ਅੱਜ ਭਾਵੇਂ ਸੰਗੀਤ ਦੇ ਖੇਤਰ ’ਚ ਕਲਾਕਾਰਾਂ ਦੀ ਗਿਣਤੀ ਬਹੁਤ ਵੱਧ ਗਈ ਹੈ ਪਰ ਇਨ੍ਹਾਂ ’ਚੋਂ ਬਹੁਤੇ ਕਲਾਕਾਰ ਸਿਰਫ਼ ਪੈਸੇ ਦੇ ਜ਼ੋਰ ’ਤੇ ਹੀ ਗਾ ਰਹੇ ਹਨ ਜਾਂ ਏਦਾਂ ਕਹਿ ਲਵੋ ਕਿ ਅਜੋਕੀ ਗਾਇਕੀ ’ਚ ਜਿਹੜਾ ਕਲਾਕਾਰ ਪੈਸੇ ਲਾ ਦਿੰਦੈ, ਉਹੀ ਹਿੱਟ ਹੋ ਜਾਂਦਾ ਪਰ ਜਿਨ੍ਹਾਂ ਕਲਾਕਾਰਾਂ ਕਰਕੇ ਇਹ ਸੰਗੀਤ ਦਾ ਖੇਤਰ ਏਨਾ ਵਿਸ਼ਾਲ ਹੋਇਐ, ਉਨ੍ਹਾਂ ’ਚੋਂ ਬਹੁਤੇ ਕਲਾਕਾਰ ਗ਼ਰੀਬੀ ਦੀ ਮਾਰ ਝੱਲ ਇਸ ਦੁਨੀਆ ਤੋਂ ਰੁਖ਼ਸਤ ਹੋ ਗਏ। ਇਸੇ ਤਰ੍ਹਾਂ ਉੱਚੀ ਹੇਕ ਤੇ ਦਮਦਾਰ ਆਵਾਜ਼ ’ਚ ਗਾਉਣ ਵਾਲੀ ਗਾਇਕਾ ਬੀਬੀ ਸਵਰਨ ਨੂਰਾਂ ਵੀ ਗ਼ਰੀਬੀ ਨਾਲ ਜੂਝਦੀ ਇਸ ਜਹਾਨੋਂ ਤੁਰ ਗਈ। ਮੈਨੂੰ ਬਚਪਨ ਤੋਂ ਹੀ ਮੇਲੇ ਦੇਖਣ ਦਾ ਸ਼ੌਕ ਸੀ। ਸਾਡੇ ਪਿੰਡ ਵੀ ਤਿੰਨ-ਚਾਰ ਵੱਡੇ ਮੇਲੇ ਲੱਗਦੇ ਨੇ ਤੇ ਕਈ ਵਾਰ ਇੱਥੇ ਹੀ ਬੀਬੀ ਨੂਰਾਂ ਨੂੰ ਸੁਣਨ ਦਾ ਸੁਭਾਗ ਪ੍ਰਾਪਤ ਹੋਇਆ। ਜਦੋਂ ਵੀ ਉਹ ਉੱਚੀ ਹੇਕ, ਦਮਦਾਰ ਆਵਾਜ਼ ਤੇ ਗਲੇ ਦੀਆਂ ਹਰਕਤਾਂ ਲਾ ‘ਵੇ ਸੋਨੇ ਦਿਆ ਕੰਗਣਾ’ ਗਾਉਂਦੀ ਤਾਂ ਲੋਕ ਅਸ਼-ਅਸ਼ ਕਰ ਉੱਠਦੇ। ਪਤਾ ਲੱਗਿਆ ਕਿ ਉਹ ਮੇਰੇ ਪਿੰਡ ਕੋਟ ਸਦੀਕ ਵਿਚ ਕਿਰਾਏ ਦੇ ਮਕਾਨ ’ਤੇ ਰਹਿ ਰਹੀ ਹੈ ਤੇ ਬਿਮਾਰ ਹੈ ਤਾਂ ਦਿਲ ’ਚ ਉਸ ਨੂੰ ਮਿਲਣ ਦੀ ਤਾਂਘ ਪੈਦਾ ਹੋਈ। ਖ਼ੁਸ਼ਕਿਸਮਤ ਹਾਂ ਕਿ ਉੁਸ ਨਾਲ ਮਿਲਣ ਦਾ ਮੌਕਾ ਮਿਲਿਆ ਤੇ ਬਦਕਿਸਮਤੀ ਇਹ ਕਿ ਮਿਲਣ ਤੋਂ ਕੁਝ ਕੁ ਦਿਨਾਂ ਮਗਰੋਂ ਉਹ ਇਸ ਜਹਾਨੋਂ ਤੁਰ ਗਈ। ਜਦੋਂ ਮਿਲਣ ਘਰ ਗਿਆ ਤਾਂ ਉਹ ਵਿਹੜੇ ’ਚ ਬੇਵੱਸ ਜਿਹੀ ਹੋ ਘੰੁਮ ਰਹੀ ਸੀ। ਉਸ ਦੇ ਪੱੁਤਰ ਨੇ ਦੱਸਿਆ ਕਿ ਮੰੁਡਾ ਅਖ਼ਬਾਰ ’ਚੋਂ ਆਇਐ ਤਾਂ ਪਹਿਲਾਂ ਤਾਂ ਉਸ ਨੇ ਮੈਨੂੰ ਘੱੁਟ ਗਲ ਨਾਲ ਲਾਇਆ ਤੇ ਬੈਠਣ ਲਈ ਕਿਹਾ।

