ਸਾਡੇ ਦੇਸ਼ ਨੂੰ ਮੇਲਿਆਂ ਤੇ ਤਿਉਹਾਰਾਂ ਦਾ ਦੇਸ਼ ਕਿਹਾ ਜਾਂਦਾ ਹੈ। ਰੁੱਤਾਂ, ਫ਼ਸਲਾਂ ਤੇ ਇਤਿਹਾਸ ਨਾਲ ਸਬੰਧਿਤ ਮੇਲੇ ਅਤੇ ਤਿਉਹਾਰ ਜਿੱਥੇ ਸਾਨੂੰ ਮਾਨਸਿਕ ਸਕੂਨ ਦਿੰਦੇ ਹਨ, ਉੱਥੇ ਹੀ ਸਾਡੀ ਗੌਰਵਮਈ ਵਿਰਾਸਤ ਨੂੰ ਅਗਲੀਆਂ ਪੀੜ੍ਹੀਆਂ ਤਕ ਪਹੁੰਚਾਉਣ ਦਾ ਵੀ ਜ਼ਰੀਆ ਹਨ। ਇਹ ਮੇਲੇ ਅਤੇ ਤਿਉਹਾਰ ਸਾਡੀਆਂ ਭਾਈਚਾਰਕ ਸਾਂਝਾਂ ਨੂੰ ਮਜ਼ਬੂਤ ਕਰਦਿਆਂ ਸਾਨੂੰ ਆਪਸ ’ਚ ਮਿਲਜੁਲ ਕੇ ਰਹਿਣ ਦਾ ਸੰਦੇਸ਼ ਦਿੰਦੇ ਹਨ।

ਬੰਦੀ ਛੋੜ ਦਿਵਸ

ਇਸ ਤਿਉਹਾਰ ਦਾ ਪਿਛੋਕੜ ਸਿੱਖ ਤੇ ਹਿੰਦੂ ਦੋਵਾਂ ਧਰਮਾਂ ਨਾਲ ਮਿਲਦਾ ਹੈ। ਇਹ ਅਜਿਹਾ ਸੁਭਾਗਾ ਦਿਨ ਹੈ, ਜਦੋਂ ਦੋਵਾਂ ਧਰਮਾਂ ਦੇ ਲੋਕਾਂ ਨੂੰ ਖ਼ੁਸ਼ੀਆਂ ਨਸੀਬ ਹੋਈਆਂ। ਸਿੱਖ ਧਰਮ ’ਚ ਦੀਵਾਲੀ ਨੂੰ ਬੰਦੀ ਛੋੜ ਦਿਵਸ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਸਿੱਖਾਂ ਦੇ ਛੇਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਇਸ ਦਿਨ ਮੁਗਲ ਬਾਦਸ਼ਾਹ ਜਹਾਂਗੀਰ ਦੀ ਕੈਦ ’ਚੋਂ ਰਿਹਾਅ ਹੋ ਕੇ ਸ੍ਰੀ ਦਰਬਾਰ ਸਾਹਿਬ ਪਹੁੰਚੇ ਸਨ। ਸਿੱਖ ਸੰਗਤਾਂ ਵੱਲੋਂ ਰਿਹਾਅ ਹੋ ਕੇ ਸ੍ਰੀ ਦਰਬਾਰ ਸਾਹਿਬ ਪਹੁੰਚੇ ਗੁਰੂ ਸਾਹਿਬ ਦਾ ਘਿਉ ਦੇ ਦੀਵਿਆਂ ਦੀਆਂ ਰੋਸ਼ਨੀਆਂ ਨਾਲ ਸਵਾਗਤ ਕੀਤਾ ਗਿਆ। ਗੁਰੂ ਸਾਹਿਬ ਆਪਣੇ ਨਾਲ 52 ਰਾਜਿਆਂ ਦੀ ਵੀ ਰਿਹਾਈ ਕਰਵਾ ਕੇ ਲਿਆਏ ਸਨ। ਇਸੇ ਲਈ ਸਿੱਖ ਇਤਿਹਾਸ ’ਚ ਇਸ ਦਿਨ ਨੂੰ ਬੰਦੀਛੋੜ ਦਿਵਸ ਕਿਹਾ ਜਾਂਦਾ ਹੈ। ਸ੍ਰੀ ਦਰਬਾਰ ਸਾਹਿਬ ਦੀ ਦੀਵਾਲੀ ਸਮੁੱਚੇ ਵਿਸ਼ਵ ਵਿਚ ਮਸ਼ਹੂਰ ਹੈ। ਇਸੇ ਬਾਬਤ ਕਿਹਾ ਜਾਂਦਾ ਹੈ, ‘ਦਾਲ ਰੋਟੀ ਘਰ ਦੀ, ਦੀਵਾਲੀ ਅੰਮਿ੍ਰਤਸਰ ਦੀ।

ਪਟਾਕਿਆਂ ਨਾਲ ਪੈਦਾ ਹੁੰਦਾ ਹੈ ਪ੍ਰਦੂਸ਼ਣ

ਬਿਨਾਂ ਸ਼ੱਕ ਦੀਵਾਲੀ ਦਾ ਸਬੰਧ ਸਾਡੀਆਂ ਖ਼ੁਸ਼ੀਆਂ ਤੇ ਖੇੜਿਆਂ ਨਾਲ ਹੈ। ਇਸ ਦਿਨ ਮਿੱਤਰਾਂ-ਸਨੇਹੀਆਂ ਤੇ ਰਿਸ਼ਤੇਦਾਰਾਂ ਨੂੰ ਤੋਹਫ਼ੇ ਵੀ ਦਿੱਤੇ ਜਾਂਦੇ ਹਨ। ਪਿਛਲੇ ਕੁਝ ਵਰ੍ਹਿਆਂ ਤੋਂ ਇਹ ਤਿਉਹਾਰ ਖ਼ੁਸ਼ੀਆਂ-ਖੇੜਿਆਂ ਦਾ ਤਿਉਹਾਰ ਨਾ ਰਹਿ ਕੇ ਵਾਤਾਵਰਨ ਲਈ ਚੁਣੌਤੀ ਦਾ ਦਿਨ ਬਣ ਗਿਆ ਹੈ। ਦੀਵਾਲੀ ਦੇ ਦਿਨ ਚਲਾਏ ਜਾਣ ਵਾਲੇ ਪਟਾਕੇ ਵਾਤਾਵਰਨ ਨੂੰ ਇਸ ਹੱਦ ਤਕ ਪਲੀਤ ਕਰ ਦਿੰਦੇ ਹਨ ਕਿ ਲੋਕਾਂ ਖ਼ਾਸ ਕਰਕੇ ਬੱਚਿਆਂ, ਬਜ਼ੁਰਗਾਂ ਅਤੇ ਮਰੀਜ਼ਾਂ ਨੂੰ ਸਾਹ ਲੈਣਾ ਮੁਸ਼ਕਲ ਹੋ ਜਾਂਦਾ ਹੈ। ਪਟਾਕਿਆਂ ਦੀ ਮਾਰ ਬਦੌਲਤ ਬਹੁਤ ਸਾਰੇ ਲੋਕ ਬਿਮਾਰੀਆਂ ਦੇ ਸ਼ਿਕਾਰ ਹੋ ਜਾਂਦੇ ਹਨ। ਵਾਤਾਵਾਰਨ ਮਾਹਿਰਾਂ ਅਨੁਸਾਰ ਸਭ ਤੋਂ ਘੱਟ ਸਮੇਂ ’ਚ ਸਭ ਤੋਂ ਜ਼ਿਆਦਾ ਪ੍ਰਦੂਸ਼ਣ ਪੈਦਾ ਕਰਨ ’ਚ ਪਟਾਕਿਆਂ ਦਾ ਦਰਜਾ ਪਹਿਲਾ ਹੈ। ਮਹਿਜ਼ ਚਾਰ-ਪੰਜੇ ਘੰਟੇ ਦੇ ਸਮੇਂ ’ਚ ਹੀ ਪਟਾਕੇ ਹਵਾ ਦੀ ਗੁਣਵੱਤਾ ਨੂੰ ਅਜਿਹਾ ਪ੍ਰਭਾਵਿਤ ਕਰਦੇ ਹਨ ਕਿ ਇਸ ਦਾ ਅਸਰ ਲੰਬੇ ਸਮੇਂ ਤਕ ਬਣਿਆ ਰਹਿੰਦਾ ਹੈ। ਦੀਵਾਲੀ ਦੀ ਰਾਤ ਤੰਦਰੁਸਤ ਇਨਸਾਨਾਂ ਨੂੰ ਵੀ ਸਾਹ ਲੈਣਾ ਔਖਾ ਹੋ ਜਾਂਦਾ ਹੈ। ਪਟਾਕੇ ਕੂੜੇ ਦੀ ਸਮੱਸਿਆ ਦਾ ਵੀ ਕਾਰਨ ਬਣਦੇ ਹਨ। ਪਟਾਕਿਆਂ ਦੀ ਰਹਿੰਦ-ਖੂੰਹਦ ਦਾ ਨਿਪਟਾਰਾ ਆਪਣੇ ਆਪ ’ਚ ਵੱਡੀ ਸਮੱਸਿਆ ਹੈ। ਹੌਲੀ-ਹੌਲੀ ਇਹ ਕੂੜਾ-ਕਰਕਟ ਪਾਣੀ ’ਚ ਮਿਲਣ ਨਾਲ ਪਾਣੀ ਪ੍ਰਦੂਸ਼ਣ ਦਾ ਸਬੱਬ ਬਣ ਜਾਂਦਾ ਹੈ।

