ਸਾਹਿਤ ਕਿਸੇ ਵੀ ਸੱਭਿਆਚਾਰ ਦਾ ਸ਼ੀਸ਼ਾ ਹੁੰਦਾ ਹੈ, ਜਿਸ ਰਾਹੀਂ ਅਸੀਂ ਸਮਾਜ ਦੀ ਪੂਰੀ ਤਸਵੀਰ ਵੇਖ ਸਕਦੇ ਹਾਂ। ਦੂਜੇ ਪਾਸੇ ਬੱਚਿਆਂ ਦੇ ਸਾਹਿਤ ਨੂੰ ਸੰਵਾਰਨ ਤੇ ਉਨ੍ਹਾਂ ’ਚ ਰਚਨਾਤਮਿਕਤਾ ਦੇ ਨਵੇਂ ਅੰਸ਼ ਪੈਦਾ ਕਰਨ ਲਈ ਬਾਲ ਮੈਗਜ਼ੀਨ ਦੀ ਭੂਮਿਕਾ ਵੀ ਬੇਹੱਦ ਮਹੱਤਵਪੂਰਨ ਰਹੀ ਹੈ। ਜਿਵੇਂ ਬੀਜ ਨੂੰ ਵਧਣ ਲਈ ਉਪਜਾਊ ਮਿੱਟੀ ਦੀ ਲੋੜ ਹੁੰਦੀ ਹੈ, ਉਸੇ ਤਰ੍ਹਾਂ ਨਵੇਂ ਲੇਖਕ ਨੂੰ ਉਤਸ਼ਾਹਿਤ ਕਰਨ, ਸੋਚ ਨੂੰ ਹੁਲਾਰਾ ਦੇਣ ਤੇ ਰਚਨਾਤਮਿਕਤਾ ਵਧਾਉਣ ਲਈ ਸਥਾਈ ਮੰਚ ਦੀ ਲੋੜ ਹੁੰਦੀ ਹੈ।

ਸਾਹਿਤ ਕਿਸੇ ਵੀ ਸੱਭਿਆਚਾਰ ਦਾ ਸ਼ੀਸ਼ਾ ਹੁੰਦਾ ਹੈ, ਜਿਸ ਰਾਹੀਂ ਅਸੀਂ ਸਮਾਜ ਦੀ ਪੂਰੀ ਤਸਵੀਰ ਵੇਖ ਸਕਦੇ ਹਾਂ। ਦੂਜੇ ਪਾਸੇ ਬੱਚਿਆਂ ਦੇ ਸਾਹਿਤ ਨੂੰ ਸੰਵਾਰਨ ਤੇ ਉਨ੍ਹਾਂ ’ਚ ਰਚਨਾਤਮਿਕਤਾ ਦੇ ਨਵੇਂ ਅੰਸ਼ ਪੈਦਾ ਕਰਨ ਲਈ ਬਾਲ ਮੈਗਜ਼ੀਨ ਦੀ ਭੂਮਿਕਾ ਵੀ ਬੇਹੱਦ ਮਹੱਤਵਪੂਰਨ ਰਹੀ ਹੈ। ਜਿਵੇਂ ਬੀਜ ਨੂੰ ਵਧਣ ਲਈ ਉਪਜਾਊ ਮਿੱਟੀ ਦੀ ਲੋੜ ਹੁੰਦੀ ਹੈ, ਉਸੇ ਤਰ੍ਹਾਂ ਨਵੇਂ ਲੇਖਕ ਨੂੰ ਉਤਸ਼ਾਹਿਤ ਕਰਨ, ਸੋਚ ਨੂੰ ਹੁਲਾਰਾ ਦੇਣ ਤੇ ਰਚਨਾਤਮਿਕਤਾ ਵਧਾਉਣ ਲਈ ਸਥਾਈ ਮੰਚ ਦੀ ਲੋੜ ਹੁੰਦੀ ਹੈ। ਬਾਲ ਮੈਗਜ਼ੀਨ ਇਸ ਰੂਪ ’ਚ ਬੱਚਿਆਂ ਲਈ ਉਤਕ੍ਰਿਸ਼ਟ ਪਾਠਕ ਮੰਚ ਸਾਬਿਤ ਹੋ ਰਿਹਾ ਹੈ। ਬੱਚੇ ਕਿਸੇ ਵੀ ਸਮਾਜ ਦਾ ਭਵਿੱਖ ਹੁੰਦੇ ਹਨ। ਉਹ ਸਿਰਫ਼ ਵਿਦਿਆਰਥੀ ਹੀ ਨਹੀਂ ਸਗੋਂ ਰਚਨਾਤਮਿਕ, ਸਮਝਦਾਰੀ ਤੇ ਨਵੀਂ ਸੋਚ ਦੇ ਅਸਲ ਨੁਮਾਇੰਦੇ ਵੀ ਹਨ। ਇਹੀ ਕਾਰਨ ਹੈ ਕਿ ਉਨ੍ਹਾਂ ਦੀਆਂ ਮੌਲਿਕ ਰਚਨਾਵਾਂ, ਜਿਵੇਂ ਕਵਿਤਾਵਾਂ, ਲੇਖ, ਕਹਾਣੀਆਂ, ਚੁਟਕਲੇ, ਨਾਟਕ ਤੇ ਚਿੱਤਰਕਾਰੀ ਆਦਿ ਸਿਰਫ਼ ਮੰਨੋਰੰਜਨ ਦਾ ਸਾਧਨ ਹੀ ਨਹੀਂ ਸਗੋਂ ਉਨ੍ਹਾਂ ਦੀ ਅੰਦਰਲੀ ਸੰਵੇਦਨਾ, ਸੋਚ ਤੇ ਸੁਪਨਿਆਂ ਦੀ ਪਰਤ-ਦਰ-ਪਰਤ ਵਿਆਖਿਆ ਹੁੰਦੀਆਂ ਹਨ। ਇਸ ਤਰ੍ਹਾਂ ਜਦੋਂ ਅਸੀਂ ਬੱਚਿਆਂ ਦੀਆਂ ਮੌਲਿਕ ਰਚਨਾਵਾਂ ਨੂੰ ਇਕੱਤਰ ਕਰ ਕੇ ਕਿਸੇ ਮੈਗਜ਼ੀਨ ਰੂਪ ’ਚ ਪੇਸ਼ ਕਰਦੇ ਹਾਂ ਤਾਂ ਉਹ ਬਾਲ ਮੈਗਜ਼ੀਨ ਦਾ ਰੂਪ ਧਾਰਨ ਕਰ ਲੈਂਦਾ ਹੈ। ਪ੍ਰਾਇਮਰੀ ਸਕੂਲਾਂ ’ਚ ਬੱਚੇ ਛੋਟੇ ਹੋਣ ਕਾਰਨ ਹੱਥ ਲਿਖਤ ਮੈਗਜ਼ੀਨ ਤਿਆਰ ਕੀਤਾ ਜਾਂਦਾ ਹੈ, ਜਦੋਂਕਿ ਸੈਕੰਡਰੀ ਸਕੂਲ ਬੱਚਿਆਂ ਦੀਆਂ ਰਚਨਾਵਾਂ ਨੂੰ ਪ੍ਰੈੱਸ ਰਾਹੀਂ ਪ੍ਰਿੰਟ ਕਰ ਕੇ ਬੱਚਿਆਂ ਤੱਕ ਪੁੱਜਦਾ ਕਰਦੇ ਹਨ। ਇਹ ਮੈਗਜ਼ੀਨ ਸਿਰਫ਼ ਇਕ ਛੋਟਾ ਕਿਤਾਬਚਾ ਨਾ ਰਹਿ ਕੇ ਲਹਿਰ ਬਣ ਜਾਂਦੀ ਹੈ, ਜੋ ਬੱਚਿਆਂ ਦੀ ਆਵਾਜ਼, ਉਨ੍ਹਾਂ ਦੀ ਭਾਵਨਾ ਤੇ ਉਨ੍ਹਾਂ ਦੇ ਰੁਝਾਨਾਂ ਨੂੰ ਅੱਗੇ ਲੈ ਜਾਂਦੀ ਹੈ।
ਕੀ ਹੈ ਮੌਲਿਕਤਾ?
