ਲੁਧਿਆਣਾ ਦਾ ਪੰਜਾਬੀ ਭਵਨ ਰੰਗਮੰਚ ਦਾ ਕੇਂਦਰ ਰਿਹਾ, ਜਿੱਥੇ ਹਰਪਾਲ ਟਿਵਾਣਾ ਦੀ ਅਗਵਾਈ ਹੇਠ ਪੰਜਾਬੀ ਨਾਟਕ 'ਚਮਕੌਰ ਦੀ ਗੜ੍ਹੀ’ ਸਮੇਤ ਅਨੇਕਾਂ ਨਾਟਕ ਖੇਡੇ ਗਏ, ਜਿਨ੍ਹਾਂ ਵਿਚ ਨੀਨਾ ਟਿਵਾਣਾ, ਸਰਦਾਰ ਸੋਹੀ, ਦਰਸ਼ਨ ਬੜੀ ਨੇ ਵੀ ਕੰਮ ਕੀਤਾ। ਨਾਟਕਾਂ ‘ਹਿੰਦ ਦੀ ਚਾਦਰ’ ਤੇ ‘ਗ਼ੁਲਾਮ ਕੀ ਬੇਟੀ’ 'ਚ ਗਾਇਕ ਕਲਾਕਾਰ ਗੁਰਦਾਸ ਮਾਨ ਨੇ ਕੰਮ ਕੀਤਾ।

ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ : ਕਿਸੇ ਵੀ ਭਾਸ਼ਾ ਦੇ ਨਾਟਕਾਂ ਜਾਂ ਫਿਲਮਾਂ ਦੀ ਗੱਲ ਕਰੀਏ ਇਨ੍ਹਾਂ ਵਿਚ ਕਿਰਦਾਰ ਨਿਭਾਉਣ ਵਾਲੇ ਜ਼ਿਆਦਾਤਰ ਕਲਾਕਾਰ ਰੰਗਮੰਚ ਦੀ ਦੇਣ ਹਨ। ਪੰਜਾਬੀ ਰੰਗਮੰਚ ਦਾ ਆਪਣਾ ਇਤਿਹਾਸ ਹੈ ਅਤੇ ਰੰਗਮੰਚ ਨਾਲ ਜੁੜੇ ਕਈ ਕਲਾਕਾਰਾਂ ਨੇ ਅਦਾਕਾਰੀ ਵਿਚ ਵੱਡੀਆਂ ਪੁਲਾਘਾਂ ਪੁੱਟੀਆਂ ਹਨ। ਇਨ੍ਹਾਂ ਦੀ ਅਦਾਕਾਰੀ ਨੂੰ ਦੇਖ ਕੇ ਸੂਝਵਾਨ ਦਰਸ਼ਕ ਝੱਟ ਸਮਝ ਜਾਂਦੇ ਹਨ ਕਿ ਇਹ ਕਲਾਕਾਰ ਰੰਗ-ਮੰਚ ਦੀ ਦੇਣ ਹੈ। ਰੰਗਮੰਚ ਦੇ ਖੇਤਰ ਵਿਚ ਗੁਰਸ਼ਰਨ ਭਾਜੀ (ਭਾਈ ਮੰਨਾ ਸਿੰਘ) ਦਾ ਵੱਖਰਾ ਮੁਕਾਮ ਰਿਹਾ। ਫਿਲਮਾਂ 'ਚ ਆਉਣ ਤੋਂ ਪਹਿਲਾ ਕੁਲਭੂਸ਼ਣ ਖਰਬੰਦਾ, ਪੰਕਜ ਕਪੂਰ, ਅਰੁਣ ਬਖ਼ਸ਼ੀ, ਰਾਜ ਬੱਬਰ, ਨਿਰਮਲ ਰਿਸ਼ੀ, ਓਮ ਪੁਰੀ, ਹਰਪਾਲ ਟਿਵਾਣਾ, ਸਰਦਾਰ ਸੋਹੀ, ਗਿਰਜਾ ਸ਼ੰਕਰ, ਯਸ਼ ਸ਼ਰਮਾ, ਦੀਪ ਢਿੱਲੋਂ, ਹਰਭਜਨ ਜੱਬਲ, ਗੁਰਪ੍ਰੀਤ ਘੁੱਗੀ, ਰਾਣਾ ਰਣਬੀਰ ਅਤੇ ਹੋਰ ਅਨੇਕਾਂ ਕਲਾਕਾਰ ਪਹਿਲਾ ਥੀਏਟਰ ਨਾਲ ਜੁੜੇ ਰਹੇ।
ਲੁਧਿਆਣਾ ਦਾ ਪੰਜਾਬੀ ਭਵਨ ਰੰਗਮੰਚ ਦਾ ਕੇਂਦਰ ਰਿਹਾ, ਜਿੱਥੇ ਹਰਪਾਲ ਟਿਵਾਣਾ ਦੀ ਅਗਵਾਈ ਹੇਠ ਪੰਜਾਬੀ ਨਾਟਕ 'ਚਮਕੌਰ ਦੀ ਗੜ੍ਹੀ’ ਸਮੇਤ ਅਨੇਕਾਂ ਨਾਟਕ ਖੇਡੇ ਗਏ, ਜਿਨ੍ਹਾਂ ਵਿਚ ਨੀਨਾ ਟਿਵਾਣਾ, ਸਰਦਾਰ ਸੋਹੀ, ਦਰਸ਼ਨ ਬੜੀ ਨੇ ਵੀ ਕੰਮ ਕੀਤਾ। ਨਾਟਕਾਂ ‘ਹਿੰਦ ਦੀ ਚਾਦਰ’ ਤੇ ‘ਗ਼ੁਲਾਮ ਕੀ ਬੇਟੀ’ 'ਚ ਗਾਇਕ ਕਲਾਕਾਰ ਗੁਰਦਾਸ ਮਾਨ ਨੇ ਕੰਮ ਕੀਤਾ। ਕੁਝ ਕਲਾਕਾਰਾਂ ਨੇ ਅੱਜ ਤੱਕ ਥਿਏਟਰ ਨਹੀਂ ਛੱਡਿਆ। ਸ਼ਾਹਰੁਖ ਖ਼ਾਨ ਨੇ ਵੀ ਸ਼ੁਰੂਆਤ ਦੌਰਾਨ ਦਿੱਲੀ ਦੀ ਨਾਟ ਕੰਪਨੀ ਵਿਚ ਕੰਮ ਕੀਤਾ ਸੀ। ਸੂਤਰਾਂ ਮੁਤਾਬਕ ਬਾਲੀਵੁੱਡ ਅਦਾਕਾਰ ਅਮਿਤਾਭ ਬੱਚਨ ਨੇ ਅਦਾਕਾਰੀ ਦੀ ਸ਼ੁਰੂਆਤ ਰੰਗਮੰਚ ਤੋਂ ਕੀਤੀ ਸੀ।
27 ਮਾਰਚ 1962 ਤੋਂ ਹੋਈ ਸੀ ਰੰਗਮੰਚ ਦਿਵਸ ਮਨਾਉਣ ਦੀ ਸ਼ੁਰੂਆਤ
ਆਲਮੀ ਰੰਗਮੰਚ ਦਿਨ ਮਨਾਉਣ ਦੀ ਸ਼ੁਰੂਆਤ 27 ਮਾਰਚ 1962 ਤੋਂ ਹੋਈ ਸੀ। ਪਹਿਲੀ ਵਾਰ ਇਹ ਦਿਵਸ ਪੈਰਿਸ ਵਿਚ ਥੀਏਟਰ ਆਫ਼ ਨੇਸ਼ਨਜ਼ ਵੱਲੋਂ ਮਨਾਇਆ ਗਿਆ। ਜੂਨ 1961 ਵਿਚ ਇੰਟਰਨੈਸ਼ਨਲ ਥੀਏਟਰ ਇੰਸਟੀਚਿਊਟ ਦੀ ਵਿਆਨਾ ਵਿਚ ਹੋਈ ਨੌਵੀਂ ਕੌਮਾਂਤਰੀ ਕਾਂਗਰਸ ਵਿਚ ਸੰਸਥਾ ਦੇ ਮੁਖੀ ਐਰਵੀ ਕਿਵੀਨਾ ਨੇ ਇਹ ਦਿਨ ਮਨਾਉਣ ਲਈ ਮਤਾ ਰੱਖਿਆ ਜਿਸ ਨੂੰ ਰੰਗਮੰਚ ਦੇ ਖੇਤਰ ਵਿਚ ਕਾਰਜਸ਼ੀਲ ਲੋਕਾਂ ਨੇ ਪ੍ਰਵਾਨਗੀ ਦਿੱਤੀ। ਮੰਨਿਆ ਜਾਂਦਾ ਹੈ ਕਿ ਭਾਰਤ ਵਿਚ ਰੰਗਮੰਚ ਦਾ ਇਤਿਹਾਸ ਬਹੁਤ ਸਾਲ ਪੁਰਾਣਾ ਹੈ। ਦੁਨੀਆ ਵਿਚ ਸਭ ਤੋਂ ਪਹਿਲੇ ਨਾਟਕ ਦਾ ਮੰਚਨ ਪੰਜਵੀਂ ਸ਼ਤਾਬਦੀ ਸ਼ੁਰੂ ਵਿਚ ਹੋਇਆ ਸੀ। ਆਲਮੀ ਰੰਗਮੰਚ ਦਿਨ ਮਨਾਉਣ ਦਾ ਉਦੇਸ਼ ਲੋਕਾਂ ਨੂੰ ਉਤਸ਼ਾਹਤ ਕਰਨਾ ਹੈ ਤਾਂ ਜੇ ਵੱਧ ਤੋਂ ਵੱਧ ਲੋਕ ਰੰਗਮੰਚ ਨਾਲ ਜੁੜ ਸਕਣ।
ਹਕੀਕਤਾਂ ਦਰਸਾਉਣ ਵਾਲਾ ਮਾਧਿਅਮ ਹੈ ਰੰਗਮੰਚ : ਰਾਜਵਿੰਦਰ ਸਮਰਾਲਾ
ਕੌਮਾਂਤਰੀ ਰੰਗਮੰਚ ਦਿਵਸ ਮੌਕੇ ਗੱਲ ਕਰਦੇ ਹੋਏ ਰਾਜਵਿੰਦਰ ਸਮਰਾਲਾ ਉਪ ਪ੍ਰਧਾਨ ਸੰਗੀਤ ਨਾਟਕ ਅਕੈਡਮੀ ਪੰਜਾਬ ਨੇ ਕਿਹਾ ਹੈ ਕਿ ਇਹ ਦਿਨ ਹਰ ਸਾਲ 27 ਮਾਰਚ ਨੂੰ ਮਨਾਇਆ ਜਾਂਦਾ ਹੈ, ਜੋ ਦੁਨੀਆ ਭਰ ਦੇ ਕਲਾਕਾਰਾਂ, ਨਿਰਦੇਸ਼ਕਾਂ ਅਤੇ ਥੀਏਟਰ ਪ੍ਰੇਮੀਆਂ ਲਈ ਬਹੁਤ ਖ਼ਾਸ ਹੁੰਦਾ ਹੈ। ਥੀਏਟਰ ਸਿਰਫ਼ ਮਨੋਰੰਜਨ ਦਾ ਸਾਧਨ ਨਹੀਂ, ਸਗੋਂ ਸਮਾਜ ਦੀਆਂ ਹਕੀਕਤਾਂ ਨੂੰ ਦਰਸਾਉਣ ਵਾਲਾ ਮਜ਼ਬੂਤ ਮਾਧਿਅਮ ਹੈ। ਮੰਚ ’ਤੇ ਕਲਾਕਾਰ ਆਪਣੀ ਅਦਾਕਾਰੀ ਰਾਹੀਂ ਲੋਕਾਂ ਦੀ ਸੋਚ ਨੂੰ ਜਗਾਉਂਦੇ ਹਨ ਅਤੇ ਸਮਾਜਿਕ ਮੁੱਦਿਆਂ ਬਾਰੇ ਜਾਗਰੂਕਤਾ ਪੈਦਾ ਕਰਦੇ ਹਨ। ਥੀਏਟਰ ਸਾਨੂੰ ਸਾਡੇ ਸੱਭਿਆਚਾਰ, ਰਿਵਾਜਾਂ ਅਤੇ ਇਤਿਹਾਸ ਨਾਲ ਜੋੜ ਕੇ ਰੱਖਦਾ ਹੈ ਤੇ ਨਵੀਂ ਪੀੜ੍ਹੀ ਨੂੰ ਕਲਾ ਦੀ ਅਹਿਮੀਅਤ ਬਾਰੇ ਸਿਖਾਉਂਦਾ ਹੈ। ਇਸ ਦਿਨ ਅਸੀਂ ਸਭ ਕਲਾਕਾਰਾਂ ਤੇ ਥੀਏਟਰ ਨਾਲ ਜੁੜੇ ਹਰ ਵਿਅਕਤੀ ਦੀ ਮਿਹਨਤ ਨੂੰ ਸਲਾਮ ਕਰਦੇ ਹਾਂ ਤੇ ਕਲਾ ਦੇ ਇਸ ਸੁੰਦਰ ਮੰਚ ਨੂੰ ਅੱਗੇ ਵਧਾਉਣ ਦਾ ਸੰਕਲਪ ਲੈਂਦੇ ਹਾਂ।