ਮੈਂ ਕਿਹਾ, ‘ਮਾਤਾ ਜੀ ਤੁਸੀਂ ਆਪਣੇ ਜ਼ਮਾਨੇ ਦੇ ਇੰਨੇ ਮਸ਼ਹੂਰ ਕਲਾਕਾਰ ਹੋ, ਮੈਂ ਤੁਹਾਡੇ ਲਈ ਕੁਝ ਲਿਖਣਾ ਚਾਹੰੁਦਾਂ।’ ਬੀਬੀ ਨੂਰਾਂ ਦੇ ਪੱੁਤਰ ਨੇ ਮੇਰੀ ਗੱਲ ਮੱੁਕਣ ਵੀ ਨਾ ਦਿੱਤੀ ਤੇ ਵਿੱਚੋਂ ਹੀ ਕਿਹਾ ਕਿ ਵੀਰੇ! ਘਰ ਦੇ ਹਾਲਾਤ ਦੇਖ ਆਪੇ ਹੀ ਲਿਖ ਲਓ। ਉਹ ਮੇਰੇ ਕੋਲ ਬੇਵੱਸ ਜਿਹੀ ਹੋ ਬੈਠੀ ਸੀ, ਨਾ ਹੁਣ ਉਸ ਦੀ ਆਵਾਜ਼ ’ਚ ਉਹ ਦਮ ਸੀ, ਜੋ ਮੇਲਿਆਂ, ਮਹਿਫ਼ਲਾਂ ਵਿਚ ਦੇਖਣ ਨੂੰ ਮਿਲਦਾ ਸੀ। ਸ਼ਾਇਦ ਗ਼ਰੀਬੀ ਨੇ ਉਸ ਨੂੰ ਇਸ ਕਦਰ ਝੰਜੋੜ ਦਿੱਤਾ, ਜਿਵੇਂ ਗਾਉਣ ਤੋਂ ਮਨ ਜਿਹਾ ਹੀ ਉੱਠ ਗਿਆ ਹੋਵੇ।

