ਸਿਨੇਮਾ ਸਾਡੀ ਜ਼ਿੰਦਗੀ ’ਚ ਵਾਪਰਦੀਆਂ ਘਟਨਾਵਾਂ ਨੂੰ ਪੇਸ਼ ਕਰਦਾ ਹੈ ਜੋ ਸਾਨੂੰ ਅੱਗੇ ਵਧਣ ਦਾ ਪ੍ਰੇਰਿਤ ਕਰਦਾ ਹੈ| ਸਿਨੇਮਾ ਪ੍ਰਚਾਰ ਤੇ ਪ੍ਰਸਾਰ ਦਾ ਸਭ ਤੋਂ ਵੱਡਾ ਸਾਧਨ ਹੈ| ਸਿਨੇਮੇ ਦਾ ਕਾਮਯਾਬ ਹੋਣਾ, ਸਿਨੇਮੇ ਨੂੰ ਗਲ਼ ਨਾਲ ਲਾਉਣਾ ਬੇਹੱਦ ਜ਼ਰੂਰੀ ਹੈ| ਸੋ ਆਓ,ਅਸੀਂ ਕਾਮਨਾ ਕਰੀਏ ਕਿ

ਬੀਤੇ ਦੌਰ ਸਮੇਂ ਮਨੋਰੰਜਨ ਦੇ ਸਾਧਨ ਸਿਨੇਮਾ ਦੇ ਪ੍ਰਚਾਰ ਲਈ ਸੀਮਤ ਜਿਹੇ ਸਾਧਨ ਹੁੰਦੇ ਸਨ| ਹਰੇਕ ਸ਼ੁਕਰਵਾਰ ਰੇਹੜੀ ਵਾਲਾ ਦੀਵਾਰਾਂ ’ਤੇ ਨਵੀਂ ਫਿਲਮ ਦੇ ਪੋਸਟਰ ਲਗਾਉਣ ਆਉਂਦਾ ਸੀ| ਫਿਲਮਾਂ ਵੇਖਣ ਦੀ ਟਿਕਟ ਦੀ ਕੀਮਤ ਵੀ ਸੀਮਤ ਜਿਹੀ ਹੁੰਦੀ ਸੀ| ਅਜੋਕੇ ਸਮੇਂ ਅੰਦਰ ਮਨੋਰੰਜਨ ਦੇ ਅਹਿਮ ਸਾਧਨ ਸਿਨੇਮੇ ਦੀ ਥਾਂ ਹੁਣ ਮਲਟੀਪਲੈਕਸ ਨੇ ਲੈ ਲਈ ਹੈ ਜਿਥੇ ਫਿਲਮਾਂ ਦੀ ਗਿਣਤੀ ’ਚ ਕਈ ਗੁਣਾ ਵਾਧਾ ਹੋਇਆ ਹੈ| ਇਸ ਨੂੰ ਵੇਖਦਿਆਂ ਫਿਲਮਾਂ ਦੇ ਪ੍ਰਚਾਰ ਦਾ ਸਾਧਨ ਵੀ ਬਦਲ ਗਿਆ ਹੈ| ਹਰ ਮਹੀਨੇ ਕਈ ਪੰਜਾਬੀ ਫਿਲਮਾਂ ਰਿਲੀਜ਼ ਹੁੰਦੀਆਂ ਹਨ ਪਰ ਸਿਨੇਮਾ ਘਰ ਖ਼ਾਲੀ ਨਜ਼ਰ ਆਉਂਦੇ ਹਨ| ਸਾਲ 2025 ਪੰਜਾਬੀ ਸਿਨੇਮੇ ਲਈ ਕਈ ਖੱਟੀਆਂ ਤੇ ਮਿੱਠੀਆਂ ਯਾਦਾਂ ਛੱਡ ਅਲਵਿਦਾ ਆਖ ਰਿਹਾ ਹੈ। ਆਓ, ਝਾਤ ਮਾਰਦੇ ਹਾਂ ਪੰਜਾਬੀ ਸਿਨੇਮਾ-2025 ਦੇ ਲੇਖੇ-ਜੋਖੇ ’ਤੇ|
ਫਿਲਮ ‘ਮਿੱਠੀਏ’ ਨਾਲ ਸ਼ੁਰੂਆਤ
ਉਮੀਦ ਸੀ ਕਿ ਪਾਲੀਵੁੱਡ ’ਚ ਧਮਾਕੇਦਾਰ ਫਿਲਮ ਖਾਤਾ ਖੋਲਣ ’ਚ ਕਾਮਯਾਬ ਹੋਵੇਗੀ। ਫਿਲਮ ‘ਮਿੱਠੀਏ’ ਪੰਜਾਬੀ ਸਿਨੇਮੇ ਦੀ ਸ਼ੁਰੂਆਤ ਹੋਈ| ਸਾਲ ਦਾ ਪਹਿਲਾ ਹਫ਼ਤਾ ਫਿਲਮ ਇੰਡਸਟਰੀ ਲਈ ‘ਮੱਠਾ’ ਹੀ ਿਰਹਾ| ਦੂਸਰੇ ਹਫ਼ਤੇ ਫਿਲਮ ‘ਫ਼ਰਲੋ’ ਰਿਲੀਜ਼ ਹੋਈ ਜੋ ‘ਫ਼ਰਲੋ’ ਹੀ ਰਹੀ| ‘ਚੋਰਾਂ ਨਾਲ ਯਾਰੀਆਂ’ ਤੇ ‘ਅੱਕੜ ਬੱਕੜ ਬੰਬੇ ਬੋ 80-90 ਪੂਰੇ ਸੌ’ ਵੀ ਫਲਾਪ ਫਿਲਮਾਂ ’ਚ ਸ਼ਾਮਿਲ ਹੋ ਗਈਆਂ| ਫਿਲਮ ‘ਚੋਰਾਂ ਨਾਲ ਯਾਰੀਆਂ’ ਨੇ ਦਰਸ਼ਕਾਂ ਨੂੰ ਨਿਰਾਸ਼ਾ ’ਚ ਪਾਇਆ ਉਥੇ ਪੰਜਾਬ ਦੀ ਵਿਰਾਸਤੀ ਖੇਡ ‘ਅੱਕੜ ਬੱਕੜ ਬੰਬੇ ਬੋ 80-90 ਪੂਰੇ ਸੌ’ ਸਮਾਜ ਦੀ ਸਚਾਈ ਪੇਸ਼ ਕਰਦੀ ਵਧੀਆ ਸੁਨੇਹਾ ਦੇ ਗਈ| ‘ਰਿਸ਼ਤੇ ਨਾਤੇ’ ਤੋਂ ਅੱਗੇ ਵੱਧ ਕੇ ‘ਗੁਰਮੁਖ’ ਫਿਲਮ ਰਿਲੀਜ਼ ਹੋਈ| ਜਿਸ ਦੀ ਕਹਾਣੀ ਦਰਸ਼ਕਾਂ ਨੂੰ ਪਸੰਦ ਆਈ। ਸੋਸ਼ਲ ਮੀਡੀਆਂ ਤੇ ਫਿਲਮ ਚਰਚਾ ਦਾ ਵਿਸ਼ਾ ਬਣੀ ਰਹੀ| ਫਿਲਮ ‘ਮਝੈਲ’ ਦਰਸ਼ਕਾਂ ਨੂੰ ਆਪਣੇ ਨਾਲ ਜੋੜਨ ’ਚ ਕਾਮਯਾਬ ਨਾ ਹੋ ਸਕੀ| ਸਤਿੰਦਰ ਸਰਤਾਜ ਦੀ ਫਿਲਮ ‘ਹੁਸ਼ਿਆਰ ਸਿੰਘ’ ਵਧੀਆ ਫਿਲਮ ਰਹੀ| ਕਾਮੇਡੀ ਕਲਾਕਾਰ ਹਾਰਬੀ ਸੰਘਾ ਨੂੰ ਹੀਰੋ ਲੈ ਕੇ ਬਣਾਈ ਫਿਲਮ ‘ਤੈਨੂੰ ਘੋੜੀ ਕੀਹਨੇ ਚੜ੍ਹਾਇਆ’ ਵੀ ਦਰਸ਼ਕਾਂ ਦੀ ਪਹੁੰਚ ਤੋਂ ਦੂਰ ਰਹਿ ਗਈ| ਫਿਲਮ ‘ਇਲਤੀ’ ਦੀਆਂ ਇਲਤਾਂ ਤੋਂ ਦਰਸ਼ਕ ਤੰਗ ਰਹਿ ਗਏ| ਜੈ ਰੰਧਾਵਾ ਦੀ ਫਿਲਮ ‘ਬਦਨਾਮ’ ’ਚ ਦਰਸ਼ਕਾਂ ਨੂੰ ਸਾਊਥ ਦੀਆਂ ਫਿਲਮਾਂ ਵਾਲਾ ਐਕਸ਼ਨ ਤੇ ਕਹਾਣੀ ਪੱਖੋਂ ਦਰਸ਼ਕਾਂ ਦੇ ਦਿਲਾਂ ਨੂੰ ਛੂਹਣ ਵਾਲੀ ਫਲਾਪ ਸਾਬਤ ਰਹੀ| ਲੇਖਕ, ਨਿਰਦੇਸ਼ਕ ਤੇ ਅਦਾਕਾਰ ਅੰਬਰਦੀਪ ਦੀ ਮਨੋਰੰਜਨ ਭਰਪੂਰ ਰਹੀ ਫਿਲਮ ‘ਮਿੱਠੜੇ’ ਰਾਹੀ ਆਪਣੇ ਪੁੱਤਰ ਨੂੰ ਪਰਦੇ ’ਤੇ ਲੈ ਕੇ ਆਉਣ ’ਚ ਕਾਮਯਾਬ ਹੋਇਆ|
ਦਰਸ਼ਕ ਹੋਏ ਨਿਰਾਸ਼
‘ਜਾਗੋ ਆਈ ਆ’, ‘ਗੈਂਗਲੈਂਡ’ ਵਰਗੀਆਂ ਫਿਲਮਾਂ ਦੀ ਗਿਣਤੀ ’ਚ ਵਾਧਾ ਹੋਇਆ| ‘ਸ਼ੌਕੀ ਸਰਦਾਰ’, ‘ਅਕਾਲ’, ‘ਕੁੜੀਆਂ ਜਵਾਨ ਬਾਪੂ ਪ੍ਰੇਸ਼ਾਨ-2’, ‘ਡਾਕੂਆਂ ਦਾ ਮੁੰਡਾ–3’ ਫਿਲਮਾਂ ਵੀ ਦਰਸ਼ਕਾਂ ਨੂੰ ਨਿਰਾਸ਼ ਕਰ ਗਈਆਂ| ‘ਜਾਗੋ ਆਈ ਆ’, ‘ਕਦੀ ਤਾਂ ਹੱਸ ਬੋਲ ਵੇ’, ‘ਮੇਰਾ ਬਾਪੂ’, ‘ਜਬਲੀਮੈਂਟ’, ‘ਸ਼ੌਕਣ-ਸ਼ੌਕਣੇ-2’ ਫਿਲਮਾਂ ਵੀ ਸਿਨੇਮਾ ਨੂੰ ਅੱਗੇ ਨਾ ਲੈ ਜਾ ਸਕੀਆਂ| ਫਿਲਮ ‘ਸਰਦਾਰ ਜੀ 3’ ਨੂੰ ਵਿਦੇਸ਼ਾਂ ’ਚ ਬੇਹੱਦ ਪਿਆਰ ਮਿਲਿਆ| ‘ਮੇਰੀ ਪਿਆਰੀ ਦਾਦੀ’ ਦਾ ਪਿਆਰ ਲੈਣ ਵੀ ਦਰਸ਼ਕ ਘੱਟ ਹੀ ਦੇਖਣ ਪਹੰੁੰਚੇ| ਫਿਲਮ ‘ਸਰਬਾਲਾ ਜੀ’ ਦੀ ਟੀਮ ਵੱਲੋਂ ਸੋਸ਼ਲ ਮੀਡੀਆ ’ਤੇ ਅੱਡੀ ਚੋਟੀ ਦਾ ਜ਼ੋਰ ਲਗਾਇਆ ਗਿਆ| ਲਾੜੇ ਤੋਂ ਵੱਡਾ ਸਰਬਾਲਾ? ਪੰਜਾਬੀ ਸੱਭਿਆਚਾਰ ਵਿਰਸੇ ਦਾ ਨਵਾਂ ਰੰਗ ਦਰਸ਼ਕਾਂ ਨੂੰ ਵੇਖਣਾ ਚੰਗਾ ਨਾ ਲੱਗਿਆ| ਗਾਇਕ ਤੇ ਅਦਾਕਾਰ ਅਮਰਿੰਦਰ ਗਿੱਲ ਫਿਲਮ ‘ਮਿੱਤਰਾਂ ਦਾ ਚੱਲਿਆ ਟਰੱਕ ਨੀਂ’ ਨਾਲ ਦਰਸ਼ਕਾਂ ਦੇ ਦਿਲ ਜਿੱਤਣ ’ਚ ਬਾਜ਼ੀ ਮਾਰ ਗਿਆ| ਇਕ ਅਲੱਗ ਵਿਸ਼ੇ ਨੂੰ ਲੈ ਕੇ ਬਣੀ ਫਿਲਮ ‘ਮਾਂ ਜਾਏ’ ਨੂੰ ਦੇਖ ਕੇ ਲੱਗਦਾ ਸੀ ਕਿ ਇਹ ਦਰਸ਼ਕਾਂ ਨੂੰ ਜੋੜਨ ’ਚ ਕਾਮਯਾਬ ਹੋਵੇਗੀ ਪਰ ਹੋਇਆ ਉਲਟ| ਇਸ ਦਾ ਸੰਵੇਦਨਸ਼ੀਲ ਵਿਸ਼ਾ ਕਾਹਲੀ ਨਾਲ ਫਿਲਮਾਇਆ ਸਿੱਧ ਹੋਇਆ| ਫਿਲਮ ‘ਮੇਹਰ’ ਨਾਲ ਵੀ ਪੰਜਾਬੀ ਸਿਨੇਮੇ ’ਤੇ ਮੇਹਰ ਹੁੰਦੀ-ਹੁੰਦੀ ਰਹਿ ਗਈ| ‘ਪੰਜਾਬੀ ਆ ਗਏ ਓਏ’ ਵੀ ਦਰਸ਼ਕਾਂ ਨੂੰ ਆਪਣੇ ਨਾਲ ਜੋੜ ਨਾ ਸਕੀ| ਫਿਲਮ ‘ਫੱਫੇ ਕੁਟਣੀਆਂ’ ਦੀ ਕਹਾਣੀ ਵੀ ਦਰਸ਼ਕਾਂ ਦੀ ਸਮਝ ਤੋਂ ਦੂਰ ਰਹੀ| ਫਿਲਮ ‘ਨਿੱਕਾ ਜ਼ੈਲਦਾਰ-1, 2, 3 ਤੋਂ ਬਾਅਦ ‘ਨਿੱਕਾ ਜ਼ੈਲਦਾਰ–4’ ਵੀ ਸਿਨੇਮੇ ਨੂੰ ਅੱਗੇ ਲੈ ਕੇ ਨਾ ਵੱਧ ਸਕੀ| ‘ਮਾਂ ਜਾਏ’ ਵੀ ਨਿਰਾਸ਼ਾ ’ਚ ਪਾ ਗਈ| ਫਿਲਮ ‘ਸੂਹੇ ਵੇ ਚੀਰੇ ਵਾਲਿਆ’ ਵੀ ਫਲਾਪ ਫਿਲਮਾਂ ਦੀ ਗਿਣਤੀ ’ਚ ਵਾਧਾ
ਕਰ ਗਈ| ‘ਗੁਰੂ ਨਾਨਕ ਜਹਾਜ਼’ ਖ਼ੂਬਸੂਰਤ ਫਿਲਮ ਦਰਸ਼ਕਾਂ ਨੂੰ ਦੇਖਣ ਨੂੰ ਮਿਲੀ| ਫਿਲਮ ਦੀ ਟੀਮ ਵੱਲੋਂ ਕੀਤੀ ਮਿਹਨਤ ਦੀ ਬੇਹੱਦ ਪ੍ਰਸੰਸਾ ਹੋਈ|
ਪੰਜਾਬੀ ਫਿਲਮਾਂ ’ਚ ਨਵੇਂਪਣ ਦੀ ਘਾਟ
‘ਰਾਵੀ ਦੇ ਕੰਢੇ’ ਦੀ ਗੱਲ ਕਰੀਏ ਤਾਂ ਫਿਲਮ ਦੀ ਟੀਮ ਵੱਲੋਂ ਫਿਲਮ ਦੀ ਕਹਾਣੀ ਨੂੰ ਮਿਹਨਤ ਨਾਲ ਤਿਆਰ ਕੀਤਾ ਜੋ ਬੇਹੱਦ ਭਾਵੁਕ ਕਰਦੀ ਹੈ, ਨੂੰ ਵੀ ਦਰਸ਼ਕ ਨਾ ਮਿਲੇ| ‘ਗੋਡੇ-ਗੋਡੇ ਚਾਅ 2’, ਦਾ ਵੀ ਚਾਅ ਅਧੂਰਾ ਰਹਿ ਕੇ ਜਲਦੀ ਹੀ ਉਤਰ ਗਿਆ| ‘ਅਸੀਂ ਪੰਜਾਬੀ ਹੁੰਦੇ ਆਂ’, ‘ਮਧਾਣੀਆਂ’ ਫਿਲਮਾਂ ਵੀ ਕਸੌਟੀ ’ਤੇ ਖ਼ਰੀਆਂ ਨਾ ਉਤਰ ਸਕੀਆਂ| ਪੰਜਾਬੀ ਫਿਲਮ ‘ਇਕ ਕੁੜੀ’ ਦਰਸ਼ਕਾਂ ਨੂੰ ਪਸੰਦ ਆਈ ਜੋ ਕਾਫ਼ੀ ਹਫ਼ਤੇ ਸਿਨੇਮੇ ਘਰਾਂ ਦਾ ਸ਼ਿੰਗਾਰ ਬਣੀ ਰਹੀ| ‘ਪੀ ਖ਼ੁਸ਼ ਹੋ ਗਿਆ’ ਨਾ ਆਪ ਖ਼ੁਸ਼ ਹੋਇਆ ਤੇ ਨਾ ਦਰਸ਼ਕਾਂ ਨੂੰ ਖ਼ੁਸ਼ ਕਰਨ ਵਿਚ ਵੀ ਕਾਮਯਾਬ ਹੋਇਆ| ‘ਮੇਰਾ ਬੜਾ ਕਰਾਰਾ ਪੂਦਨਾ’ ਨੂੰ ਕਾਮੇਡੀ ਦਾ ਜ਼ਿਆਦਾ ਤੜਕਾ ਫਿਲਮ ਨੂੰ ਬੇਸੁਆਦ ਕਰ ਗਿਆ| ‘ਇਕ ਤੇਰੇ ਕਰਕੇ’ ‘ਮੁੱਕ ਗਈ ਫੀਮ ਡੱਬੀ ’ਚੋਂ ਯਾਰੋ’ ਨਾਲ ਵੀ ਦਰਸ਼ਕ ਨਾ ਜੁੜ ਸਕੇ| ‘ਇਕ ਕੁੜੀ’ ਇਸ ਸਾਲ ਦੀ ਵਧੀਆ ਫਿਲਮ ਰਹੀ| ਕੁਲ ਮਿਲਾ ਕੇ ਮਨਘੜਤ ਕਹਾਣੀਆਂ ਵਾਲੀਆਂ ਫਲਾਪ ਫਿਲਮਾਂ ਤੋਂ ਅੱਕੇ ਦਰਸ਼ਕ ਚੰਗੀਆਂ ਫਿਲਮਾਂ ਤੋਂ ਵੀ ਦੂਰ ਰਹੇ| ਇਸ ਸਾਲ ਦੀ ਿਕਸੇ ਵੀ ਪੰਜਾਬੀ ਫਿਲਮ ’ਚ ਨਵਾਂਪਣ ਵੇਖਣ ਨੂੰ ਨਹੀਂ ਮਿਲਿਆ ਜੋ ਪੰਜਾਬੀ ਸਿਨੇਮੇ ਲਈ ਚਿੰਤਾ ਦਾ ਵਿਸ਼ਾ ਹੈ|
ਫਿਲਮਾਂ ਦਾ ਗੀਤ-ਸੰਗੀਤ
ਜਦੋਂ ਪੰਜਾਬੀ ਫਿਲਮਾਂ ਵਿਚਲੇ ਗੀਤ-ਸੰਗੀਤ ਦੀ ਗੱਲ ਆਉਂਦੀ ਹੈ ਤਾਂ ਰੂਹਾਂ ਨੂੰ ਸਕੂਨ ਜਿਹਾ ਮਿਲ ਜਾਂਦਾ| ਪੁਰਾਣੀਆਂ ਫਿਲਮਾਂ ਦੇ ਗੀਤ-ਸੰਗੀਤ ਦੀ ਗੱਲ ਕਰੀਏ ਤਾਂ ਬਹੁਤ ਸਾਰੀਆਂ ਫਿਲਮਾਂ ਵਿਸ਼ਿਆਂ, ਕਹਾਣੀਆਂ ਪੱਖੋਂ ਅਮੀਰ ਹਨ| ਬਹੁਤ ਸਾਰੀਆਂ ਫਿਲਮਾਂ ਕਹਾਣੀਆਂ ਵਿਚਲੇ ਕਲਾਕਾਰਾਂ ਵੱਲੋਂ ਨਿਭਾਏ ਯਾਦਗਾਰੀ ਕਿਰਦਾਰਾਂ ਕਰ ਕੇ ਸੱਥਾਂ ਦੀਆਂ ਚਰਚਾ ’ਚ ਹਨ| ਪੁਰਾਣੀਆਂ ਫਿਲਮਾਂ ਦੇ ਅਨੇਕਾਂ ਗੀਤ ‘ਲਾਈਆਂ ਤੇ ਤੋੜ ਨਿਭਾਈ ਛੱਡ ਕੇ ਨਾ ਜਾਵੀਂ ਵੇ‘, ‘ਦੱਸ ਰੋਇਆ ਕਰੇਂਗਾ ਸਾਨੂੰ ਯਾਦ ਕਰ ਕੇ’, ‘ਅੰਬੀਆਂ ਦੇ ਬੂਟਿਆਂ ’ਤੇ ਲੱਗ ਗਿਆ ਬੂਰ ਵੇ ਰੁੱਤ ਵੇ ਮਿਲਾਪਾਂ ਵਾਲੀ ਚੰਨ ਮੇਰਾ ਦੂਰ ਵੇ’, ‘ਤੇਰੇ ਕਣਕ ਦੀ ਰਾਖੀ ਮੁੰਡਿਆ ਹੁਣ ਮੈਂ ਨਹੀਓਂ ਬਹਿੰਦੀ’, ‘ਇਕ ਤੂੰ ਹੋਵੇ ਇਕ ਮੈਂ ਹੋਵਾ’, ‘ਬੱਲੇ ਬੱਲੇ ਨੀ ਤੇਰੀ ਮਲਮਲ ਦੀ’, ‘ਪਹਿਲੀ ਪਹਿਲੀ ਵਾਰ ਮੈਂਨੂੰ ਆਪ ਲੈਣ ਆ ਗਿਆ’, ‘ਅਸੀਂ ਪੇਂਡੂ ਨੀਂ ਦਿਲਾਂ ਦੇ ਮਾੜੇ‘, ‘ਤੂੰ ਕਿਹੜੇ ਅਰਸ਼ ਦਾ ਤਾਰਾ ਦੱਸ ਮੇਰਿਆ ਦਿਲਬਰਾ ਵੇ’, ‘ਗੱਡੀ ਥੱਲੇ ਸਿਰ ਦੇ ਕੇ ਮਰ ਜਾਊਂਗੀ’, ‘ਮੈਂ ਵਾਰੀ ਮੈਂ ਵਾਰੀ ਮੇਰੀ ਸੰਮੀਏ’, ‘ਵੇਂ ਤੂੰ ਲੌਂਗ ਵੇ ਮੈਂ ਲਾਚੀ’ ਆਦਿ ਤਮਾਮ ਗੀਤ ਅੱਜ ਵੀ ਜ਼ਿਹਨ ’ਚ ਵੱਸਦੇ ਹਨ ਪਰ ਪਿਛਲੇ ਲੰਮੇ ਸਮੇਂ ਤੋਂ ਦੇਖਣ ’ਚ ਆਇਆ ਹੈ ਕਿ ਅਜੋਕੀਆਂ ਫਿਲਮਾਂ ਦੇ ਗੀਤ ਲੋਕ ਮਨਾਂ ਤੋਂ ਕੋਹਾ ਦੂਰ ਹਨ| ਸਾਲ 2025 ਵੀ ਇਸ ਤਰ੍ਹਾਂ ਹੀ ਗੁਜਰ ਗਿਆ ਹੈ|