ਜਿੱਥੇ ਹੁੰਦੀ ਸਾਫ਼-ਸਫ਼ਾਈ, ਉੱਥੇ ਹੁੰਦੀ ਬਰਕਤ

ਦੀਵਾਲੀ ਦਾ ਤਿਉਹਾਰ ਆਉਣ ’ਤੇ ਸਾਰੇ ਲੋਕ ਸਾਫ਼-ਸਫ਼ਾਈ ਵੱਲ ਵਿਸ਼ੇਸ਼ ਧਿਆਨ ਦਿੰਦੇ ਹਨ। ਲੋਕ ਆਪਣੇ ਘਰਾਂ, ਦੁਕਾਨਾਂ, ਦਫ਼ਤਰਾਂ ਦੀਆਂ ਸਫ਼ਾਈਆਂ ਕਰਦੇ ਹਨ। ਕਈ ਘਰਾਂ ’ਚ ਰੰਗ-ਰੋਗਨ ਹੁੰਦਾ ਹੈ ਤਾਂ ਜੋ ਦੀਵਾਲੀ ’ਤੇ ਘਰ ਸੁੰਦਰ ਤੇ ਸਾਫ਼ ਦਿਸਣ। ਇਸ ਪਿੱਛੇ ਆਮ ਹੀ ਗੱਲ ਸੁਣਨ ਨੂੰ ਮਿਲਦੀ ਹੈ ਕਿ ਜਿੱਥੇ ਸਾਫ਼-ਸਫ਼ਾਈ ਹੁੰਦੀ ਹੈ, ਉੱਥੇ ਬਰਕਤ ਹੁੰਦੀ ਹੈ, ਖ਼ੁਸ਼ੀਆਂ ਆਉਂਦੀਆਂ ਹਨ। ਦੀਵਾਲੀ ਤੋਂ ਬਾਅਦ ਵੀ ਅੱਧੀਆਂ ਜਲੀਆਂ ਹੋਈਆਂ ਮੋਮਬੱਤੀਆਂ, ਦੀਵੇ ਤੇ ਚੱਲੇ ਹੋਏ ਪਟਾਕੇ ਇਧਰ-ਉਧਰ ਖਿੱਲਰੇ ਦੇਖਣ ਨੂੰ ਮਿਲਦੇ ਹਨ। ਸਾਨੂੰ ਹਰੀ ਦੀਵਾਲੀ ਦੇ ਨਾਲ-ਨਾਲ ਕਲੀਨ ਦੀਵਾਲੀ ਵੀ ਮਨਾਉਣੀ ਚਾਹੀਦੀ ਹੈ, ਯਾਨੀ ਦੀਵਾਲੀ ਤੋਂ ਪਹਿਲਾਂ ਜਾਂ ਬਾਅਦ ’ਚ ਕੂੜੇ ਨੂੰ ਸਹੀ ਥਾਂ ’ਤੇ ਸੁੱਟਿਆ ਜਾਵੇ। ਇਸ ਤਰ੍ਹਾਂ ਵਾਤਾਵਰਨ ਨੂੰ ਪ੍ਰਦੂਸ਼ਣ ਮੁਕਤ ਰੱਖ ਕੇ ਦੀਵਾਲੀ ਦਾ ਅਸਲੀ ਮਜ਼ਾ ਲਿਆ ਜਾ ਸਕਦਾ ਹੈ।