ਮਾਤਾ-ਪਿਤਾ ਸਨ ਸੰਗੀਤ ਦੇ ਗਿਆਤਾ

ਬੀਬੀ ਸਵਰਨ ਨੂਰਾਂ ਦੇ ਮਾਤਾ-ਪਿਤਾ ਦੋਵੇਂ ਸੰਗੀਤ ਦੇ ਗਿਆਤਾ ਸਨ। ਉਸ ਨੇ ਦੱਸਿਆ ਕਿ ਸਾਡੇ ਕਬੀਲੇ ’ਚ ਕੁੜੀਆਂ ਨੂੰ ਪੜ੍ਹਾਉਣਾ ਚੰਗਾ ਨਹੀਂ ਸਮਝਿਆ ਜਾਂਦਾ ਸੀ, ਜਿਸ ਕਰਕੇ ਉਹ ਪੜ੍ਹਾਈ ਤੋਂ ਵਾਂਝੀ ਰਹਿ ਗਈ। ਘਰ ’ਚ ਸੰਗੀਤਕ ਮਾਹੌਲ ਸੀ ਪਰ ਸਾਡੇ ਕਬੀਲੇ ’ਚ ਕੁੜੀਆਂ ਦਾ ਗਾਉਣਾ ਵੀ ਚੰਗਾ ਨਹੀਂ ਸੀ ਸਮਝਿਆ ਜਾਂਦਾ। ਪਹਿਲਾਂ-ਪਹਿਲਾਂ ਤਾਂ ਮਾਤਾ ਨੇ ਮੈਨੂੰ ਇਸ ਪੱਖੋਂ ਰੋਕਣਾ ਤੇ ਕਹਿਣਾ ਕਿ ਲੋਕ ਕਹਿਣਗੇ ਪਹਿਲਾਂ ਮਾਂ ਗਾਉਂਦੀ ਸੀ ਤੇ ਹੁਣ ਕੁੜੀ ਵੀ ਗਾਉਣ ਲੱਗ ਪਈ ਪਰ ਮੈਂ ਫਿਰ ਵੀ ਮਾਤਾ ਕੋਲੋਂ ਲੁਕ-ਛਿਪ ਕੇ ਮਾਸਟਰ ਸੋਹਣ ਲਾਲ ਤੋਂ ਗਾਇਕੀ ਦੀਆਂ ਬਾਰੀਕੀਆਂ ਬਾਰੇ ਸਿੱਖਣਾ। ਜਦੋਂ ਤਕ ਬੇਬੇ ਜਿਉਂਦੀ ਰਹੀ, ਸਟੇਜ ’ਤੇ ਨਾ ਗਾ ਸਕੀ। ਮਾਤਾ ਨੇ ਵਿਆਹ ਵੀ ਮਾਸਟਰ ਸੋਹਣ ਲਾਲ ਨਾਲ ਕਰ ਦਿੱਤਾ, ਜੋ ਬਸਤੀ ਦਾਨਿਸ਼ਮੰਦਾਂ ’ਚ ਰਹਿੰਦਾ ਸੀ। ਬੇਬੇ ਨੇ ਕਹਿਣਾ ਕਿ ਮੇਰੇ ਮਰਨ ਤੋਂ ਬਾਅਦ ਜਿਵੇਂ ਮਰਜ਼ੀ ਗਾਵੀਂ ਪਰ ਜਿਉਂਦੇ ਜੀਅ ਮੈਂ ਤੈਨੰੂ ਸਟੇਜ ’ਤੇ ਨਹੀਂ ਚੜ੍ਹਨ ਦੇਣਾ। ਮਾਸਟਰ ਸੋਹਣ ਲਾਲ ਪਹਿਲਾਂ ਹੀ ਰੇਡਿਓ ’ਤੇ ਗਾਉਂਦੇ ਸਨ। ਇਕ ਦਿਨ ਉਹ ਮੈਨੂੰ ਵੀ ਆਪਣੇ ਨਾਲ ਲੈ ਗਏ ਤੇ ਮੈਂ ਵੀ ਉੱਥੇ ਗਾਇਆ। ਉਸ ਮਗਰੋਂ ਰੇਡੀਓ ’ਤੇ ਗਾਉਣਾ ਸ਼ੁਰੂ ਕੀਤਾ। ਪਹਿਲਾ ਗੀਤ ‘ਵੇ ਸੋਨੇ ਦਿਆ ਕੰਗਣਾ’ ਬਹੁਤ ਮਕਬੂਲ ਹੋਇਆ। ਫਿਰ ‘ਕੱੁਲ੍ਹੀ ’ਚੋਂ ਨੀਂ ਯਾਰ ਲੱਭ ਲੈ’ ਤੇ ਬਾਬਾ ਬੱੁਲ੍ਹੇ ਸ਼ਾਹ ਦੀ ਕਾਫੀ ‘ਮੇਰੇ ਰਾਂਝਾ ਪੱਲੇ ਪਾ ਦੇ’ ਕਾਫ਼ੀ ਮਕਬੂਲ ਹੋਏ। ਫਿਰ ‘ਮੇਲਾ ਮੇਲੀਆਂ ਦਾ’, ‘ਸਵਾਲ-ਜਵਾਬ’ ਪ੍ਰੋਗਰਾਮ ’ਚ ਮੈਂ ਤੇ ਮਾਸਟਰ ਸੋਹਣ ਲਾਲ ਨੇ ‘ਤੈਨੂੰ ਵਾਸਤਾ ਈ ਅੱਖਾਂ ਨਾ ਚੁਰਾ ਸੱਜਣਾ’ ਗੀਤ ਇਕੱਠਿਆਂ ਗਾਇਆ। ‘ਲਿਸ਼ਕਾਰਾ’ ਪ੍ਰੋਗਰਾਮ ’ਚ ਵੀ ਗਾਇਆ ਪਰ ਅੱਜ ਤਾਂ ਪੈਸੇ ਵਾਲਿਆਂ ਦੀ ਕਦਰ ਹੈ।

