਦਾ ਹੈ। ਮੇਰੇ ਹਿਸਾਬ ’ਚ ਘਰ ਤੋਂ ਵਧੀਆ ਕੋਈ ਸਕੂਲ ਨਹੀਂ ਤੇ ਨਾ ਹੀ ਮਾਪਿਆਂ ਤੋਂ ਚੰਗਾ ਕੋਈ ਅਧਿਆਪਕ। ਚੰਗੇ ਸਕੂਲ ਦੀ ਚੋਣ ਕਰਨਾ ਕੋਈ ਬੁਰੀ ਗੱਲ ਨਹੀਂ ਪਰ ਜ਼ਰੂਰਤ ਤੋਂ ਜ਼ਿਆਦਾ ਸਕੂਲ ਦੀ ਘਰ ਤੋਂ ਦੂਰੀ ਬੱਚਿਆਂ ਦੀ ਸਿਹਤ ਖ਼ਰਾਬ ਕਰ ਸਕਦੀ ਹੈ। ਕਿਸੇ ਨੇ ਸਹੀ ਕਿਹਾ ਹੈ ਤੰਦਰੁਸਤ ਦਿਮਾਗ਼ ਹੀ ਵਧੀਆ ਸਰੀਰ ’ਚ ਨਿਵਾਸ ਕਰ ਸਕਦਾ ਹੈ। ਸੋ ਆਉਣ ਵਾਲੇ ਸਮੇਂ ’ਚ ਨਵੇ ਵਿੱਦਿਅਕ ਸੈਸ਼ਨ ਦੀ ਸ਼ੁਰੂਆਤ ਹੋਣੀ ਹੈ ਤੇ ਮਾਪਿਆਂ ਵੱਲੋਂ ਆਪਣੇ ਬੱਚਿਆਂ ਦੇ ਭਵਿੱਖ ਲਈ ਸਕੂਲ ਦੀ ਚੋਣ ਕਰਨੀ ਹੈ। ਮਾਪੇ ਬੱਚਿਆਂ ਦੀ ਸੁਵਿਧਾ ਅਨੁਸਾਰ ਹੀ ਸਕੂਲ ਦੀ ਚੋਣ ਕਰਨ, ਤਾਂ ਜੋ ਬੱਚੇ ਦਾ ਸੰਪੂਰਨ ਵਿਕਾਸ ਹੋ ਸਕੇ।
- ਜਸਪ੍ਰੀਤ ਕੌਰ