ਰੋਸ਼ਨੀਆਂ ਦਾ ਤਿਉਹਾਰ

ਉੱਤਰੀ ਭਾਰਤ ’ਚ ਮਨਾਏ ਜਾਣ ਵਾਲੇ ਤਿਉਹਾਰਾਂ ਵਿੱਚੋਂ ਦੀਵਾਲੀ ਦਾ ਤਿਉਹਾਰ ਸਭ ਤੋਂ ਪ੍ਰਮੁੱਖ ਹੈ। ਇਸ ਤਿਉਹਾਰ ਦਾ ਉਤਸ਼ਾਹ ਕਈ ਦਿਨ ਪਹਿਲਾਂ ਹੀ ਵਿਖਾਈ ਦੇਣ ਲੱਗ ਜਾਂਦਾ ਹੈ। ਗਰਮੀ ਤੋਂ ਰਾਹਤ ਤੇ ਫ਼ਸਲਾਂ ਦੀ ਆਮਦ ਮੌਕੇ ਇਸ ਤਿਉਹਾਰ ਦੀਆਂ ਖ਼ੁਸ਼ੀਆਂ ਵਿਲੱਖਣ ਬਣ ਜਾਂਦੀਆਂ ਹਨ। ਮੂਲ ਰੂਪ ’ਚ ਦੀਵਾਲੀ ਰੋਸ਼ਨੀਆਂ ਦਾ ਤਿਉਹਾਰ ਹੈ। ਇਸ ਤਿਉਹਾਰ ਮੌਕੇ ਸਮੁੱਚਾ ਉੱਤਰੀ ਭਾਰਤ ਜਗਮਗ-ਜਗਮਗ ਕਰ ਉੱਠਦਾ ਹੈ। ਘਰਾਂ ਦੇ ਬਨੇਰਿਆਂ ਤੇ ਦਰਵਾਜ਼ਿਆਂ ’ਤੇ ਕੀਤੀਆਂ ਰੋਸ਼ਨੀਆਂ ਬਦੌਲਤ ਚਾਰ ਚੁਫੇਰੇ ਛਾਇਆ ਚਾਨਣ ਖ਼ੁਸ਼ਹਾਲੀ ਦਾ ਸੁਨੇਹਾ ਦਿੰਦਾ ਪ੍ਰਤੀਤ ਹੁੰਦਾ ਹੈ।

ਲੱਛਮੀ ਮਾਤਾ ਦੀ ਕੀਤੀ ਜਾਂਦੀ ਪੂਜਾ

ਹਿੰਦੂ ਧਰਮ ’ਚ ਦੀਵਾਲੀ ਦਾ ਪਿਛੋਕੜ ਅਯੁੱਧਿਆ ਦੇ ਰਾਜਾ ਸ਼੍ਰੀ ਰਾਮ ਚੰਦਰ ਜੀ ਨਾਲ ਜੋੜਿਆ ਜਾਂਦਾ ਹੈ, ਜਦੋਂ ਉਹ 14 ਸਾਲਾਂ ਦਾ ਬਨਵਾਸ ਕੱਟ ਕੇ ਤੇ ਲੰਕਾਂ ਦੇ ਰਾਜੇ ਰਾਵਣ ਦਾ ਨਾਸ਼ ਕਰ ਕੇ ਉਸ ਦੀ ਕੈਦ ’ਚੋਂ ਸੀਤਾ ਮਾਤਾ ਨੂੰ ਰਿਹਾਅ ਕਰਵਾ ਕੇ ਅਯੁੱਧਿਆ ਵਾਪਸ ਆਏ ਸਨ। ਉਦੋਂ ਅਯੁੱਧਿਆ ਵਾਸੀਆਂ ਨੇ ਉਨ੍ਹਾਂ ਦੇ ਆਉਣ ਦੀ ਖ਼ੁਸ਼ੀ ’ਚ ਘਿਉ ਦੇ ਦੀਵੇ ਜਗਾਏ ਸਨ। ਇਸ ਦਿਨ ਤੋਂ ਲੈ ਕੇ ਸਿੱਖ ਅਤੇ ਹਿੰਦੂ ਭਾਈਚਾਰਕ ਸਾਂਝ ਦੀ ਮਿਸਾਲ ਬਣ ਕੇ ਦੀਵਾਲੀ ਮਨਾਉਂਦੇ ਆ ਰਹੇ ਹਨ। ਕਈ ਲੋਕਾਂ ਵੱਲੋਂ ਦੀਵਾਲੀ ਦੀ ਰਾਤ ਨੂੰ ਲੱਛਮੀ ਮਾਤਾ ਦੀ ਆਮਦ ਵਾਲੀ ਰਾਤ ਕਹਿ ਕੇ ਉਸ ਦੀ ਪੂਜਾ ਵੀ ਕੀਤੀ ਜਾਂਦੀ ਹੈ।

ਹਾਦਸਿਆਂ ਦਾ ਕਾਰਨ ਬਣਦੇ ਪਟਾਕੇ

ਪਟਾਕੇ ਬਹੁਤ ਸਾਰੇ ਹਾਦਸਿਆਂ ਦਾ ਕਾਰਨ ਵੀ ਬਣਦੇ ਹਨ। ਪਟਾਕੇ ਚਲਾਉਣ ਸਮੇਂ ਬੱਚਿਆਂ ਨਾਲ ਬਹੁਤ ਸਾਰੇ ਹਾਦਸੇ ਵਾਪਰ ਜਾਂਦੇ ਹਨ। ਕਈ ਵਾਰ ਪਟਾਕਿਆਂ ਦੀ ਸਮਰੱਥਾ ਬਾਰੇ ਗਿਆਨ ਨਾ ਹੋਣ ਕਾਰਨ ਬੱਚਿਆਂ ਵੱਲੋਂ ਹੱਥ ’ਚ ਫੜ ਕੇ ਪਟਾਕੇ ਚਲਾਉਣਾ ਬਹੁਤ ਖ਼ਤਰਨਾਕ ਸਾਬਿਤ ਹੋ ਜਾਂਦਾ ਹੈ। ਬੱਚਿਆਂ ਦੇ ਹੱਥ-ਪੈਰ ਇੱਥੋਂ ਤਕ ਕਿ ਅੱਖਾਂ ਤਕ ਦਾ ਨੁਕਸਾਨ ਹੋਣ ਦੀਆਂ ਮੰਦਭਾਗੀਆਂ ਘਟਨਾਵਾਂ ਵੀ ਵਾਪਰ ਜਾਂਦੀਆਂ ਹਨ। ਪਟਾਕਿਆਂ ਦੀ ਖ਼ਰੀਦ ਨਾਲ ਹੋਣ ਵਾਲਾ ਆਰਥਿਕ ਨੁਕਸਾਨ ਵੀ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਪਟਾਕਿਆਂ ’ਤੇ ਬਰਬਾਦ ਕੀਤੇ ਜਾਣ ਵਾਲੇ ਪੈਸੇ ਨਾਲ ਬਹੁਤ ਸਾਰੇ ਲੋਕਾਂ ਦੀਆਂ ਸਾਰਥਿਕ ਜ਼ਰੂਰਤਾਂ ਦੀ ਪੂਰਤੀ ਕੀਤੀ ਜਾ ਸਕਦੀ ਹੈ ਤੇ ਗ਼ਰੀਬ ਲੋਕਾਂ ਦੀ ਮਦਦ ਕੀਤੀ ਜਾ ਸਕਦੀ ਹੈ।

ਦੀਵਾਲੀ ਦਾ ਪਟਾਕਿਆਂ ਨਾਲ ਪੁਰਾਣਾ ਨਾਤਾ ਹੈ। ਪਟਾਕਿਆਂ ਦਾ ਦਿਨੋਂ-ਦਿਨ ਬਦਲਦਾ ਸਰੂਪ ਅਤੇ ਵਧਦਾ ਇਸਤੇਮਾਲ ਹੁਣ ਖ਼ੁਸ਼ੀਆਂ ਦੀ ਬਜਾਏ ਗਮੀਆਂ ਦਾ ਸਬੱਬ ਬਣਨ ਲੱਗ ਪਿਆ ਹੈ। ਪਹਿਲਾਂ ਤੋਂ ਹੀ ਵਾਤਾਵਰਨ ਪ੍ਰਦੂਸ਼ਣ ਦੀ ਸਮੱਸਿਆ ਨਾਲ ਜੂਝਦੇ ਸਾਡੇ ਸਮਾਜ ਨੂੰ ਪਟਾਕਿਆਂ ਦੇ ਇਸਤੇਮਾਲ ਬਾਰੇ ਗੰਭੀਰ ਹੋ ਕੇ ਸੋਚਣ ਦੀ ਜ਼ਰੂਰਤ ਹੈ। ਪ੍ਰਦੂਸ਼ਣ ਮੁਕਤ ਦੀਵਾਲੀ ਹੁਣ ਸਮੇਂ ਦੀ ਜ਼ਰੂਰਤ ਬਣ ਗਈ ਹੈ।

- ਬਿੰਦਰ ਸਿੰਘ ਖੁੱਡੀ ਕਲਾਂ

Posted By: Harjinder Sodhi