ਗਿਆਨੀ ਜ਼ੈਲ ਸਿੰਘ ਹੋਏ ਗਾਇਕੀ ਤੋਂ ਪ੍ਰਭਾਵਿਤ

ਬੀਬੀ ਨੂਰਾਂ ਨੇ ਆਪਣੀ ਗਾਇਕੀ ਦੀ ਅਭੱੁਲ ਯਾਦ ਬਾਰੇ ਦੱਸਿਆ ਕਿ ਇਕ ਵਾਰ ਰੇਡੀਓ ਸਟੇਸ਼ਨ ਵਾਲਿਆਂ ਨੇ ਰਾਜ ਪੱਧਰੀ ਲੋਕ ਸੰਗੀਤ ਦਾ ਪ੍ਰੋਗਰਾਮ ਕਰਵਾਇਆ ਤੇ ਮੁੱਖ ਮਹਿਮਾਨ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਸਨ। ਬੀਬੀ ਨੂਰਾਂ ਤੇ ਮਾਸਟਰ ਸੋਹਣ ਲਾਲ ਵੀ ਗਾਉਣ ਲਈ ਗਏ। ਜਦੋਂ ਸਟੇਜ ’ਤੇ ਉਨ੍ਹਾਂ ਆਪਣੀਆਂ ਸੂਫ਼ੀ ਕਾਫੀਆਂ ਗਾਈਆਂ ਤਾਂ ਗਿਆਨੀ ਜੀ ਉਨ੍ਹਾਂ ਦੀ ਗਾਇਕੀ ਤੋਂ ਏਨੇ ਪ੍ਰਭਾਵਿਤ ਹੋਏ ਕਿ ਉਨ੍ਹਾਂ ਪਹਿਲਾ ਇਨਾਮ ਦਿੱਤਾ ਤੇ ਨਾਲ ਹੀ ‘ਪੰਜਾਬੀ ਕੋਇਲ’ ਦੇ ਨਾਂ ਨਾਲ ਨਿਵਾਜਿਆ। ਸਨਮਾਨ ਚਿੰਨ੍ਹ ਪ੍ਰਾਪਤ ਕਰਨ ਵੇਲੇ ਉਹ ਗਿਆਨੀ ਜੀ ਨੂੰ ਕਹਿਣ ਲੱਗੀ, ‘ਮੈਂ ਇਹ ਸ਼ੀਲਡਾਂ ਕਿੱਥੇ ਰੱਖਣੀਆਂ ਮੇਰਾ ਤਾਂ ਘਰ ਵੀ ਨਹੀਂ, ਮੈਂ ਤਾਂ ਕਬਰਾਂ ’ਚ ਕੱੁਲੀ ਪਾ ਕੇ ਰਹਿ ਰਹੀ ਹਾਂ।’ ਗਿਆਨੀ ਜੀ ਨੇ ਉਸੇ ਸਮੇਂ ਉਸ ਨੂੰ 20 ਮਰਲੇ ਜ਼ਮੀਨ ਦੇਣ ਦਾ ਐਲਾਨ ਕੀਤਾ। ਵੈਸੇ ਤਾਂ ਉਹ ਸ਼ੁਰੂ ਤੋਂ ਹੀ ਗ਼ਰੀਬੀ ਨਾਲ ਲੜਦੀ ਆ ਰਹੀ ਸੀ, ਜਿਸ ਕਰਕੇ ਫਿਰ ਇਹ ਜ਼ਮੀਨ ਵੀ ਕੁਝ ਮਜਬੂਰੀਆਂ ਕਰਕੇ ਉਸ ਨੂੰ ਵੇਚਣੀ ਪਈ।