ਦੁਨੀਆਂ ਦੇ ਕੋਨੇ ਕੋਨੇ ’ਚ ਪਹੁੰਚਿਆ ਰੰਗਮੰਚ : ਸੰਜੀਵਨ ਸਿੰਘ
ਡਾਇਰੈਕਟਰ ਸੰਜੀਵਨ ਸਿੰਘ ਨੇ ਕਿਹਾ ਹੈ ਕਿ ਇਹ ਦਿਨ ਰੰਗਮੰਚੀ ਕਲਾਕਾਰ ਦਾ ਰੰਗਮੰਚ ਦੇ ਵਰਤਮਾਨ ਤੇ ਭਵਿੱਖ ਬਾਰੇ ਵਿਚਾਰ/ਸੰਦੇਸ਼ ਸਾਂਝਾ ਕਰਦਾ ਹੈ। ਰੰਗਮੰਚ ਬਾਰੇ ਪਹਿਲਾਂ ਵਿਚਾਰ/ਸੰਦੇਸ਼ ਬੇਹਤਰੀਨ ਅੰਤਰਰਾਸ਼ਟਰੀ ਰੰਗਕਰਮੀ ਜੀਨ ਕੋਕਟੋ ਨੇ ਅਠਵੰਜਾ ਸਾਲ ਪਹਿਲਾਂ 1962 ਵਿਚ ਸਾਂਝਾ ਕੀਤਾ ਸੀ। ਇਹ ਵਿਚਾਰ ਉਨ੍ਹਾਂ ਨੇ ਸੰਸਾਰ ਭਰ ਦੇ ਰੰਗਕਰਮੀਆਂ ਨਾਲ ਸਾਂਝਾ ਕੀਤਾ ਅਤੇ ਇਹ 50 ਤੋਂ ਵੱਧ ਭਾਸ਼ਾਵਾਂ ਵਿਚ ਅਨੁਵਾਦ ਹੋ ਕੇ ਕੁਲ ਦੁਨੀਆ ਦੇ ਸੈਂਕੜੇ ਅਖਬਾਰਾਂ/ਰਸਾਲਿਆਂ ਵਿਚ ਛਪ ਕੇ ਦੁਨੀਆਂ ਦੇ ਕੋਨੇ ਕੋਨੇ ਵਿਚ ਪਹੁੰਚਿਆ ਹੈ। ਉਨ੍ਹਾਂ ਕਿਹਾ ਕਿ ਰੰਗਮੰਚ ਦੇ ਸਿਤਾਰੇ ਕਿਸੇ ਪਛਾਣ ਦੇ ਮੁਥਾਜ ਨਹੀਂ ਹੁੰਦੇ, ਉਨ੍ਹਾਂ ਦਾ ਵੱਖਰਾ ਮੁਕਾਮ ਹੁੰਦਾ ਹੈ।
ਕਲਾਕਾਰਾਂ ਨੇ ਜਿਉਂਦਾ ਰੱਖਿਆ ਹੋਇਆ ਹੈ ਰੰਗਮੰਚ : ਤਰਲੋਚਨ
ਲੰਬੇ ਸਮੇਂ ਤੋਂ ਰੰਗਮੰਚ ਨਾਲ ਜੁੜੇ ਤਰਲੋਚਨ ਸਿੰਘ ਨੇ ਕਿਹਾ ਕਿ ਰੰਗਮੰਚ ਅਜਿਹਾ ਮਾਧਿਅਮ ਹੈ ਜਿਹੜਾ ਕਿ ਦਰਸ਼ਕ ਨੂੰ ਸਿਧੇ ਤੌਰ ਤੇ ਝੰਜੋੜਦਾ ਹੈ। ਜ਼ਿੰਦਗੀ ਨੂੰ ਅਦਾਕਾਰੀ ਦੇ ਰੂਪ ਵਿਚ ਪੇਸ਼ ਕਰ ਕੇ, ਰੰਗਕਰਮੀ ਦਰਸ਼ਕ ਨੂੰ ਅਤੀਤ ਵੱਲ ਲੈ ਜਾਂਦਾ ਹੈ ਤੇ ਉਸ ਨੂੰ ਅੰਦਰੋਂ ਸੋਚਣ ਲਈ ਮਜਬੂਰ ਕਰਦਾ ਹੈ। ਭਾਵੇਂ ਡਿਜੀਟਲ ਦੌਰ ਵਿਚ ਨੌਜਵਾਨ ਪੀੜ੍ਹੀ ਆਪਣੀਆਂ ਆਰਥਿਕ ਲੋੜਾਂ ਦੀ ਦੌੜ ਵਿਚ ਜ਼ਿਆਦਾ ਮਸਰੂਫ਼ ਹੋ ਗਈ ਹੈ ਪਰ ਕਲਾਕਾਰਾਂ ਦੇ ਅੰਦਰਲੀ ਕਲਾ ਦੀ ਚੰਗਿਆੜੀ ਫਿਰ ਵੀ ਉਨ੍ਹਾਂ ਨੂੰ ਰੰਗਮੰਚ ਦੇ ਵਿਹੜੇ ਵਿਚ ਲਿਆ ਰਹੀ ਹੈ। ਰੰਗਮੰਚ ਵਿੱਚੋਂ ਕਲਾਕਾਰਾਂ ਦੀ ਆਰਥਿਕ ਲੋੜ ਕਿਸੇ ਵੀ ਤਰ੍ਹਾਂ ਪੂਰਨ ਨਹੀਂ ਹੁੰਦੀ। ਦੂਜੇ ਪਾਸੇ, ਜ਼ਿਆਦਾਤਰ ਹੇਠਲੇ ਮੱਧ-ਵਰਗੀ ਪਰਿਵਾਰਾਂ ਦੇ ਬੱਚੇ ਹੀ ਕਲਾਕਾਰੀ ਵਿਚ ਆਉਂਦੇ ਹਨ ਜਿਸ ਕਰ ਕੇ ਉਨ੍ਹਾਂ ਨੂੰ ਰੁਜ਼ਗਾਰ ਤੋਂ ਵਿਹਲੇ ਹੋ ਕੇ ਹੀ ਸਮਾਂ ਮਿਲਦਾ ਹੈ। ਕੁੱਲ ਮਿਲਾ ਕੇ ਰੰਗਮੰਚ ਦੀ ਜੇ ਸਥਿਤੀ ਬਹੁਤੀ ਵਧੀਆ ਨਹੀਂ ਤਾਂ ਬਹੁਤੀ ਮਾੜੀ ਵੀ ਨਹੀਂ। ਕਲਾਕਾਰਾਂ ਨੇ ਰੰਗਮੰਚ ਨੂੰ ਜਿਉਂਦਾ ਰੱਖਿਆ ਹੋਇਆ ਹੈ।
ਪੰਜਾਬੀ ਭਵਨ ਲੁਧਿਆਣਾ ਨਾਲ ਜੁੜੇ ਰਹੇ ਕਈ ਅਹਿਮ ਕਲਾਕਾਰ : ਡਾ. ਕੋਚਰ
ਆਲਮੀ ਰੰਗਮੰਚ ਦਿਨ ਮੌਕੇ ਮੁਬਾਰਕਬਾਦ ਦਿੰਦੇ ਹੋਏ ਨੈਸ਼ਨਲ ਐਵਾਰਡੀ ਡਾ. ਗੁਰਚਰਨ ਕੌਰ ਕੋਚਰ ਨੇ ਕਿਹਾ ਕਿ ਆਈਸੀ ਨੰਦਾ, ਗੁਰਦਿਆਲ ਸਿੰਘ ਫੁੱਲ, ਬਲਵੰਤ ਗਾਰਗੀ, ਸ਼ੀਲਾ ਭਾਟੀਆ, ਹਰਪਾਲ ਟਿਵਾਣਾ, ਪਾਲੀ ਭੁਪਿੰਦਰ ਸਿੰਘ, ਪ੍ਰਿੰਸੀਪਲ ਸੰਤ ਸਿੰਘ ਸੇਖੋ ਤੇ ਪ੍ਰੋ. ਅਜਮੇਰ ਸਿੰਘ ਔਲਖ ਸਮੇਤ ਇਸ ਖੇਤਰ ਵਿਚ ਪੰਜਾਬੀ ਰੰਗਮੰਚ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੇ ਅਹਿਮ ਯੋਗਦਾਨ ਪਾਇਆ। ਡਾ. ਕੋਚਰ ਨੇ ਕਿਹਾ ਕਿ ਉਨ੍ਹਾਂ ਨੂੰ ਮਾਣ ਹੈ ਕਿ ਉਹ ਪਿਛਲੇ ਕਈ ਸਾਲਾਂ ਤੋਂ ਉਸ ਪੰਜਾਬੀ ਭਵਨ ਲੁਧਿਆਣਾ ਨਾਲ ਜੁੜੇ ਹੋਏ ਹਨ, ਜਿਸ ਨੇ ਪਾਲੀਵੁੱਡ ਹੀ ਨਹੀਂ, ਸਗੋਂ ਬਾਲੀਵੁੱਡ ਨੂੰ ਵੀ ਕਈ ਕਲਾਕਾਰ ਦਿੱਤੇ।
ਪੰਜਾਬੀ ਰੰਗਮੰਚ ਦਾ ਭਵਿੱਖ ਸੁਨਹਿਰਾ : ਡਾ. ਹੀਰਾ
ਪੰਜਾਬੀ ਜਾਗਰਣ ਨਾਲ ਗੱਲ ਕਰਦੇ ਹੋਏ ਨਾਟਕਕਾਰ, ਨਿਰਦੇਸ਼ਕ ’ਤੇ ਅਦਾਕਾਰ ਡਾ. ਸੋਮਪਾਲ ਹੀਰਾ ਨੇ ਕਿਹਾ ਕਿ ਪੰਜਾਬੀ ਨਾਟਮੰਚ 117 ਸਾਲਾਂ ਦਾ ਹੋ ਚੁੱਕਿਆ ਹੈ। ਪੰਜਾਬੀ ਰੰਗਮੰਚ ਇਸ ਸਮੇਂ ਕੌਮਾਂਤਰੀ ਪੱਧਰ ’ਤੇ ਵਜੂਦ ਸਥਾਪਤ ਕਰ ਰਿਹਾ ਹੈ। ਖ਼ਾਸਕਰ ਪੰਜਾਬੀ ਦੇ ਸੋਲੋ ਨਾਟਕ ਨੇ ਸੰਸਾਰ ਪੱਧਰ 'ਤੇ ਖ਼ਾਸ ਪ੍ਰਾਪਤੀਆਂ ਕਰ ਕੇ ਪੰਜਾਬੀ ਰੰਗ ਮੰਚ ਦਾ ਸ਼ਮਲਾ ਬਹੁਤ ਉੱਚਾ ਕੀਤਾ ਹੈ। ਰੰਗਕਰਮੀਆਂ ਨੇ ਨਿੱਜੀ ਯਤਨਾਂ ਨਾਲ਼ ਅਨੇਕਾਂ ਰੰਗ ਭਵਨ ਉਸਾਰੇ ਹਨ ਜੋ ਪੰਜਾਬੀ ਰੰਗਮੰਚ ਦੇ ਚੰਗੇ ਭਵਿੱਖ ਦੀ ਉਮੀਦ ਸਿਰਜਦੇ ਹਨ। ਇਸ ਸਮੇਂ ਪੰਜਾਬ ਤੇ ਕੈਨੇਡਾ ਵਿਚ ਰੰਗਮੰਚ ਵੱਧ-ਫੁੱਲ ਰਿਹਾ ਹੈ। ਨਵੇਂ ਨਵੇਂ ਤਜਰਬੇ ਹੋ ਰਹੇ ਹਨ, ਨਵੀਆਂ ਸਕ੍ਰਿਪਟਾਂ ਆ ਰਹੀਆਂ ਹਨ। ਨਵੇਂ ਨਿਰਦੇਸ਼ਕ ਪੈਦਾ ਹੋ ਰਹੇ ਹਨ ਕਈ ਥਾਵਾਂ 'ਤੇ ਟਿਕਟ ਵੀ ਲੱਗ ਰਹੀ ਹੈ। ਮੁੱਕਦੀ ਗੱਲ ਇਹ ਕਿ ਪੰਜਾਬੀ ਰੰਗਮੰਚ ਦਾ ਭਵਿੱਖ ਸੁਨਿਹਰਾ ਹੈ ਇਸ ਵਿਚ ਕੋਈ ਅਤਿਕਥਨੀ ਨਹੀਂ।