ਦੋਹਰੇ ਡਾਇਲਾਗਾਂ ਦਾ ਰੁਝਾਨ
ਪਿਛਲੇ ਕੁਝ ਸਾਲਾਂ ਤੋਂ ਸਾਡੇ ਪੰਜਾਬੀ ਫਿਲਮ ਿਨਰਦੇਸ਼ਕਾਂ ਵੱਲੋਂ ਦਰਸ਼ਕਾਂ ਨੂੰ ਫਿਲਮਾਂ ਨਾਲ ਜੋੜਨ ਲਈ ਜਿਥੇ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ ਉਥੇ ਕੁਝ ਫਿਲਮਾਂ ਰਾਹੀ ਦੋਹਰੇ ਅਰਥਾਂ ਵਾਲੇ ਡਾਇਲਾਗ ਪਰੋਸੇ ਜਾ ਰਹੇ ਹਨ| ਇਸ ਦੇ ਨਾਲ-ਨਾਲ ਵੱਡੀ ਉਮਰ ਦੇ ਕਲਾਕਾਰਾਂ ਵੱਲੋਂ ਪਰਦੇ ’ਤੇ ਜਵਾਨ ਉਮਰ ਦੇ ਰੋਲ ਨਿਭਾਉਣ ਵਾਲੀ ਸੋਚ ਵੀ ਦਰਸ਼ਕਾਂ ਲਈ ਚਰਚਾ ਦਾ ਵਿਸ਼ਾ ਬਣੀ ਰਹੀ| ਪੰਜਾਬੀ ਸਿਨੇਮਾ ’ਚ ਅਦਾਕਾਰ ਸਵ. ਵਰਿੰਦਰ ਨੇ ਜੋੋ ਪੈੜਾਂ ਪਾਈਆਂ, ਉਨ੍ਹਾਂ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ| ਉਸ ਤੋਂ ਬਾਅਦ ਹੁਣ ਤਕ ਪੰਜਾਬੀ ਸਿਨੇਮੇ ਨੇ ਕਈ ਉਤਰਾਅ-ਚੜ੍ਹਾਅ ਵੇਖੇ ਹਨ| ਅਜੋਕੇ ਫਿਲਮ ਮੇਕਰਾਂ ਵੱਲੋਂ ਫਿਲਮਾਂ ਨੂੰ ਹਿੱਟ ਕਰਨ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ| ਕਦੇ ਗਾਇਕ ਕਲਾਕਾਰਾਂ ਨੂੰ ਲੈ ਕੇ ਫਿਲਮਾਂ ਬਣਾਉਣ ਦਾ ਤਜਰਬਾ, ਕਦੇ ਸੋਸ਼ਲ ਮੀਡੀਆ ’ਤੇ ਰੀਲ੍ਹਾਂ ਪਾਉਣ ਵਾਲਿਆਂ ਨੂੰ ਫਿਲਮਾਂ ’ਚ ਲੈਣ, ਕਾਮੇਡੀ ਕਲਾਕਾਰਾਂ ਨੂੰ ਹੀਰੋ ਲੈ ਕੇ ਫਿਲਮ ਬਣਾਉਣ ਦਾ ਤਜਰਬਾ ਵੀ ਦਰਸ਼ਕਾਂ ਨੂੰ ਪਸੰਦ ਨਾ ਆਇਆ| ਦਰਸ਼ਕਾਂ ਦੇ ਮਨਾਂ ਅੰਦਰ ਵੱਡੀ ਉਮਰ ਦੇ ਕਲਾਕਾਰਾਂ ਵੱਲੋਂ ਜਵਾਨ ਉਮਰ ਦੇ ਰੋਲ ਨਿਭਾਉਣ ਵਾਲੀ ਸੋਚ ਵੀ ਚਰਚਾ ਦਾ ਵਿਸ਼ਾ ਬਣੀ ਰਹੀ|
ਪ੍ਰਚਾਰ ਨੇ ਬਦਲਿਆ ਰੰਗ