ਮੌਲਿਕ ਰਚਨਾ ਉਹ ਹੁੰਦੀ ਹੈ, ਜਿਸ ਨੂੰ ਆਪਣੇ ਆਪ ਸਿਰਜਿਆ ਜਾਂਦਾ ਹੈ, ਰਚਿਆ ਜਾਂਦਾ ਹੈ ਤੇ ਲਿਖਿਆ ਜਾਂਦਾ ਹੈ। ਇਸ ਵਿਚ ਨਕਲ ਜਾਂ ਦੁਹਰਾਈ ਦੀ ਕੋਈ ਗੁੰਜਾਇਸ਼ ਨਹੀਂ ਹੁੰਦੀ। ਜਦੋਂ ਕੋਈ ਬੱਚਾ ਆਪਣੇ ਅਨੁਭਵ, ਸੁਪਨਿਆਂ ਤੇ ਵਲਵਲਿਆਂ ਦੀ ਆਪਣੀ ਕਲਪਨਾ ਸ਼ਕਤੀ ਦੇ ਆਧਾਰ 'ਤੇ ਰਚਨਾ ਕਰਦਾ ਹੈ ਤਾਂ ਉਹ ਮੌਲਿਕ ਹੁੰਦੀ ਹੈ। ਬਾਲ ਮੈਗਜ਼ੀਨ ਦੇ ਜ਼ਰੀਏ ਬੱਚਿਆਂ ਨੂੰ ਮੌਲਿਕ ਲਿਖਤਾਂ ਦੀ ਸਿਰਜਣਾ ਲਈ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ। ਸਾਡੀ ਇਹ ਕੋਸ਼ਿਸ਼ ਰਹਿਣੀ ਚਾਹੀਦੀ ਹੈ ਕਿ ਬੱਚੇ ਨੂੰ ਚੰਗਾ ਲੇਖਕ ਹੀ ਨਹੀਂ ਸਗੋਂ ਚੰਗਾ ਵਿਚਾਰਕ, ਸੰਵੇਦਨਸ਼ੀਲ ਤੇ ਜ਼ਿੰਮੇਵਾਰ ਨਾਗਰਿਕ ਵੀ ਬਣਾਉਣਾ ਹੈ।
 
ਬਚਪਨ ਤੇ ਰਚਨਾਤਮਿਕਤਾ
ਬਚਪਨ ਬੱਚਿਆਂ ਦੇ ਸੁਪਨਿਆਂ ਤੇ ਨਵੇਂ ਵਿਚਾਰਾਂ ਦਾ ਸਮਾਂ ਹੁੰਦਾ ਹੈ। ਇਸ ਦੌਰਾਨ ਬੱਚਿਆਂ ਦੀ ਸੋਚਣ ਦੀ ਸਮਰੱਥਾ ਤੇ ਕਲਪਨਾ ਸ਼ਕਤੀ ਬਹੁਤ ਤੇਜ਼ ਹੁੰਦੀ ਹੈ। ਜੇ ਇਸ ਸਮੇਂ ਉਨ੍ਹਾਂ ਨੂੰ ਲਿਖਣ ਦੀ ਆਜ਼ਾਦੀ ਮਿਲੇ, ਵਿਚਾਰਾਂ ਨੂੰ ਅਖ਼ਬਾਰ ਜਾਂ ਮੈਗਜ਼ੀਨ ਰਾਹੀਂ ਪੇਸ਼ ਕਰਨ ਦਾ ਮੌਕਾ ਮਿਲੇ ਤਾਂ ਉਨ੍ਹਾਂ ਵਿਚ ਸਿਰਜਣਾਤਮਿਕਤਾ ਦੇ ਬੀਜ ਬਹੁਤ ਮਜ਼ਬੂਤੀ ਨਾਲ ਅੱਗੇ ਵਧਦੇ ਹਨ। ਬਾਲ ਮੈਗਜ਼ੀਨ ਬੱਚਿਆਂ ਨੂੰ ਇਹ ਮੌਕਾ ਮੁਹੱਈਆ ਕਰਵਾ ਰਿਹਾ ਹੈ। ਬਾਲ ਮੈਗਜ਼ੀਨ ਉਹ ਮਾਧਿਅਮ ਹੈ, ਜੋ ਬੱਚਿਆਂ ਦੀ ਭਾਵਨਾ, ਲੇਖਣੀ, ਕਲਪਨਾ ਤੇ ਅਭਿਵਿਅਕਤੀ ਨੂੰ ਠੋਸ ਰੂਪ ਦਿੰਦਾ ਹੈ। ਇਹ ਮੈਗਜ਼ੀਨ ਨਾ ਸਿਰਫ਼ ਬੱਚਿਆਂ ਨੂੰ ਪਾਠਕ ਬਣਾਉਂਦਾ ਹੈ ਸਗੋਂ ਲੇਖਕ ਬਣਨ ਵੱਲ ਵੀ ਉਤਸ਼ਾਹਿਤ ਕਰਦਾ ਹੈ। ਇਸ ਵਿਚ ਕਹਾਣੀਆਂ, ਲੇਖ, ਨਿਬੰਧ, ਕਵਿਤਾਵਾਂ, ਰੰਗੀਨ ਚਿੱਤਰ, ਪ੍ਰਸ਼ਨੋਤਰੀ ਅਤੇ ਮਨੋਰੰਜਕ ਸਮੱਗਰੀ ਹੁੰਦੀ ਹੈ, ਜੋ ਬੱਚਿਆਂ ’ਚ ਦਿਲਚਸਪੀ ਪੈਦਾ ਕਰਦੀ ਹੈ। ਮੈਗਜ਼ੀਨ ’ਚ ਮੌਲਿਕ ਲਿਖਤਾਂ ਲਈ ਵਿਸ਼ੇਸ਼ ਥਾਵਾਂ ਰੱਖੀਆਂ ਜਾਂਦੀਆਂ ਹਨ, ਜਿਸ ਕਾਰਨ ਬੱਚੇ ਆਪਣੇ ਅੰਦਰ ਦੀ ਆਵਾਜ਼ ਨੂੰ ਕਲਮ ਰਾਹੀਂ ਬਾਹਰ ਲਿਆਉਂਦੇ ਹਨ।
ਆਤਮ-ਵਿਸ਼ਵਾਸ ਦੀ ਵਿਕਾਸ ਯਾਤਰਾ
ਜਦੋਂ ਬੱਚੇ ਦੀ ਲਿਖੀ ਹੋਈ ਕਵਿਤਾ ਜਾਂ ਕਹਾਣੀ ਕਿਸੇ ਮੈਗਜ਼ੀਨ ਵਿਚ ਛਪਦੀ ਹੈ, ਤਾਂ ਉਹ ਖ਼ੁਸ਼ੀ ਮਹਿਸੂਸ ਕਰਦੇ ਹਨ। ਇਸ ਤਜਰਬੇ ਨਾਲ ਉਨ੍ਹਾਂ ’ਚ ਆਤਮ-ਵਿਸ਼ਵਾਸ ਵਧਦਾ ਹੈ। ਉਨ੍ਹਾਂ ਨੂੰ ਲੱਗਦਾ ਹੈ ਕਿ ਉਹ ਵੀ ਕੁਝ ਲਿਖ ਸਕਦੇ ਹਨ, ਉਨ੍ਹਾਂ ਦੀ ਲਿਖਤ ਦੀ ਵੀ ਮਹੱਤਤਾ ਹੈ। ਇਹੀ ਆਤਮ-ਵਿਸ਼ਵਾਸ ਅੱਗੇ ਚੱਲ ਕੇ ਉਨ੍ਹਾਂ ਨੂੰ ਵਧੀਆ ਲੇਖਕ, ਕਵੀ ਜਾਂ ਵਿਚਾਰਕ ਬਣਾਉਂਦਾ ਹੈ।
ਲਿਖਣ ਲਈ ਮਿਲਦੀ ਦਿਸ਼ਾ
