ਮੌਜੂਦਾ ਡਿਜੀਟਲ ਯੁੱਗ ’ਚ ਮੋਬਾਈਲ ਫੋਨ, ਇੰਟਰਨੈੱਟ ਤੇ ਆਨਲਾਈਨ ਪਲੇਟਫਾਰਮਾਂ ਨੇ ਮਨੁੱਖੀ ਜੀਵਨ ਨੂੰ ਬੇਹੱਦ ਸੁਖਾਲਾ ਬਣਾ ਦਿੱਤਾ ਹੈ। ਭਾਵੇਂ ਇਕ ਪਾਸੇ ਅਜਿਹੇ ਸਾਧਨ ਜਾਣਕਾਰੀ, ਸਿੱਖਿਆ, ਰੁਜ਼ਗਾਰ ਤੇ ਸੰਚਾਰ ਦੇ ਨਵੇਂ ਰਾਹ ਖੋਲ੍ਹਦੇ ਹਨ ਪਰ ਦੂਜੇ ਪਾਸੇ ਇਨ੍ਹਾਂ ਦੀ ਬੇਲਗਾਮ ਵਰਤੋਂ ਸਾਡੇ ਸੱਭਿਅਕ ਸਮਾਜ ਲਈ ਗੰਭੀਰ ਚੁਣੌਤੀ ਬਣਦੀ ਜਾ ਰਹੀ ਹੈ।

ਮੌਜੂਦਾ ਡਿਜੀਟਲ ਯੁੱਗ ’ਚ ਮੋਬਾਈਲ ਫੋਨ, ਇੰਟਰਨੈੱਟ ਤੇ ਆਨਲਾਈਨ ਪਲੇਟਫਾਰਮਾਂ ਨੇ ਮਨੁੱਖੀ ਜੀਵਨ ਨੂੰ ਬੇਹੱਦ ਸੁਖਾਲਾ ਬਣਾ ਦਿੱਤਾ ਹੈ। ਭਾਵੇਂ ਇਕ ਪਾਸੇ ਅਜਿਹੇ ਸਾਧਨ ਜਾਣਕਾਰੀ, ਸਿੱਖਿਆ, ਰੁਜ਼ਗਾਰ ਤੇ ਸੰਚਾਰ ਦੇ ਨਵੇਂ ਰਾਹ ਖੋਲ੍ਹਦੇ ਹਨ ਪਰ ਦੂਜੇ ਪਾਸੇ ਇਨ੍ਹਾਂ ਦੀ ਬੇਲਗਾਮ ਵਰਤੋਂ ਸਾਡੇ ਸੱਭਿਅਕ ਸਮਾਜ ਲਈ ਗੰਭੀਰ ਚੁਣੌਤੀ ਬਣਦੀ ਜਾ ਰਹੀ ਹੈ। ਇਸ ਵਰਚੁਅਲ ਪਲੇਟਫਾਰਮ ਤੋਂ ਸਭ ਤੋਂ ਵੱਧ ਪ੍ਰਭਾਵਿਤ ਹੋ ਰਹੀ ਹੈ ਸਾਡੀ ਭਵਿੱਖਤ ਪੀੜ੍ਹੀ, ਬੱਚੇ ਤੇ ਕਿਸ਼ੋਰ।
ਆਨਲਾਈਨ ਗੇਮਾਂ ਹੀ ਖੇਡ ਦਾ ਮੈਦਾਨ
ਅੱਜ ਜਿੱਧਰੇ ਵੀ ਨਜ਼ਰ ਮਾਰਦੇ ਹਾਂ ਬੱਚੇ ਦੇ ਹੱਥ ’ਚ ਇਹ ਇਲੈਟ੍ਰਾਨਿਕ ਯੰਤਰ ਮੋਬਾਈਲ ਆਮ ਦੇਖਿਆ ਜਾ ਸਕਦਾ ਹੈ। ਮਾਪਿਆਂ ਵਿਚਾਲੇ ਆਪਸੀ ਗੱਲਬਾਤ ਦਾ ਵਿਸ਼ਾ ਵੀ ਇਹੀ ਹੈ ਕਿ ਉਨ੍ਹਾਂ ਦਾ ਬੱਚਾ ਸਾਰਾ ਦਿਨ ਮੋਬਾਈਲ ਸਕਰੀਨ ਨਾਲ ਜੁੜਿਆ ਰਹਿੰਦਾ ਹੈ। ਬੱਚਾ ਰਵਾਇਤੀ ਖੇਡਾਂ ਜਾਂ ਖਿਡੌਣਿਆਂ ਦੀ ਥਾਂ ਮੋਬਾਈਲ ਉੱਤੇ ਖੇਡਣਾ ਜ਼ਿਆਦਾ ਪਸੰਦ ਕਰ ਰਿਹਾ ਹੈ। ਖੇਡ ਮੈਦਾਨਾਂ ’ਚ ਸੰਨਾਟਾ ਪਸਰਿਆ ਦਿਖਾਈ ਦਿੰਦਾ ਹੈ, ਬੱਚਿਆਂ ਲਈ ਆਨਲਾਈਨ ਗੇਮਾਂ ਹੀ ਖੇਡ ਦਾ ਮੈਦਾਨ ਹਨ। ਕਿਸ਼ੋਰ ਅਵਸਥਾ (13 ਤੋਂ 16 ਸਾਲ ਦੀ ਉਮਰ ) ਜਿਹੜੀ, ਬੱਚੇ ਦੀ ਸ਼ਖ਼ਸੀਅਤ ਤੇ ਮਾਨਸਿਕ ਵਿਕਾਸ ਦਾ ਸਭ ਤੋਂ ਮਹੱਤਵਪੂਰਨ ਤੇ ਸੰਵੇਦਨਸ਼ੀਲ ਦੌਰ ਹੁੰਦਾ ਹੈ, ਉਸ ਸਮੇਂ ਬੱਚਾ ਵਰਚੁਅਲ ਦੁਨੀਆ ਵਿਚ ਖੋਹ ਜਾਂਦਾ ਹੈ। ਨਤੀਜਾ ਇਹ ਕਿ ਬੱਚੇ ਅਸਲ ਹਾਲਤਾਂ ਤੋਂ ਦੂਰ ਵੱਖਰੀ ਕਲਪਨਾਤਮਿਕ ਦੁਨੀਆ ’ਚ ਜੀਵਨ ਬਤੀਤ ਕਰ ਰਿਹਾ ਹੈ।
ਮੋਬਾਈਲ ਕੋਲ ਰੱਖ ਕੇ ਕਰਦੇ ਪੜ੍ਹਾਈ
ਕੋਰੋਨਾ ਮਹਾਮਾਰੀ ਕਾਲ ਦੌਰਾਨ ਸਕੂਲਾਂ ਦੇ ਬੰਦ ਹੋਣ ਕਰਕੇ ਬੱਚਿਆਂ ਦਾ ਮੋਬਾਈਲ ਸਕਰੀਨ ਉੱਤੇ ਟਾਈਮ ’ਚ ਵਾਧਾ ਹੋਇਆ। ਆਨਲਾਈਨ ਕਲਾਸਾਂ ਨੇ ਬੱਚਿਆਂ ਦੇ ਹੱਥ ਮੋਬਾਈਲ, ਟੈਬਲੈੱਟ ਤੇ ਲੈਪਟਾਪ ਫੜਾ ਦਿੱਤੇ। ਭਾਵੇਂ ਸ਼ੁਰੂ ’ਚ ਇਹ ਸਮੇਂ ਦੀ ਲੋੜ ਸੀ ਪਰ ਦੇਖਦਿਆਂ ਹੀ ਦੇਖਦਿਆਂ ਇਹ ਆਦਤ ਅਤੇ ਫਿਰ ਲਤ ਬਣ ਗਈ। ਕੋਰੋਨਾ ਮਹਾਮਾਰੀ ਤਾਂ ਚਲੇ ਗਈ ਪਰ ਇਹ ਮੋਬਾਈਲ ਨਾਂ ਦੀ ਬਿਮਾਰੀ ਪੈਦਾ ਕਰ ਗਈ, ਜਿਸ ਦੀ ਵਰਤੋਂ ਸਕੂਲਾਂ ’ਚ ਅਜੇ ਵੀ ਕੀਤੀ ਜਾ ਰਹੀ ਹੈ। ਬੱਚੇ ਹੁਣ ਕਿਤਾਬਾਂ ਦੇ ਨਾਲ ਮੋਬਾਈਲ ਵੀ ਕੋਲ ਰੱਖ ਕੇ ਪੜ੍ਹ ਰਹੇ ਹਨ। ਬੱਚਿਆਂ ਦਾ ਦੇਰ ਰਾਤ ਤਕ ਮੋਬਾਈਲ ਉੱਤੇ ਆਨਲਾਈਨ ਰਹਿਣਾ, ਜਿੱਥੇ ਉਨ੍ਹਾਂ ਨੂੰ ਸਰੀਰਕ ਤੇ ਮਾਨਸਿਕ ਤੌਰ ’ਤੇ ਕਮਜ਼ੋਰ ਕਰ ਰਿਹਾ ਹੈ, ਉੱਥੇ ਸੁਨਹਿਰੀ ਭਵਿੱਖ ਨੂੰ ਵੀ ਖ਼ਤਰੇ ਵਿਚ ਪਾ ਰਿਹਾ ਹੈ। ਅੱਜ ਦੇ ਬੱਚਿਆਂ ਵਿਚ ਬੇਸਬਰੀ, ਅਸਹਿਣਸ਼ੀਲਤਾ, ਗੁਸੈਲ ਸੁਭਾਅ ਮੋਬਾਈਲ ਦਾ ਹੀ ਨਤੀਜਾ ਹੈ। ਉਹ ਪੜ੍ਹਾਈ ਤੋਂ ਪੂਰੀ ਤਰ੍ਹਾਂ ਦੂਰ ਹੁੰਦੇ ਜਾ ਰਹੇ ਹਨ, ਜੋ ਚਿੰਤਾ ਦਾ ਵਿਸ਼ਾ ਹੈ।
ਵਿਗੜ ਜਾਂਦਾ ਮਾਨਸਿਕ ਸੰਤੁਲਨ
ਇਸ ਗੱਲ ਨੂੰ ਸਮਝਣਾ ਜ਼ਰੂਰੀ ਹੈ ਕਿ ਬੱਚੇ ਆਨਲਾਈਨ ਗੇਮਾਂ ਵੱਲ ਕਿਉਂ ਖਿੱਚੇ ਜਾਂਦੇ ਹਨ। ਗੇਮਾਂ ਵਿੱਚ ਰੰਗੀਨ ਗ੍ਰਾਫਿਕਸ, ਰੋਮਾਂਚਕਾਰੀ ਪੜਾਅ, ਇਨਾਮ ਤੇ ਤੁਰੰਤ ਪ੍ਰਤੀਕਿਰਿਆ ਬੱਚਿਆਂ ਨੂੰ ਆਕਰਸ਼ਿਤ ਕਰਦੇ ਹਨ। ਕਈ ਗੇਮਾਂ ਇਸ ਤਰ੍ਹਾਂ ਬਣਾਈਆਂ ਜਾਂਦੀਆਂ ਹਨ ਕਿ ਖੇਡਣ ਵਾਲੇ ਵੱਧ ਤੋਂ ਵੱਧ ਸਮਾਂ ਉਨ੍ਹਾਂ ਨਾਲ ਬਿਤਾਏ। ਇਹ ਮਨੋਵਿਗਿਆਨਕ ਪੱਖੋਂ ਬੱਚਿਆਂ ਦੇ ਕੋਮਲ ਮਨ ਨੂੰ ਪ੍ਰਭਾਵਿਤ ਕਰਦੇ ਹਨ ਅਤੇ ਉਹ ਹੌਲੀ-ਹੌਲੀ ਇਸ ਦੇ ਆਦੀ ਬਣ ਜਾਂਦੇ ਹਨ।
ਆਨਲਾਈਨ ਗੇਮਂ ਬੱਚਿਆਂ ਨੂੰ ਤੁਰੰਤ ਰੋਮਾਂਚ ਭਰਪੂਰ ਤੇ ਕਾਮਯਾਬੀ ਦਾ ਅਹਿਸਾਸ ਦਿੰਦੀਆਂ ਹਨ। ਜਦੋਂ ਬੱਚਾ ਗੇਮ ਦੇ ਪੜਾਅ ਨੂੰ ਪਾਰ ਕਰ ਲੈਂਦਾ ਹੈ ਤਾਂ ਉਸ ਸਮੇਂ ਮਿਲਣ ਵਾਲੀ ਖ਼ੁਸ਼ੀ ਉਸ ਦੇ ਮਨ ’ਤੇ ਡੂੰਘਾ ਪ੍ਰਭਾਵ ਛੱਡਦੀ ਹੈ ਪਰ ਜਦੋਂ ਇਹ ਗੇਮ ਹਾਰ-ਜਿੱਤ, ਹਿੰਸਾ ਤੇ ਖ਼ਤਰਨਾਕ ਚੈਲਿੰਜ ਨਾਲ ਜੁੜ ਜਾਂਦੀਆਂ ਹਨ ਤਾਂ ਇਹ ਬੱਚਿਆਂ ਦਾ ਮਾਨਸਿਕ ਸੰਤੁਲਨ ਵਿਗਾੜ ਦਿੰਦੀਆਂ ਹਨ। ਇਹੀ ਕਾਰਨ ਹੈ ਕਿ ਅੱਜ-ਕੱਲ੍ਹ ਦੇ ਬੱਚੇ ਵਰਚੁਅਲ ਜ਼ਿੰਦਗੀ ਦੇ ਨੇੜੇ ਅਤੇ ਅਸਲ ਜ਼ਿੰਦਗੀ ਤੋਂ ਦੂਰ ਹੁੰਦੇ ਜਾ ਰਹੇ ਹਨ। ਨਤੀਜਾ ਉਨ੍ਹਾਂ ਵਿਚ ਚਿੜਚਿੜਾਪਨ, ਬੇਸਬਰੀ, ਜ਼ਿੱਦੀਪਣ, ਹਿੰਸਾਤਮਿਕ ਰੁਝਾਨ ਪੈਦਾ ਹੋ ਰਿਹਾ ਹੈ, ਜੋ ਨਾ ਸਿਰਫ਼ ਉਨ੍ਹਾਂ ਨੂੰ ਹਨੇਰੇ ’ਚ ਲੈ ਕੇ ਜਾ ਰਹੀ ਹੈ ਸਗੋਂ ਭਵਿੱਖੀ ਪੀੜ੍ਹੀ ਨੂੰ ਵੀ ਤਬਾਹ ਕਰ ਰਹੀ ਹੈ।
ਮਾਪਿਆਂ ਤੋਂ ਬਣਾ ਰਹੇ ਦੂਰੀ
ਮਨੋਵਿਗਿਆਨੀ ਇਸ ਗੱਲ ਨੂੰ ਤਸਦੀਕ ਕਰਦੇ ਹਨ ਕਿ ਬੱਚਿਆਂ ਦਾ ਲਗਾਤਾਰ ਮੋਬਾਈਲ ਨਾਲ ਜੁੜੇ ਰਹਿਣਾ ਉਨ੍ਹਾਂ ਵਿਚ ਧਿਆਨ ਦੀ ਘਾਟ, ਇਕਾਂਤਵਾਦ, ਤਣਾਅ ਤੇ ਚਿੰਤਾ ਵੱਲ ਧੱਕ ਰਿਹਾ ਹੈ। ਬੱਚੇ ਮਾਪਿਆਂ ਤੋਂ ਦੂਰੀ ਬਣਾ ਰਹੇ ਹਨ ਤੇ ਤੇ ਮੋਬਾਈਲ ਅਤੇ ਆਪਣੇ-ਆਪ ’ਚ ਸੀਮਤ ਹੋ ਰਹੇ ਹਨ। ਮੋਬਾਈਲ ਹੀ ਉਨ੍ਹਾਂ ਦੀ ਦੁਨੀਆਂ ਬਣ ਰਹੀ ਹੈ। ਨਤੀਜਾ ਡਿਪ੍ਰੈਸ਼ਨ ਅਤੇ ਸਮਾਜਿਕ ਤਾਣੇ-ਬਾਣੇ ਦੀਆਂ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ। ਕੀ ਇਸ ਸਮੱਸਿਆ ਲਈ ਸਿਰਫ਼ ਬੱਚੇ ਹੀ ਦੋਸ਼ੀ ਹਨ? ਇਹ ਬਿਲਕੁਲ ਗ਼ਲਤ ਹੈ। ਮਾਪੇ ਵੀ ਇਸ ਵਿਚ ਬਰਾਬਰ ਦੇ ਦੋਸ਼ੀ ਹਨ। ਅਕਸਰ ਅਸੀਂ ਦੇਖਦੇ ਹਾਂ ਕਿ ਮਾਪੇ ਆਪਣੇ ਬੱਚਿਆਂ ਨੂੰ ਚੁੱਪ ਕਰਵਾਉਣ ਲਈ ਮੋਬਾਈਲ ਫੜਾ ਦਿੰਦੇ ਹਨ। ਭਾਵੇਂ ਸ਼ੁਰੂ ’ਚ ਇਹ ਸਮੱਸਿਆ ਨਹੀਂ ਜਾਪਦੀ ਸੀ ਪ੍ਰੰਤੂ ਦੇਖਦਿਆਂ ਹੀ ਦੇਖਦਿਆਂ ਇਹ ਆਦਤ ਬੱਚੇ ਦੀ ਜ਼ਿੰਦਗੀ ’ਤੇ ਪੂਰੀ ਤਰ੍ਹਾਂ ਭਾਰੂ ਹੋ ਗਈ ਹੈ। ਮਾਪਿਆਂ ਦੀ ਨਿਗਰਾਨੀ ਤੇ ਭਾਵਨਾਤਮਿਕ ਸਾਂਝ ਦੀ ਘਾਟ ਉਨ੍ਹਾਂ ਨੂੰ ਇਸ ਅੰਧਕਾਰ ਵੱਲ ਲੈ ਕੇ ਜਾ ਰਹੀ ਹੈ।
ਵਿੱਦਿਅਕ ਸੰਸਥਾਵਾਂ ਸਮਝਣ ਮੁੱਢਲਾ ਫ਼ਰਜ਼
ਵਿੱਦਿਅਕ ਸੰਸਥਾਵਾਂ ਬੱਚਿਆਂ ਅੰਦਰ ਮੋਬਾਇਲ ਦੀ ਲਤ ਨੂੰ ਘਟਾਉਣ ’ਚ ਅਹਿਮ ਭੂਮਿਕਾ ਨਿਭਾ ਸਕਦੀਆਂ ਹਨ। ਇਨ੍ਹਾਂ ਸੰਸਥਾਵਾਂ ਦੀ ਨੈਤਿਕ ਤੇ ਸਮਾਜਿਕ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਬੱਚਿਆਂ ਨੂੰ ਪੜ੍ਹਾਉਣ ਦੇ ਨਾਲ-ਨਾਲ ਜੀਵਨ ਮੁੱਲ, ਅਨੁਸ਼ਾਸਨ ਤੇ ਸੰਤੁਲਿਤ ਡਿਜੀਟਲ ਵਰਤੋਂ ਬਾਰੇ ਜਾਗਰੂਕ ਕਰਨ। ਜੇ ਅਧਿਆਪਕ ਬੱਚਿਆਂ ਦੇ ਸੁਭਾਅ ਵਿਚ ਆ ਰਹੇ ਬਦਲਾਵਾਂ ਨੂੰ ਸਮੇਂ ’ਤੇ ਸਮਝ ਕੇ ਯੋਗ ਮਾਰਗ-ਦਰਸ਼ਨ ਕਰਨ ਤਾਂ ਇਸ ਗੰਭੀਰ ਸਮੱਸਿਆ ਨੂੰ ਸਮੇਂ ਸਿਰ ਨਜਿੱਠਿਆ ਜਾ ਸਕਦਾ ਹੈ।
ਕਿਤਾਬਾਂ ਨਾਲ ਜੁੜਨ ਦੇ ਵਧਾਏ ਜਾਣ ਮੌਕੇ
ਮਾਪਿਆਂ ਤੇ ਵਿੱਦਿਅਕ ਸੰਸਥਾਵਾਂ ਦੇ ਨਾਲ-ਨਾਲ ਸਰਕਾਰ ਤੇ ਸਮਾਜਿਕ ਸੰਸਥਾਵਾਂ ਨੂੰ ਵੀ ਮੋਬਾਈਲ ਸਕਰੀਨ ਮੁੱਦੇ ’ਤੇ ਗੰਭੀਰ ਹੋਣ ਦੀ ਲੋੜ ਹੈ। ਸਰਕਾਰ ਇਸ ਬਾਬਤ ਡਿਜੀਟਲ ਜਾਗਰੂਕਤਾ ਮੁਹਿੰਮ, ਮਾਪਿਆਂ ਦੀ ਯੋਗ ਅਗਵਾਈ ਤੇ ਸਕੂਲ ਪੱਧਰ ’ਤੇ ਵਰਕਸ਼ਾਪਾਂ ਕਰਵਾਉਣ ਨਾਲ ਵੀ ਇਸ ਵਿਰੁੱਧ ਅਭਿਆਨ ਨੂੰ ਹੁਲਾਰਾ ਮਿਲੇਗਾ। ਬੱਚਿਆਂ ਵਿਚ ਮੋਬਾਈਲ ਦੇ ਰੁਝਾਨ ਨੂੰ ਘਟਾਉਣ ਦੇ ਨਾਲ-ਨਾਲ ਉਨ੍ਹਾਂ ਲਈ ਖੇਡ ਮੈਦਾਨ, ਚਿੱਤਰਕਾਰੀ, ਮਨੋਰੰਜਨ ਦੇ ਰਵਾਇਤੀ ਸਾਧਨ, ਸੰਗੀਤ ਤੇ ਕਿਤਾਬਾਂ ਨਾਲ ਜੁੜਨ ਦੇ ਮੌਕੇ ਵਧਾਏ ਜਾਣ ਤਾਂ ਹੀ ਇਸ ਨੂੰ ਠੱਲ੍ਹ ਪਾਈ ਜਾ ਸਕਦੀ ਹੈ।
ਆਧੁਨਿਕ ਸਮਾਜ ਲਈ ਖ਼ਤਰੇ ਦੀ ਘੰਟੀ
ਇਸ ਸਮੱਸਿਆ ਦਾ ਹੱਲ ਪਾਬੰਦੀ ਨਹੀਂ ਸਗੋਂ ਸੰਤੁਲਨ ਹੈ। ਮੋਬਾਈਲ ਆਪਣੇ ਆਪ ’ਚ ਮਾੜਾ ਨਹੀਂ। ਅੱਜ ਇਹ ਗਿਆਨ ਤੇ ਸੰਚਾਰ ਦਾ ਸਭ ਤੋਂ ਵੱਡਾ ਸੋਮਾ ਬਣ ਕੇ ਉੱਭਰਿਆ ਹੈ ਪ੍ਰੰਤੂ ਜਦੋਂ ਇਸ ਦੀ ਹੱਦ ਤੋਂ ਵੱਧ ਵਰਤੋ ਕੀਤੀ ਜਾਵੇ, ਬੱਚਿਆਂ ਦਾ ਬਚਪਨ ਇਸ ਵਿਚ ਕੈਦ ਹੋ ਜਾਵੇ ਤੇ ਕਿਸ਼ੋਰਾਂ ਤੋਂ ਜੀਵਨ ਦਾ ਉਦੇਸ਼ ਖੋਹ ਲਵੇ ਤਾਂ ਇਹ ਆਧੁਨਿਕ ਸਮਾਜ ਲਈ ਖ਼ਤਰੇ ਦੀ ਘੰਟੀ ਹੈ। ਅੱਜ ਦੇ ਸਮੇਂ ਦੀ ਲੋੜ ਹੈ ਕਿ ਮੋਬਾਈਲ ਤੇ ਬੱਚੇ ਵਿਚਕਾਰ ਸੰਤੁਲਨ ਬਣਾਇਆ ਜਾਵੇ।
ਆਖ਼ਰ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਅੱਜ ਦੀ ਲੜਾਈ ਮੋਬਾਈਲ ਸਕਰੀਨ ਨਾਲ ਨਹੀਂ ਸਗੋਂ ਉਸ ਦੀ ਗ਼ਲਤ ਵਰਤੋਂ ਨਾਲ ਹੈ। ਜੇ ਮਾਪੇ, ਅਧਿਆਪਕ, ਸਰਕਾਰ ਤੇ ਸਮਾਜ ਮਿਲ ਕੇ ਆਪਣੀ ਜ਼ਿੰਮੇਵਾਰੀ ਨਿਭਾਉਣ, ਤਾਂ ਬਚਪਨ ਨੂੰ ਮੁੜ ਹੱਸਣ-ਖੇਡਣ ਦਾ ਮੌਕਾ ਮਿਲ ਸਕਦਾ ਹੈ ਕਿਉਂਕਿ ਜੇ ਬਚਪਨ ਸੁਰੱਖਿਅਤ ਨਹੀਂ ਤਾਂ ਭਵਿੱਖ ਵੀ ਸੁਰੱਖਿਅਤ ਨਹੀ।
- ਰਾਜ ਕੁਮਾਰ ਖੰਨਾ