ਪੰਜਾਬੀ ਫਿਲਮਾਂ ਦੀ ਸੀਮਤ ਜਿਹੇ ਪ੍ਰਚਾਰ ਤੋਂ ਬਾਅਦ ਸਿਨੇਮੇ ਫਿਲਮਾਂ ਦੇ ਪ੍ਰਚਾਰ ਲਈ ਨਵੇਂ-ਨਵੇਂ ਢੰਗ ਤਰੀਕੇ ਵਰਤੇ ਜਾਣ ਲੱਗੇ ਹਨ| ਫਿਲਮਾਂ ਦਾ ਪ੍ਰਚਾਰ ਸੜਕਾਂ ’ਤੇ ਵੱਡੇ-ਵੱਡੇ ਫਲੈਕਸਾਂ ਤੋਂ ਲੈ ਕੇ ਸਕੂਲਾਂ-ਕਾਲਜਾਂ ਤਕ ਫਿਲਮਾਂ ਦੀਆਂ ਟੀਮਾਂ ਆਉਣ ਵਾਲੀਆਂ ਫਿਲਮਾਂ ਦੇ ਪ੍ਰਚਾਰ ਲਈ ਅੱਡੀ-ਚੋਟੀ ਦਾ ਜ਼ੋਰ ਲਗਾ ਰਹੀਆਂ ਹਨ ਪਰ ਮਲਟੀਪਲੈਕਸ ਫਿਰ ਵੀ ਖ਼ਾਲੀ ਦੇ ਖ਼ਾਲੀ ਨਜ਼ਰ ਆ ਰਹੇ ਹਨ, ਜੋ ਚਿੰਤਾ ਦਾ ਵਿਸ਼ਾ ਹੈ| ਫਿਲਮਾਂ ਦੇ ਪ੍ਰੀਮੀਅਮ ਸ਼ੋਅ ਮੌਕੇ ਫਿਲਮ ਦੀ ਟੀਮ ਨੂੰ ਮੀਡੀਆ ਅੱਗੇ ਰੂ-ਬ-ਰੂ ਕਰਨ ਦੇ ਹਰ ਹਫ਼ਤੇ ਦਰਸ਼ਕਾਂ ਨੂੰ ਵੱਖੋ-ਵੱਖਰੇ ਰੰਗ ਵੇਖਣ ਨੂੰ ਮਿਲ ਰਹੇ ਹਨ| ਜਿਵੇਂ ਫਿਲਮ ਦਾ ਪਹਿਲਾ ਸ਼ੋਅ ਚਹੇਤਿਆਂ ਨੂੰ ਦਿਖਾਉਣਾ| ਕੀ ਅਜਿਹੀਆਂ ਪੇਸ਼ਕਾਰੀਆਂ ਸਿਨੇਮੇ ਨੂੰ ਉਪਰ ਲੈ ਜਾਣਗੀਆਂ ?
2026 ਦੀ ਉਡੀਕ ’ਚ ਨਵੀਆਂ ਫਿਲਮਾਂ
ਸਿਨੇਮਾ ਸਾਡੀ ਜ਼ਿੰਦਗੀ ’ਚ ਵਾਪਰਦੀਆਂ ਘਟਨਾਵਾਂ ਨੂੰ ਪੇਸ਼ ਕਰਦਾ ਹੈ ਜੋ ਸਾਨੂੰ ਅੱਗੇ ਵਧਣ ਦਾ ਪ੍ਰੇਰਿਤ ਕਰਦਾ ਹੈ| ਸਿਨੇਮਾ ਪ੍ਰਚਾਰ ਤੇ ਪ੍ਰਸਾਰ ਦਾ ਸਭ ਤੋਂ ਵੱਡਾ ਸਾਧਨ ਹੈ| ਸਿਨੇਮੇ ਦਾ ਕਾਮਯਾਬ ਹੋਣਾ, ਸਿਨੇਮੇ ਨੂੰ ਗਲ਼ ਨਾਲ ਲਾਉਣਾ ਬੇਹੱਦ ਜ਼ਰੂਰੀ ਹੈ| ਸੋ ਆਓ,ਅਸੀਂ ਕਾਮਨਾ ਕਰੀਏ ਕਿ ਪੰਜਾਬੀ ਫਿਲਮਾਂ ਵੀ ਸਾਡੇ ਸਮਾਜ ਦੇ ਹਾਣ ਦੀਆਂ ਬਣਨ| ਸਾਲ 2026 ’ਚ ‘ਗੁਰ ਸ਼ਹੀਦ ਮੁਹੰਮਦ ਸਿੰਘ’ ,‘ਭੋਲੇ ਓਏ -2’,‘ਇਸ਼ਕਾਂ ਦੇ ਲੇਖੇ’,‘ਪੰਛੀ-2’ ਆਦਿ ਫਿਲਮਾਂ ਪੰਜਾਬੀ ਸਿਨੇਮੇ ਲਈ ਵੱਖਰਾ ਮੁਕਾਮ ਹਾਸਲ ਕਰਨਗੀਆਂ| ਕੁਝ ਨਵੇਂ ਚਿਹਰੇ ਨਜ਼ਰ ਆਉਣ ਦੀ ਉਮੀਦ ਵੀ ਹੈ| ਪ੍ਰਮਾਤਮਾ ਕਰੇ, ਸਾਲ 2026 ਦੇ ਸੂਰਜ ਦਾ ਚਾਨਣ ਨਵੀਆਂ ਉਮੀਦਾਂ ਨੂੰ ਰੁਸ਼ਨਾਉਂਦਾ ਸਭਨਾਂ ਦੇ ਵਿਹੜਿਆਂ ਅੰਦਰ ਚਾਨਣ ਵੰਡੇ| ਦਰਸ਼ਕਾਂ ਦੇ ਦਿਲਾਂ ਨੂੰ ਛੂਹ ਜਾਣ ਵਾਲੀਆਂ ਪੰਜਾਬੀ ਫਿਲਮਾਂ ਦੀ ਆਮਦ ਹੋਵੇ ਅਤੇ ਪੰਜਾਬੀ ਸਿਨੇਮਾ ਦਿਨ-ਦੁੱਗਣੀ ਰਾਤ ਚੌਗੁਣੀ ਤਰੱਕੀ ਕਰੇ।
ਹਿੱਟ ਤੇ ਫਲਾਪ ਫਿਲਮਾਂ
