ਉਸਦੇ ਪਿਤਾ ਸੁਖਪਾਲ ਸਿੰਘ ਮੰਡੇਰ ਦਾ ਕਹਿਣਾ ਹੈ ਕਿ ਗੁਰਸੇਵਕ ਨੇ ਸ਼ੁਰੂ ਤੋਂ ਹੀ ਮਿਹਨਤ ਕੀਤੀ ਤੇ ਅੱਜ ਜਦ ਫਿਲਮਾਂ ’ਚ ਉਸ ਨੂੰ ਦੇਖਦੇ ਹਾਂ ਤਾਂ ਰੂਹ ਖਿੜ੍ਹ ਜਾਂਦੀ ਹੈ।

ਬਾਲੀਵੁੱਡ ਫਿਲਮ ‘ਧੁਰੰਦਰ’ ਦੀ ਹਰ ਪਾਸੇ ਸ਼ਲਾਘਾ ਹੋ ਰਹੀ ਹੈ। ਭਾਵੇਂ ਇਸ ਫ਼ਿਲਮ ’ਤੇ ਪਾਕਿਸਤਾਨ ਅਤੇ ਖਾੜੀ ਦੇਸ਼ਾਂ ਨੇ ਪਾਬੰਦੀ ਲਗਾ ਦਿੱਤੀ ਹੈ ਪਰ ਫਿਰ ਇਹ ਰਿਕਾਰਡ ਤੋੜ ਰਹੀ ਹੈ। ਅਦਾਕਾਰ ਗੁਰਸੇਵਕ ਸਿੰਘ ਮੰਡੇਰ ਰਿਲੀਜ਼ ਹੋਈ ਹਿੰਦੀ ਫਿਲਮ ‘ਧੁਰੰਧਰ’ ’ਚ ਚਰਚਾ ਦਾ ਕੇਂਦਰ ਬਿੰਦੂ ਬਣੇ ਹਨ। ਮਾਨਸਾ ਜ਼ਿਲ੍ਹੇ ਦੇ ਹਲਕਾ ਬੁਢਲਾਡਾ ਦੇ ਪਿੰਡ ਰਾਮਪੁਰ ਮੰਡੇਰ ਦਾ ਜੰਮਪਲ ਗੁਰਸੇਵਕ ਸਿੰਘ ਆਪਣੇ ਸੁਪਨਿਆਂ ਨੂੰ ਪੂਰਾ ਕਰਦਾ ਫਿਲਮੀ ਨਗਰੀ ਮੁੰਬਈ ਵਿਚ ਬਾਲੀਵੁੱਡ ਫਿਲਮਾਂ ’ਚ ਪੈਰ ਜਮ੍ਹਾ ਰਿਹਾ ਹੈ। ਇਕ ਉਡਾਨ ਦੀ ਉਸ ਨੂੰ ਜ਼ਰੂਰਤ ਸੀ ਜਿਹੜੀ ਬਾਲੀਵੁੱਡ ਫਿਲਮ ‘ਐਨੀਮਲ’ ਨੇ ਦਿੱਤੀ ਅਤੇ ਹੁਣ ‘ਧੁਰੰਧਰ’ ’ਚ ਮਿਲੀ ਭੂਮਿਕਾ ਨੂੰ ਉਸ ਨੇ ਬਾਖ਼ੂਬੀ ਨਿਭਾਇਆ।
ਇਸ ਹੋਣਹਾਰ ਅਦਾਕਾਰ ਨੇ ਆਪਣੇ ਕਰੀਅਰ ਦਾ ਆਗਾਜ਼ ਰੰਗਮੰਚ ਦੀ ਦੁਨੀਆ ਤੋਂ ਕੀਤਾ । ਚੰਡੀਗੜ੍ਹ, ਦਿੱਲੀ ਤੇ ਫਿਰ ਮੁੰਬਈ ’ਚ ਪੜਾਅ ਦਰ ਪੜਾਅ ਸੰਘਰਸ਼ਸ਼ੀਲ ਰਿਹਾ। ਇਸ ਕਲਾਕਾਰ ਨੇ ਪਾਲੀਵੁੱਡ ਹੀ ਨਹੀਂ, ਬਾਲੀਵੁੱਡ ਵਿਚ ਵੀ ਧਾਂਕ ਜਮ੍ਹਾਈ ਹੈ। 2023 ’ਚ ਆਈ ਹਿੰਦੀ ਫਿਲਮ ‘ਐਨੀਮਲ’ ਦਾ ਵੀ ਬਹੁ ਪ੍ਰਭਾਵੀ ਹਿੱਸਾ ਰਹੇ ਹਨ। ਫਿਲਮ ‘ਧੁਰੰਧਰ’ ’ਚ ਅਕਸ਼ੈ ਖੰਨਾ ਦੇ ਗੈਂਗ ’ਚ ‘ਲਸਣ ਡਕੈਤ’ ਦੀ ਭੂਮਿਕਾ ’ਚ ਬਹੁਤ ਹੀ ਵਧੀਆ ਭੂਮਿਕਾ ਕੀਤੀ ਹੈ।
