ਅੱਜ ਦਾ ਸਮਾਂ ਡਿਜੀਟਲ ਦੁਨੀਆ ਦਾ ਹੈ। ਹਰ ਘਰ ’ਚ ਮੋਬਾਈਲ, ਇੰਟਰਨੈੱਟ ਤੇ ਸੋਸ਼ਲ ਮੀਡੀਆ ਆਮ ਹੋ ਗਿਆ ਹੈ। ਬੱਚੇ ਵੀ ਇਸ ਲਹਿਰ ਤੋਂ ਬਚ ਨਹੀਂ ਸਕੇ ਹਨ। ਜਿੱਥੇ ਇਕ ਪਾਸੇ ਡਿਜੀਟਲ ਯੁੱਗ ਨੇ ਬੱਚਿਆਂ ਲਈ ਸਿੱਖਿਆ, ਗਿਆਨ ਤੇ ਤਰੱਕੀ ਦੇ ਨਵੇਂ ਰਸਤੇ ਖੋਲ੍ਹੇ ਹਨ, ਉੱਥੇ ਹੀ ਇਸ ਨੇ ਉਨ੍ਹਾਂ ਦੀ ਮਾਸੂਮੀਅਤ, ਸਿਹਤ ਅਤੇ ਭਵਿੱਖ ਨੂੰ ਵੀ ਵੱਡੇ ਖ਼ਤਰੇ ਵਿਚ ਪਾ ਦਿੱਤਾ ਹੈ।
ਅੱਜ ਦਾ ਸਮਾਂ ਡਿਜੀਟਲ ਦੁਨੀਆ ਦਾ ਹੈ। ਹਰ ਘਰ ’ਚ ਮੋਬਾਈਲ, ਇੰਟਰਨੈੱਟ ਤੇ ਸੋਸ਼ਲ ਮੀਡੀਆ ਆਮ ਹੋ ਗਿਆ ਹੈ। ਬੱਚੇ ਵੀ ਇਸ ਲਹਿਰ ਤੋਂ ਬਚ ਨਹੀਂ ਸਕੇ ਹਨ। ਜਿੱਥੇ ਇਕ ਪਾਸੇ ਡਿਜੀਟਲ ਯੁੱਗ ਨੇ ਬੱਚਿਆਂ ਲਈ ਸਿੱਖਿਆ, ਗਿਆਨ ਤੇ ਤਰੱਕੀ ਦੇ ਨਵੇਂ ਰਸਤੇ ਖੋਲ੍ਹੇ ਹਨ, ਉੱਥੇ ਹੀ ਇਸ ਨੇ ਉਨ੍ਹਾਂ ਦੀ ਮਾਸੂਮੀਅਤ, ਸਿਹਤ ਅਤੇ ਭਵਿੱਖ ਨੂੰ ਵੀ ਵੱਡੇ ਖ਼ਤਰੇ ਵਿਚ ਪਾ ਦਿੱਤਾ ਹੈ। ਅੱਜ ਦੇ ਸਮਾਜ ਲਈ ਇਹ ਸਭ ਤੋਂ ਵੱਡੀ ਚੁਣੌਤੀ ਹੈ ਕਿ ਅਸੀਂ ਡਿਜੀਟਲ ਸੁਵਿਧਾਵਾਂ ਦਾ ਲਾਭ ਤਾਂ ਲਈਏ ਪਰ ਇਸ ਦੇ ਨਾਲ ਹੀ ਇਸ ਦੇ ਬੁਰੇ ਅਤੇ ਮਾਰੂ ਪ੍ਰਭਾਵਾਂ ਤੋਂ ਆਪਣੇ ਬੱਚਿਆਂ ਬਚਾ ਕੇ ਵੀ ਰੱਖੀਏ।
ਅਧੂਰੀ ਹੈ ਸਿੱਖਿਆ