ਸੂਫ਼ੀ ਕਲਾਮ ਗਾ ਕੇ ਮਿਲਦਾ ਸੀ ਸਕੂਨ

ਅਜੋਕੀ ਗਾਇਕੀ ਬਾਰੇ ਬੀਬੀ ਨੂਰਾਂ ਦਾ ਕਹਿਣਾ ਸੀ ਕਿ ਭਾਵੇਂ ਪੱਛਮੀ ਸੰਗੀਤ ਸਾਡੇ ਸੰਗੀਤ ’ਤੇ ਹਾਵੀ ਹੋ ਰਿਹਾ ਹੈ ਪਰ ਮੈਂ ਦਾਅਵੇ ਨਾਲ ਕਹਿ ਸਕਦੀ ਹਾਂ ਕਿ ਪੱਛਮੀ ਸੰਗੀਤ ਸੂਫ਼ੀ ਗਾਇਕੀ ਦਾ ਮੁਕਾਬਲਾ ਨਹੀਂ ਕਰ ਸਕਦਾ। ਜੇ ਨਵੀਂ ਪੀੜ੍ਹੀ ਪੱਛਮੀ ਸੰਗੀਤ ਨੂੰ ਤਰਜੀਹ ਦਿੰਦੀ ਹੈ ਤਾਂ ਬਹੁਤੇ ਸਰੋਤੇ ਤਾਂ ਅੱਜ ਵੀ ਸੂਫ਼ੀ ਸੰਗੀਤ ਨੂੰ ਹੀ ਅਥਾਹ ਪਿਆਰ ਕਰਦੇ ਨੇ। ਬੀਬੀ ਨੂਰਾਂ ਦਾ ਕਹਿਣਾ ਸੀ ਕਿ ਜੋ ਸਕੂਨ ਮੈਨੂੰ ਸੂਫ਼ੀ ਕਲਾਮ ਗਾ ਕੇ ਮਿਲਦਾ ਹੈ, ਉਹ ਰੋਟੀ ਖਾ ਕੇ ਵੀ ਨਹੀਂ ਮਿਲਦਾ।

ਪੋਤੀਆਂ ਨੇ ਵੀ ਖੱਟਿਆ ਸੰਗੀਤਕ ਖੇਤਰ ’ਚ ਨਾਮਣਾ

ਘਰ ’ਚ ਸੰਗੀਤਕ ਮਾਹੌਲ ਹੋਵੇ ਤਾਂ ਜ਼ਾਹਿਰ ਹੈ ਕਿ ਘਰ ਦਾ ਕੋਈ ਨਾ ਕੋਈ ਮੈਂਬਰ ਵਾਰਿਸਾਂ ਦੀਆਂ ਪਾਈਆਂ ਪੈੜਾਂ ’ਤੇ ਚੱਲਦਾ ਹੀ ਏ। ਨਾਲ ਦੇ ਪਿੰਡ ਮੇਲਾ ਸੀ। ਪਤਾ ਲੱਗਿਆ ਕਿ ਰਾਤ ਉੱਥੇ ਛੋਟੀ ਜਿਹੀ ਕੁੜੀ ਨੇ ਗਾਇਆ ਤਾਂ ਬੱਲੇ-ਬੱਲੇ ਕਰਵਾ ਦਿੱਤੀ। ਕੁਝ ਦਿਨਾਂ ਮਗਰੋਂ ਉਹੀ ਛੋਟੀ ਜਿਹੀ ਕੁੜੀ ਸਾਡੇ ਪਿੰਡ ਵੀ ਗਾਉਣ ਆਈ। ਜਦੋਂ ਉਸ ਨੇ ਮਾਸਟਰ ਸਲੀਮ ਦਾ ਗੀਤ ‘ਤੰੂ ਬਦਲੀ ਸੌ ਵਾਰ ਅਸੀਂ ਇਕ ਵਾਰ ਨਾ ਬਦਲੇ’ ਗਾਇਆ ਤਾਂ ਸਰੋਤੇ ਤਾੜੀਆਂ ਮਾਰਨ ਨੂੰ ਮਜਬੂਰ ਹੋਏ। ਇਹ ਛੋਟੀ ਕੁੜੀ ਸੀ ਬੀਬੀ ਨੂਰਾਂ ਦੀ ਪੋਤੀ ਜੋਤੀ ਨੂਰਾਂ। ਉਦੋਂ ਬੀਬੀ ਨੂਰਾਂ ਵੀ ਨਾਲ ਆਈ ਸੀ, ਫਿਰ ਬੀਬੀ ਨੂਰਾਂ ਨਾਲ ਮਿਲ ਕੇ ਜਦੋਂ ਦੋਵਾਂ ਭੈਣਾਂ ਜੋਤੀ-ਸੁਲਤਾਨਾ ਨੇ ‘ਕੁੁੱਲੀ ਰਾਹ ’ਚ ਪਾਈ ਅਸਾਂ ਤੇਰੇ, ਆਉਂਦਾ ਜਾਂਦਾ ਤੱਕਦਾ ਰਹੀ’ ਗਾਇਆ ਤਾਂ ਉੱਥੋਂ ਖ਼ੂਬ ਵਾਹ-ਵਾਹ ਖੱਟੀ। ਪਿਤਾ ਤੇ ਉਸਤਾਦ ਗੁਲਸ਼ਨ ਮੀਰ ਤੋਂ ਸੰਗੀਤ ਦੀ ਤਾਲੀਮ ਲੈਂਦਿਆਂ ਦੋਵਾਂ ਭੈਣਾਂ ਨੇ ਛੋਟੀ ਉਮਰੇ ਹੀ ਗਾਉਣਾ ਸ਼ੁਰੂ ਕਰ ਦਿੱਤਾ ਸੀ। ਹੁਣ ਉਨ੍ਹਾਂ ਦੀ ਛੋਟੀ ਭੈਣ ਰਿਤੂ ਮੀਰ ਵੀ ਸੰਗੀਤ ਦੇ ਖੇਤਰ ’ਚ ਆਪਣੀ ਪਛਾਣ ਬਣਾ ਰਹੀ ਹੈ। ਬੀਬੀ ਨੂਰਾਂ ਤਾਂ ਭਾਵੇਂ ਇਸ ਜਹਾਨੋਂ ਰੁਖ਼ਸਤ ਹੋ ਗਈ ਏ ਪਰ ਉਸ ਦੇ ਨਾਂ ਨੂੰ ਅਮਰ ਰੱਖਣ ਲਈ ਉਨ੍ਹਾਂ ਦੀਆਂ ਪੋਤੀਆਂ ਨੂਰਾਂ ਭੈਣਾਂ (ਜੋਤੀ-ਸੁਲਤਾਨਾ) ਨੇ ਪਿੰਡਾਂ ’ਚ ਲੱਗਦੇ ਛੋਟੇ-ਛੋਟੇ ਮੇਲਿਆਂ ਤੋਂ ਆਪਣਾ ਸੰਗੀਤਕ ਸਫ਼ਰ ਸ਼ੁਰੂ ਕਰ ਕੇ ਦੁਨੀਆ ਦੇ ਕੋਨੇ-ਕੋਨੇ ਤਕ ਆਪਣੇ ਘਰਾਣੇ ਦਾ ਨਾਂ ਸੁਨਹਿਰੀ ਅੱਖਰਾਂ ’ਚ ਲਿਖਵਾ ਦਿੱਤਾ।

ਦੁਨੀਆ ਤੋਂ ਰੁਖ਼ਸਤ

7 ਮਈ, 2016 ਨੂੰ ਬੀਬੀ ਨੂਰਾਂ ਗ਼ਰੀਬੀ ਅੱਗੇ ਬੇਵੱਸ ਹੋ ਜ਼ਿਆਦਾ ਬਿਮਾਰ ਹੋਣ ਮਗਰੋਂ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਤੁਰੀ। ਮੱੁਕਦੀ ਗੱਲ ਤਾਂ ਇਹ ਹੈ ਕਿ ਲੋੜ ਹੰੁਦੀ ਹੈ ਅਜਿਹੀਆਂ ਆਵਾਜ਼ਾਂ, ਮਹਾਨ ਸ਼ਖ਼ਸੀਅਤਾਂ ਨੂੰ ਸਾਂਭਣ ਦੀ, ਜਿਨ੍ਹਾਂ ਆਵਾਜ਼ਾਂ ਕਰਕੇ ਇਹ ਪੰਜਾਬੀ ਸੰਗੀਤ ਦਾ ਖੇਤਰ ਏਨਾ ਵਿਸ਼ਾਲ ਹੋਇਆ। ਅੱਜ ਸੰਗੀਤ ਦੇ ਖੇਤਰ ’ਚ ਸਿਖ਼ਰਾਂ ’ਤੇ ਪਹੰੁਚੇ ਕਲਾਕਾਰਾਂ ਵੱਲੋਂ ਗ਼ਰੀਬੀ ਨਾਲ ਜੂਝ ਰਹੇ ਇਨ੍ਹਾਂ ਕਲਾਕਾਰਾਂ ਦੀ ਥੋੜ੍ਹੀ-ਬਹੁਤੀ ਮਾਲੀ ਮਦਦ ਕਰਨ ਦੀ ਲੋੜ ਹੈ ਤਾਂ ਜੋ ਇਹ ਵੀ ਰਹਿੰਦੀ ਉਮਰ ਸੁਖਾਲੀ ਜੀਅ ਸਕਣ ਤੇ ਇਨ੍ਹ੍ਹਾਂ ਨੂੰ ਵੀ ਆਪਣੇ ਪੰਜਾਬੀ ਸੰਗੀਤ ਉੱਤੇ ਮਾਣ ਹੋਵੇ।

- ਹਨੀ ਸੋਢੀ

Posted By: Harjinder Sodhi