ਅਸੱਭਿਅਕ ਗੀਤ ਗਾਉਣ ਵਾਲਿਆਂ ਬਾਰੇ ਪਵਨ ਦੱਦਾਹੂਰ ਦਾ ਕਹਿਣਾ ਹੈ ਕਿ ਹਥਿਆਰਾਂ ਵਾਲੇ,ਲੱਚਰ ‘ਤੇ ਬੇਤੁਕੇ ਗੀਤ ਗਾ ਕੇ ਪੈਸਾ ਤੇ ਕੁਝ ਵਕਤ ਲਈ ਨਾਮ ਤਾਂ ਕਮਾਇਆ ਜਾ ਸਕਦਾ ਹੈ। ਪਰ ਲੋਕਾਂ ਦਾ ਦਿਲੀ ਪਿਆਰ ਤੇ ਸਤਿਕਾਰ ਤਾਂ ਮਿਆਰੀ ਗਾਇਕੀ ਗਾਉਣ ਵਾਲਿਆਂ ਨੂੰ ਹੀ ਨਸੀਬ ਹੁੰਦਾ ਹੈ।

ਪੰਜਾਬੀ ਸੰਗੀਤ ਦੇ ਵਿਸ਼ਾਲ ਪਿੜ ਅੰਦਰ ਜਿਥੇ ਹੋਰ ਅਨੇਕਾਂ ਫ਼ਨਕਾਰ ਧਮਾਲਾਂ ਪਾ ਰਹੇ ਹਨ ਉੱਥੇ ਸੋਹਣਾ ਸੁਨੱਖਾ ਨੌਜਵਾਨ ਗਾਇਕ ਪਵਨ ਦੱਦਾਹੂਰ ਵੀ ਕਿਸੇ ਨਾਲੋਂ ਘੱਟ ਨਹੀਂ ਹੈ। ਪਵਨ ਦੱਦਾਹੂਰ ਦਾ ਜਨਮ ਮੋਗਾ ਜਿਲ੍ਹੇ ਦੇ ਪਿੰਡ ਦੱਦਾਹੂਰ (ਨੇੜੇ ਪਿੰਡ ਡਰੋਲੀ ਭਾਈ) ਵਿਖੇ ਪਿਤਾ ਪੰਡਿਤ ਲਾਲ ਚੰਦ ਤੇ ਮਾਤਾ ਊਸ਼ਾ ਰਾਣੀ ਦੇ ਘਰ ਹੋਇਆ। ਪਵਨ ਨੇ ਆਪਣੀ ਪੜ੍ਹਾਈ ਪਿੰਡ ਦੱਦਾਹੂਰ,ਡਰੋਲੀ ਭਾਈ ਤੇ ਜੈਮਲ ਸਿੰਘ ਵਾਲਾ ਦੇ ਸਕੂਲਾਂ ਤੋਂ ਗ੍ਰਹਿਣ ਕੀਤੀ। ਪਵਨ ਦੱਦਾਹੂਰ ਨੂੰ ਪੰਜਾਬੀ ਗੀਤ ਸੰਗੀਤ ਨਾਲ ਬਚਪਨ ਤੋਂ ਹੀ ਬਹੁਤ ਲਗਾਅ ਸੀ। ਜ਼ਿਕਰਯੋਗ ਹੈ ਕਿ ਪਵਨ ਦੇ ਵੱਡੇ ਭਾਈ ਸਵਰਗੀ ਰਾਜੂ ਦੱਦਾਹੂਰ ਪੰਜਾਬੀ ਦੇ ਬਹੁਤ ਹੀ ਪ੍ਰਸਿੱਧ ਗੀਤਕਾਰ ਰਹੇ ਹਨ। ਉਨ੍ਹਾਂ ਦੇ ਲਿਖੇ ਗੀਤ ਰਵਿੰਦਰ ਗਰੇਵਾਲ ਵਰਗੇ ਉੱਚਕੋਟੀ ਦੇ ਗਾਇਕਾਂ ਨੇ ਗਾਏ ਹਨ। ਪਵਨ ਦੱਦਾਹੂਰ ਨੂੰ ਰਾਜੂ ਦੱਦਾਹੂਰ ਨੇ ਹੀ ਗਾਇਕੀ ਦੇ ਖੇਤਰ ’ਚ ਉਂਗਲ ਫੜ ਕੇ ਤੋਰਿਆ ਹੈ।
ਸੱਭਿਆਚਾਰਕ ਤੇ ਸਾਫ਼-ਸੁਥਰੇ ਪਰਿਵਾਰਕ ਗੀਤ ਗਾਉਣ ਦੀ ਗੁੜ੍ਹਤੀ
ਪਵਨ ਮੰਨਦਾ ਹੈ ਕਿ ਸੱਭਿਆਚਾਰਕ ਤੇ ਸਾਫ਼-ਸੁਥਰੇ ਪਰਿਵਾਰਕ ਗੀਤ ਗਾਉਣ ਦੀ ਗੁੜ੍ਹਤੀ ਉਸ ਨੂੰ ਰਾਜੂ ਦੱਦਾਹੂਰ ਤੋਂ ਵਿਰਸੇ ’ਚ ਮਿਲੀ ਹੈ। ਪਵਨ ਦੱਦਾਹੂਰ ਸੁਰ ਤਾਲ ਦਾ ਧਨੀ ਗਾਇਕ ਹੈ। ਦੱਦਾਹੂਰ ਨੂੰ ਬਹੁਤ ਸਾਰੀਆਂ ਮਿਊਜ਼ਿਕ ਕੰਪਨੀਆਂ ਨੇ ਦੂਹਰੇ ਅਰਥਾਂ ਵਾਲੇ ਗੀਤ ਗਾਉਣ ਲਈ ਵੀ ਭਰਮਾਇਆ।ਪਵਨ ਦੱਦਾਹੂਰ ਨੇ ਗਾਇਕੀ ਦੇ ਗੁਰ ਛਿੰਦਾ ਅਨਪੜ੍ਹ ਲੰਗੇਆਣਾ ਤੋਂ ਗ੍ਰਹਿਣ ਕੀਤੇ ਹਨ। ਪਵਨ ਦੱਦਾਹੂਰ ਨੇ ਗਾਇਕੀ ਸਫ਼ਰ ਦੌਰਾਨ ਅਨੇਕਾਂ ਗੀਤ ਗਾਏ ਹਨ। ਉਸ ਦੇ ਪੰਜਾਬ ਟੂ ਕਨੇਡਾ (ਡਿਊਟ ਗੀਤ) ਕੋ ਸਿੰਗਰ ਸ਼ਹਿਨਾਜ਼ ਅਖ਼ਤਰ, ‘ਮਾਂ ਜਿੰਨਾ ਸਤਿਕਾਰ ਕਰੋ ਖੇਡ ਕਬੱਡੀ ਦਾ’, ਰੱਬ ਦੀ ਸੌਂਹ ਬੜਾ ਹੀ ਸਤਾਇਆ ਫੇਸਬੁੱਕ ਨੇ, ‘ਮੋਟਰ ’ਤੇ ਮਹਿਫ਼ਲ, ਪੈਂਦੀ ਏ ਧਮਾਲ’, ‘ਤੇਰੇ ਨਾਲ ਪਿਆਰ’, ‘ਅੱਜ ਡੀ ਜੇ ਉਤੇ ਨੱਚ ਕੇ ਧਮਾਲਾਂ ਪਾਉਣੀਆਂ, ‘ਕੈਨੇਡਾ ਦੀ ਕਬੂਤਰੀ’ ਤੇ ‘ਫੌਜੀ’ ਆਦਿ ਗੀਤ ਬਹੁਤ ਮਸ਼ਹੂਰ ਹੋਏ ਹਨ। ਪਵਨ ਨੇ ਧਾਰਮਿਕ ਟਰੈਕ ਵੀ ਅਨੇਕਾਂ ਗਾਏ ਹਨ।
ਸਾਫ਼-ਸੁਥਰੇ ਪਰਿਵਾਰਕ ਗੀਤ ਗਾਉਣ ਦੀ ਗੁੜ੍ਹਤੀ
ਅਸੱਭਿਅਕ ਗੀਤ ਗਾਉਣ ਵਾਲਿਆਂ ਬਾਰੇ ਪਵਨ ਦੱਦਾਹੂਰ ਦਾ ਕਹਿਣਾ ਹੈ ਕਿ ਹਥਿਆਰਾਂ ਵਾਲੇ,ਲੱਚਰ ‘ਤੇ ਬੇਤੁਕੇ ਗੀਤ ਗਾ ਕੇ ਪੈਸਾ ਤੇ ਕੁਝ ਵਕਤ ਲਈ ਨਾਮ ਤਾਂ ਕਮਾਇਆ ਜਾ ਸਕਦਾ ਹੈ। ਪਰ ਲੋਕਾਂ ਦਾ ਦਿਲੀ ਪਿਆਰ ਤੇ ਸਤਿਕਾਰ ਤਾਂ ਮਿਆਰੀ ਗਾਇਕੀ ਗਾਉਣ ਵਾਲਿਆਂ ਨੂੰ ਹੀ ਨਸੀਬ ਹੁੰਦਾ ਹੈ। ਪਵਨ ਦੱਦਾਹੂਰ ਪ੍ਰਸਿੱਧ ਗੀਤਕਾਰ ਡੀਸੀ.ਧੂੜਕੋਟ ਦਾ ਲਿਖਿਆ ਹੋਇਆ “ਰੋਟੀ ਦਿੰਦਾ ਦੇਸ਼ ਮੇਰਾ” ਟਾਈਟਲ ਹੇਠ ਇਕ ਬਹੁਤ ਹੀ ਵਧੀਆ ਗੀਤ ਸਰੋਤਿਆਂ ਦੇ ਸਨਮੁੱਖ ਪੇਸ਼ ਕਰਨ ਜਾ ਰਿਹਾ ਹੈ। ਉਸ ਨੂੰ ਪੂਰਨ ਆਸ ਹੈ ਕਿ ਇਸ ਗੀਤ ਨੂੰ ਵੀ ਉਸ ਦੇ ਸਰੋਤੇ ਬੇਹੱਦ ਪਸੰਦ ਕਰਨਗੇ। ਪਵਨ ਦੱਦਾਹੂਰ ਧਰਮ ਪਤਨੀ ਆਸ਼ਾ ਰਾਣੀ ਤੇ ਬੇਟਿਆਂ ਸੰਚਿਤ ਸ਼ਰਮਾ ਤੇ ਸ਼ਹਿਯਾਦ ਸ਼ਰਮਾ ਨਾਲ ਮੰਡੀ ਨਿਹਾਲ ਸਿੰਘ ਵਾਲਾ (ਮੋਗਾ) ਵਿਖੇ ਰਹਿ ਰਿਹਾ ਹੈ। •
• ਯਸ਼ ਪੱਤੋ
97000 55059