ਇਹ ਗੱਲ ਸਹੀ ਹੈ ਕਿ ਡਿਜੀਟਲ ਯੁੱਗ ਤੋਂ ਬਿਨਾਂ ਅੱਜ ਦੀ ਸਿੱਖਿਆ ਅਧੂਰੀ ਹੈ। ਆਨਲਾਈਨ ਕਲਾਸਾਂ, ਸਿੱਖਿਆ ਵਾਲੀਆਂ ਐਪਸ ਤੇ ਵੀਡੀਓਜ਼ ਬੱਚਿਆਂ ਦੀ ਪੜ੍ਹਾਈ ਵਿਚ ਮਦਦ ਕਰਦੀਆਂ ਹਨ। ਡਿਜੀਟਲ ਕਿਤਾਬਾਂ, ਡਿਜੀਟਲ ਲਾਇਬ੍ਰੇਰੀਆਂ ਤੇ ਨਵੀਂ ਜਾਣਕਾਰੀ ਹੁਣ ਸਿਰਫ਼ ਇਕ ਕਲਿੱਕ ’ਤੇ ਮੁਹੱਈਆ ਹੈ। ਬੱਚੇ ਵਿਗਿਆਨ, ਕਲਾ, ਸੰਗੀਤ ਤੇ ਦੁਨੀਆ ਭਰ ਦੀਆਂ ਖ਼ਬਰਾਂ ਘਰ ਬੈਠੇ ਹੀ ਜਾਣ ਸਕਦੇ ਹਨ। ਜੇ ਇਹ ਸਾਰੀਆਂ ਚੀਜ਼ਾਂ ਸੀਮਤ ਤੇ ਸਹੀ ਤਰੀਕੇ ਨਾਲ ਵਰਤੀਆਂ ਜਾਣ ਤਾਂ ਬੱਚਿਆਂ ਦੀ ਸੋਚ, ਗਿਆਨ ਅਤੇ ਰਚਨਾਤਮਿਕਤਾ ਵੱਧਦੀ ਹੈ।
ਡਿਜੀਟਲ ਦੁਨੀਆ ਦੇ ਖ਼ਤਰੇ
ਡਿਜੀਟਲ ਜਗਤ ਦੇ ਜਿੱਥੇ ਅਨੇਕਾਂ ਫ਼ਾਇਦੇ ਹਨ, ਉੱਥੇ ਕੁਝ ਨੁਕਸਾਨ ਵੀ ਹਨ। ਡਿਜੀਟਲ ਦੁਨੀਆ ਬੱਚਿਆਂ ਲਈ ਕਈ ਵਾਰ ਖ਼ਤਰਨਾਕ ਜਾਲ ਸਾਬਿਤ ਹੁੰਦੀ ਹੈ। ਬੱਚੇ ਘੰਟਿਆਂਬੱਧੀ ਮੋਬਾਈਲ ਅਤੇ ਇੰਟਰਨੈੱਟ ਵਿਚ ਗੁਆਚੇ ਰਹਿੰਦੇ ਹਨ, ਜਿਸ ਨਾਲ ਉਨ੍ਹਾਂ ਦਾ ਧਿਆਨ ਆਪਣੀ ਪੜ੍ਹਾਈ ’ਤੇ ਕੇਂਦਰਿਤ ਨਹੀਂ ਰਹਿੰਦਾ। ਸੋਸ਼ਲ ਮੀਡੀਆ ’ਤੇ ਉਨ੍ਹਾਂ ਦੀ ਪਹੁੰਚ ਬਹੁਤ ਛੋਟੀ ਉਮਰ ’ਚ ਹੀ ਹੋ ਜਾਂਦੀ ਹੈ। ਇਸ ਨਾਲ ਉਹ ਗ਼ਲਤ ਦੋਸਤਾਂ ਤੇ ਅਣਚਾਹੇ ਪ੍ਰਭਾਵਾਂ ਦਾ ਸ਼ਿਕਾਰ ਬਣ ਸਕਦੇ ਹਨ। ਸਭ ਤੋਂ ਵੱਡਾ ਖ਼ਤਰਾ ਹੈ ਇੰਟਰਨੈੱਟ ’ਤੇ ਉਪਲੱਬਧ ਅਸ਼ਲੀਲ ਕੰਟੈਂਟ ਹੈ। ਇਸ ਤਰ੍ਹਾਂ ਦੀ ਸਮੱਗਰੀ ਉਨ੍ਹਾਂ ਦੇ ਮਨ ’ਤੇ ਬਹੁਤ ਬੁਰਾ ਅਸਰ ਪਾਉਂਦੀ ਹੈ। ਬਹੁਤ ਸਾਰੀਆਂ ਖੇਡਾਂ ਹਿੰਸਾ ਉਕਸਾਉਣ ਵਾਲੀਆਂ ਹੁੰਦੀਆਂ ਹਨ। ਬੱਚੇ ਜਦੋਂ ਇਨ੍ਹਾ ਦੇ ਮੱਕੜਜਾਲ ’ਚ ਫਸਦੇ ਹਨ ਤਾਂ ਉਨ੍ਹਾਂ ਦੇ ਸੁਭਾਅ ’ਚ ਗੁੱਸਾ, ਹਿੰਸਾ ਤੇ ਨਕਾਰਾਤਮਿਕਤਾ ਆਉਣ ਲੱਗਦੀ ਹੈ। ਸਰੀਰਕ ਸਿਹਤ ਵੀ ਪ੍ਰਭਾਵਿਤ ਹੁੰਦੀ ਹੈ, ਅੱਖਾਂ ਦੀ ਰੋਸ਼ਨੀ ਘਟਦੀ ਹੈ, ਨੀਂਦ ਦੀ ਕਮੀ ਹੁੰਦੀ ਹੈ ਅਤੇ ਸਰੀਰਕ ਸਰਗਰਮੀਆਂ ਘਟ ਜਾਂਦੀਆਂ ਹਨ।
ਮਾਪਿਆਂ ਦੀ ਭੂਮਿਕਾ
ਡਿਜੀਟਲ ਦੁਨੀਆ ਵਿੱਚ ਬੱਚਿਆਂ ਨੂੰ ਪੂਰੀ ਆਜ਼ਾਦੀ ਦੇਣਾ ਗ਼ਲਤ ਹੈ। ਮਾਪਿਆਂ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ ਕਿ ਉਹ ਬੱਚਿਆਂ ਨੂੰ ਰਹਿਨੁਮਾਈ ਕਰਨ। ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਬੱਚਿਆਂ ਦੇ ਫੋਨ ’ਤੇ ਪੇਰੈਂਟਲ ਕੰਟਰੋਲ ਲਗਾ ਕੇ ਗ਼ਲਤ ਸਮੱਗਰੀ ਤਕ ਉਨ੍ਹਾ ਦੀ ਪਹੁੰਚ ਨੂੰ ਰੋਕਣ। ਬੱਚਿਆਂ ਨੂੰ ਸਮਾਂ ਦੇਣਾ, ਉਨ੍ਹਾਂ ਨਾਲ ਖੇਡਣਾ ਤੇ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਦੇਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਨੂੰ ਕਿਤਾਬਾਂ, ਖੇਡਾਂ, ਕਲਾ ਅਤੇ ਸਮਾਜਿਕ ਗਤੀਵਿਧੀਆਂ ਵੱਲ ਮੋੜਨਾ ਚਾਹੀਦਾ ਹੈ ਤਾਂ ਕਿ ਉਹ ਸਿਰਫ਼ ਡਿਜੀਟਲ ਜਗਤ ਤਕ ਸੀਮਤ ਨਾ ਰਹਿ ਜਾਣ। ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਮਾਪੇ ਬੱਚਿਆਂ ਨਾਲ ਦੋਸਤਾਨਾ ਰਿਸ਼ਤਾ ਬਣਾਉਣ। ਜਦੋਂ ਬੱਚੇ ਖੁੱਲ੍ਹ ਕੇ ਆਪਣੀਆਂ ਗੱਲਾਂ ਦੱਸਦੇ ਹਨ ਤਾਂ ਉਹ ਗ਼ਲਤ ਰਸਤੇ ’ਤੇ ਜਾ ਕੇ ਭਟਕਣ ਤੋਂ ਬਚ ਜਾਂਦੇ ਹਨ।