ਬਾਲ ਮੈਗਜ਼ੀਨ ਵਿਚ ਅਕਸਰ ਵਿਸ਼ੇਸ਼ ਅੰਕ ਹੁੰਦੇ ਹਨ, ਜਿਵੇਂ ਵਾਤਾਵਰਨ, ਰਾਸ਼ਟਰ ਭਗਤੀ, ਅਹਿੰਸਾ, ਮਾਤਾ-ਪਿਤਾ ਦਾ ਸਨਮਾਨ ਆਦਿ। ਇਹ ਵਿਸ਼ੇ ਬੱਚਿਆਂ ਨੂੰ ਲਿਖਣ ਲਈ ਦਿਸ਼ਾ ਦਿੰਦੇ ਹਨ। ਇਸ ਰਾਹੀਂ ਬੱਚੇ ਨਾ ਸਿਰਫ਼ ਲਿਖਣਾ ਸਿੱਖਦੇ ਹਨ ਸਗੋਂ ਨੈਤਿਕਤਾ, ਸ਼ਿਸ਼ਟਾਚਾਰ ਤੇ ਆਪਣੀ ਸਮਾਜਿਕ ਜ਼ਿੰਮੇਵਾਰੀ ਨੂੰ ਨਿਭਾਉਣਾ ਵੀ ਸਿੱਖਦੇ ਹਨ।
ਅਧਿਆਪਕਾਂ ਤੇ ਮਾਪਿਆਂ ਦੀ ਭੂਮਿਕਾ
ਜਿਵੇਂ ਇਕ ਬੀਜ ਨੂੰ ਵਧਾਉਣ ਲਈ ਮਾਲੀ ਦੀ ਲੋੜ ਹੁੰਦੀ ਹੈ, ਉਸੇ ਤਰ੍ਹਾਂ ਬੱਚਿਆਂ ’ਚ ਮੌਲਿਕ ਲਿਖਤ ਦੀ ਆਦਤ ਪੈਦਾ ਕਰਨ ਵਿਚ ਅਧਿਆਪਕਾਂ ਅਤੇ ਮਾਪਿਆਂ ਦੀ ਭੂਮਿਕਾ ਮਹੱਤਵਪੂਰਨ ਹੁੰਦੀ ਹੈ। ਅਧਿਆਪਕ, ਕਲਾਸ ਵਿਚ ਲਿਖਣ ਦੀ ਪ੍ਰੇਰਨਾ ਦੇ ਸਕਦੇ ਹਨ। ਬੱਚਿਆਂ ਕੋਲੋਂ ਮਿੰਨੀ ਕਹਾਣੀਆਂ, ਛੋਟੇ-ਛੋਟੇ ਲੇਖਾਂ ਆਦਿ ਦੀ ਰਚਨਾ ਕਰਵਾਈ ਜਾ ਸਕਦੀ ਹੈ। ਅਧਿਆਪਕ ਲੋੜ ਪੈਣ ’ਤੇ ਯੋਗ ਅਗਵਾਈ ਕਰ ਕੇ ਲਿਖਤਾਂ ਵਿਚ ਸੁਧਾਰ ਕਰ ਸਕਦੇ ਹਨ। ਇਸ ਨਾਲ ਬੱਚੇ ਲਿਖਣ ਵੱਲ ਉਤਸ਼ਾਹਿਤ ਹੋਣਗੇ। ਮਾਪੇ ਘਰ ’ਚ ਪੜ੍ਹਨ ਦਾ ਉਸਾਰੂ ਵਾਤਾਵਰਨ ਬਣਾ ਕੇ ਮੈਗਜ਼ੀਨ ਦੀ ਪ੍ਰਤੀਕਿਰਿਆ ਬੱਚਿਆਂ ਨਾਲ ਸਾਂਝੀ ਕਰ ਸਕਦੇ ਹਨ।
ਨਵੀਂ ਤਕਨੀਕ ਤੇ ਬਾਲ ਮੈਗਜ਼ੀਨ