ਸਾਲ 2025 ਦੌਰਾਨ ਦਰਜਨਾਂ ਹੀ ਰਿਲੀਜ਼ ਹੋਈਆਂ ਪੰਜਾਬੀ ਫਿਲਮਾਂ ’ਚੋਂ ਕੁਝ ਫਿਲਮਾਂ ਹੀ ਚੱਲੀਆਂ ਜਿਨ੍ਹਾਂ ’ਚ ਅਮਰਿੰਦਰ ਗਿੱਲ ਤੇ ਸੁਨੰਦਾ ਸ਼ਰਮਾ ਦੀ ਫਿਲਮ ‘ਮਿੱਤਰਾਂ ਦਾ ਚੱਲਿਆ ਟਰੱਕ ਨੀਂ’ ਚੰਗੀ ਚੱਲ ਗਈ| ‘ਸ਼ੌਕਣ-ਸ਼ੌਕਣੇ-2’ ਵੀ ਚੰਗਾ ਕਾਰੋਬਾਰ ਕਰ ਗਈ| ਪੰਜਾਬੀ ਫਿਲਮ ‘ਇਕ ਕੁੜੀ’ ਦੇ ਪਹਿਲੇ ਤਿੰਨ ਦਿਨ ਵਪਾਰ ਪੱਖੋਂ ਕਮਜ਼ੋਰ ਰਹੇ ਪਰ ਫਿਰ ਹਿੱਟ ਰਹੀ ਜੋ ਅੱਜ ਦਰਸ਼ਕਾਂ ਦੀ ਪਹਿਲੀ ਪਸੰਦ ਬਣੀ ਜੋ ਇਸ ਸਾਲ ਦੀ ਸਭ ਤੋਂ ਵਧੀਆ ਫਿਲਮ ਰਹੀ| ਫਿਲਮ ‘ਰਾਵੀ ਦੇ ਕੰਢੇ’ ਦੀ ਗੱਲ ਕਰੀਏ ਤਾਂ ਫਿਲਮ ਦੀ ਟੀਮ ਵੱਲੋਂ ਫਿਲਮ ਦੀ ਕਹਾਣੀ ਨੂੰ ਸੁਚੱਜੇ ਢੰਗ ਨਾਲ ਪਰੋਇਆ ਗਿਆ ਪਰ ਦਰਸ਼ਕਾਂ ਨੂੰ ਜੋੜਨ ’ਚ ਪਿਛੇ ਰਹਿ ਗਈ| ਲੇਖਕ ਦੇ ਨਿਰਦੇਸ਼ਕ ਨਵ ਬਾਜਵਾ ਦੀ ਪੰਜਾਬੀ ਫਿਲਮ ‘ਮਧਾਣੀਆਂ’ ਜੋ ਪੰਜਾਬੀ ਸਿਨੇਮੇ ਦੀ ਮਲਟੀਸਟਾਰ ਫਿਲਮ ਮੰਨੀ ਗਈ ਕਿਉਂਕਿ ਫਿਲਮ ’ਚ ਨੀਰੂ ਬਾਜਵਾ, ਗੁਰਪ੍ਰੀਤ ਘੁੱਗੀ, ਦੇਵ ਖਰੋੜ ਆਦਿ ਹੋਰ ਵੱਡੇ ਕਲਾਕਾਰਾਂ ਨੂੰ ਲੈ ਕੇ ਰਿਲੀਜ਼ ਹੋਈ ਪਰ ਇਸ ਫਿਲਮ ਨੂੰ ਵੀ ਦਰਸ਼ਕਾਂ ਪਸੰਦ ਨਹੀਂ ਕੀਤਾ। ਫਿਲਮ ਬਾਕਿਸ ਆਫਿਸ ’ਤੇ ਮੂਧੇ ਮੂੰਹ ਡਿੱਗੀ| ਬੀਨੂੰ ਢਿੱਲੋਂ ਤੇ ਜੀ. ਖਾਨ ਦੀ ਮੁੱਖ ਭੂਮਿਕਾ ਨਾਲ ਜੌਬੀ ’ਤੇ ਬਣੀ ਪੰਜਾਬ ਦੀ ਪਹਿਲੀ ਫਿਲਮ ‘ਜੌਬੀਲੈਂਡ’ ਨੂੰ ਵੇਖਣ ਵਾਲੇ ਦਰਸ਼ਕਾਂ ਨੂੰ ਕਾਫ਼ੀ ਹੱਦ ਤਕ ਪਸੰਦ ਆਈ| ਗਾਇਕ ਤੇ ਅਦਾਕਾਰ ਸਤਿੰਦਰ ਸਿਰਤਾਜ ਦੀ ਫਿਲਮ ‘ਹੁਸ਼ਿਆਰ ਸਿੰਘ’ ਲੋਕ ਮਨਾਂ ’ਤੇ ਖ਼ਰੀ ਉਤਰੀ ਤੇ ਹਿੱਟ ਲਿਸਟ ’ਚ ਦਾ ਖਾਤਾ ਖੋਲ੍ਹਣ ’ਚ ਸਫਲ ਰਹੀ| ਅਣਛੂਹੇ ਵਿਸ਼ੇ ’ਤੇ ਬਣੀ ਫਿਲਮ ‘ਗੁਰੂ ਨਾਨਕ ਜਹਾਜ਼’ ਵੀ ਚੰਗਾ ਹੁੰਗਾਰਾ ਿਮਲਿਆ।
ਮਹਿੰਗੇ ਸਿਨੇਮੇ ਤੋਂ ਅੱਕੇ ਦਰਸ਼ਕ
ਇਕ ਫਿਲਮ ਵੇਖਣ ਲਈ ਮਲਟੀਪਲੈਕਸ ’ਚ ਗੱਡੀ ਦੀ ਪਾਰਕਿੰਗ ਤੋਂ ਲੈ ਕੇ ਟਿਕਟ ਖਿੜਕੀ ਤੋਂ ਹੰੁਦੇ ਖਾਣ-ਪੀਣ ਦੀ ਵਸਤਾਂ ਦੇ ਅਸਮਾਨ ਛੂੰਹਦੇ ਰੇਟ ਫਿਲਮ ਵੇਖਣ ਵਾਲਿਆਂ ਦੇ ਪਸੀਨੇ ਛੁਡਾ ਦਿੰਦੇ ਹਨ| ਪੰਜਾਬੀ ਫਿਲਮਾਂ ਨੂੰ ਪਿਆਰ ਕਰਨ ਵਾਲੇ ਬਹੁਤ ਸਾਰੇ ਲੋਕਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਕਦੇ ਸਮੇਂ ਸੀ ਜਦੋਂ ਦਰਸ਼ਕ ਪਸੰਸੀਦਾ ਅਦਾਕਾਰ ਦੀ ਫਿਲਮ ਦੇਖਣ ਲਈ ਬੜੇ ਚਾਅ ਨਾਲ ਸਿਨੇਮਾ ਘਰ ਪਹੁੰਚਦੇ ਸਨ ਪਰ ਅਜੋਕੇ ਤਕਨੀਕੀ ਦੌਰ ’ਚ ਸਿਨੇਮਾ ਘਰ ਦਰਸ਼ਕਾਂ ਤੋਂ ਸੱਖਣੇ ਹੋ ਰਹੇ ਹਨ| ਇਸ ਪਿਛੇ ਬਹੁਤ ਸਾਰੇ ਕਾਰਨ ਹਨ| ਇਕ ਦਿਨ ’ਚ ਦੋ-ਤਿੰਨ ਫਿਲਮਾਂ ਦਾ ਰਿਲੀਜ਼ ਹੋਣਾ ਵੀ ਅਹਿਮ ਕਾਰਨ ਹਿੰਦੀ ਤੇ ਪੰਜਾਬੀ ਫਿਲਮਾਂ ’ਚ ਅਹਿਮ ਵਿਸ਼ੇ ’ਤੇ ਕੰਮ ਨਾ ਹੋਣਾ, ਦੂਜੀ ਗੱਲ ਮਲਟੀਪਲੈਕਸਾਂ ਦੀ ਟਿਕਟ ਮਹਿੰਗੀ ਹੋਣਾ ਵੀ ਵੱਡਾ ਕਾਰਨ ਹੈ| ਜਿਸ ਦਿਨ ਵਰਲਡ ਪੰਜਾਬੀ ਸਿਨੇਮਾ ਦਿਵਸ ਮਨਾਇਆ ਗਿਆ,ਉਸ ਦਿਨ ਟਿਕਟ ਸਸਤੀ ਕੀਤੀ ਗਈ ਸੀ| ਦਰਸ਼ਕਾਂ ਦਾ ਸਿਨੇਮੇ ਤੋਂ ਦੂਰ ਹੋਣ ਦਾ ਕਾਰਨ ਹਲਕੇ ਵਿਸ਼ਿਆਂ ਦੀਆ ਫਿਲਮਾਂ ਹਨ| ਲੰਮੇ ਸਮੇਂ ਤੋਂ ਫਿਲਮ ਮੇਕਰਾਂ ਵੱਲੋਂ ਇਕੋ ਟੀਮ ਨੂੰ ਲੈ ਕੇ ਫਿਲਮਾਂ ’ਚ ਬਣਾਉਣਾ ਵੀ ਵੱਡਾ ਕਾਰਨ ਹੈ|
ਪੁਰਾਣੇ ਵਿਸ਼ਿਆਂ ਦਾ ਦੁਹਰਾਅ
ਇਕ ਵੇਲਾ ਸੀ ਜਦੋਂ ਪੰਜਾਬੀ ਫਿਲਮ ਸਿਨੇਮਾ ਘਰਾਂ ਅੰਦਰ ਲੱਗਦੀ ਸੀ ਤਾਂ ਫਿਲਮਾਂ ਵੇਖਣ ਦੇ ਸ਼ੌਕੀਨਾਂ ਨੂੰ ਚਾਅ ਚੜ੍ਹ ਜਾਂਦਾ ਸੀ ਪਰ ਅਜੋਕੇ ਸਮੇਂ ਅੰਦਰ ਕਈ ਵਾਰੀ ਇਕ ਹਫ਼ਤੇ ਇਕ ਫਿਲਮ ਨਹੀਂ ਸਗੋਂ ਦੋ ਅਤੇ ਤਿੰਨ ਫਿਲਮਾਂ ਵੀ ਰਿਲੀਜ਼ ਹੋ ਜਾਂਦੀਆਂ ਹਨ| ਪੰਜਾਬੀ ਸਿਨੇਮੇ ਦੀ ਇਸ ਸਪੀਡ ਤੋਂ ਜਿਥੇ ਦਰਸ਼ਕ ਵਰਗ ਤੰਗ ਆ ਗਿਆ ਉਥੇ ਬਹੁਤੀਆਂ ਫਿਲਮਾਂ ਵਿਆਹ ਵਿਸ਼ੇ ’ਤੇ ਬਣਨ ਕਰਕੇ ਦਰਸ਼ਕ ਵਰਗ ਅੱਕ ਗਿਆ ਹੈ| ਸੰਨ 47, ਪੁਰਾਣਾ ਪੰਜਾਬ, ਪਰਿਵਾਰਕ ਰਿਸ਼ਤਿਆਂ ਦੇ ਨਾਲ-ਨਾਲ ਪੰਜਾਬ ਦੇ ਵਿਆਹਾਂ ਦੀ ਮਠਿਆਈ ਵਾਲੇ ਵਿਸ਼ਿਆਂ ਦੀਆਂ ਕਹਾਣੀਆਂ ਨਾਲ ਹਿਚਕੋਲੇ ਖਾਂਦਾ ਆ ਰਿਹਾ ਹੈ ਪੰਜਾਬੀ ਸਿਨੇਮਾ| ਨਾ ਫਿਲਮਾਂ ਲਈ ਮਜ਼ਬੂਤ ਵਿਸ਼ੇ, ਨਾ ਮਜ਼ਬੂਤ ਕਹਾਣੀਆਂ ਅਤੇ
ਨਾ ਹੀ ਫਿਲਮਾਂ ਦੇ ਟਾਈਟਲ ਢੁੱਕਵੇਂ ਤੇ
ਪ੍ਰਭਾਵਸ਼ਾਲੀ ਹੁੰਦੇ ਹਨ|
•
• ਕਾਲਾ ਸਿੰਘ ਸੈਣੀ
99882-80386