ਸਮਾਜ ਤੇ ਸਕੂਲਾਂ ਦੀ ਜ਼ਿੰਮੇਵਾਰੀ
ਇਸ ਸਮੱਸਿਆ ਦਾ ਹੱਲ ਸਿਰਫ਼ ਘਰ ਜਾਂ ਪਰਿਵਾਰ ਤਕ ਹੀ ਸੀਮਤ ਨਹੀਂ ਹੈ। ਸਕੂਲਾਂ ਤੇ ਸਮਾਜਿਕ ਸੰਸਥਾਵਾਂ ਨੂੰ ਵੀ ਅੱਗੇ ਆਉਣਾ ਪਵੇਗਾ। ਸਕੂਲਾਂ ਵਿਚ ਡਿਜੀਟਲ ਸਾਵਧਾਨੀ ਬਾਰੇ ਕਲਾਸਾਂ ਹੋਣੀਆਂ ਚਾਹੀਦੀਆਂ ਹਨ। ਬੱਚਿਆਂ ਨੂੰ ਇੰਟਰਨੈੱਟ ਦੇ ਸਹੀ ਤੇ ਗ਼ਲਤ ਪੱਖ ਬਾਰੇ ਸਿਖਾਉਣਾ ਲਾਜ਼ਮੀ ਹੈ। ਸਮਾਜਿਕ ਪੱਧਰ ’ਤੇ ਅਜਿਹੇ ਪ੍ਰੋਗਰਾਮ ਹੋਣ ਚਾਹੀਦੇ ਹਨ, ਜੋ ਬੱਚਿਆਂ ਲਈ ਸਿਹਤਮੰਦ ਮਨੋਰੰਜਨ ਦੇ ਸਕਣ।
ਤਰੱਕੀ ਦੇ ਖੋਲ੍ਹ ਸਕਦੀ ਦਰਵਾਜ਼ੇ
ਡਿਜੀਟਲ ਦੁਨੀਆ ਬੱਚਿਆਂ ਲਈ ਗਿਆਨ ਤੇ ਤਰੱਕੀ ਦੇ ਦਰਵਾਜ਼ੇ ਖੋਲ੍ਹ ਸਕਦੀ ਹੈ ਪਰ ਇਹ ਉਨ੍ਹਾਂ ਦੀ ਮਾਸੂਮੀਅਤ ਤੇ ਭਵਿੱਖ ਨੂੰ ਬਰਬਾਦ ਵੀ ਕਰ ਸਕਦੀ ਹੈ। ਗੱਲ ਸਿਰਫ਼ ਵਰਤੋਂ ਅਤੇ ਸਾਵਧਾਨੀ ਵਿਚ ਸੰਤੁਲਨ ਕਾਇਮ ਕਰਨ ਦੀ ਹੈ। ਜੇ ਮਾਪੇ, ਅਧਿਆਪਕ ਅਤੇ ਸਮਾਜ ਮਿਲ ਕੇ ਬੱਚਿਆਂ ਨੂੰ ਸਹੀ ਰਾਹ ਦਿਖਾਉਣ ਤਾਂ ਇਹ ਡਿਜੀਟਲ ਲਹਿਰ ਬੱਚਿਆਂ ਦੇ ਜੀਵਨ ਵਿਚ ਨਵਾਂ ਉਜਾਲਾ ਲਿਆ ਸਕਦੀ ਹੈ, ਨਹੀਂ ਤਾਂ ਇਹ ਉਨ੍ਹਾਂ ਦੀ ਮਾਸੂਮੀਅਤ ਤੇ ਲਿਆਕਤ ਨੂੰ ਖੋਹ ਕੇ ਹਨੇਰੇ ਵੱਲ ਧੱਕ ਸਕਦੀ ਹੈ।
- ਜਸਵਿੰਦਰ ਕੌਰ