ਆਧੁਨਿਕ ਯੁੱਗ ਵਿਚ ਬਾਲ ਮੈਗਜ਼ੀਨਾਂ ਨੇ ਆਨਲਾਈਨ ਮੰਚ ਵੀ ਵਿਕਸਿਤ ਕਰ ਲਏ ਹਨ। ਬੱਚੇ ਹੁਣ ਡਿਜੀਟਲ ਰੂਪ ਵਿਚ ਵੀ ਲਿਖ ਸਕਦੇ ਹਨ, ਆਪਣੀ ਲਿਖਤ ਨੂੰ ਸਾਂਝਾ ਕਰ ਸਕਦੇ ਹਨ ਤੇ ਹੋਰ ਬੱਚਿਆਂ ਦੀ ਲਿਖਤ ਪੜ੍ਹ ਸਕਦੇ ਹਨ। ਇਹ ਉਨ੍ਹਾਂ ਨੂੰ ਵਿਸ਼ਵ ਪੱਧਰ ’ਤੇ ਲੇਖਣੀ ਅਤੇ ਸੋਚਣੀ ਦੀ ਆਜ਼ਾਦੀ ਦਿੰਦਾ ਹੈ। ਜੇ ਬੱਚਿਆਂ ਵਿਚ ਲਿਖਣ ਦੀ ਰੁਚੀ ਪੈਦਾ ਕਰਨੀ ਹੋਵੇ ਤਾਂ ਬਾਲ ਮੈਗਜ਼ੀਨ ਵਰਗੀਆਂ ਕਲਾ-ਪੱਤ੍ਰਿਕਾਵਾਂ ਨੂੰ ਹੋਰ ਵੀ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ। ਸਕੂਲਾਂ ’ਚ ਰਚਨਾਤਮਿਕ ਲਿਖਤ ਮੁਕਾਬਲੇ, ਬੱਚਿਆਂ ਦੀ ਲਿਖਤ ਦਾ ਪ੍ਰਦਰਸ਼ਨ ਤੇ ਉਨ੍ਹਾਂ ਦੀਆਂ ਰਚਨਾਵਾਂ ਨੂੰ ਮੰਚ ਮੁਹੱਈਆ ਕਰਵਾਉਣਾ ਬਹੁਤ ਲਾਭਕਾਰੀ ਹੋ ਸਕਦਾ ਹੈ। ਮਾਪੇ ਤੇ ਅਧਿਆਪਕਾਂ ਨੂੰ ਵੀ ਬੱਚਿਆਂ ਦੀ ਲਿਖਤ ਪ੍ਰਤੀ ਗੰਭੀਰ ਹੋਣਾ ਚਾਹੀਦਾ ਹੈ।
ਪ੍ਰੇਰਨਾ ਦਾ ਮੂਲ ਸਰੋਤ
ਬਾਲ ਮੈਗਜ਼ੀਨ ਸਿਰਫ਼ ਇਕ ਪਾਠ-ਪੱਤਰ ਨਹੀਂ, ਇਹ ਵਿਅਕਤੀਗਤ ਤੇ ਸਮਾਜਿਕ ਵਿਕਾਸ ਦਾ ਸਾਧਨ ਹੈ। ਇਹ ਬੱਚਿਆਂ ਦੀ ਲਿਖਣੀ ਨੂੰ ਮੌਲਿਕਤਾ ਦੀ ਦਿਸ਼ਾ ਵੱਲ ਮੋੜਦਾ ਹੈ। ਇਹ ਮੈਗਜ਼ੀਨ ਉਨ੍ਹਾਂ ਦੀ ਆਵਾਜ਼ ਨੂੰ ਮੰਚ ਦਿੰਦਾ ਹੈ, ਜੋ ਉਨ੍ਹਾਂ ਦੇ ਵਿਅਕਤੀਗਤ ਵਿਕਾਸ ਵਿਚ ਮਾਣਯੋਗ ਭੂਮਿਕਾ ਨਿਭਾਉਂਦਾ ਹੈ। ਇਸ ਲਈ ਇਹ ਕਹਿਣਾ ਉਚਿਤ ਹੋਵੇਗਾ ਕਿ ਬਾਲ ਮੈਗਜ਼ੀਨ ਬੱਚਿਆਂ ਵਿਚ ਮੌਲਿਕ ਰਚਨਾਵਾਂ ਦੀ ਪ੍ਰੇਰਨਾ ਦਾ ਮੂਲ ਸਰੋਤ ਹੈ।
- ਬੇਅੰਤ ਸਿੰਘ ਮਲੂਕਾ