ਉਸਦਾ ਕਹਿਣਾ ਹੈ ਕਿ ਪਿੰਡ ਰਾਮਪੁਰ ਮੰਡੇਰ ’ਚ ਪਰਿਵਾਰ, ਦੋਸਤਾਂ, ਮਿੱਤਰਾਂ ਦੇ ਮਿਲੇ ਪਿਆਰ ਸਦਕਾ ਹੀ ਅੱਜ ਦਰਸ਼ਕਾਂ ਦਾ ਉਸ ਨੂੰ ਭਰਪੂਰ ਪਿਆਰ ਮਿਲ ਰਿਹਾ ਹੈ। ਭਾਵੇਂ ਪਰਿਵਾਰ ’ਚੋਂ ਪਹਿਲਾਂ ਕੋਈ ਵੀ ਥੀਏਟਰ ਜਾਂ ਫਿਲਮ ਇੰਡਸਟਰੀ ਵੱਲ ਨਾਲ ਨਹੀਂ ਜੁੜਿਆ ਸੀ, ਬਸ ਉਹ ਇਸ ਵੱਲ ਪ੍ਰੋਫ਼ੈਸ਼ਨਲ ਤੌਰ ’ਤੇ ਆਇਆ ਹੈ। ਪ੍ਰਤਿਭਾਵਾਨ ਪੰਜਾਬੀ ਨੌਜਵਾਨ, ਜੋ ਨੈੱਟਫ਼ਲਿਕਸ ਸੀਰੀਜ਼ ‘ਕੈਟ’ ਤੋਂ ਇਲਾਵਾ ਦਿਲਜੀਤ ਦੁਸਾਂਝ ਸਟਾਰਰ ‘ਜੋਗੀ’ ’ਚ ਵੀ ਪ੍ਰਭਾਵਪੂਰਨ ਰੋਲ ਅਦਾ ਕਰ ਚੁੱਕੇ ਹਨ। ‘ਜੀਓ ਸਟੂਡੀਓਜ਼’ ਵੱਲੋਂ ਪੇਸ਼ ਕੀਤੀ ਉਕਤ ਫਿਲਮ ਬੀ 62 ਸਟੂਡੀਓਜ਼ ਪ੍ਰੋਡਕਸ਼ਨ ਦੀ ਇਨ ਐਸੋਸੀਏਸ਼ਨ ਅਧੀਨ ਸਾਹਮਣੇ ਲਿਆਂਦੀ ਗਈ ਹੈ, ਜਿਸ ਦਾ ਲੇਖਣ ਤੇ ਨਿਰਦੇਸ਼ਨ ਆਦਿੱਤਿਆ ਧਰ ਦੁਆਰਾ ਕੀਤਾ ਗਿਆ ਹੈ। ਐਕਸ਼ਨ ਪੈਕੇਡ ਥੀਮ ਅਧਾਰਿਤ ਉਕਤ ਫ਼ਿਲਮ ਦਾ ਕਾਫ਼ੀ ਅਹਿਮ ਹਿੱਸਾ ਅੰਮ੍ਰਿਤਸਰ ਤੇ ਪੰਜਾਬ ਦੇ ਹੋਰਨਾਂ ਵੱਖ-ਵੱਖ ਹਿੱਸਿਆਂ ’ਚ ਫਿਲਮਾਇਆ ਗਿਆ ਹੈ। ਇਨ੍ਹਾਂ ਨਾਲ ਕਾਫ਼ੀ ਚੈਲੇਜਿੰਗ ਰੋਲ ਦੁਆਰਾ ਸਿਨੇਮਾ ਪ੍ਰੇਮੀਆਂ ਅਤੇ ਅਪਣੇ ਚਾਹੁਣ ਵਾਲਿਆਂ ਦੇ ਸਨਮੁੱਖ ਹੋਏ ਹਨ। ਉਹ ਦੱਸਦੇ ਹਨ ਕਿ 19 ਮਾਰਚ ਨੂੰ ਇਸ ਫਿਲਮ ਦਾ ਪਾਰਟ-2 ਵੀ ਰਿਲੀਜ਼ ਹੋਵੇਗਾ।
ਉਸਦੇ ਪਿਤਾ ਸੁਖਪਾਲ ਸਿੰਘ ਮੰਡੇਰ ਦਾ ਕਹਿਣਾ ਹੈ ਕਿ ਗੁਰਸੇਵਕ ਨੇ ਸ਼ੁਰੂ ਤੋਂ ਹੀ ਮਿਹਨਤ ਕੀਤੀ ਤੇ ਅੱਜ ਜਦ ਫਿਲਮਾਂ ’ਚ ਉਸ ਨੂੰ ਦੇਖਦੇ ਹਾਂ ਤਾਂ ਰੂਹ ਖਿੜ੍ਹ ਜਾਂਦੀ ਹੈ। ਰਾਮਪੁਰ ਮੰਡੇਰ ਵਿਚ ਸਰਕਾਰੀ ਹਾਈ ਸਕੂਲ ’ਚੋਂ ਦਸਵੀਂ ਪਾਸ ਕਰਕੇ ਫ਼ਿਰ ਉਸ ਨੇ ਬੋਹਾ ਦੇ ਸਰਕਾਰੀ ਸਕੂਲ ’ਚ ਬਾਰ੍ਹਵੀਂ ਦੀ ਪੜ੍ਹਾਈ ਕੀਤੀ। ਗੁਰੂ ਨਾਨਕ ਕਾਲਜ ਬੁਢਲਾਡਾ ’ਚੋਂ ਬੀਏ ਕਰ ਫ਼ਿਰ ਪੰਜਾਬੀ ਯੂਨੀਵਰਸਿਟੀ ਪਟਿਆਲਾ ‘ਚ ਥੀਏਟਰ ਐਂਡ ਟੈਲੀਵਿਜ਼ਨ ਡਿਪਾਰਟਮੈਂਟ ’ਚ ਸਿੱਖਦਾ ਰਿਹਾ। ਫਿਰ ਚੰਡੀਗੜ੍ਹ, ਦਿੱਲੀ ਤੇ ਹੁਣ ਮੁੰਬਈ ’ਚ ਅੱਜ ਇਸ ਮੁਕਾਮ ’ਤੇ ਪੁੱਜਿਆ ਹੈ। •
• ਹਰਕ੍ਰਿਸ਼ਨ ਸ਼ਰਮਾ